Tuesday, February 07, 2017

ਅੰਮ੍ਰਿਤਧਾਰੀ ਸਿੰਘ ਅਜੇਹੀਆਂ ਕਮੀਨੀਆਂ ਹਰਕਤਾਂ ਕਦੀ ਨਹੀਂ ਕਰ ਸਕਦੇ

Tue, Feb 7, 2017 at 7:47 PM
ਸੰਪਰਦਾਇਕ ਮਰਿਯਾਦਾ ਦਾ ਮੁੱਦਾ ਤੇਲ ਦੇ ਕੜਾਹੇ ਵਿਚ ਉਬਲਿਆ
ਦੋ ਗ੍ਰੰਥਾਂ ਦੇ ਪ੍ਰਕਾਸ਼ ਦਾ ਅੜਿੱਕਾ ਜਾਰੀ
ਇੱਕ ਹੋਰ ਸਿਰਦਰਦੀ ਖੜ੍ਹੀ ਹੋ ਗਈ
ਯੂ ਕੇ ਵਿਚ ਪਿਛਲੇ ਕੁਝ ਅਰਸੇ ਤੋਂ ਪੰਥਕ ਰਹਿਤ ਮਰਿਯਾਦਾ ਤੇ ਵੱਖ ਵੱਖ ਪੱਖੋਂ ਹਮਲੇ ਹੋ ਰਹੇ ਹਨ। ਪੰਥ ਦਰਦੀਆਂ ਨੂੰ ਜਾਣਕਾਰੀ ਹੋਵੇਗੀ ਕਿ ਪੰਥਕ ਸਿੱਖ ਰਹਿਤ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦੇ ਪ੍ਰਕਾਸ਼ ਸਬੰਧੀ ਪਿਛਲੀ ਦਿਨੀਂ ਟੀ ਵੀ ਤੇ ਬਹੁਤ ਪ੍ਰਚਾਰ ਕੀਤਾ ਗਿਆ। ਹੁਣ ਜਦ ਕਿ ਸੰਗਤ ਇਸ ਮੁੱਦੇ ਸਬੰਧੀ ਚੇਤੰਨ ਹੋ ਗਈ ਤਾਂ ਰਾਗ ਮਾਲਾ ਦਾ ਮੁੱਦਾ ਚੁੱਕ ਲਿਆ ਗਿਆ ਹੈ। ਇਤਹਾਸ ਗਵਾਹ ਹੈ ਕਿ ਜਦੋਂ ਤੋਂ ਸਿੱਖ ਰਹਿਤ ਮਰਿਯਾਦਾ ਹੋਂਦ ਵਿਚ ਆਈ ਹੈ, ਅੱਜ ਵਰਗਾ ਵਾਦ  ਵਿਵਾਦ ਕਦੀ ਵੀ ਨਹੀਂ ਸੀ ਹੋਇਆ। ਅਨੇਕਾਂ ਸੰਪਰਦਾਵਾਂ ਅਤੇ ਨਿਹੰਗਾਂ ਦੀਆਂ ਛਾਉਣੀਆਂ ਵਿਚ ਆਪੋ ਆਪਣੀ ਮਰਿਯਾਦਾ ਹੋਣ ਦੇ ਬਾਵਜੂਦ ਵੀ ਉਹਨਾ ਨੇ ਬਾਕੀ ਪੰਥ ਤੇ ਆਪਣੀ ਮਰਿਯਾਦਾ ਠੋਸਣ ਦੀ ਰੁਚੀ ਕਦੀ ਵੀ ਨਹੀਂ ਸੀ ਵਿਖਾਈ। ਪਰ ਹੁਣ ਸੰਪਰਦਾਇਕ ਧੌਂਸ ਜਾਂ ਪੰਥ ਵਿਰੋਧੀ ਏਜੰਡੇ ਤਹਿਤ  ਸੰਗਤ ਦੇ ਗੁਰਦੁਆਰਿਆਂ ਵਿਚ ਵੱਖ ਵੱਖ ਸੰਪਰਦਾਵਾਂ ਆਪੋ ਆਪਣੇ ਏਜੰਡੇ ਤੇ ਕੰਮ ਕਰ ਰਹੀਆਂ ਸਨ।
ਐਸਾ ਹੀ ਇੱਕ ਮਾਮਲਾ ਯੂ ਕੇ ਦੇ ਇੱਕ ਬਾਬੇ ਨੇ ਅਚਾਨਕ ਹੀ ਭਖਾ ਦਿੱਤਾ। ਜਿਸ ਕਥਾ ਕਾਰਨ ਮਾਮਲਾ ਭਖਿਆ ਉਸ ਵਿਚ ਬਾਬੇ ਨੇ ਕਿਹਾ ਸੀ ਕੀ ਉਹ ਇੱਕ ਅਖੰਡ ਕੀਰਤਨੀ ਪਰਿਵਾਰ ਦੇ ਘਰ ਗਏ ਤਾਂ ਪਤਾ ਲੱਗਾ ਕਿ ਪਰਿਵਾਰ ਦਾ ਮਨ ਨਹੀਂ ਟਿਕਦਾ ਤਾਂ ਪਤਾ ਲੱਗਾ ਕਿ ਪਰਿਵਾਰ ਰਾਗ ਮਾਲਾ ਨਹੀਂ ਪੜ੍ਹਦਾ ਇਸ ਕਰਕੇ ਘਰ ਵਿਚ ਭੂਤਾਂ ਦਾ ਪਹਿਰਾ ਹੈ। ਇਸ ਸਬੰਧੀ ਅਖੰਡ ਕੀਰਤਨੀ ਜਥੇ ਦੇ ਸਿੰਘ ਜਦੋਂ ਬਾਬੇ ਨਾਲ ਗੱਲ ਕਰਨ ਗਏ ਕਿ ਪੰਥਕ ਮਰਿਯਾਦਾ ਵਿਚ ਰਾਗ ਮਾਲਾ ਪੜ੍ਹਨ ਦੀ ਛੋਟ ਹੈ ਤਾਂ ਬਾਬਾ ਜੀ ਨਰਾਜ਼ ਹੋ ਗਏ ਤੇ ਫਿਰ ਇੱਕ ਇਸ਼ਤਿਹਾਰ ਸੋਸ਼ਲ ਸਾਈਟਾਂ ਤੇ ਪੜ੍ਹਨ ਨੂੰ ਮਿਲਿਆ ਕਿ ਬਾਬਾ ਜੀ ਤੇਲ ਦੇ ਉਬਲਦੇ ਕੜਾਹੇ ਵਿਚ ਬੈਠ ਕੇ ਇਹ ਸਾਬਤ ਕਰਨਗੇ ਕਿ ਰਾਗ ਮਾਲਾ ਬਾਣੀ ਹੈ ਤੇ ਉਹਨਾ ਦਾਅਵਾ ਕੀਤਾ ਕਿ ਇੰਝ ਕਰਨ ਨਾਲ ਉਹਨਾ ਦਾ ਸ਼ਰੀਰ ਨਹੀਂ ਸੜਨਾ। ਮਾਮਲਾ ਗਰਮ ਦੇਖ ਕੇ ਕਿਸੇ ਸ਼ਰਾਰਤੀ ਨੇ ਇੱਕ ਹੋਰ ਪੋਸਟ ਸੋਸ਼ਲ ਸਾਈਟਾਂ ਤੇ ਪਾਈ ਕਿ ਅਖੰਡ ਕੀਰਤਨੀ ਜਥੇ ਦੇ ਸਿੰਘ ਅਤੇ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਯਾਦਾ ਤੇ ਪਹਿਰਾ ਦੇ ਰਹੇ ਸਿੰਘ ਇਸ ਬਾਬੇ ਦੀ ਕਰਾਮਾਤ ਦੇ ਖਿਲਾਫ ਡਰਬੀ ਗੁਰਦਵਾਰੇ ਦੀਆਂ ਛੱਤਾਂ ਤੇ ਚੜ੍ਹ ਕੇ ਛਾਲਾਂ ਮਾਰ ਦੇਣਗੇ। ਸਾਡੀ ਆਪਣੀ ਸੋਚ ਮੁਤਾਬਕ ਗੁਰੂ ਦੇ ਅੰਮ੍ਰਿਤਧਾਰੀ ਸਿੰਘ ਅਜੇਹੀਆਂ ਕਮੀਨੀਆਂ ਹਰਕਤਾਂ ਕਦੀ ਨਹੀਂ ਕਰ ਸਕਦੇ ਇਹ ਜਰੂਰ ਕਿਸੇ ਤੀਸਰੀ ਧਿਰ ਦੀ ਸਾਜਸ਼ ਹੈ ਜੋ ਕਿ ਸਿੱਖਾਂ ਨੂੰ  ਰਹਿਤ ਮਰਿਯਾਦਾ ਦੇ ਮੁੱਦੇ ਤੇ ਇੱਕ ਦੂਜੇ ਦੇ ਗਲ ਪਾਉਣ ਦਾ ਕੰਮ ਕਰ ਰਹੀ ਹੈ।
ਜਿਥੋਂ ਤਕ ਰਾਗਮਾਲਾ ਦਾ ਸਬੰਧ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਅਖੀਰਲੇ ਪੰਨੇ ਤੇ ਅੰਕਤ ਹੈ। ਵਿਦਵਾਨਾਂ ਦੀ ਖੋਜ ਮੁਤਾਬਕ ਰਾਗ ਮਾਲਾ ਅਕਬਰ ਦਾਸਸ਼ਾਹ ਦੇ ਮੁਸਲਮਾਨ ਦਰਬਾਰੀ ਕਵੀ ‘ਆਲਮ’ ਦੀ ਰਚਨਾ ਹੈ ਜੋ ਕਿ ਸੰਨ 1553 ਵਿਚ ਲਿਖੀ ਗਈ ਜਿਸ ਦੇ 353 ਛੰਦ ਹਨ। ਇਸ ਰਚਨਾ ਦੇ ਛੰਦ ਨੰਬਰ 63 ਤੋਂ 72 ਤਕ ਦਾ ਕੁਝ ਹਿੱਸਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਇੱਕ ਖੋਜ ਭਰਪੂਰ ਪੁਸਤਕ ‘ਰਾਗ ਮਾਲਾ ਨਿਰਣਯ’ ਰਚਿਤ ਸ਼ਮਸ਼ੇਰ ਸਿੰਘ ਅਸ਼ੋਕ ਪ੍ਰਕਾਸ਼ਤ ਕੀਤੀ ਸੀ ਜਿਸ ਵਿਚ ਰਾਗ ਮਾਲਾ ਦੇ ਸਰੋਤ ਬਾਰੇ ਦੱਸਿਆ ਗਿਆ । ਪਰ ਕਿਓਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤੇ ਸਰੂਪਾਂ ਵਿਚ ਰਾਗ ਮਾਲਾ ਦਰਜ ਹੈ ਇਸ ਕਰਕੇ ਇਸ ਦੇ ਹੱਕ ਵਿਚ ਖੜ੍ਹਾ ਧੜਾ ਇਸੇ ਦਲੀਲ ਤੇ ਰਾਗ ਮਾਲਾ ਨੂੰ ਗੁਰਬਾਣੀ ਪ੍ਰਚਾਰਦਾ ਹੈ। ਪੰਥ ਵਿਚ ਇਸ ਸਬੰਧੀ ਸਥਾਨਕ ਰੀਤੀ ਅਨੁਸਾਰ ਰਾਗ ਮਾਲਾ ਪੜ੍ਹਨ ਜਾਂ ਨਾ ਪੜ੍ਹਨ ਦੀ ਛੋਟ ਦਿੱਤੀ ਹੋਈ ਹੈ। ਰਾਗ ਮਾਲਾ ਦੇ ਸਬੰਧ ਵਿਚ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਦਮਦਮੀ ਟਕਸਾਲ ਦੇ ਸੰਤ ਗੁਰਬਚਨ ਸਿੰਘ ਦੇ ਸਮੇਂ ਵਿਚ ਰਾਗ ਮਾਲਾ ਸਬੰਧੀ ਵਿਤਕਰਾ ਹੋਣ ਦੇ ਬਾਵਜੂਦ ਵੀ ਅਖੰਡ ਕੀਰਤਨੀ ਜਥੇ ਅਤੇ ਟਕਸਾਲ ਦੇ ਸਿੰਘਾਂ ਦਾ ਬਹੁਤ ਪਿਆਰ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖੁਦ ਰਾਗਮਾਲਾ ਦੇ ਹੱਕ ਵਿਚ ਹੋਣ ਦੇ ਬਾਵਜੂਦ ਵੀ ਮਰਿਯਾਦਾ ਦੇ ਸਬੰਧ ਵਿਚ ਉਹ ਹਮੇਸ਼ਾਂ ਪੰਥ ਦੀ ਤਾਬਿਆ ਰਹੇ ਅਤੇ ਜਦੋਂ ਮਰਿਯਾਦਾ ਦੇ ਉਲਟ ਉਹਨਾ ਦੇ ਭਤੀਜੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਰਾਗ ਮਾਲਾ ਪੜ੍ਹੀ ਤਾਂ ਸੰਤਾਂ ਨੇ ਉਸ ਨੂੰ ਸਜ਼ਾ ਦਿੱਤੀ ਸੀ। ਪਰ ਹੁਣ ਇਹ ਮੁੱਦਾ ਗੁਰਬਾਣੀ ਦੇ ਬਹਾਨੇ ਆਪਣੀ ਧੌਂਸ ਲਈ ਲੜਨ ਦਾ ਬਣ ਗਿਆ ਹੈ। ਬਾਬਾ ਦਾਦੂਵਾਲ ਨੇ ਇਸ ਸਬੰਧੀ ਬਿਆਨ ਰਿਕਾਰਡ ਕਰਵਾਇਆ ਹੈ ਕਿ ਪੰਥਕ ਰਹਿਤ ਮਰਿਯਾਦਾ ਸਬੰਧੀ ਰਾਗ ਮਾਲਾ ਦੀ ਛੋਟ ਹੈ ਅਤੇ ਇਸ ਮਸਲੇ ਨੂੰ ਉਛਾਲਣ ਵਾਲੇ ਜੇ ਨਾ ਬਾਜ ਆਏ ਤਾਂ ਇਹ ਮਾਮਲਾ ਸ੍ਰੀ ਆਕਲ ਤਖਤ ਸੇ ਸਪੁਰਦ ਕੀਤਾ ਜਾਵੇਗਾ ਜਿਥੇ ਕਿ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਮੁਤਾਬਕ ਫੈਸਲਾ ਕੀਤਾ ਜਾਵੇਗਾ।
ਯੂ ਕੇ ਵਿਚ ਅਖੰਡ ਕੀਰਤਨੀ ਜਥੇ ਦੇ ਸਿੰਘ ਅਤੇ ਪੰਥਕ ਵਿਦਵਾਨ ਵਿਚਾਰ ਗੋਸ਼ਟੀ ਰਾਹੀਂ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਯਾਦਾ ਸਬੰਧੀ ਸੰਗਤਾਂ ਨੂੰ ਲਾਮ ਬੰਦ ਕਰ ਰਹੇ ਹਨ ਜਦ ਕਿ ਪੰਥਕ ਰਹਿਤ ਮਰਿਯਾਦਾ ਦੀ ਥਾਂ ਆਪਣੀ ਸੰਪਰਦਾ ਦੀ ਮਰਿਯਾਦਾ ਸਥਾਪਤ ਕਰਨ ਵਾਲੇ ਆਪੋ ਆਪਣੇ ਤਰੀਕਿਆਂ ਨਾਲ ਇਸ ਦਾ ਵਿਰੋਧ ਕਰ ਰਹੇ ਹਨ । ਸੰਪਰਦਾਇਕ ਮਰਿਯਾਦਾ ਦੇ ਹਾਮੀ ਇਹ ਦਲੀਲ ਦਿੰਦੇ ਹਨ ਕਿ ਕਿਓਂਕਿ ਭਾਈ ਰਣਧੀਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਸਮ ਦਾ ਪਾਠ ਕਰਦੇ ਸਨ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਦਾ ਪ੍ਰਕਾਸ਼ ਜਰੂਰੀ ਹੈ ਜਦ ਕਿ ਭਾਈ ਸਾਹਿਬ ਜਾਂ ਸੰਤਾਂ ਨੇ ਕਦੀ ਵੀ ਆਪੋ ਆਪਣੇ ਜਥਿਆਂ ਦੀ ਮਰਿਯਾਦਾ ਨੂੰ ਪੰਥ ਤੇ ਨਹੀਂ ਸੀ ਥੋਪਿਆ। ਅਸੀਂ ਸੰਗਤਾਂ ਨੂੰ ਚੇਤੰਨ ਕੀਤਾ ਸੀ ਕਿ ਜੇਕਰ ਗੁਰਦੁਆਰਾ ਕਮੇਟੀਆਂ ਪੰਥਕ ਰਹਿਤ ਮਰਿਯਾਦਾ ਦੇ ਮੁੱਦੇ ਤੇ ਇੱਕ ਮੁੱਠ ਅਤੇ ਇੱਕ ਜੁੱਟ ਨਾ ਹੋਈਆਂ ਤਾ ਆਉਣ ਵਾਲੇ ਦਿਨਾਂ ਵਿਚ ਗੁਰਦਵਾਰਿਆਂ ਦਾ ਮਹੌਲ ਵਿਗੜਨ ਦੇ ਆਸਾਰ ਹਨ। ਫੈਸਲਾ ਪੰਥ ਨੇ ਕਰਨਾ ਹੈ। 
ਅਕਾਲੀਆਂ ਨੇ ਜਾਂਦੇ ਜਾਂਦੇ ਕੜੀ ਘੋਲ ਦਿੱਤੀ: ਬਿੱਲੀ ਥੈਲਿਓਂ ਬਾਹਰ
ਕੁਰਸੀ ਦਾ ਜਾਦੂ ਜਦੋਂ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਇਹ ਬੰਦੇ ਦੀ ਮੱਤ ਮਾਰ ਦਿੰਦਾ ਹੈ। ਐਸਾ ਹੀ ਪ੍ਰਦਰਸ਼ਨ ਹੋਇਆ ਸਾਬੋ ਕੀ ਤਲਵੰਡੀ ਤੋਂ ਅਕਾਲੀਆਂ ਦੇ ਉਮੀਦਵਾਰ ਜੀਤ ਮੁਹਿੰਦਰ ਸਿੱਧੂ ਦੇ ਉਸ ਲੈਕਚਰ ਦਰਮਿਆਨ ਜਦ ਉਸ ਨੇ ਏਥੋਂ ਤਕ ਕਹਿ ਦਿੱਤਾ ਕਿ ਉਹ ਵਾਅਦਾ ਕਰਦਾ ਹੈ ਕਿ ਜੇਕਰ ਡੇਰੇ ਵਾਲੇ ਉਸ ਨੂੰ ਵੋਟਾਂ ਦੇਣ ਤਾਂ ਉਹ ਉਹਨਾ ਦਾ ਨਾਮ ਚਰਚਾ ਪੰਜਾਬ ਵਿਚ ਕਰਵਾਏਗਾ। ਉਸ ਦੇ ਇਸ ਬਿਆਨ ਤੇ ਡੇਰੇ ਦੇ ਪ੍ਰੇਮੀਆਂ ਨੇ ਤਾੜੀਆਂ ਮਾਰੀਆਂ ਤੇ ਹੂਟਿੰਗ ਵੀ ਕੀਤੀ। ਸੋ ਇਹ ਉਹੀ ਡੇਰਾ ਹੈ ਜਿਸ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਦਸਮ ਪਾਤਸ਼ਾਹ ਦੀ ਨਕਲ ਕਰਕੇ ਪੰਥ ਵਿਚ ਇੱਕ ਐਸੀ ਅੱਗ ਬਾਲ ਦਿੱਤੀ ਜਿਸ ਵਿਚ ਕਈ ਸ਼ਹੀਦੀਆਂ ਹੋਈਆਂ ਅਤੇ ਸੌ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਇਹ ਡੇਰਾ ਹੁਣ ਖੁਲ੍ਹ ਕੇ ਬਾਦਲਾਂ ਦੀ ਹਿਮਾਇਤ ਤੇ ਆ ਖੜ੍ਹਾ ਹੋਇਆ ਹੈ ਅਤੇ ਹੁਣ ਚੋਣਾਂ ਦੇ ਨਤੀਜਿਆਂ ਮਗਰੋਂ ਹੀ ਪਤਾ ਲੱਗੇਗਾ ਕਿ ਪੰਜਾਬ ਦੇ ਲੋਕਾਂ ਨੇ ਏਨੇ ਵੱਡੇ ਅਨਰਥ ਖਿਲਾਫ ਆਪਣਾ ਮਤ ਦਿੱਤਾ ਹੈ ਜਾਂ ਕਿ ਧਰਮ ਦਾ ਮੁੱਦਾ ਹੁਣ ਉਹਨਾ ਲਈ ਕੋਈ ਮਹੱਤਵ ਨਹੀਂ ਰੱਖਦਾ।
ਇਸ ਧਾਰਮਕ ਅਨਰਥ ਸਬੰਧੀ ਜਥੇਦਾਰ ਗੁਰਮੁਖ ਸਿੰਘ ਦਮਦਮਾ ਸਾਹਿਬ ਦੇ ਬਿਆਨ ਪੜ੍ਹਨ ਨੂੰ ਮਿਲੇ ਹਨ। ਉਹਨਾ ਕਿਹਾ ਕਿ ਬਾਦਲਾਂ ਨੇ ਪੰਥਕ ਰਵਾਇਤ ਨੂੰ ਖਤਮ ਕਰ ਦਿੱਤਾ ਹੈ। ਇਹ ਵੀ ਕਿਹਾ ਕਿ ਸੌਦੇ ਦੇ ਪ੍ਰੇਮੀਆਂ ਨੇ ਬਾਦਲਾਂ ਨੂੰ ਵੋਟ ਤਾਂ ਨਹੀਂ ਪਉਣੀ ਪਰ ਹਮਾਇਤ ਦਾ ਐਲਾਨ ਕਰਕੇ ਉਹ ਅਕਾਲੀਆਂ ਨੂੰ ਖਤਮ ਕਰਨ ਦੀ ਸਾਜਿਸ਼ ਨੂੰ ਸਰਅੰਜਾਮ ਦੇ ਰਹੇ ਹਨ। ਜਥੇਦਾਰ ਜੀ ਨੇ ਇਹ ਮੁੱਦਾ ਅਕਾਲ ਤਖਤ ਤੇ ਚੁੱਕਣ ਦੀ ਗੱਲ ਵੀ ਕੀਤੀ ਹੈ ਪਰ ਦੇਖਣਾ ਇਹ ਹੈ ਕਿ ਬਦਲੇ ਹੋਏ ਹਾਲਾਤਾਂ ਵਿਚ ਜਥੇਦਾਰ ਜੀ ਆਪਣੇ ਪੈਂਤੜੇ ਤੇ ਖਰੇ ਉਤਰਦੇ ਵੀ ਹਨ ਜਾਂ ਨਹੀਂ। ਜਥੇਦਾਰ ਜੀ ਤੋਂ ਅਗਲਾ ਨਾਮ ਭਾਈ ਕਮਲਜੀਤ ਸਿੰਘ ਵਨਚਿੜੀ ਦਮਦਮੀ ਟਕਸਾਲ ਵਾਲਿਆਂ ਦੇ ਬਿਆਨ ਸੁਣਨ ਨੂੰ ਮਿਲੇ ਹਨ ਜਿਹਨਾ ਨੇ ਅਕਾਲੀਆਂ ਨੂੰ ਕਰਤੂਤ ਪਸ਼ੂ ਕੀ ਮਾਨਸ ਜਾਤ ਕਹਿ ਕੇ ਝਾੜ ਪਾਈ ਹੈ। ਉਹਨਾਂ ਨੇ ਟਕਸਾਲੀ ਆਗੂਆਂ ਨੂੰ ਵੀ ਕਿਹਾ ਹੈ ਕਿ ਉਹ ਕੀ ਸੋਚ ਕੇ ਬਾਦਲਾਂ ਦਾ ਸਮਰਥਨ ਕਰ ਰਹੇ ਹਨ ਜੋ ਕਿ ਸਿੰਘਾਂ ਨੂੰ ਅੱਤਵਾਦੀ ਵੀ ਕਹਿੰਦੇ ਹਨ ਅਤੇ ਯਾਦਗਾਰਾਂ ਵੀ ਬਣਾ ਰਹੇ ਹਨ। ਭਾਈ ਵਨਚਿੜੀ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਬੰਧੀ ਵੀ ਇਤਰਾਜ਼ ਕੀਤਾ ਹੈ ਕਿ ਹੁਣ ਉਸ ਦੀ ਜੁਬਾਨ ਨੂੰ ਕੀ ਤੋਤਲਾ ਪੈ ਗਿਆ ਹੈ? ਉਹ ਲੋਕ ਜੋ ਕਿ ਆਏ ਦਿਨ ਪੰਥਕ ਰਹਿਤ ਮਰਿਯਾਦਾ ਸਬੰਧੀ ਟਿੰਡ ਵਿਚ ਕਾਨਾ ਪਾਈ ਰੱਖਦੇ ਹਨ ਉਹਨਾ ਦੀ ਜ਼ੁਬਾਨ ਇਹ ਸਭ ਅਨਰਥ ਦੇਖ ਕੇ ਤਾਲੂ ਨਾਲ ਲੱਗੀ ਹੋਈੌ ਹੈ। ਡੇਰਾ ਸਿਰਸਾ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾਂ ਕਰਨ ਵਾਲੇ ਅਕਾਲੀਆਂ ਖਿਲਾਫ ਜਾਂਚ ਕਰਨ ਲਈ ਪ੍ਰੋ: ਬਡੂੰਗਰ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਪਰ ਇਸ ਨੂੰ ਈਦੋਂ ਬਾਅਦ ਤੰਬਾ ਫੂਕਣ ਵਾਲੀ ਗੱਲ ਕਿਹਾ ਗਿਆ ਹੈ। ਚੇਤੇ ਰਹੇ ਕਿ ਜੀਤ ਮੁਹਿੰਦਰ ਸਿੱਧੂ ਨਾਲ ਇਸ ਸਟੇਜ ਤੇ ਬਠਿੰਡਾ ਅਤੇ ਮਾਨਸਾ ਹਲਕਿਆਂ ਦੇ 9 ਉਮੀਦਵਾਰ ਵੀ ਹਾਜ਼ਰ ਸਨ।
ਕੁਝ ਝੜਪਾਂ ਮਗਰੋਂ ਚੋਣਾ ਖਤਮ
ਪੰਜਾਬ ਵਿਧਾਨ ਸਾਹਿਬ ਦੀਆਂ 2017 ਦੀਆਂ ਚੋਣਾਂ ਆਮ ਆਦਮੀ ਵਲੋਂ ਤੀਜੀ ਧਿਰ ਬਣਨ ਨਾਲ ਵੱਖਰੇ ਅੰਦਾਜ਼ ਵਿਚ ਸੰਪੂਰਨ ਹੋ ਗਈਆਂ । ਪੰਜਾਬ ਦੇ ਪੇਂਡੂ ਖੇਤਰਾਂ ਵਿਚ 90% ਮਤਦਾਨ ਹੋਇਆ ਜਦ ਕਿ ਸ਼ਹਿਰਾਂ ਵਿਚ 60 ਫੀ ਸਦੀ ਭੁਗਤਾਨ ਨਾਲ ਔਸਤ 78.6 ਦਾ ਮਤਦਾਨ ਹੋਇਆ। ਮਜੀਠਾ ਕਿੱਲਿਆਂ ਵਾਲੀ ਅਤੇ ਕੁਝ ਇੱਕ ਹੋਰ ਥਾਵਾਂ ਤੇ ਝੜਪਾਂ ਵੀ ਹੋਈਆਂ ਜਦ ਕਿ ਦੋ ਥਾਵਾਂ ਤੇ ਫਾਇਰਿੰਗ ਵੀ ਹੋਈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਵੋਟਾਂ ਮੁੱਕਣ ਮਗਰੋਂ ਮਸੀਂ ਹੀ ਲੱਭੇ ਅਤੇ ਉਹਨਾ ਨੇ ਮਲਵੀ ਜੀਭੇ ਡੇਰਾ ਸਿਰਸਾ ਜਾਣ ਵਾਲੇ ਅਕਾਲੀਆਂ ਵਿਰੁਧ ਕਾਰਵਾਈ ਦੀ ਗੱਲ ਕੀਤੀ। ਜਿਹਨਾ ਜ਼ਿਲਿਆਂ ਵਿਚ ਮਸ਼ੀਨਾਂ ਦੀ ਖਰਾਬੀ ਕਾਰਨ 9 ਫਰਵਰੀ ਨੂੰ ਦੁਬਾਰਾ ਚੋਣਾਂ ਹੋਣਗੀਆਂ ਉਹਨਾ ਵਿਚ ਅਮਮ੍ਰਤਸਰ, ਮਜੀਠਾ , ਮੋਗਾ, ਮੁਕਤਸਰ, ਸਰਦੂਲਗੜ੍ਹ ਅਤੇ ਸੰਗਰੂਰ ਦੇ ਨਾਮ ਸ਼ਾਮਲ ਹਨ।

No comments: