Friday, January 27, 2017

ਅਨੁਸ਼ਾਸ਼ਨ ਅਤੇ ਪੱਕਾ ਇਰਾਦਾ ਸਫਲਤਾ ਦੀ ਕੁੰਜੀ ਹਨ-VC ਡਾ. ਢਿੱਲੋਂ

PAU ਵਿਖੇ ਮਨਾਇਆ ਗਿਆ 68ਵਾਂ ਗਣਤੰਤਰ ਦਿਵਸ 

ਲੁਧਿਆਣਾ: 26 ਜਨਵਰੀ 2017: (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਸਰਦੀ ਦੇ ਮੌਸਮ ਵਿੱਚ ਰਾਤ ਤੋਂ ਜਾਰੀ ਬਰਸਾਤ ਅਤੇ ਸੀਤ ਲਹਿਰ ਨੇ ਭਾਂਵੇਂ ਮਾਹੌਲ ਨੂੰ ਬਰਫੀਲਾ ਬਣਾ ਦਿੱਤਾ ਸੀ ਪਰ ਕੌਮੀ ਤਿਓਹਾਰ ਗਣਤੰਤਰ ਦਿਵਸ ਦੇ ਉਤਸ਼ਾਹ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰਾਂ, ਪ੍ਰੋਫੈਸਰਾਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਦੇ ਜੋਸ਼ ਸਾਹਮਣੇ ਕਾਂਬਾ ਛੇੜਣ ਵਾਲੀ ਠੰਡ ਦੀ ਵੀ ਇੱਕ ਨ ਚੱਲੀ। ਪੀਏਯੂ ਦੇ ਕੁਦਰਤੀ ਰੰਗਾਂ ਵਾਲੇ ਮਾਹੌਲ ਨੇ ਇਸ ਮੌਕੇ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਸੀ। ਸਮਾਗਮ ਦਾ ਸ਼ੁਭ ਆਰੰਭ ਕੌਮੀਜੀਤ ਜਨ ਗਨ ਮਨ ਨਾਲ ਹੋਇਆ। ਇਸ ਸਮਾਗਮ ਵਿੱਚ 26 ਜਨਵਰੀ ਦੀਆਂ ਵਧਾਈਆਂ ਦੇ ਨਾਲ ਨਾਲ ਪੀਏਯੂ ਦੀਆਂ ਪ੍ਰਾਪਤੀਆਂ, ਖੇਤੀ ਖੋਜ ਦੇ ਤਜਰਬਿਆਂ, ਕਿਸਾਨੀ ਵਿਕਾਸ ਦੀਆਂ ਯੋਜਨਾਵਾਂ ਅਤੇ ਮਾਰਕੀਟਿੰਗ ਖੇਤਰ ਦੀਆਂ ਚੁਣੌਤੀਆਂ ਬਾਰੇ ਵੀ ਗੱਲਾਂ ਹੋਈਆਂ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤ ਦੇ 68ਵੇਂ ਗਣਤੰਤਰ ਦਿਵਸ ਮੌਕੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਐਨ ਐਨ ਸੀ ਦੇ ਵਿਦਿਆਰਥੀਆਂ ਨਾਲ ਸਲਾਮੀ ਦੀ ਰਸਮ ਅਦਾ ਕੀਤੀ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਰਾਜ ਅਤੇ ਭਾਰਤ ਦੇਸ਼ ਨੂੰ ਭੋਜਨ ਪੱਖੋਂ ਭਰਪੂਰ ਬਣਾਉਣ ਲਈ ਹਾਲੇ ਬਹੁਤ ਕੰਮ ਕਰਨੇ ਬਾਕੀ ਹਨ ਜਿਸ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਅਹਿਮ ਰੋਲ ਨਿਭਾਉਂਦੇ ਰਹਿਣਾ ਹੈ। ਪੰਜਾਬੀਆਂ ਦੇ ਇਸ ਵੱਡੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਡਾ ਢਿੱਲੋਂ ਨੇ ਕਿਹਾ ਕਿ ਹੁਣ ਸਾਡਾ ਫਰਜ ਬਣਦਾ ਹੈ ਕਿ ਦੇਸ਼ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਬਿਨਾਂ ਸ਼ੱਕ ਅੰਨ ਸੰਕਟ ਨਾਲ ਨਜਿੱਠਣ ਵਿੱਚ ਪੰਜਾਬ ਦੇ ਮਿਹਨਤੀ ਕਿਸਾਨਾਂ ਦਾ ਮਹੱਤਵਪੂਰਨ ਰੋਲ ਹੈ, ਜਿਨ੍ਹਾਂ ਨੇ ਪੰਜਾਬ ਐਗਰੀਕਲਚਰਲ  ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਤੇ ਨਵੀਂ ਤਕਨਾਲੋਜੀ ਨੂੰ ਅਪਣਾਇਆ। ਅਸੀਂ ਪੰਜਾਬੀ ਕਿਸਾਨਾਂ ਨਾਲ ਆਪਣਾ ਭਰੋਸਾ ਬਣਾਈ ਰੱਖਣਾ ਹੈ, ਇਸੇ ਵਿੱਚ ਹੀ ਯੂਨੀਵਰਸਿੰਟੀ ਦੀ ਵੱਡੀ ਸਫਲਤਾ ਹੈ। ਡਾ ਢਿੱਲੋਂ ਨੇ ਕਿਹਾ ਕਿ ਅਨੁਸ਼ਾਸ਼ਨ ਅਤੇ ਪੱਕਾ ਇਰਾਦਾ ਸਫਲਤਾ ਦੀ ਕੁੰਜੀ ਹਨ। ਉਹਨਾਂ ਵਿਸ਼ੇਸ਼ ਤੌਰ ਤੇ ਚਿੱਟੀ ਮੱਖੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੱਖ ਵੱਖ ਵਿਭਾਗਾਂ ਦੇ ਇਕੱਠੇ ਯਤਨਾਂ ਕਰਕੇ ਅਸੀਂ ਇਸ ਸਮੱਸਿਆ ਤੋਂ ਨਿਜਾਤ ਪਾ ਸਕੇ ਹਾਂ। ਉਹਨਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਝੋਨੇ ਦੀਆਂ ਸਿਫਾਰਸ਼ ਕਿਸਮਾਂ ਅਧੀਨ ਸੂਬੇ ਵਿੱਚ ਰਕਬਾ ਵਧਿਆ ਹੈ ਅਤੇ ਸੂਬੇ ਵਿੱਚ ਰਸਾਇਣਾਂ ਦੀ ਵਰਤੋਂ ਵਿੱਚ ਵੀ ਕਮੀ ਆਈ ਹੈ। 
ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਰਵਿੰਦਰ ਕੌਰ ਧਾਲੀਵਾਲ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨੂੰ ਆਪਣੀ ਆਜ਼ਾਦੀ ਦੇ ਗੌਰਵ ਦੇ ਨਾਲ–ਨਾਲ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ, ਦਾਜ–ਦਹੇਜ, ਭਰੂਣ ਹੱਤਿਆ, ਨਸ਼ਿਆਂ ਅਤੇ ਫਜ਼ੂਲ ਖਰਚੀ ਆਦਿ ਸਮਾਜ ਵਿਰੋਧੀ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। 
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਨੀਲਮ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਜਿੰਦਰ ਸਿੰਘ ਸਿੱਧੂ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਕਾਲਜ ਡਾ ਜਸਕਰਨ ਸਿੰਘ ਮਾਹਲ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਡਾ: ਗੁਰਿੰਦਰ ਕੌਰ ਸਾਂਘਾ, ਯੂਨੀਵਰਸਿਟੀ ਲਾਇਬ੍ਰੇਰੀਅਨ ਡਾ: ਪਿਰਤਪਾਲ ਸਿੰਘ ਲੁਬਾਣਾ, ਵੱਖ–ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਵਿਗਿਆਨੀ, ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿੱਚ ਧੰਨਵਾਦ ਦੇ ਸ਼ਬਦ ਡਾ: ਵਿਸ਼ਾਲ ਬੈਕਟਰ ਨੇ ਕਹੇ। ਐਨ ਸੀ ਸੀ ਪਰੇਡ ਡਾ: ਲਵਲੀਸ਼ ਗਰਗ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਸੀ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਸਮਾਗਮ ਮਗਰੋਂ ਗਰਮਾ ਗਰਮ ਚਾਹ ਅਤੇ ਰਵਾਇਤੀ ਅੰਦਾਜ਼ ਵਾਲੇ ਮੋਟੀ ਬੂੰਦੀ ਦੇ ਲੱਡੂਆਂ ਨੇ ਇੱਕ ਨਵੀਂ ਤਾਜ਼ਗੀ ਅਤੇ ਸ਼ਕਤੀ ਵੀ ਦਿੱਤੀ। 

No comments: