Monday, January 09, 2017

ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਇੱਕੋ ਦਿਨ ਜਾਰੀ ਹੋਣ

Mon, Jan 9, 2017 at 5:31 PM
ਹਰਦਿਆਲ ਸਿੰਘ ਅਮਨ ਨੇ ਕੀਤੀ ਇਹਨਾਂ ਨੂੰ ਕਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ 
ਲੁਧਿਆਣਾ: 9 ਜਨਵਰੀ 2017: (ਪੰਜਾਬ ਸਕਰੀਨ ਬਿਊਰੋ):
ਪੰਜਾਬ ਅਤੇ ਦੇਸ਼ ਦੇ ਹੋਰ ਰਾਜਾਂ ਵਿੱਚ ਹੋ ਰਹੀਆਂ ਚੋਣਾਂ ਤੋਂ ਪਹਿਲਾਂ ਵੱਖ ਵੱਖ ਸਿਆਸੀ  ਪਾਰਟੀਆਂ ਵੱਲੋਂ ਵੋਟਾਂ ਲੈਣ ਲਈ ਲੋਕ ਭਲਾਈ ਦੇ ਦਾਅਵੇ ਕਰਦਿਆਂ ਜਾਰੀ ਕੀਤੇ ਜਾ ਰਹੇ ਆਪਣੇ ਆਪਣੇ ਚੋਣ ਮੈਨੀਫੈਸਟੋ ਉਪਰ ਪ੍ਰਤੀਕਰਮ ਪੇਸ਼ ਕਰਦਿਆਂ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਕਿਹਾ ਹੈ ਕਿ  ਸਿਆਸੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਇੱਕੋ ਦਿਨ ਇਕੋ ਸਮੇਂ ਜਾਰੀ ਹੋਣ ਅਤੇ ਕਨੂੰਨੀ ਦਸਤਾਵੇਜ਼ ਬਨਣੇ ਚਾਹੀਦੇ ਹਨ।  ਚੋਣ ਕਮਿਸ਼ਨ ਵੱਲੋਂ  ਚੋਣ ਖਰਚੇ ਅਤੇ ਬੋਰਡ ਲਗਾਉਣ ਦੀ ਹੱਦ ਸੀਮਤ ਕਰਨ ਸਬੰਧੀ ਕੀਤੇ ਗਏ ਅਹਿਮ ਅਤੇ ਜ਼ਰੂਰੀ ਫੈਸਲਿਆਂ ਦੀ ਸ਼ਾਲਘਾ ਕਰਦਿਆਂ ਸ. ਅਮਨ ਨੇ ਕਿਹਾ ਕਿ ਇਹਨਾਂ ਚੰਗੇ ਫੈਸਲਿਆਂ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ।
ਸ. ਅਮਨ ਨੇ ਕਿਹਾ ਕਿ ਸਿਆਸੀ ਪਾਰਟੀਆਂ ਹਮੇਸ਼ਾ ਇੱਕ ਦੂਜੇ ਦੇ ਚੋਣ ਮਨੋਰਥ ਪੱਤਰਾਂ ਦੀ ਉਡੀਕ ਵਿੱਚ ਰਹਿੰਦੀਆਂ ਹਨ ਤਾਂ ਕਿ ਇੱਕ ਦੂਜੇ ਤੋਂ ਵਧ ਕੇ ਝੂਠੇ ਵਾਅਦੇ ਕੀਤੇ ਜਾਣ ਅਤੇ  ਵੋਟਰਾਂ ਨੂੰ ਲਾਲਚਬਸ ਬਹਿਕਾਇਆ ਜਾ ਸਕੇ। ਇਸ ਲਈ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਸਾਰੀਆਂ ਪਾਰਟੀਆਂ ਦੇ  ਚੋਣ ਮੈਨੀਫੈਸਟੋ ਇਕੋ ਦਿਨ ਇਕੋ ਸਮੇਂ ਜਾਰੀ ਹੋਣ । ਸ. ਅਮਨ ਨੇ ਇਹ ਵੀ ਕਿਹਾ ਕਿ ਚੋਣ ਮਨੋਰਥ ਪੱਤਰਾਂ ੱਿਵਚ ਕੀਤੇ ਵਾਅਦੇ ਪੂਰੇ ਨਹੀਂ ਹੁੰਦੇ ਸਗੋਂ ਲਾਰੇ ਬਣਕੇ ਰਹਿ ਜਾਂਦੇ ਹਨ  ਜੋ ਵੋਟਰਾਂ ਦੇ ਦਿਲਾਂ ਉਪਰ ਸੁਲਗਦੇ ਰਹਿੰਦੇ ਹਨ ਅਤੇ ਤਕਲੀਫ ਦੇਹ  ਸਾਬਤ ਹੁੰਦੇ ਹਨ ਇਸ ਲਈ ਚੋਣ ਮੈਨੀਫਿਸਟੋ ਵਿੱਚ ਕੀਤੇ ਇਨਾ ਵਾਅਦਿਆਂ ਨੂੰ ਕਨੂੰਨੀ ਦਸਤਾਵੇਜ਼ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ  ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਨਾ ਪੂਰਾ ਕਰਨ ਵਾਲੀਆਂ ਪਾਰਟੀਆਂ ਨੂੰ ਕਨੂੰਨੀ ਦਾਇਰੇ ਵਿੱਚ ਲਿਆਦਾਂ ਜਾ ਸਕੇ । 
ਸ. ਅਮਨ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਇਹ ਫੈਸਲਾ ਲਾਗੂ ਕਰ ਦੇਵੇ ਤਾਂ ਸਿਆਸੀ ਨੇਤਾਵਾਂ ਲਈ ਵੀ ਵਿਕਾਸ ਮੁੱਖੀ ਕੰਮ ਕਰਨ ਦੀ ਲਹਿਰ ਤੁਰੇਗੀ। ਉਹਨਾ ਕਿਹਾ ਕਿ ਨਿਸ਼ਚੈ ਹੀ ਇਹ ਫੈਸਲਾ ਦੇਸ਼ ਅਤੇ ਰਾਸ਼ਟਰ ਦੀ ਤਰੱਕੀ ਲਈ ਸਹਾਈ ਹੋਵੇਗਾ।

No comments: