Wednesday, February 22, 2017

ਗੁਰਦੁਆਰਾ ਚੋਣਾਂ ! ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ?

Wed, Feb 22, 2017 at 12:09 PM
ਖਾਲਸਾ ਜੀ! ਫੈਸਲਾ ਆਪ ਜੀ ਦੇ ਹੱਥ ਹੈ!
ਗੁਰਬਾਣੀ ਦੀ ਰੌਸ਼ਨੀ ਵਿੱਚ ਠਾਕੁਰ ਦਲੀਪ ਸਿੰਘ ਹੁਰਾਂ ਨੇ ਉਠਾਏ ਕਈ ਨੁਕਤੇ 
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ
ਕਈਆਂ ਨੂੰ ਸ਼ੰਕਾ ਹੋਵੇਗੀ ਕਿ ਗੁਰਦੁਆਰਿਆਂ ਦੀਆਂ ਚੋਣਾਂ ਪਾਪ ਕਿਉਂ ਹਨ?
ਉੱਤਰ: ਹਰ ਉਹ ਕੰਮ ਜਿਸ ਨੂੰ ਕਰਨ ਕਰਕੇ ਸਿੱਖ ਪੰਥ ਦਾ ਨੁਕਸਾਨ ਹੋਵੇ, ਉਹ ਪਾਪ ਹੈ। ਜੋ ਕੰਮ ਗੁਰਬਾਣੀ ਵਿੱਰੁਧ ਕੀਤਾ ਜਾਵੇ ਉਹ ਮਹਾਂ ਪਾਪ ਹੈ। ਚੋਣਾਂ ਸਿੱਖ ਪੰਥ ਨੂੰ ਕੈਂਸਰ ਵਾਂਗੂੰ ਅੰਦਰੋਂ ਅੰਦਰ ਖਾ ਰਹੀਆਂ ਹਨ, ਧੜੇਬੰਦੀ ਬਣਾ ਕੇ ਪਾਟਕ ਪਾਉਂਦੀਆਂ ਹਨ। ਹੋਰ ਕਿਸੇ ਪੰਥ ਵਿਚ ਚੋਣਾਂ ਨਹੀਂ ਕੇਵਲ ਅਸਾਡੇ ਪੰਥ ਵਿੱਚ ਹੀ ਹਨ। ਜਿੱਥੇ ਚੋਣਾਂ ਨਹੀਂ ਹੁੰਦੀਆਂ ਉਹ ਅਸਾਡੇ ਤੋਂ ਸੁਖੀ ਵੱਸਦੇ ਹਨ।  ਸਿੱਖਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ। ਗੁਰਬਾਣੀ ਵਿੱਚ ਤਾਂ ਆਪਸ ਵਿੱਚ ਮਿਲ਼ਨ ਦੀ ਸੋਭਾ ਲਿਖੀ ਗਈ ਹੈ। ਭਾਵ: ਆਪਸ ਵਿੱਚ ਮਿਲ਼ ਕੇ ਰਹਿਣ ਦਾ ਹੁਕਮ ਹੈ:- “ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ॥” (ਅੰਗ:- 498) ਲੜਬੇ ਕੀ ਮਹਿਮਾ ਤਾਂ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ? ਕੀ ਚੋਣਾਂ ਵਿੱਚ ਸਿੱਖ ਆਪਸ ਵਿੱਚ ਲੜਦੇ ਹਨ ਜਾਂ ਮਿਲਦੇ ਹਨ, ਸੋਚਣ ਦੀ ਲੋੜ ਹੈ। ਕੀ ਆਪਸ ਵਿਚ ਲੜਨਾ ਅਤੇ ਸਿੱਖਾਂ ਨੂੰ ਲੜਾਉਣਾ ਮਹਾਂ ਪਾਪ ਨਹੀਂ? ਜੇ ਆਪਸ ਵਿਚ ਲੜਨਾ ਅਤੇ ਸਿੱਖਾਂ ਨੂੰ ਲੜਾਉਣਾ ਪਾਪ ਨਹੀਂ ਤਾਂ ਫਿਰ ਹੋਰ ਕਿਹੜਾ ਕੰਮ ਪਾਪ ਹੈ?
ਅੱਜ ਸਿੱਖ ਪੰਥ ਨੂੰ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਦੀ ਥਾਂ ਤੇ ਸਰਬ ਸੰਮਤੀ ਕੀਤੀ ਜਾਵੇ। ਚੋਣਾਂ ਕਾਰਨ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਆਪਸੀ ਵਿਰੋਧ ਵੱਧ ਰਿਹਾ ਹੈ, ਜਿਸ ਕਾਰਨ ਸੰਗਤ ਦੀ ਸ਼ਰਧਾ ਦਿਨੋ ਦਿਨ ਘੱਟ ਕੇ ਪੰਥ ਘਟ ਰਿਹਾ ਹੈ। ਦਿਲੀ ਵਿਚ ਗੁਰਦੁਆਰਾ ਚੋਣਾ ਸ਼ੁਰੂ ਹੋ ਚੁਕੀਆਂ ਹਨ, ਕੀ ਇਹ ਚੋਣਾ ਜਿਤਣ ਵਾਲਾ ਧੜਾ ਹੀ ਸਚੇ ਸੇਵਾਦਾਰ ਹੋਣਗੇ? ਹਾਰੇ ਹੋਏ ਧੜੇ ਦੇ ਸਿਖਾਂ ਨੂੰ ਜੇਤੂ ਧੜਾ ਕੀ ਵਤੀਰਾ ਕਰੇਗਾ? ਕੀ ਗੁਰਦੁਆਰਾ ਚੋਣਾ ਲੜਨਾ ਗੁਰਮਤ ਅਨੁਸਾਰ ਹਨ? ਜੇਹੜੇ ਸਜਣ ਚੋਣਾਂ ਜਿਤਕੇ ਗੁਰਮਤ ਦੀ ਨਿਯਮਾਵਲੀ ਬਣਾਉਣਗੇ, ਮੈ  ਉਨਾ ਸਜਨਾ ਨੂੰ ਨਿਮਰਤਾ ਸਹਿਤ ਪੁਛਦਾ ਹਾਂ: ਕੀ ਆਪਸ ਵਿਚ ਲੜਨਾ ਗੁਰਮਤ ਹੈ?
ਜੇ ਗੁਰਦੁਆਰਿਆਂ ਦੀ ਸੇਵਾ ਕਰਨੀ ਹੈ ਤਾਂ ਨਿਰਲਾਲਚ ਹੋਕੇ, ਸਹਿਮਤ ਹੋਕੇ ਕਰੀਏ, ਜਿਸ ਸੇਵਾ ਨਾਲ ਪੰਥ ਵਿੱਚ ਵਾਧਾ ਹੋਵੇ। ਗੁਰਦੁਆਰਿਆਂ ਦੀ ਸੇਵਾ ਕਰਨ ਲਈ ਚੋਣਾਂ ਲੜਨ ਦੀ ਕੀ ਲੋੜ ਹੈ? ਜੇ ਕਿਸੇ ਸਮੇਂ, ਕਿਸੇ ਕਾਰਨ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਕਰਨ ਵਾਸਤੇ ਭਾਰਤੀ ਸੰਵਿਧਾਨ ਵਿੱਚ ਲਿਖਿਆ ਜਾ ਚੁੱਕਿਆ ਹੈ ਤਾਂ ਇਸਦਾ ਇਹ ਅਰਥ ਨਹੀਂ ਕਿ ਅਸੀਂ ਆਪਸ ਵਿੱਚ ਇੱਕਠੇ ਹੋਕੇ ਸਰਬ ਸੰਮਤੀ ਨਹੀਂ ਕਰ ਸਕਦੇ। ਸੰਵਿਧਾਨ ਜਾਂ ਸਰਕਾਰ ਸਾਨੂੰ ਮਜਬੂਰ ਨਹੀਂ ਕਰ ਸਕਦੀ ਕਿ ਤੁਸੀਂ ਜ਼ਰੂਰ ਹੀ ਚੋਣਾਂ ਲੜੋ। ਸਰਬ ਸੰਮਤੀ ਕਰਨ ਨਾਲ ਤਾਂ ਸਰਕਾਰ ਪ੍ਰਸੰਨ ਹੋਵੇਗੀ, ਸੰਗਤ ਵੀ ਪ੍ਰਸੰਨ ਹੋਵੇਗੀ। ਸਰਕਾਰ ਦੀ ਖਪਾਈ ਅਤੇ ਪੈਸਾ ਬਚੇਗਾ।
ਗੁਰਦੁਆਰਾ ਚੋਣਾਂ ਵਿੱਚ ਗੁਰਬਾਣੀ ਵਿੱਚ ਦਿੱਤੇ ਹੁਕਮਾਂ ਉਲਟ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਗੁਰੂ ਕੇ ਹੁਕਮਾਂ ਵਿੱਰੁਧ ਚੱਲਣਾ ਪਾਪ ਹੈ, ਜਿਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਹਨ:-
ਪਾਪ ਨੰਬਰ 1.- ਵਿਚਾਰ ਰਹਿਤ ਹੋਣਾ: ਗੁਰਬਾਣੀ ਵਿੱਚ ਲਿਖਿਆ ਹੈ ਵਿਚਾਰਵਾਨ ਬਣੋ: “ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ।” (ਅੰਗ: 1325) ਪਰ, ਆਪਾਂ ਜਦੋਂ ਗੁਰਦੁਆਰਾ ਚੋਣਾਂ ਵਿੱਚ ਲੜਦੇ ਹਾਂ ਉਦੋਂ ਆਪਾਂ ਵਿਚਾਰ ਰਹਿਤ ਹੋ ਜਾਂਦੇ ਹਾਂ। ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! 
ਪਾਪ ਨੰਬਰ 2.- ਆਪਸ ਵਿੱਚ ਲੜਨਾ- ਗੁਰਬਾਣੀ ਵਿੱਚ ਲਿਖਿਆ ਹੈ: “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥” (ਅੰਗ:- 1185) ਉੱਥੇ ਤਾਂ ਇੱਕਠੇ ਹੋਣ ਦਾ ਹੁਕਮ ਹੈ, ਪਰ ਆਪਾਂ ਲੜ ਕੇ ਵੱਖਰੇ ਹੋ ਜਾਂਦੇ ਹਾਂ। ਮੁੱਖ ਗੱਲ ਤਾਂ ਇਹ ਹੈ ਕਿ ਸਿੱਖ ਹੀ ਸਿੱਖਾਂ ਨਾਲ ਲੜਦੇ ਹਨ। ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 3.- ਧੜਾ ਬਣਾਉਣਾ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: “ਝੂਠੁ ਧੜੇ ਕਰਿ ਪਛੋਤਾਹਿ” (ਅੰਗ:-366) ਆਪਾਂ ਗੁਰਦੁਆਰਾ ਚੋਣਾਂ ਲੜਨ ਵੇਲੇ ਧੜੇ ਬਣਾਉਂਦੇ ਹਾਂ। ਸਤਿਗੁਰੂ ਦਾ ਧੜਾ ਧਰਮ ਦਾ ਧੜਾ ਹੈ, ਪ੍ਰਭੂ ਦਾ ਧੜਾ ਹੈ। ਆਪਾਂ ਕਿੰਨੇ ਹੀ ਤਰ੍ਹਾਂ ਦੇ ਧੜੇ ਬਣਾਉਂਦੇ ਹਾਂ ਸੋਚਨ ਦੀ ਲੋੜ ਹੈ। ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!  
ਪਾਪ ਨੰਬਰ 4.- ਲਾਲਚ ਕਰਨਾ- ਗੁਰਬਾਣੀ ਵਿੱਚ ਲਿਖਿਆ ਹੈ: “ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ॥” (ਅੰਗ:-419) ਗੁਰਦੁਆਰਾ ਚੋਣਾਂ ਵਿੱਚ ਆਪਾਂ ਲਾਲਚ ਕਰਦੇ ਹਾਂ, ਭਾਂਵੇ ਉਹ ਪਦਵੀਆਂ ਦਾ ਲਾਲਚ ਹੋਵੇ ਜਾਂ ਮਾਇਆ ਦਾ। ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 5.- ਵੈਰ-ਵਿਰੋਧ ਕਰਨਾ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: “ਗੁਰਮੁਖਿ ਵੈਰ ਵਿਰੋਧ ਗਵਾਵੈ॥” (ਅੰਗ:- 942) ਆਪਾਂ ਚੋਣਾਂ ਵਿਚ ਇੱਕ ਦੂਸਰੇ ਨਾਲ ਪ੍ਰੇਮ ਵਧਾਉਂਦੇ ਹਾਂ ਜਾਂ ਵੈਰ ਵਧਾਉਂਦੇ ਹਾਂ? ਇਹ ਸਾਨੂੰ ਆਪ ਸੋਚਣ ਦੀ ਲੋੜ ਹੈ! ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 6.- ਕਿਸੇ ਦੇ ਔਗੁਣ ਵੇਖਨੇ- ਗੁਰਬਾਣੀ ਵਿੱਚ ਲਿਖਿਆ ਹੈ: “ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥” (ਅੰਗ:-1364) ਅਤੇ “ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰੁ ਵਧਾਵੈ” (ਅੰਗ-366) ਚੋਣਾਂ ਵਿੱਚ ਆਪਾਂ ਦੂਜਿਆਂ ਦੇ ਔਗੁਣ ਵੇਖਦੇ ਹਾਂ, ਲੱਭਦੇ ਹਾਂ ਅਤੇ ਨਵੇਂ ਔਗੁਣ ਕੋਲੋਂ ਹੀ ਘੜਦੇ ਹਾਂ। ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 7.- ਨਿੰਦਿਆ ਕਰਨੀ - ਗੁਰਬਾਣੀ ਵਿੱਚ ਲਿਖਿਆ ਹੈ: “ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥” (ਅੰਗ:-755) ਗੁਰਦੁਆਰਾ ਚੋਣਾਂ ਵਿੱਚ ਆਪਾਂ ਇੱਕ ਦੂਜੇ ਦੀ ਨਿੰਦਿਆ ਕਰਨ ਤੋਂ ਹਟਦੇ ਹੀ ਨਹੀਂ, ਹਰ ਸਮੇਂ ਨਿੰਦਿਆ ਕਰੀ ਜਾਂਦੇ ਹਾਂ। ਸੋਚਣ ਦੀ ਲੋੜ ਹੈ ਕਿ ਆਪਾਂ ਆਪਣੇ ਗੁਰੂ ਦਾ ਹੁਕਮ ਕਿੰਨਾ ਕੁ ਮੰਨ ਰਹੇ ਹਾਂ। ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! 
ਪਾਪ ਨੰਬਰ 8.- ਹੰਕਾਰ ਕਰਣਾ- ਗੁਰਬਾਣੀ ਵਿੱਚ ਆਦੇਸ਼ ਲਿਖਿਆ ਹੈ: “ਗੁਰਮੁਖਿ ਅਹੰਕਾਰੁ ਜਲਾਏ ਦੋਈ॥” (ਅੰਗ:-230) ਆਪਾਂ ਆਪਣੇ ਆਪ ਨੂੰ ਗੁਰਮੁੱਖ ਸਮਝਦੇ ਹਾਂ ’ਤੇ ਗੁਰਦੁਆਰਾ ਚੋਣਾਂ ਵਿੱਚ ਆਪਾਂ ਹੰਕਾਰ ਕਰਦੇ ਹਾਂ। ਕੀ ਆਪਾਂ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!  
ਪਾਪ ਨੰਬਰ 9.- ਚੁਗਲੀ ਕਰਣੀ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: “ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ॥” (ਅੰਗ:-308) ਗੁਰਦੁਆਰਾ ਚੋਣਾਂ ਵਿੱਚ ਆਪਾਂ ਕਿੰਨੀ ਚੁਗਲੀ ਕਰਕੇ ਸਿਖਾਂ ਨੂੰ ਅਪਸ ਵਿਚ ਲੜਾਉਂਦੇ ਹਾਂ, ਆਪ ਸੋਚਣ ਦੀ ਲੋੜ ਹੈ। ਕੀ ਗੁਰੁ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!  
ਪਾਪ ਨੰਬਰ 10.- ਸ਼ਰਾਬ ਪੀਣੀ-ਪਿਲਾਉਣੀ- ਗੁਰਬਾਣੀ ਵਿੱਚ ਸ਼ਰਾਬ ਵਿਰੁੱਧ ਸਖ਼ਤ ਆਦੇਸ਼ ਹੈ, ਉੱਥੇ ਤਾਂ ਲਿਖਿਆ ਹੈ: “ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥” (ਅੰਗ:-554) ਆਪਾਂ ਸਾਰੇ ਜਾਣਦੇ ਹਾਂ ਵੋਟਾਂ ਲੈਣ ਵਾਸਤੇ ਚੋਣਾਂ ਵਿੱਚ ਸ਼ਰਾਬ ਪੀਤੀ ਅਤੇ ਪਿਲਾਈ ਜਾਂਦੀ ਹੈ। ਸਾਰਿਆਂ ਸਿੱਖਾਂ ਨੂੰ ਸੋਚਣ ਦੀ ਲੋੜ ਹੈ ਕਿ ਸ਼ਰਾਬ ਪਿਆ ਕੇ ਚੋਣਾ ਲੜਨੀਆਂ/ਜਿਤਣੀਆਂ ਠੀਕ ਹੈ ਜਾਂ ਗਲਤ? ਕੀ ਗੁਰੁ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ?  
ਪਾਪ ਨੰਬਰ 11.- ਝੂਠ ਬੋਲਣਾ- ਚੋਣਾਂ ਜਿੱਤਣ ਲਈ ਆਪਾਂ ਵੱਡੇ ਤੋਂ ਵੱਡੇ ਝੂਠ ਬੋਲਦੇ ਹਾਂ। ਗੁਰਬਾਣੀ ਵਿੱਚ ਸਖਤ ਆਦੇਸ਼ ਹੈ, ਉਥੇ ਲਿਖਿਆ ਹੈ: “ਬੋਲਹਿ ਸਾਚੁ, ਮਿਥਿਆ ਨਹੀ ਰਾਈ॥” (ਅੰਗ:-227) ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!  
ਜੇ ਆਪਾਂ, ਉਪਰੋਕਤ ਸਾਰੇ ਪਾਪ ਕਰਦੇ ਹਾਂ, ਗੁਰਬਾਣੀ ਦੇ ਉਲਟ ਚੱਲਦੇ ਹਾਂ ਤਾਂ ਆਪਾਂ ਕੈਸੇ ਸਿੱਖ ਹਾਂ? ਸੋਚਣ ਦੀ ਲੋੜ ਹੈ: ਜੇ ਆਪਾਂ ਆਪਣੇ ਗੁਰੂ ਦਾ ਹੁਕਮ ਉਲਟਾਵਾਂਗੇ ਤਾਂ ਸਾਨੂੰ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਜਾਂ ਨਰਾਜ਼ਗੀ ਮਿਲੇਗੀ? ਆਪ ਸੋਚੋ
     ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਆਪਸ ਵਿੱਚ ਮਿਲਕੇ, ਸਰਬ ਸੰਮਤੀ, ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਕਰ ਲਈਏ। ਜਿਤਨਾ ਸਮਾਂ, ਸ਼ਕਤੀ ਅਤੇ ਪੈਸਾ ਆਪਾਂ ਗੁਰਦੁਆਰਿਆ ਦੀਆਂ ਪਦਵੀਆਂ ਖੋਹਣ ਅਤੇ ਪਦਵੀਆਂ ਬਚਾਉਣ ਵਾਸਤੇ ਲਾਉਂਦੇ ਹਾਂ, ਫਿਰ ਕਈ ਸਾਲ ਅਗਲੀਆਂ ਚੋਣਾ ਜਿਤਣ ਵਾਸਤੇ ਤਿਆਰੀ ਕਰਨ ਉਤੇ ਲਾਉਂਦੇ ਹਾਂ, ਦੂਜੇ ਧੜੇ ਨੂੰ ਕਮਜ਼ੋਰ ਕਰਨ ਉਤੇ ਲਾਉਂਦੇ ਹਾਂ, ਹਰ ਸਮੇਂ ਕਿਸੇ ਦਾ ਬੁਰਾ ਹੀ ਸੋਚਦੇ ਰਹਿੰਦੇ ਹਾਂ, ਕੀ ਇਹੋ ਸਮਾਂ, ਸ਼ਕਤੀ, ਅਤੇ ਪੈਸਾ ਪੰਥ ਦੇ ਪਰਚਾਰ ਵਾਸਤੇ ਨਹੀਂ ਲਗ ਸਕਦਾ, ਆਪ ਸੋਚੋ. ਗੁਰੂੁ ਕੀ ਗੋਲਕ ਵਿਚ ਆਈ ਸੰਗਤ ਦੀ ਖੂਨ ਪਸੀਨੇ ਦੀ ਕਮਾਈ ਨੂੰ ਪੰਥ ਪਾੜਨ ਵਾਸਤੇ ਲੌਂਦੇ ਹਾਂ, ਕੀ ਇਸ ਨਾਲ ਸਿਖ ਪੰਥ ਵਧਦਾ ਹੈ ਜਾਂ ਘਟਦਾ ਹੈ? ਕੀ ਸੰਗਤ ਗੁਰਦੁਆਰਿਆਂ ਵਿਚ ਚੋਣਾਂ ਲੜਨ ਲਈ ਮਾਇਆ ਦਿੰਦੀ ਹੈ। 
              ਜੇ ਅਸੀਂ ਚੋਣਾਂ ਦੀ ਥਾਂ ਸਰਬ ਸੰਮਤੀ ਕਰੀਏ ਇਸ ਨਾਲ ਸਾਡੀ ਸੋਭਾ ਅਤੇ ਸਿੱਖ ਪੰਥ ਦਾ ਵੀ ਭਲਾ ਹੋਵੇਗਾ। ਸਿੱਖ ਪੰਥ ਟੁੱਟਣਂੋ ਬਚ ਜਾਵੇਗਾ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ। ਗੁਰੂ ਕੀਆਂ ਖੁਸ਼ੀਆਂ ਮਿਲਣਗੀਆਂ! ਜੇ ਗੁਰੂ ਕਾ ਬਚਨ ਮੰਨ ਕੇ ਇਕਠੇ ਨਹੀਂ ਹੁੰਦੇ ਤਾਂ ਅਸਾਡਾ ਜਪ, ਤਪ, ਸੇਵਾ ਕਿਤੇ ਲੇਖੇ ਵਿਚ ਨਹੀ. “ਜਪੁ ਤਪੁ ਸੰਜਮ ਹੋਰ ਕੋਈ ਨਾਹੀ.  ਜਬ ਲਗੁ ਗੁਰੁ ਕਾ ਸਬਦੁ ਨ ਕਮਾਹੀ”. (ਅੰਗ 1060) ਅਤੇ “ਹੁਕਮ ਮੰਨਿਐ ਹੋਵੈ ਪਰਵਾਣ ਤ ਖਸਮੈ ਕਾ ਮਹਲਿ ਪਾਇਸੀ”.
ਕੀ ਚੋਣਾਂ ਲੜਨੀਆਂ ਗੁਰਦੁੁਆਰਿਆਂ ਦੀ ਸੇਵਾ ਵਾਸਤੇ ਹਨ ਜਾਂ ਗੁਰਦੁਆਰਿਆਂ ਨੂੰ ਵਰਤਣ ਵਾਸਤੇ? ਕੀ ਅਸਾਡੇ ਆਗੂ, ਸੰਗਤ ਨੂੰ ਗੁਰਦੁੁਆਰਿਆਂ ਦੀ ਸੇਵਾ ਦੇ ਨਾਮ ਉਤੇ ਲੜਾਉਂਦੇ ਨਹੀਂ, ਉਜਾੜਦੇ, ਪਾੜਦੇ, ਨਹੀਂ?
   ਜ਼ਰਾ ਧਿਆਨ ਨਾਲ ਸੋਚੋ: ਜੋੋ ਸੱਜਣ ਚੋਣਾਂ ਜਿੱਤਣ ਲਈ ਐਨੇ ਜ਼ੋਰ ਨਾਲ ਆਪਣੀ ਵਡਿਆਈ ਅਤੇ ਦੂਜਿਆਂ ਦੀ ਬੁਰਿਆਈ ਕਰਦੇ ਹਨ, ਘਰੋ ਘਰ ਜਾਕੇ ਵੋਟਾਂ ਮੰਗਦੇ ਹਨ, ਕੀ ਇਨਾ ਸੱਜਣਾਂ ਨੇ ਕਦੀ ਸੰਗਤ ਨੂੰ ਇਨੇ ਹੀ ਜ਼ੋੋਰ ਨਾਲ ਗਰੀਬ ਸਿਖ ਭਰਾਵਾਂ ਦੀ ਸਹਾਇਤਾ ਲਈ ਘਰੋ ਘਰ ਜਾ ਕੇ ਪ੍ਰੇਰਿਆ?
ਬਾਬੇ ਬੰਦੇ ਬਹਾਦਰ ਵੇਲੇ ਆਪਾਂ, ਆਪਸ ਵਿਚ ਸਹਿਮਤ ਨ ਹੋਣ ਕਰਕੇੇ ਆਪਸ ਵਿਚ ਲੜਕੇ ਰਾਜ ਗਵਾਇਆ, ਮਹਾਰਾਜਾ ਰਨਜੀਤ ਸਿੰਘ ਵੇਲੇ ਵੀ ਸਹਿਮਤ ਨ ਹੋਣ ਕਰਕੇੇ ਆਪਸ ਵਿਚ ਲੜਕੇ ਅਸੀਂ ਰਾਜ ਗਵਾਇਆ.ਹੁਣ ਆਪਾਂ ਕੀ ਕਰਨਾ ਚਾਹੁੰਦੇ ਹਾਂ!
ਇਸ ਕਰਕੇ ਸਿਖ ਵੀਰੋ ਚੋਣਾਂ ਲੜਨ ਦੀ ਥਾਂ ਸਰਬ ਸੰਮਤੀ ਕਰੋ, ਸਹਿਮਤ ਹੋੋਕੇ ਗੁਰਮਤਾ ਕਰੋ. ਜੇ ਆਪਾਂ ਗੁਰਦੁਆਰਿਆਂ ਦੀ ਸੇਵਾ ਲ਼ਈ ਸਹਿਮਤ ਨਹੀਂ ਹੋ ਸਕਦੇ ਤਾਂ ਆਪਾਂ ਹੋਰ ਕਿਸ ਗਲ ਵਾਸਤੇ ਸਹਿਮਤ ਹੋਵਾਂਗੇ? ਸਹਿਮਤ ਹੋਏ ਬਿਨਾ ਪੰਥ ਕਿਵੇਂ ਵਧੇਗਾ? ਵੀਚਾਰੋ!

ਇਸ ਲਿਖਤ ਬਾਰੇ ਤੁਸੀਂ ਆਪਣੀ ਰਾਏ ਇਸ ਨੰਬਰ ਉੱਤੇ ਵੀ ਭੇਜ ਸਕਦੇ ਹੋ -
ਨਵਤੇਜ ਸਿੰਘ (ਸਕੱਤਰ) 9815387767

No comments: