Friday, January 13, 2017

ਵਿਗੜ ਰਿਹਾ ਵਾਤਾਵਰਨ ਮਨੁੱਖਤਾ ਲਈ ਵੱਡਾ ਖਤਰਾ

ਕੈਨੇਡੀਅਨ ਐਮ ਪੀ ਦਰਸ਼ਨ ਸਿੰਘ ਕੰਗ ਨੇ ਦਿੱਤਾ ਸੁਚੇਤ ਯਤਨਾਂ ਦੀ ਲੋੜ 'ਤੇ ਜ਼ੋਰ 
ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ. ਦਰਸ਼ਨ ਸਿਘ ਕੰਗ ਨੂੰ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਸਨਮਾਨਤ ਕਰਦੇ ਹੋਏ ਹਰਦਿਆਲ ਸਿੰਘ ਅਮਨ ,
ਡਾ. ਨਿਰਮਲ ਜੌੜਾ ਅਤੇ ਹੋਰ
ਲੁਧਿਆਣਾ: 13 ਜਨਵਰੀ 2017: (ਪੰਜਾਬ ਸਕਰੀਨ ਬਿਊਰੋ):
     ਪੰਜਾਬ ਦੇ ਦੌਰੇ ਤੇ ਆਏ ਕੇਨੇਡਾ ਦੇ ਕੈਲਗਿਰੀ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਸ. ਦਰਸ਼ਨ ਸਿੰਘ ਕੰਗ ਨੇ ਕਿਹਾ ਕਿ ਦਿਨੋਂ ਦਿਨ ਵਿਗੜ ਰਿਹਾ ਵਾਤਾਵਰਨ ਮਨੁੱਖਤਾ ਲਈ ਵੱਡਾ ਖਤਰਾ ਹੈ ਜਿਸ ਲਈ ਸੁਚੇਤ ਯਤਨਾਂ ਦੀ ਲੋੜ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਸਾਨੂੰ ਮੁਆਫ ਨਹੀਂ ਕਰੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਹਨਾਂ ਨੇ ਅੱਜ ਇਥੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਆਯੋਜਿਤ ਇੱਕ ਵਿਸ਼ੇਸ ਸਮਾਗਮ ਦੌਰਾਨ ਕੀਤਾ। ਉਹਨਾਂ  ਕਿਹਾ ਕਿ ਸਿਹਤਮੰਦ ਧਰਤੀ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਕੁਦਰਤ ਦੀ ਬਹੁਤ ਵੱਡੀ ਨਿਆਮਤ ਹਨ ਜਿੰਨਾ ਨੂੰ ਸੰਭਾਲਣਾ ਜ਼ਰੂਰੀ ਹੈ ਤਾਂ ਹੀ ਅਸੀਂ ਖੁਦ ਵੀ ਖੁਸ਼ਹਾਲ ਰਹਾਂਗੇ ਅਤੇ ਆਪਣੇ ਬਚਿਆਂ ਨੂੰ ਵੀ ਭਵਿੱਖ ਲਈ ਇੱਕ ਕੀਮਤੀ ਤੋਹਫਾ ਦੇ ਸਕਾਂਗੇ। ਪੰਜਾਬ ਦੇ ਗੌਰਵਮਈ ਵਿਰਸੇ ਦੀ ਗੱੱਲ ਕਰਦਿਆਂ ਸ. ਕੰਗ ਨੇ ਕਿਹਾ ਕਿ ਇਹ ਗੁਰੁਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਜਿਥੇ ਬਾਬਾ ਨਾਨਕ ਜੀ ਨੇ ਹਿਾ ਸੀ ਕਿ ‘ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ‘ ਇਸ ਲਈ ਇਸ ਧਰਤੀ ਤੇ ਕਨਿਆਂ ਭਰੂਣ ਹਤਿਆ ਅਤੇ ਨਸ਼ਿਆਂ ਵਰਗੀ ਬਿਮਾਰੀ ਸ਼ੋਭਾ ਨਹੀਂ ਦਿੰਦੀ। ਸ. ਕੰਗ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਵਿਧਾਨ ਸਭਾ ਲਈ ਚੋਣਾਂ ਹੋ ਰਹੀਆਂ ਹਨ ਜਿਸ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਗੰਧਲੇ ਹੋ ਰਹੇ ਵਾਤਾਵਰਣ , ਭਰੂਣ ਹਤਿਆ ਅਤੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਬਚਨਬੱਧ ਹੋਣਾ ਚਾਹੀਦੀ ਹੈ।
                   ਸਵਾਗਤੀ ਸ਼ਬਦਾਂ ਦੌਰਾਨ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਕਿਹਾ ਕਿ ਵਿਕਸਤ ਮੁਲਕਾਂ ਵਿੱਚ ਪੰਜਾਬੀਆਂ ਵੱਲੋਂ ਕੀਤੀ ਤਰੱਕੀ ਤੇ ਸਾਨੂੰ ਹਮੇਸ਼ਾ ਮਾਣ ਹੈ। ਸ. ਅਮਨ ਨੇ ਕਿਹਾ ਕਿ ਸਾਨੂੰ ਸ. ਦਰਸ਼ਨ ਸਿੰਘ ਕੰਗ ਵਰਗੇ ਪੰਜਾਬੀਆਂ ਤੇ ਮਾਣ ਹੈ ਜੋ ਸੱਤ ਸਮੁੰਦਰ ਪਾਰ ਰਹਿਕੇ ਵੀ ਆਪਣੀ ਧਰਤੀ ਅਤੇ ਲੋਕਾਂ ਨਾਲ ਜੁੜੇ ਹਨ। ਉਘੇ ਰੰਗਕਰਮੀ ਡਾ ਨਿਰਮਲ ਜੌੜਾ ਨੇ ਸ. ਕੰਗ ਦੇ ਸੰਘਰਸ਼ਮਈ ਜੀਵਨ ਦੀ ਗਾਥਾ ਸਭ ਨਾਲ ਸਾਂਝੀ ਕਰਦਿਆਂ ਦਸਿਆ ਕਿ ਸਧਾਰਨ ਪਰਿਵਾਰ ਵਿੱਚ ਜਨਮੇ ਸ. ਕੰਗ ਨੇ ਆਪਣੀ ਮਿਹਨਤ, ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਵੱਡੇ ਮੁਕਾਮ ਨੂੰ ਹਾਸਲ ਕੀਤਾ ਹੈ ਅਤੇ ਅੱਜ ਵੀ ਨਿਮਰਤਾ ਅਤੇ ਭਾਈਵਾਲੀ ਦੇ ਮੁਦੱਈ ਹਨ। ਇਸ ਮੌਕੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਸ. ਕੰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸ. ਕੰਗ ਨੇ ਸਿਗਮਾ ਕਾਲਜ ਆਫ ਫਿਜ਼ੀਓਥਰੈਪੀ ਦਾ ਉਦਘਾਰਨ ਕੀਤਾ ਜਿਥੇ ਡਾ ਸਤਪਾਲ ਭਨੋਟ , ਡਾ ਚੰਦਰ ਭਨੋਟ ਅਤੇ ਸਮੂਹ  ਪ੍ਰਬੰਧਕਾਂ ਵੱਲੋਂ ਉਹਨਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸ. ਜਸਮੇਰ ਸਿੰਘ ਢੱਟ , ਰਵਿੰਦਰ ਰੰਗੂਵਾਲ ਅਤੇ ਜਰਨੈਲ ਸਿੰਘ ਤੂਰ ਨੇ ਵੀ ਸੰਭਧਿਨ ਕੀਤਾ। ਫਾਊਂਡੇਸ਼ਨ ਵੱਲੋਂ ਹਰਪ੍ਰੀਤ ਸਿੰਘ ਧਾਲੀਵਾਲ ਨੇ ਸਭ ਦਾ ਧੰਨਵਾਦ ਕੀਤਾ।

No comments: