Thursday, February 16, 2017

ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Thu, Feb 16, 2017 at 5:52 PM
ਪੁੱਤਰ ਦੇ ਨਾਲ ਨਾਲ ਧੀਆਂ ਨੇ ਅਰਥੀ ਨੂੰ ਮੋਢਾ ਦੇ ਕੇ ਪਾਈ ਨਵੀਂ ਪਿਰਤ 
ਲੁਧਿਆਣਾ: 16 ਫਰਵਰੀ 2017: (ਪੰਜਾਬ ਸਕਰੀਨ ਬਿਊਰੋ): 
ਮੌਤ ਇੱਕ ਅਟੱਲ ਨਿਯਮ ਹੈ। ਦੁਨੀਆ ਦੀ ਸਭ ਤੋਂ ਵੱਡੀ ਸਚਾਈ ਮੌਤ ਹੀ ਹੈ ਜਿਸ ਨੂੰ ਆਮ ਤੌਰ ਤੇ ਸਾਰੇ ਭੁਲਾਈ ਰੱਖਦੇ ਹਨ। ਹਰ ਇੱਕ ਨੇ ਇਸ ਫਾਨੀ ਦੁਨੀਆ ਤੋਂ ਕੂਚ ਕਰਨਾ ਹੈ। ਜੋਗਿੰਦਰ ਸਿੰਘ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਉਸਦੇ ਜੀਵਨ ਦੀ ਇੱਕ ਵੱਡੀ ਗੱਲ ਇਹ ਸੀ ਕਿ ਉਸ ਨੂੰ ਇਹ ਸਭ ਤੋਂ ਵੱਡਾ ਸੱਚ ਯਾਦ ਰਿਹਾ। ਉਸਨੇ ਆਪਣੇ ਜੀਵਨਕਾਲ ਵਿੱਚ ਹੀ ਆਪਣੀ ਦੇਹ ਮੈਡੀਕਲ ਸਾਇੰਸ ਦੀਆਂ ਖੋਜਾਂ ਲਈ ਦਾਨ ਦੇ ਦਿੱਤੀ ਸੀ। ਉਸਦੇ ਪਰਿਵਾਰਿਕ ਮੈਂਬਰਾਂ ਨੇ ਵੀ ਇਸ ਗੱਲ ਨੂੰ ਯਾਦ ਰੱਖਦਿਆਂ ਇਸ ਉੱਪਰ ਫੁਲ ਚੜ੍ਹਾਏ। 
ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਨੇ ਮੈਡੀਕਲ ਖੋਜਾਂ ਲਈ ਦਾਨ ਕਰਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਤੋਂ ਪਹਿਲਾਂ ਜੋਗਿੰਦਰ ਸਿੰਘ ਦੀਆਂ ਧੀਆਂ ਹਰਪ੍ਰੀਤ ਕੌਰ, ਰੁਪਿੰਦਰ ਕੌਰ ਅਤੇ ਪੁੱਤਰ ਤਰਨਜੀਤ ਸਿੰਘ ਨੇ ਮੋਢਾ ਦੇ ਕੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਵਿੱਚ ਰੱਖਿਆ। ਜੋਗਿੰਦਰ ਸਿੰਘ 60 ਸਾਲਾਂ ਦੇ ਸਨ। 
              ਸਥਾਨਕ ਰੋਜ਼ ਇਨਕਲੇਵ ਸਿਵਲ ਲਾਈਨ ਵਿਖੇ ਰਹਿੰਦੇ ਜੋਗਿੰਦਰ ਸਿੰਘ ਨੇ ਬੀਤੀ ਰਾਤ ਆਖਰੀ ਸਾਹ ਲਿਆ। ਉਨ੍ਹਾਂ ਦੇ ਪੁੱਤਰ ਤਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਦੀ ਇੱਛਾ ਸੀ ਕਿ ਉਸ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਉਨ੍ਹਾਂ ਨੇ ਜਿਉਂਦੇ ਜੀਅ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ। ਅੱਜ ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਕ ਉਨ੍ਹਾਂ ਦੀ ਪਤਨੀ ਬਲਬੀਰ ਕੌਰ ਸਮੇਤ ਹੋਰ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਲੈ ਕੇ ਐਂਬੂਲੈਂਸ ਅੱਜ ਪਠਾਨਕੋਟ ਦੀ ਬੂੰਗਲੀ ਸਥਿੱਤ ਚਿੰਤਪੂਰਨੀ ਮੈਡੀਕਲ ਕਾਲਜ ਐਂਡ ਹਸਪਤਾਲ ਲਈ ਰਵਾਨਾ ਹੋਈ। ਮ੍ਰਿਤਕ ਦੇਹ ਨੂੰ ਵਿਦਾਇਗੀ ਦੇਣ ਲਈ ਭਾਰੀ ਸੰਖਿਆ ਵਿੱਚ ਰਿਸ਼ਤੇਦਾਰ, ਮੁਹੱਲਾ ਵਾਸੀ ਮੌਜ਼ੂਦ ਸਨ। ਲੋਕਾਂ ਨੇ ‘ਜੋਗਿੰਦਰ ਸਿੰਘ ਅਮਰ ਰਹੇ’ ਦੇ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਮੁਹੱਲਾ ਵਾਸੀ ਅਤੇ ਪਰਿਵਾਰਿਕ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ-ਅਰਥੀ ਨੂੰ ਮੋਢਾ ਦੇ ਕੇ ਐਂਬੂਲੈਂਸ ਵਿੱਚ ਰੱਖਣ ਲਈ ਲਿਆਉਂਦੀਆਂ ਮ੍ਰਿਤਕ ਜੋਗਿੰਦਰ ਸਿੰਘ ਦੀਆਂ ਧੀਆਂ ਅਤੇ ਇਨਸੈਟ ਜੋਗਿੰਦਰ ਸਿੰਘ ਦੀ ਫਾਈਲ ਫੋਟੋ।
ਜਾਣਕਾਰੀ-ਕੁਲਦੀਪ ਕੁਮਾਰ ਮੋ. 98728-18223
------------------------------------------------------------  

No comments: