Wednesday, February 15, 2017

GADVASU ਵੱਲੋਂ ਪਸ਼ੂਆਂ ਦੀ ਸਮੁੱਚੀ ਸਿਹਤ ਵਾਸਤੇ ਪਸ਼ੂ ਭਲਾਈ ਕੈਂਪ

Wed, Feb 15, 2017 at 4:28 PM
ਕੈਂਪ ਵਿਚ 87 ਪਸ਼ੂਆਂ ਦਾ ਇਲਾਜ ਕੀਤਾ ਗਿਆ
ਲੁਧਿਆਣਾ:15-ਫਰਵਰੀ-2017: (ਪੰਜਾਬ ਸਕਰੀਨ ਬਿਊਰੋ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ  ਸਿੱਖਿਆ ਨਿਰਦੇਸ਼ਾਲੇ ਵੱਲੋਂ ਪਸ਼ੂ ਸਿਹਤ ਦੀ ਜਾਂਚ ਅਤੇ ਇਲਾਜ ਲਈ ਇਕ ਵਿਸ਼ੇਸ਼ ਕੈਂਪ ਪਿੰਡ ਧਨੇਰ (ਬਰਨਾਲਾ) ਵਿਖੇ ਲਗਾਇਆ ਗਿਆ। ਇਹ ਕੈਂਪ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਸੌਂਪੇ ਗਏ ਪ੍ਰਾਜੈਕਟ ‘ਪਸ਼ੂਧਨ ਵਿਕਾਸ ਲਈ ਸਮੁੱਚੇ ਯਤਨ: ਕਿਸਾਨਾਂ ਦੇ ਸੰਦਰਭ ਵਿਚ’ ਦੇ ਤਹਿਤ ਫਾਰਮਰ ਫਸਟ ਨਮੂਨੇ ਦੇ ਅਧੀਨ ਲਗਾਇਆ ਗਿਆ।ਯੂਨੀਵਰਸਿਟੀ ਦੇ ਨਿਰਦੇਸ਼ ਪਸਾਰ ਸਿੱਖਿਆ ਡਾ. ਹਰੀਸ਼ ਕੁਮਾਰ ਵਰਮਾ ਅਤੇ ਪ੍ਰਾਜੈਕਟ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੰਜ ਪਿੰਡਾਂ ਨੂੰ ਚੁਣਿਆ ਗਿਆ ਹੈ। ਜਿਸ ਵਿਚ ਪਸ਼ੂਆਂ ਦੀ ਜਾਂਚ, ਸਿਹਤ ਸੰਭਾਲ, ਪੌਸ਼ਟਿਕ ਜ਼ਰੂਰਤਾਂ ਦੇ ਨਾਲ ਕਿਸਾਨਾਂ ਨੂੰ ਸਿਖਲਾਈ ਦੇਣ ਦਾ ਕਾਰਜ ਕੀਤਾ ਜਾਵੇਗਾ। ਇਸੇ ਲੜੀ ਤਹਿਤ ਇਹ ਪਸ਼ੂ ਭਲਾਈ ਕੈਂਪ ਲਗਾਇਆ ਗਿਆ ਸੀ। ਜਿਸ ਵਿਚ ਪਸ਼ੂਆਂ ਦੇ ਪ੍ਰਜਨਣ, ਅਪਰੇਸ਼ਨ ਅਤੇ ਦਵਾਈਆਂ ਨਾਲ ਹੋਣ ਵਾਲੇ ਇਲਾਜ ਸੰਬੰਧੀ ਮਾਹਿਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਵਿਚ 87 ਪਸ਼ੂਆਂ ਦਾ ਇਲਾਜ ਕੀਤਾ ਗਿਆ। ਜਿਨ੍ਹਾਂ ਵਿਚ ਗਾਂਵਾਂ, ਮੱਝਾਂ, ਬੱਕਰੀਆਂ ਤੇ ਕੁੱਤਿਆਂ ਦੇ ਕੇਸ ਸਨ।ਕਿਸਾਨਾਂ ਨੂੰ ਪਸ਼ੂਆਂ ਦੀ ਪੌਸ਼ਟਿਕ ਖੁਰਾਕ ਅਤੇ ਸਹੀ ਤਰੀਕੇ ਨਾਲ ਚਿੱਚੜ ਮਾਰ ਦਵਾਈਆਂ ਦੀ ਵਰਤੋਂ ਕਰਨ ਸੰਬੰਧੀ ਜਾਗਰੂਕ ਕੀਤਾ ਗਿਆ।ਪਸ਼ੂਆਂ ਦੀ ਵੱਖੋ ਵੱਖਰੀਆਂ ਬਿਮਾਰੀਆਂ  ਜਿਵੇਂ ਕਿ ਲੇਵੇ ਦੀ ਸੋਜ, ਮੂੰਹ-ਖੁਰ ਅਤੇ ਦੂਸਰੀਆਂ ਮੁੱਖ ਬਿਮਾਰੀਆਂ ਬਾਰੇ ਵੀ ਚਾਨਣਾ ਪਾਇਆ ਗਿਆ।
ਪਸਾਰ ਸਿੱਖਿਆ ਵਿਭਾਗ ਦੇ ਮੁਖੀ, ਡਾ. ਅੇਸ ਕੇ ਕਾਂਸਲ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਦਾ ਉਦੇਸ਼ ਹੈ ਕਿ ਪਸ਼ੂ ਪਾਲਕਾਂ ਤੇ ਕਿਸਾਨਾਂ ਦੀ ਹਰ ਸਮੱਸਿਆ ਦਾ ਹਲ ਕੀਤਾ ਜਾਏ ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਅਟਾਰੀ ਅਤੇ ਸੀਫੇਟ ਸੰਸਥਾਵਾਂ ਤੋਂ ਵੀ ਪੂਰਣ ਸਹਿਯੋਗ ਇਸ ਕੈਂਪ ਦੌਰਾਨ ਲਿਆ ਗਿਆ।ਕੈਂਪ ਦਾ ਮੁੱਖ ਜ਼ਿੰਮਾ ਡਾ. ਰਾਜੇਸ਼ ਕੁਾਮਰ ਕਸਰੀਜਾ ਨੇ ਸੰਭਾਲਿਆ।ਜਿਨ੍ਹਾਂ ਦੀ ਸੁਚੱਜੀ ਅਗਵਾਈ ਵਿਚ ਮਾਹਿਰਾਂ ਨੇ ਬਹੁਤ ਸ਼ਲਾਘਾਯੋਗ ਕਾਰਜ ਕੀਤਾ।ਪਿੰਡ ਦੇ ਸਰਪੰਚ ਸ. ਜਸਮਿੰਦਰ ਸਿੰਘ ਨੇ ਕਿਹਾ ਕਿ ਇਸ ਸੁਚੱਜੇ ਢੰਗ ਨਾਲ ਮਾਹਿਰਾਂ ਵੱਲੋਂ ਪਸ਼ੂਆਂ ਦੀ ਸਿਹਤ ਸੰਭਾਲ ਲਈ ਕੀਤੇ ਯਤਨ ਕਿਸਾਨਾਂ ਲਈ ਬੜੇ ਫਾਇਦੇਮੰਦ ਸਾਬਿਤ ਹੋਣਗੇ।

No comments: