Friday, January 13, 2017

ਹੁਣ ‘ਕੁੜੀ ਦਾ ਮਾਮਲਾ’ ਵਾਲੇ ਸਨਸਨੀਖੇਜ਼ ਸਾਥੀਆਂ ਬਾਰੇ ਕੁੱਝ ਗੱਲਾਂ

ਉਹਨਾਂ ਆਪਣੇ ਸ਼ੰਕਿਆਂ ਦਾ ਇਹ ਜੁਕਾਮ ਹੋਰਾਂ ਤੀਕਰ ਫੈਲਾਉਣਾ ਵੀ ਜਾਰੀ ਰੱਖਿਆ
2 ਜਨਵਰੀ ਨੂੰ ਜਨਚੇਤਨਾ ਦੀ ਪੰਜਾਬੀ ਭਵਨ ਲੁਧਿਆਣਾ ਵਿਖੇ ਸਥਿਤ ਦੁਕਾਨ ਉੱਪਰ ਹਿੰਦੂ ਕੱਟੜਪੰਥੀਆਂ ਦੇ ਹਮਲੇ, ਮੇਰੇ ਸਮੇਤ ਚਾਰ ਸਾਥੀਆਂ ਦੀ ਗ੍ਰਿਫਤਾਰੀ ਤੇ ਫੇਰ ਜਨਤਕ-ਜਮਹੂਰੀ ਜਥੇਬੰਦੀਆਂ ਦੇ ਦਬਾਅ ਹੇਠ ਸ਼ਾਮ ਨੂੰ ਸਾਡੀ ਰਿਹਾਈ ਤੇ ਅਗਲੇ ਦਿਨ ਜਨਤਕ-ਜਮਹੂਰੀ ਜਥੇਬੰਦੀਆਂ ਦੇ ਇਕੱਠ ਵੱਲੋਂ ਹਿੰਦੂ ਕੱਟੜਪੰਥੀਆਂ ਤੇ ਪੁਲਿਸ ਦੇ ਗੱਠਜੋੜ ਦਾ ਮੂੰਹਤੋੜ ਜੁਆਬ ਦੇਣ ਦਾ ਵਾਕਾ ਸਭ ਦੇ ਸਾਹਮਣੇ ਹੈ। ਲੁਧਿਆਣੇ ਪਹੁੰਚਣ ਤੋਂ ਬਿਨਾਂ ਵੀ ਸ਼ੋਸ਼ਲ ਮੀਡੀਆ ਅਤੇ ਹੋਰਾਂ ਥਾਵਾਂ ’ਤੇ ਅਗਾਂਹਵਧੂ ਲੋਕਾਂ ਨੇ ਹਿੰਦੂ ਕੱਟੜਪੰਥੀਆਂ ਤੇ ਪੁਲਿਸ ਦੇ ਇਸ ਕਾਰੇ ਦੀ ਨਿਖੇਧੀ ਕੀਤੀ ਤੇ ਸਾਡੇ ਨਾਲ਼ ਇੱਕਜੁੱਟਤਾ ਜਾਹਿਰ ਕੀਤੀ।
ਪਰ ਪਤਾ ਲੱਗਿਆ ਹੈ ਕਿ ਉਸ ਸਮੇਂ ਨਾਲ਼ ਹੀ ਇੱਕ ਪੂਰੇ ਮਸਲੇ ਨੂੰ “ਸਨਸਨੀਖੇਜ਼” ਬਣਾਉਂਦੀ ਇੱਕ “ਅਸਲੀ ਕਹਾਣੀ” ਦੀ ਬਾਤ ਵੀ ਛਿੜ ਪਈ ਸੀ। ਇਸ ਵਿੱਚ ਕੁਝ ਇਨਕਲਾਬੀ ਆਗੂਆਂ, ਕਾਰਕੁੰਨਾਂ ਤੋਂ ਲੈ ਕੇ, ਇਨਕਲਾਬੀ ਜਮਹੂਰੀ ਲਹਿਰ ਦੇ ਹਮਾਇਤੀ ਸ਼ਾਮਲ ਸਨ। ਇਹ ਚਰਚਾ ਛਿੜ ਪਈ ਕਿ ਅਸਲ ’ਚ ‘ਕੁੜੀ ਦਾ ਮਾਮਲਾ’ ਸੀ ਜਿਸਨੂੰ ‘ਲੁਕਾ’ ਲਿਆ ਗਿਆ ਹੈ, ਕਿ “ਲੁਕਾਈ ਗਈ” “ਅਸਲ ਕਹਾਣੀ” ਇੰਡੀਅਨ ਐਕਸਪ੍ਰੈੱਸ ਵਿੱਚ ਛਪੀ ਹੈ। ਇਹ ਰਿਪੋਰਟ  ਇੰਡੀਅਨ ਐਕਸਪ੍ਰੈੱਸ ਦੇ ਪੱਤਰਕਾਰ ਨੂੰ ਸਾਡੇ ਦਿੱਤੇ ਬਿਆਨ ਉੱਪਰ ਅਧਾਰਤ ਸੀ ਇਸ ਲਈ ਕੋਈ ਲੱਕੜਸਿਰਾ ਹੀ ਇਸਨੂੰ ਪੜ੍ਹਕੇ ਮਸਲਾ ਲੁਕਾਉਣ ਦੀ ਗੱਲ ਸੋਚ ਸਕਦਾ ਸੀ,
ਪਰ ਇਹਨਾਂ ਸਾਥੀਆਂ ਦੀ ਬੌਧਿਕਤਾ ਦੀ ਸ਼ਾਨ ਹੀ ਨਿਰਾਲੀ ਹੈ!!! ‘ਕੁੜੀ ਦਾ ਮਾਮਲਾ’ ਦੇ ਇਹ ਸ਼ਬਦ ਇੰਨੇ ਸ਼ੱਕੀ, ਸਨਸਨੀਖੇਜ਼ ਤੇ ਅਸ਼ਲੀਲ ਢੰਗ ਨਾਲ਼ ਪੇਸ਼ ਕੀਤੇ ਜਾਂਦੇ ਰਹੇ ਹਨ ਕਿ ਚੰਗੇ-ਭਲੇ ਬੰਦਾ ਵੀ ਇੱਕ ਵਾਰ ਉਲ਼ਝ ਜਾਂਦਾ। ਇਹਨਾਂ ਸ਼ਬਦਾਂ ਨਾਲ਼ ‘ਅਗਾਂਹਵਧੂ ਤੇ ਇਨਕਲਾਬੀ’ ਕਹਾਉਣ ਵਾਲਿਆਂ ਸਮੇਤ ਕੁੱਝ ਲੋਕਾਂ ਵੱਲੋਂ ਕੀ ਖੇਡ ਖੇਡੀ ਗਈ ਤੇ ਕਿਸ ਤਰ੍ਹਾਂ ਦੀ ਮਾਨਸਿਕਤਾ ਦੀ ਲੋਕਾਂ ਨੇ ਨੁਮਾਇਸ਼ ਲਾਈ ਗਈ ਉਸਤੋਂ ਪਹਿਲਾਂ ਇਸ ‘ਕੁੜੀ ਦੇ ਮਾਮਲੇ’ ਬਾਰੇ ਜਾਣਕਾਰੀ ਦੇਣੀ ਜਰੂਰੀ ਹੈ। 
ਅਸਲ ਚ ਇਹ ਮਾਮਲਾ 21 ਸਾਲਾ ਸ਼ਿਵਾਨੀ ਨਾਲ਼ ਜੁੜਿਆ ਹੋਇਆ ਹੈ ਜੋ ਲੁਧਿਆਣਾ ਸ਼ਹਿਰ ਦੀ ਵਸਨੀਕ ਹੈ ਤੇ ਬੀਐੱਸੀ ਦੀ ਵਿਦਿਆਰਥਣ ਹੈ। ਕਰੀਬ ਪਿਛਲੇ ਡੇਢ ਸਾਲ ਤੋਂ ਉਹ ਜਨਚੇਤਨਾ ਅਤੇ ਇਨਕਲਾਬੀ ਲਹਿਰ ਨਾਲ਼ ਜੁੜੀ ਹੋਈ ਹੈ ਜਿਸ ਕਰਕੇ ਸਾਨੂੰ ਅਕਸਰ ਮਿਲਦੀ ਰਹਿੰਦੀ ਹੈ। ਬਹੁਤੇ ਭਾਰਤੀ ਪਰਿਵਾਰਾਂ ਵਾਂਗ ਉਸਦੇ ਪਰਿਵਾਰ ਨੂੰ ਵੀ ਉਸਦਾ ਨਿੱਜੀ ਕੈਰੀਅਰ ਦੀ ਥਾਂ ਸਮਾਜ ਪ੍ਰਤੀ ਬਣਦੇ ਫਰਜਾਂ ਵੱਲ ਧਿਆਣ ਦੇਣਾ ਪਸੰਦ ਨਹੀਂ ਹੈ। 31 ਦਸੰਬਰ  ਦੀ ਸ਼ਾਮ ਉਹ ਸਾਡੇ ਕੋਲ ਜਨਚੇਤਨਾ ਦੁਕਾਨ ’ਤੇ ਆ ਗਈ ਤੇ ਰਾਤ ਵੀ ਸਾਡੇ ਕੋਲ਼ ਰੁਕੀ। ਇਸ ਸਬੰਧੀ ਉਸਨੇ ਘਰੇ ਵੀ ਫੋਨ ਕਰਕੇ ਦੱਸ ਦਿੱਤਾ ਸੀ। ਅਗਲੇ ਦਿਨ 1 ਜਨਵਰੀ ਨੂੰ ਉਹ ਸਾਡੇ ਨਾਲ਼ ਦੁਕਾਨ ’ਤੇ ਸੀ ਤਾਂ ਉਸਦੀ ਦੋਵਾਂ ਵਿੱਚੋਂ ਇੱਕ ਭੈਣ ਤੇ ਦੋਵੇਂ ਜੀਜੇ, ਮਾਂ, ਭਰਾ ਅਤੇ ਮਾਮਾ ਦੁਕਾਨ ਉੱਪਰ ਪਹੁੰਚੇ ਤੇ ਉਥੇ ਆ ਕੇ ਰੌਲਾ ਪਾਉਣ ਲੱਗੇ। ਇਸ ਮਗਰੋਂ ਕਾਫੀ ਸਮੇਂ ਤੱਕ ਉਸਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ਼ ਗੱਲਬਾਤ ਹੁੰਦੀ ਰਹੀ ਜੋ ਉਸਨੂੰ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਕੰਮ ਕਰਨੋਂ ਵਰਜਦੇ ਰਹੇ ਪਰ ਉਹ ਆਪਣੇ ਫੈਸਲੇ ’ਤੇ ਅਡੋਲ ਰਹੀ। ਪਰਿਵਾਰ ਦਾ ਰਵੱਈਆ ਵੇਖ ਕੇ ਉਸਨੇ ਉਸ ਦਿਨ ਵੀ ਘਰ ਵਾਪਸ ਜਾਣ ਤੋਂ ਨਾਂਹ ਕਰ ਦਿੱਤੀ। ਅਗਲੇ ਦਿਨ ਉਸਦਾ ਪਿਤਾ ਕੁੱਝ ਹਿੰਦੂ ਕੱਟੜਪੰਥੀਆਂ ਨੂੰ ਲੈ ਕੇ ਦੁਕਾਨ ’ਤੇ ਪੁੱਜਾ ਤਾਂ ਉਹਨਾਂ ਨੇ ਦੁਕਾਨ ਵਿੱਚ ਸ਼ਹੀਦ ਭਗਤ ਸਿੰਘ ਦੀ ‘ਮੈਂ ਨਾਸਤਿਕ ਕਿਉਂ ਹਾਂ’, ਰਾਧਾ ਮੋਹਨ ਗੋਕੁਲ ਜੀ ਦੀ ‘ਧਰਮ ਕਾ ਢਕੋਸਲਾ’ ਤੇ ‘ਈਸ਼ਵਰ ਕਾ ਬਹੀਸ਼ਕਾਰ’ ਜਿਹੀਆਂ ਕਿਤਾਬਾਂ ਨੂੰ ਦੇਖ ਕੇ ਸ਼ਿਵਾਨੀ ਦੇ ਮਸਲੇ ਨੂੰ ਛੱਡ ਕੇ ਆਪਣੀ ਸੰਘੀ ਟੇਪ ਚਲਾ ਲਈ ਤੇ ਉਹਨਾਂ ਆਪਣੀ ਹੋਰ ਸੰਘੀ ਜੁੰਡਲੀ ਵੀ ਸੱਦ ਲਈ। ਉਹਨਾਂ ਸਾਡੇ ’ਤੇ ਨਾਸਤਿਕਤਾ ਦਾ ਪ੍ਰਚਾਰ ਕਰਨ, ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਦੇਸ਼-ਧ੍ਰੋਹੀ ਹੋਣ ਦੇ ਇਲਜਾਮ ਲਾਉਂਦੇ ਹੋਏ ਝਗੜਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਗਾਲਾਂ ਕੱਢਦੇ ਹੋਏ ਦੁਕਾਨ ਨੂੰ ਅੱਗ ਲਾਉਣ ਦੀਆਂ ਧਮਕੀਆਂ ਦੇਣ ਲੱਗੇ। ਇਸ ਦੌਰਾਨ ਮੈਂ ਲੁਧਿਆਣੇ ਮੌਜੂਦ ਹੋਰਨਾਂ ਸਾਥੀਆਂ ਨੂੰ ਸੂਚਨਾ ਦਿੱਤੀ। ਕੁੱਝ ਸਾਥੀਆਂ ਦੇ ਪੁੱਜਣ ਤੱਕ ਕੱਟੜਪੰਥੀਆਂ ਨੇ ਪੁਲਿਸ ਬੁਲਾ ਲਈ। ਪੁਲਿਸ ਵੀ ਪਹਿਲਾਂ ਹਿੰਦੂ ਕੱਟੜਪੰਥੀਆ ਦੀ ਗੁੰਡਾਗਰਦੀ ਦੇਖਦੀ ਰਹੀ ਤੇ ਸਾਡੇ ਵੱਲੋਂ ਜਵਾਬੀ ਧੱਕਾਮੁੱਕੀ ਕਰਨ ਅਤੇ ਕੱਟੜਪੰਥੀਆਂ ਦੇ ਦਬਾਅ ਹੇਠ ਸਾਡੇ ਉੱਪਰ 295 (A) ਤਹਿਤ ਪਰਚਾ ਦਰਜ ਕਰਨ ਦੇ ਇਰਾਦੇ ਨਾਲ਼ ਗ੍ਰਿਫਤਾਰ ਕਰਕੇ ਲੈ ਗਈ ਜਿੱਥੋਂ ਅਗਲੀ ਕਹਾਣੀ ਸਭ ਦੇ ਸਾਹਮਣੇ ਹੈ।
ਸਾਨੂੰ ਗ੍ਰਿਫਤਾਰ ਕਰਕੇ ਲਿਜਾਣ ਜਾਣ ਸਮੇਂ ਸ਼ਿਵਾਨੀ ਵੀ ਉੱਥੇ ਪਹੁੰਚ ਗਈ ਸੀ ਤੇ ਉਹ ਵੀ ਸਾਡੇ ਪਿੱਛੇ ਥਾਣੇ ਆ ਗਈ। ਪਰਿਵਾਰ, ਪੁਲਿਸ ਤੇ ਸ਼ਿਵਾਨੀ ਦਰਮਿਆਨ ਤਿੰਨ-ਧਿਰੀ ਗੱਲਬਾਤ ਵਿੱਚ ਵੀ ਸਾਰਾ ਮਾਮਲਾ ਪੁਲਿਸ ਸਾਹਮਣੇ ਆ ਗਿਆ। ਸ਼ਿਵਾਨੀ ਦੀ ਮਰਜੀ ਜਾਨਣ ਤੇ ਉਸਦੇ ਬਾਲਗ ਹੋਣ ਕਾਰਨ ਉਹਨਾਂ ਨੇ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਰਨ ਦੀ ਆਪਣੀ ਅਸਮਰੱਥਾ ਪ੍ਰਗਟਾ ਦਿੱਤੀ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਵਿੱਚ ASI ਅਵਤਾਰ ਸਿੰਘ ਦਾ ਬਿਆਨ ਵੀ ਦਰਜ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ “ਕੁੜੀ ਆਪਣੇ ਮਾਂ-ਬਾਪ ਨਾਲ ਵਾਪਸ ਨਹੀਂ ਜਾਣਾ ਚਾਹੁੰਦੀ।” ਤੇ ਥਾਣੇ ਦੀ ਕਾਰਵਾਈ ਮਗਰੋਂ ਵੀ ਉਹ ਆਪਣੇ ਮਾਂ-ਬਾਪ ਨਾਲ਼ ਜਾਣ ਦੀ ਥਾਂ ਆਪਣੀ ਭੈਣ ਨਾਲ ਗਈ। ਇਹ ਸੀ ਸਨਸਨੀਖੇਜ਼ “ਕੁੜੀ ਦਾ ਮਾਮਲਾ” ਜਿਸ ਵਿੱਚ ਨਾ ਪੁਲਿਸ ਕੁੱਝ ਕਰ ਸਕਦੀ ਸੀ, ਨਾ ਹਿੰਦੂ ਕੱਟੜਪੰਥੀ ਤੇ ਨਾ ਹੀ ਕੋਈ ਹੋਰ ਬਾਹਰੀ ਵਿਅਕਤੀ ਜਾਂ ਜਥੇਬੰਦੀ ਕਿਉਂਕਿ ਇਹ ਉਸਦਾ ਤੇ ਉਸਦੇ ਪਰਿਵਾਰ ਦਾ ਨਿੱਜੀ ਮਸਲਾ ਸੀ।
ਪਰ ਸ਼ਿਵਾਨੀ ਦੇ ਪਿਤਾ ਦੀ ਮਦਦ ’ਤੇ ਆਏ ਹਿੰਦੂ ਕੱਟੜਪੰਥੀਆਂ ਨੇ ਕਿਤਾਬਾਂ ਦੇਖਣ ਮਗਰੋਂ ਨੇ ਨਾਸਤਿਕਤਾ ਤੇ ਦੇਸ਼ਧ੍ਰੋਹ ਦਾ ਮਾਮਲਾ ਬਣਾ ਕੇ ਹੰਗਾਮਾ ਖੜਾ ਕਰ ਲਿਆ ਤੇ ਇਸ ਤਹਿਤ ਮੁਕੱਦਮਾ ਦਰਜ ਕਰਵਾਉਣ ਲਈ ਬਜਿੱਦ ਸਨ। ਪੁਲਿਸ ਨੇ ਵੀ ਸਾਨੂੰ ਸ਼ਿਵਾਨੀ ਦੇ ਸਾਡੇ ਕੋਲ਼ ਰੁਕਣ ਕਾਰਨ ਨਹੀਂ ਸਗੋਂ ਹਿੰਦੂ ਕੱਟੜਪੰਥੀਆਂ ਦੀ ਸ਼ਿਕਾਇਤ ’ਤੇ ਦੇਸ਼ਧ੍ਰੋਹ, ਧਾਰਮਿਕ ਭਾਵਨਾਵਾਂ ਭੜਕਾਉਣ ਤੇ ਨਾਸਤਿਕਤਾ ਦੇ ਪ੍ਰਚਾਰ ਤਹਿਤ ਹੀ ਗ੍ਰਿਫਤਾਰ ਕੀਤਾ ਸੀ ਜਿਸ ਕਰਕੇ ਇਹ ਮਾਮਲਾ ਹਿੰਦੂ ਕੱਟੜਪੰਥੀਆਂ ਬਨਾਮ ਵਿਗਿਆਨਕ, ਨਾਸਤਿਕਤਾ, ਜਮਹੂਰੀ ਤੇ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਦਾ ਬਣ ਗਿਆ ਤੇ ਸ਼ਾਮ ਨੂੰ ਸਾਨੂੰ ਛੁਡਾਣੇ ਜਾਣ ਤੇ ਅਗਲੇ ਦਿਨ ਦੀਆਂ ਸਭ ਘਟਨਾਵਾਂ ਇਸੇ ਮਾਮਲੇ ਨੂੰ ਲੈ ਕੇ ਵਾਪਰੀਆਂ ਤੇ ਸੋਸ਼ਲ ਮੀਡੀਆ ’ਤੇ ਵੀ ਹਿੰਦੂ ਕੱਟੜਪੰਥੀਆਂ ਦੇ ਇਸ ਹਮਲੇ ਦਾ ਜਿਕਰ ਸੀ। 2 ਜਨਵਰੀ ਦੀ ਸ਼ਾਮ ਸਾਨੂੰ ਥਾਣੇ ਚੋਂ ਛੁਡਾਉਣ ਤੇ ਅਗਲੇ ਦਿਨ ਸਾਡੀ ਹਮਾਇਤ ਵਿੱਚ ਥਾਣੇ ਧਰਨਾ ਦੇਣ ਵਾਲੀਆਂ ਸਭ ਜਨਤਕ-ਜਮਹੂਰੀ ਜਥੇਬੰਦੀਆਂ ਨੂੰ ਸ਼ਿਵਾਨੀ ਦੇ ਮਾਮਲੇ ਦੀ ਜਾਣਕਾਰੀ ਵੀ ਸੀ ਤੇ ਉਹ ਇਹ ਵੀ ਸਮਝਦੇ ਸਨ ਕਿ ਹੁਣ ਮਸਲਾ ਹਿੰਦੂ ਕੱਟੜਪੰਥੀਆਂ ਅਤੇ ਵਿਗਿਆਨਕ-ਜਮਹੂਰੀ ਵਿਚਾਰਾਂ ਦਾ ਹੈ।
ਹੁਣ ‘ਕੁੜੀ ਦਾ ਮਾਮਲਾ’ ਵਾਲੇ ਸਨਸਨੀਖੇਜ਼ ਸਾਥੀਆਂ ਬਾਰੇ ਕੁੱਝ ਗੱਲਾਂ:
(1) ਜਿਸ ਵੇਲੇ ਬਹੁਤੀਆਂ ਇਨਕਲਾਬੀ-ਜਮਹੂਰੀ ਤਾਕਤਾਂ ਹਿੰਦੂ ਕੱਟੜਪੰਥੀਆਂ ਖਿਲਾਫ ਸਾਡਾ ਸਾਥ ਦੇਣ ਲੱਗੀਆਂ ਹੋਈਆ ਸਨ ਉਦੋਂ ਕਈ ਇਨਕਲਾਬੀ ਤੇ ਅਗਾਂਹਵਧੂ ਕਹਾਉਂਦੇ ਲੋਕ “ਭਾਈ ਇਹ ਤਾਂ ਅਸਲ ’ਚ ਕੁੜੀ ਦਾ ਮਾਮਲੈ” ਕਹਿ ਕੇ ਹੋਰਾਂ ਦੇ ਮਨਾਂ ਵਿੱਚ ਸ਼ੰਕੇ ਖੜੇ ਕਰ ਰਹੇ ਸਨ ਤੇ ਇੰਝ ਹਿੰਦੂ ਕੱਟੜਪੰਥੀਆਂ ਦੇ ਹੱਕ ਵਿੱਚ ਭੁਗਤ ਰਹੇ ਸਨ।

(2) ਜਿਸ ਤਰ੍ਹਾਂ ‘ਕੁੜੀ ਦਾ ਮਾਮਲਾ’ ਦੇ ਇਹਨਾਂ ਤਿੰਨ ਸ਼ਬਦਾਂ ਨੂੰ ਉਹ ਪੇਸ਼ ਕਰ ਰਹੇ ਸਨ ਉਸ ਤੋਂ ਲਗਦਾ ਸੀ ਕਿ ‘ਕੁੜੀ ਦਾ ਮਾਮਲਾ’ ਦਾ ਮਤਲਬ ਇਹੋ ਹੈ ਕਿ ਕੋਈ ਬਦਨਾਮੀ ਵਾਲਾ ਜਾਂ ਗਲਤ ਮਾਮਲਾ ਹੀ ਹੈ। ਇਹਨਾਂ ਲਈ ਇਹ ਗੱਲ ਗਲਿਓਂ ਹੇਠਾਂ ਲੰਘਾਉਣੀ ਔਖੀ ਹੈ ਕਿ ਕੋਈ ਕੁੜੀ ਵੀ ਆਪਣੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਭਗਤ ਸਿੰਘ ਦੇ ਰਾਹ ਉੱਪਰ ਚੱਲਣ ਦਾ ਮਨ ਬਣਾ ਸਕਦੀ ਹੈ। ਅਜਿਹੀ ਕੁੜੀ ਤੇ ਅਜਿਹੇ ‘ਕੁੜੀ ਦੇ ਮਾਮਲੇ’ ਦੀ ਹਮਾਇਤ ਕਰਨੀ ਇਹਨਾਂ ਅੰਦਰਲੇ ਮਰਦ ਨੂੰ ਗਵਾਰਾ ਨਹੀਂ ਹੈ। ਹੈਰਾਨੀ ਦੀ ਗੱਲ ਨਹੀਂ ਕਿ ਅਜਿਹੇ ਲੋਕ ਔਰਤ ਮੁਕਤੀ ਤੇ ਬਰਾਬਰੀ ਦੀ ਨਾਹਰੇ ਵੀ ਮਾਰਦੇ ਹੁੰਦੇ ਹਨ ਤੇ ਇਹਨਾਂ ਦੇ ਪਰਿਵਾਰ ਦੀਆਂ ਔਰਤਾਂ ਚੁੱਲ੍ਹੇ-ਚੌਂਕੇ ਦੇ ਕੰਮਾਂ ਨਾਲ਼ ਬੱਝੀਆਂ ਹੁੰਦੀਆਂ ਹਨ ਤੇ ਪਰਿਵਾਰਾਂ ਦੀਆਂ ਲੜਕੀਆਂ ਦੇ ਕਿੱਤੇ, ਜੀਵਨ ਸਾਥੀ ਦੀ ਚੋਣ ਆਦਿ ਦੇ ਮਸਲੇ ਵੀ ਇਹ “ਅਗਾਂਹਵਧੂ” ਆਪਣੇ ਹੱਥ ਰੱਖਦੇ ਹਨ।
(3) ਹਿੰਦੂ ਕੱਟੜਪੰਥੀਆਂ ਦੇ ਸਿਆਸੀ ਰਸੂਖ਼ ਤੋਂ ਪ੍ਰਭਾਵਿਤ ਪੁਲਿਸ ਨੂੰ ਵੀ ‘ਕੁੜੀ ਦੇ ਮਾਮਲੇ’ ਬਾਰੇ ਪੂਰੀ ਜਾਣਕਾਰੀ ਸੀ ਤੇ ਉਹਨਾਂ ਨੂੰ ਵੀ ਪਤਾ ਸੀ ਕਿ ਅਸੀਂ ਇਸ ਵਿੱਚ ਕੁੱਝ ਨਹੀਂ ਕਰ ਸਕਦੇ, ਪਰ ਇਸਦੇ ਬਾਵਜੂਦ ਇਹਨਾਂ ਇਨਕਲਾਬੀਆਂ, ਜਮਹੂਰੀਅਤ ਪਸੰਦਾਂ, ਤਰਕਸ਼ੀਲਾਂ, ਵਿਦਵਾਨਾਂ, ਅਗਾਂਹਵਧੂਆਂ ਨੂੰ ਸ਼ੰਕੇ ਸਨ ਤੇ ਉਹਨਾਂ ਆਪਣੇ ਸ਼ੰਕਿਆਂ ਦਾ ਇਹ ਜੁਕਾਮ ਹੋਰਾਂ ਤੀਕਰ ਫੈਲਾਉਣਾ ਵੀ ਜਾਰੀ ਰੱਖਿਆ। ਇਹ ਵੀ ਇਹਨਾਂ ਦੀ ਔਰਤ ਵਿਰੋਧੀ ਮਾਨਸਿਕਤਾ ਤੇ ਅਕਲ ਦਾ ਇੱਕ ਹੋਰ ਨਮੂਨਾ ਹੈ।
(4) ਹਮਾਇਤ ਕਰਨ ਆਏ ਜਾਂ ਬਾਅਦ ਵਿੱਚ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਵਾਲਿਆਂ ਵਿੱਚ ਇੱਕ ਸਵਾਲ ਇਹ ਵੀ ਹੁੰਦਾ ਸੀ ਕਿ “ਕਿਤੇ ਕੁੜੀ ਦਾ ਕੋਈ ਮੁੰਡੇ ਆਲਾ ਚੱਕਰ ਤਾਂ ਨੀਂ?” ਇਹ ਸਵਾਲ ਵੀ ਔਰਤ ਨੂੰ ਨੀਵਾਂ ਸਮਝਣ ਵਾਲੀ ਸੜਾਂਦ ਮਾਰਦੀ ਮਾਨਸਿਕਤਾ ਨਹੀਂ ਹੈ ਤਾਂ ਹੋਰ ਕੀ ਹੈ? ਅਸਲ ’ਚ ਇਹ ਸਵਾਲ ਵੀ ਇਸੇ ਸੌੜੀ ਸੋਚ ਚੋਂ ਨਿੱਕਲ਼ਦਾ ਹੈ ਜਿਹਨਾਂ ਨੂੰ ਲਗਦਾ ਹੈ ਕਿ ਕੁੜੀਆਂ ਬੱਸ ਇੱਥੇ ਤੱਕ ਹੀ ਸੀਮਤ ਹੁੰਦੀਆਂ ਹਨ ਤੇ ਜਥੇਬੰਦੀਆਂ ’ਚ ਸਰਗਰਮ ਢੰਗ ਨਾਲ਼ ਸ਼ਾਮਲ ਹੋਣਾ, ਲੋਕਾਂ ਨੂੰ ਅਗਵਾਈ ਦੇਣੀ ਆਦਿ ਉਹਨਾਂ ਦੇ ਵੱਸ ਦੀ ਗੱਲ ਨਹੀਂ। ਇਹਨਾਂ ਨੂੰ ਇਹ ਵੀ ਪੁੱਛਣਾ ਬਣਦਾ ਹੈ ਕਿ ਜੇ ਭਲਾਂ ਕਿਸੇ ਕੁੜੀ ਦਾ ‘ਮੁੰਡੇ ਆਲਾ ਚੱਕਰ’ ਹੋਵੇ ਵੀ ਤਾਂ ਕੀ ਉਸ ਕੁੜੀ ਨੂੰ ਉਹ ਗਲਤ ਮੰਨਣਗੇ? ਤੇ ਆਪਣੀ ਮਰਜੀ ਦਾ ਸਾਥੀ ਚੁਣਨ ਦੇ ਉਸਦੇ ਜਮਹੂਰੀ, ਨਾਗਰਿਕ ਹੱਕ ਦੀ ਵਕਾਲਤ ਨਹੀਂ ਕਰਨਗੇ।
ਜਮਹੂਰੀ ਅਧਿਕਾਰ ਸਭਾ ਨੇ ਆਪਣੀ ਜਾਂਚ-ਰਿਪੋਰਟ ਵਿੱਚ ਲਿਖਿਆ ਹੈ ਕਿ “ਇਹ ਘਟਨਾ ਔਰਤਾਂ ਨੂੰ ਅਜ਼ਾਦਾਨਾ ਤੌਰ ਤੇ ਵਿਕਸਤ ਹੋਣ ਤੋਂ ਰੋਕਣ ਵਾਲੇ ਇਕ ਸਮਾਜਕ ਵਰਤਾਰੇ ਨੂੰ ਵੀ ਨੰਗਿਆਂ ਕਰਦੀ ਹੈ।”

No comments: