Tuesday, February 21, 2017

ਮਾਤ ਭਾਸ਼ਾ ਦੇ ਹੱਕ ਲਈ ਚੰਡੀਗੜ੍ਹ ਵਿੱਚ ਜੋਸ਼ੀਲੀਆਂ ਗ੍ਰਿਫਤਾਰੀਆਂ

ਨਾਮਧਾਰੀਆਂ ਦੇ ਦੋਹਾਂ ਧੜਿਆਂ ਨੇ ਵੀ ਕੀਤੀ ਸਰਗਰਮ ਸ਼ਿਰਕਤ
ਲੁਧਿਆਣੇ ਤੋਂ ਵੀ ਲੇਖਕਾਂ ਦੀ ਭਰਵੀਂ ਸ਼ਮੂਲੀਅਤ
ਚੰਡੀਗੜ੍ਹ//ਲੁਧਿਆਣਾ::  21 ਫ਼ਰਵਰੀ 2017 (ਰੈਕਟਰ ਕਥੂਰੀਆ//ਪੰਜਾਬ ਸਕਰੀਨ):: Click for More Pics
ਅੱਜ ਚੰਡੀਗੜ੍ਹ ਵਿੱਚ ਸਮੂਹ ਪੰਜਾਬੀ ਹਿਤੈਸ਼ੀਆਂ ਨੇ ਬੜੇ ਜੋਸ਼ੋ ਖਰੋਸ਼ ਨਾਲ ਗ੍ਰਿਫਤਾਰੀਆਂ ਦਿੱਤੀਆਂ। ਇਹ ਐਕਸ਼ਨ ਪੰਜਾਬੀ ਮੰਚ ਚੰਡੀਗੜ੍ਹ ਦੇ ਸੱਦੇ ਤੇ ਕੀਤਾ ਗਿਆ ਜਿਸ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੀ ਸ਼ਮੂਲੀਅਤ ਨੇ ਇੱਕ ਨਵਾਂ ਇਤਿਹਾਸ ਰਚਿਆ। ਲੇਖਕਾਂ ਦੇ ਨਾਲ ਪੱਤਰਕਾਰ ਵੀ ਇਸ ਹੱਕੀ ਮੰਗ ਦੇ ਹੱਕ ਵਿੱਚ ਪੁੱਜੇ। ਨਾਮਧਾਰੀਆਂ ਦੇ ਦੋਹਾਂ ਧੜਿਆਂ ਨੇ ਇਸ ਐਕਸ਼ਨ ਵਿੱਚ ਸਰਗਰਮ ਸ਼ਮੂਲੀਅਤ ਕੀਤੀ ਅਤੇ ਗ੍ਰਿਫਤਾਰੀਆਂ ਵੀ ਦਿੱਤੀਆਂ। ਲੁਧਿਆਣਾ ਤੋਂ ਇਸ ਐਕਸ਼ਨ ਵਿੱਚ ਸਰਗਰਮ ਲੇਖਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਲੇਖਕਾਂ ਦੀਆਂ ਗ੍ਰਿਫਤਾਰੀਆਂ ਮਾਂ ਬੋਲੀ ਲਈ ਹੱਕੀ ਸੰਘਰਸ਼ ਨੂੰ ਹੋਰ ਤੇਜ਼ ਕਰਨਗੀਆਂ। 
ਪੰਜਾਬੀ ਮੰਚ ਚੰਡੀਗੜ੍ਹ ਵੱਲੋਂ ਗ੍ਰਿਫਤਾਰੀਆਂ ਦੇ ਇਸ ਇਤਿਹਾਸਿਕ ਐਕਸ਼ਨ ਦਾ ਸੱਦਾ ਅੱਜ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ’ਤੇ 21 ਫ਼ਰਵਰੀ ਨੂੰ ਦਿੱਤਾ ਗਿਆ ਸੀ। ਇਸ ਸੱਦੇ ਦੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਵੀ ਹਿਮਾਇਤ ਕੀਤੀ ਸੀ।
Click for More Pics
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਕਰਮ ਸਿੰਘ ਵਕੀਲ, ਦਲਜੀਤ ਸ਼ਾਹੀ, ਸਰੂਪ ਸਿੰਘ ਸਹਾਰਣ ਇਸ ਦੀ ਸਫਲਤਾ ਲਈ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਲੁਧਿਆਣੇ ਤੋਂ ਵੀ ਪੰਜਾਬੀ ਲੇਖਕ ਵੱਡੀ ਗਿਣਤੀ ਵਿੱਚ ਪੁੱਜੇ। ਇਸ ਮੌਕੇ ਵੱਡਾ ਇਕੱਠ ਸੈਕਟਰ ਵੀਹ ਦੇ ਮਸਜਿਦ ਗਰਾਊਂਡ ਵਿੱਚ ਹੋਇਆ। ਭਾਸ਼ਣਾਂ ਵਿੱਚ ਪ੍ਰਗਟਾਏ ਰੋਸ ਮਗਰੋਂ 9 ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਮਾਰਚ ਸ਼ੁਰੂ ਹੋਇਆ ਜਿਸ ਨੂੰ ਕੁਝ ਕਦਮਾਂ ਦੀ ਦੂਰੀ ਤੇ ਹੀ ਪੁਲਿਸ ਨੇ ਭਾਰੀ ਬੰਦੋਬਸਤ ਨਾਲ ਰੋਕ ਲਿਆ ਅਤੇ ਗ੍ਰਿਫਤਾਰ ਕਰਕੇ ਬਸਾਂ-ਟਰੱਕਾਂ ਵਿੱਚ ਭਰ ਲਿਆ। ਦੇਰ  ਸ਼ਾਮ ਤੱਕ ਇਹ ਸਾਰੇ ਲੇਖਕ ਪੁਲਿਸ ਹਿਰਾਸਤ ਵਿੱਚ ਹੀ ਸਨ।
Click for More Pics
ਇਸ 9 ਮੈਂਬਰੀ ਕਮੇਟੀ ਵਿੱਚ ਦੇਵੀ ਦਿਆਲ ਸ਼ਰਮਾ-ਜਨਰਲ ਸਕੱਤਰ, ਸੁਖਦੇਵ ਸਿੰਘ ਸਿਰਸਾ-ਪ੍ਰਧਾਨ, ਅਜਾਇਬ ਸਿੰਘ-ਚੇਅਰਮੈਨ (ਸਮੂਹ ਗਰਦੁਆਰਾ ਕਮੇਟੀਆਂ), ਤਾਰਾ ਸਿੰਘ, ਡਾਕਟਰ ਸਰਬਜੀਤ ਸਿੰਘ-ਪ੍ਰਧਾਨ ਕੇਂਦਰੀ ਲੇਖਕ ਸਭ, ਸਾਧੂ ਸਿੰਘ-ਸਰਪ੍ਰਸਤ-ਪੇਂਡੂ ਸੰਘਰਸ਼ ਕਮੇਟੀ, ਗੁਰਨਾਮ ਸਿੰਘ ਸਿੱਧੂ, ਸੁਖਜੀਤ ਸਿੰਘ ਸਾਬਕਾ ਸਰਪੰਚ ਅਤੇ ਮੋਹਾਲੀ ਦੇ ਕੌਂਸਲਰ ਸਤਬੀਰ ਸਿੰਘ ਧਨੋਆ ਵੀ ਸ਼ਾਮਿਲ ਸਨ। ਸੀਪੀਆਈ (ਲਿਬਰੇਸ਼ਨ) ਨੇ ਪੰਜਾਬੀ ਭਾਸ਼ਾ ਨਾਲ ਇਸ ਵਿਤਕਰੇ ਨੂੰ ਇੱਕ ਖਤਰਨਾਕ ਸਾਜ਼ਿਸ਼ ਦੱਸਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਦਾ ਮਸਲਾ ਵੀ ਦੱਸਿਆ।  Click for More Pics
ਲੁਧਿਆਣਾ ਤੋਂ ਪੁੱਜੇ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਇਸ ਬਾਰੇ ਵਿਸਥਾਰ ਨਾਲ ਦੱਸਿਆ। ਅਸਲ ਵਿੱਚ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਅਗਵਾਈ ਵਿਚ ਉੱਘੇ ਲੇਖਕਾਂ ਦਾ ਜੱਥਾ ਸਵੇਰੇ ਸਵੇਰੇ ਪੰਜਾਬੀ ਭਵਨ ਲੁਧਿਆਣੇ ਤੋਂ ਰਵਾਨਾ ਹੋਇਆ। ਮੌਸਮ ਠੰਡਾ ਸੀ ਪਾਰ ਜੋਸ਼ ਸਿਖਰਾਂ ਉੱਤੇ ਸੀ। ਡਾਲਟਰ ਪੰਧੇਰ ਨੇ ਦੱਸਿਆ ਕਿ ਇਸ ਜੱਥੇ ਵਿਚ ਸਭ ਤੋਂ ਪੁਰਾਣੀ ਲੇਖਕ ਸਭਾ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ (ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ.), ਬਲਵੰਤ ਮਾਂਗਟ ਅਤੇ ਅਵਤਾਰ ਧਮੋਟ ਕਾਰਜਕਾਰਨੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ, ਤ੍ਰਲੋਚਨ ਝਾਂਡੇ ਜਨਰਲ ਸਕੱਤਰ ਗ਼ਜ਼ਲ ਮੰਚ ਪੰਜਾਬ, ਹੋਰਨਾਂ ਤੋਂ ਇਲਾਵਾ ਉੱਘੇ ਸ਼ਾਇਰ ਭਗਵਾਨ ਢਿੱਲੋਂ, ਰੈਕਟਰ ਕਥੂਰੀਆ, ਬਲਕੌਰ ਸਿੰਘ ਗਿੱਲ, ਸੁਖਮਿੰਦਰ ਰਾਮਪੁਰੀ, ਭੁਪਿੰਦਰ ਸਿੰਘ ਧਾਲੀਵਾਲ, ਕਾ. ਕਰਤਾਰ ਸਿੰਘ ਬੁਆਣੀ  ਵੀ ਸ਼ਾਮਿਲ ਹੋਏ। Click for More Pics
ਇਹ ਇੱਕ ਇਤਿਹਾਸਿਕ ਇਕੱਠ ਸੀ ਜਿਸਨੇ ਸਮੂਹ ਪੰਜਾਬੀ ਹਿਤੈਸ਼ੀਆਂ ਨੂੰ  ਸਫਲਤਾ ਨਾਲ ਲੰਮੇ ਸੰਘਰਸ਼ਾਂ ਲਈ ਕਰੋ ਜਾਂ ਮਰੋ ਵਾਲੇ ਜਜ਼ਬੇ ਨਾਲ ਮੈਦਾਨ ਵਿੱਚ ਲਿਆਂਦਾ ਹੈ। ਸਰਕਾਰਾਂ ਨੂੰ ਲੋਕ ਸ਼ਕਤੀ ਦੀ ਇੱਕ ਝਲਕ ਦਿਖਾਈ ਹੈ। ਸਰਕਾਰ ਨੇ ਮੰਗਾਂ ਮੰਨਣ ਦੀ ਬਜਾਏ ਗ੍ਰਿਫਤਾਰੀਆਂ ਕਰਕੇ ਲੰਮੇ ਸੰਘਰਸ਼ਾਂ ਦੀ ਅਟੱਲਤਾ ਉੱਤੇ ਮੋਹਰ ਲਗਾ ਦਿੱਤੀ ਹੈ। ਅੱਜ ਦਾ ਇਹ ਭਰਵਾਂ ਇਕੱਠ ਪੰਜਾਬੀ ਵਿਰੋਧੀਆਂ ਲਈ ਇੱਕ ਜ਼ੋਰਦਾਰ ਦਸਤਕ ਹੈ। ਇਸ ਇਕੱਠ ਨੇ ਨੌਜਵਾਨ ਪੀੜ੍ਹੀ ਨੂੰ ਕਿਸੇ ਚੁੰਬਕ ਵਾਂਗ ਆਪਣੇ ਵੱਲ ਖਿੱਚਿਆ ਹੈ। ਸਾਰਾ ਮੀਡੀਆ ਇਸ ਦੀ ਕਵਰੇਜ ਲਈ ਪਹੁੰਚਿਆ ਹੋਇਆ ਸੀ। ਇੰਝ ਲਗੱਦਾ ਸੀ ਜਿਵੇਂ ਮੀਡੀਆ ਵਾਲੇ ਇਸ ਧਰਨੇ ਮਾਰਚ ਵਿਛਕ ਸ਼ਾਮਲ ਹੋਣ ਲਈ ਆਏ ਹਨ।  ਬਾਬੂ ਸ਼ਾਹੀ ਡਾਟ ਕੌਮ ਵਾਲੇ ਬਲਜੀਤ ਬੱਲੀ ਨੇ ਆਪਣੇ ਬਾਰੇ ਦੱਸਿਆ ਕਿ ਮੈਂ ਇਸ ਵਿੱਚ ਸ਼ਾਮਲ ਹਾਂ। ਯਾਦਵਿੰਦਰ ਕਰਫਿਊ ਨੇ ਆਪਣੇ ਰਵਾਇਤੀ ਅੰਦਾਜ਼ ਨਾਲ ਇਸ ਸਾਰੇ ਮਸਲੇ ਬਾਰੇ ਤਿੱਖੇ ਸੁਆਲ ਪੁੱਛ ਕੇ ਇਸ ਇਕੱਠ ਦੀ ਗੰਭੀਰਤਾ ਨੂੰ ਹੋਰ ਅਹਿਮ ਬਣਾਇਆ।  Click for More Pics

No comments: