Sunday, January 22, 2017

ਚੋਣਾਂ ਮੌਕੇ ਸੰਤ ਸੀਚੇਵਾਲ ਨੇ ਉਠਾਇਆ ਵਾਤਾਵਰਨ ਸੁਰੱਖਿਆਂ ਦਾ ਅਹਿਮ ਮੁੱਦਾ

26 ਜਨਵਰੀ ਨੂੰ ਹੋਵੇਗਾ ਪ੍ਰਦੂਸ਼ਣ ਵਿਰੋਧੀ ਜਾਗਰੂਕਤਾ ਰੈਲੀਆਂ ਦਾ ਵੀ ਆਯੋਜਨ 
ਲੁਧਿਆਣਾ: 22 ਜਨਵਰੀ 2017: (ਪੰਜਾਬ ਸਕਰੀਨ ਬਿਊਰੋ): ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿਕ ਕਰੋ 
ਅੱਜ ਪੰਜਾਬੀ ਭਵਨ ਵਿੱਚ ਕਈ ਆਯੋਜਨ ਸਨ। ਇੱਕ ਪਾਸੇ ਸੋਸ਼ਲ ਥਿੰਕਰਜ਼ ਫਾਰਮ ਵੱਲੋਂ ਸੈਮੀਨਾਰ ਸੀ,  ਦੂਜੇ ਪਾਸੇ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਪੰਜਾਬੀ ਭਵਨ ਵਿੱਚ ਸਨ ਅਤੇ ਭਵਨ ਦੇ ਖੁਲ੍ਹੇ ਪਾਰਕ ਵਿੱਚ ਗੀਤਕਾਰਾਂ ਦੀ ਵੀ ਉਚੇਚੀ ਮੀਟਿੰਗ ਚੱਲ ਰਹੀ ਸੀ ਜੋ ਸ਼ਾਮ ਤੱਕ ਜਾਰੀ ਰਹੀ। ਇਸ ਮੌਕੇ ਪੰਜਾਬ ਸਕਰੀਨ ਨੇ ਸੰਤ ਸੀਚੇਵਾਲ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਵੀ ਕੀਤੀ ਜਿਸਦੇ ਅੰਸ਼ ਤੁਸੀਂ ਇਸ ਖਬਰ ਨਾਲ ਦਿੱਤੀ ਜਾ ਰਹੀ ਵੀਡੀਓ ਵਿੱਚ ਵੀ ਦੇਖ ਸਕਦੇ ਹੋ। ਮਨੁੱਖਤਾ ਦੇ ਭਲੇ ਵਿੱਚ ਕਈਆਂ ਸਾਲਾਂ ਤੋਂ ਲੱਗੀ ਹੋਈ ਡਾਕਟਰ ਕੁਲਵਿੰਦਰ ਕੌਰ ਮਿਨਹਾਸ ਇਸ ਮਕਸਦ ਲਈ ਉਚੇਚੇ ਤੌਰ ਤੇ ਸਰਗਰਮ ਰਹੀ। ਪੰਜਾਬ ਸਕਰੀਨ ਵੱਲੋਂ ਪ੍ਰਦੀਪ ਸ਼ਰਮਾ ਇਪਟਾ ਨੇ ਬੁੱਢਾ ਦਰਿਆ ਪ੍ਰੋਜੈਕਟ ਉੱਤੇ ਕੀਤੇ ਗਏ ਖਰਚਿਆਂ ਅਤੇ ਸਰਕਾਰੀ ਦਾਅਵਿਆਂ ਦੀ ਵੀ ਚਰਚਾ ਕੀਤੀ। ਉਹਨਾਂ ਦੇ ਨਾਲ ਇਸ ਮੌਕੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਐਮ ਐਸ ਭਾਟੀਆ ਅਤੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ ਵੀ ਸਨ। ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿਕ ਕਰੋ
ਸੰਤ ਸੀਚੇਵਾਲ ਨੇ ਕਿਹਾ ਕਿ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਪੰਜਾਬ ਵਿਚ ਫੈਲ ਰਹੇ ਪ੍ਰਦੂਸ਼ਣ ਤੋਂ ਬਚਾਉ ਲਈ ਸਾਰੇ ਅੱਗੇ ਆਉਣ। ਉਹਨਾਂ ਦੇ ਸਵਾਗਤ ਵਿੱਚ ਪੰਜਾਬੀ ਭਵਨ ਵਿਚ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਮਨੁੱਖੀ ਗਲਤੀਆਂ ਕਾਰਨ ਪ੍ਰਦੂਸ਼ਣ ਬਹੁਤ ਵੱਧ ਗਿਆ ਹੈ ਜਿਸ ਕਾਰਨ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਥੇ ਸਾਡੀ ਹਵਾ ਪ੍ਰਦੂਸ਼ਿਤ ਹੋ ਗਈ ਹੈ ਉਥੇ ਧਰਤੀ ਹੇਠਲਾ ਪਾਣੀ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਵਾ ਅਤੇ ਪਾਣੀ ਵਿਚ ਜਹਿਰੀਲੇ ਰਸਾਇਣ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ ਜਿਸ ਕਾਰਨ ਦੁਆਬਾ ਅਤੇ ਮਾਲਵਾ ਕੈਂਸਰ ਦੀ ਪੱਟੀ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਤਲੁਜ ਆਦਿ ਦਰਿਆਵਾਂ ਤੋਂ ਇਲਾਵਾ ਲੁਧਿਆਣਾ ਵਿਚੋਂ ਦੀ ਗੁਜਰਨ ਵਾਲਾ ਬੁੱਢਾ ਦਰਿਆ ਅਤੇ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਬਰਸਾਤੀ ਡਰੇਨਾਂ ਹਨ ਜੋ ਪੂਰੀ ਤਰ੍ਹਾਂ ਜਹਿਰੀਲੇ ਪਾਣੀਆਂ ਦਾ ਵਹਿਣ ਬਣ ਚੁੱਕੀਆਂ ਹਨ ਪਰ ਇਸ ਪ੍ਰਤੀ ਨਾ ਤਾਂ ਸਾਡੀ ਸਰਕਾਰ ਜਾਗਰੂਕ ਹੈ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਨੇ ਇਸ ਬਾਰੇ ਕਦੀ ਸੋਚਿਆ ਹੈ ਅਤੇ ਹੁਣ ਵੀ ਸੂਬੇ ਅੰਦਰ ਚੋਣਾਂ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਮਨੋਰਥ ਵਿਚ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸੁੁੱਖ ਸਹੂਲਤਾਂ ਦੇਣ ਲਈ ਕਿਹਾ ਗਿਆ ਹੈ ਪਰ ਕਿਸੇ ਵੀ ਸਿਆਸੀ ਪਾਰਟੀ ਨੇ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਆਪਣੇ ਚੋਣ ਮਨੋਰਥ ਵਿਚ ਮੁੱਦੇ ਨੂੰ ਸ਼ਾਮਿਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਪੁਰਬ ਜੋ ਕਿ 2019 ਵਿਚ ਮਨਾਇਆ ਜਾ ਰਿਹਾ ਹੈ ਤੱਕ ਪੰਜਾਬ ਬਿਲੁਕਲ ਪ੍ਰਦੂਸ਼ਣ ਰਹਿਤ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਸੂਬੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਮੰਗਣ ਆ ਰਹੇ ਸਿਆਸੀ ਆਗੂਆਂ ਅਤੇ ਉਮੀਦਵਾਰਾਂ ਨੂੰ ਅਪੀਲ ਕਰਨ ਕਿ ਉਹ ਚੋਣਾਂ ਜਿੱਤ ਕੇ ਕੁਦਰਤੀ ਜਲ ਸਰੋਤਾਂ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੰਮ ਕਰਨ। ਇਸ ਮੌਕੇ ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ। ਇਸ ਮੌਕੇ ਪੈਡਲਰਜ਼ ਕਲੱਬ ਦੇ ਮੁੱਖ ਪ੍ਰਬੰਧਕ ਰਣਜੋਧ ਸਿੰਘ, ਗੁਰਭਜਨ ਗਿੱਲ, ਸੁਖਜੀਤ ਸਿੰਘ ਸੀਚੇਵਾਲ, ਹਰਨੀਤ ਨੀਤੂ, ਦਵਿੰਦਰਪਾਲ ਸਿੰਘ ਨਿਰਦੇਸ਼ਕ ਦੇਸ਼ਭਗਤ ਕਾਲਜ ਮੋਗਾ, ਡਾ. ਗੁਰਚਰਨ ਕੌਰ ਕੋਚਰ, ਨਾਗੀ ਦਵਿੰਦਰ, ਧਰਮਿੰਦਰ ਸ਼ਾਹਿਦ ਖੰਨਾ, ਇੰਦਰਜੀਤ ਪਾਲ ਕੌਰ, ਪਰਮਜੀਤ ਕੌਰ ਮਹਿਕ, ਡਾ. ਕੁਲਵਿੰਦਰ ਕੌਰ ਮਿਨਹਾਸ, ਫਰੀਕ ਚੰਦ ਸ਼ੁਕਲਾ, ਗੋਲੀ ਕਾਲੇ ਕੇ, ਤਰਲੋਚਨ ਲੋਚੀ, ਰਾਜਿੰਦਰ ਸਿੰਘ ਧਨੋਆ, ਕੁਲਵਿੰਦਰ ਕੌਰ ਕਿਰਨ ਅਤੇ ਸਰਬਜੀਤ ਕੌਰ ਤੋਂ ਇਲਾਵਾ ਹੋਰ ਸਖ਼ਸ਼ੀਅਤਾਂ ਵੀ ਹਾਜਰ ਸਨ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਆਯੋਜਨ ਰਿਹਾ ਜਿਸਨੇ ਚੋਣਾਂ ਮੌਕੇ ਆਮ ਜਨਤਾ ਨੂੰ ਸਭ ਤੋਂ ਜ਼ਰੂਰੀ ਮੁੱਦਾ ਚੇਤੇ ਕਰਾਇਆ।  ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿਕ ਕਰੋ

No comments: