Friday, January 20, 2017

ਬੇਲਣ ਬ੍ਰਿਗੇਡ ਵੱਲੋਂ ਕੀਤਾ ਜਾਏਗਾ "ਨਸ਼ਾ ਵੰਡਣ ਵਾਲੇ ਉਮੀਦਵਾਰਾਂ" ਦਾ ਸਿਆਪਾ

Fri, Jan 20, 2017 at 1:22 PM
ਸਟਿੰਗ ਓਪ੍ਰੇਸ਼ਨਾਂ ਦੀ ਵੀਡੀਓ ਪਿੰਡ ਪਿੰਡ ਪਹੁੰਚਾਈ ਜਾਏਗੀ
ਲੁਧਿਆਣਾ: 20 ਜਨਵਰੀ 2017: (ਪੰਜਾਬ ਸਕਰੀਨ ਬਿਊਰੋ): 
ਸ਼ਰਾਬ ਅਤੇ ਹੋਰ ਨਸ਼ਿਆਂ ਨਾਲ ਸਮਾਜ ਨੂੰ ਖੋਖਲਾ ਕਰ ਚੁੱਕੇ ਮਨੁੱਖਤਾ ਦੇ ਦੁਸ਼ਮਣ ਅੱਜ ਵੀ ਬੜੀ ਬੇਸ਼ਰਮੀ ਨਾਲ ਆਖ ਰਹੇ ਹਨ ਕਿ ਸ਼ਰਾਬ ਉੱਤੇ ਮੁਕੰਮਲ ਪਾਬੰਦੀ ਨਹੀਂ ਲੱਗ ਸਕਦੀ ਕਿਓਂਕਿ ਇਹ ਸਰਕਾਰ ਦੀ ਆਮਦਨ ਦਾ ਇੱਕ ਮੁੱਖ ਸੋਮਾ ਹੈ। ਅਜਿਹੇ ਸਿਆਸਤਦਾਨਾਂ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ ਇਹ ਸ਼ਾਇਦ ਦੱਸਣ ਦੀ ਲੋੜ ਨਹੀਂ। ਏਹੋ ਜਿਹੀ ਨਾਜ਼ੁਕ ਹਾਲਤ ਵਿੱਚ ਨਸ਼ਿਆਂ ਖਿਲਾਫ ਸੰਘਰਸ਼ ਕਰ ਰਿਹਾ ਸੰਗਠਨ ਬੇਲਣ ਬ੍ਰਿਗੇਡ ਭਾਵੇਂ ਇਕੱਲਾ ਅਤੇ ਅਲੱਗ ਥਲੱਗ ਪਿਆ ਮਹਿਸੂਸ ਹੋ ਰਿਹਾ ਹੈ ਪਰ ਇਸਦੇ ਬਾਵਜੂਦ ਇਹ ਟੀਮ ਪੂਰੀ ਚੜ੍ਹਦੀ ਕਲਾ ਵਿੱਚ ਹੈ। ਨਸ਼ਿਆਂ ਦੇ ਨਾਪਾਕ ਵਪਾਰ ਨੂੰ ਰੋਕਣ ਦਾ ਅੰਦੋਲਨ ਧਾਰਮਿਕ ਅਸਥਾਨਾਂ ਵਿੱਚ ਲਿਜਾਣ ਤੋਂ ਬਾਅਦ ਬੇਲਣ ਬ੍ਰਿਗੇਡ ਨੇ ਜਿੱਥੇ ਔਰਤਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਹੋਰ ਤੇਜ਼ ਕੀਤੀ ਹੈ ਉੱਥੇ ਚੋਣਾਂ ਦੌਰਾਨ ਨਸ਼ਿਆਂ ਦੀ ਲੁੱਕਵੀਂ ਵੰਡ ਨੂੰ ਬੇਨਕਾਬ ਕਰਨ ਲਈ  ਵੀ ਕਮਰ ਕੱਸ ਲਈ ਹੈ। ਇਸ ਬਾਰੇ ਬੇਲਣ ਬ੍ਰਿਗੇਡ ਦੀ ਮੁਖੀ ਅਨੀਤਾ ਸ਼ਰਮਾ ਨੇ ਪੰਜਾਬ ਸਕਰੀਨ ਨੂੰ ਦੱਸਿਆ ਕਿ ਸਾਡੀ ਗੁਪਤ ਟੀਮ ਹੁਣ ਸਟਿੰਗ ਅਪਰੇਸ਼ਨਾਂ ਵਰਗੇ ਐਕਸ਼ਨ ਲਈ ਵੀ ਪੂਰੀ ਤਰਾਂ ਤਿਆਰ ਹੈ। 
ਬੇਲਣ ਬ੍ਰਿਗੇਡ ਨੇ ਚੋਣਾਂ ਦੌਰਾਨ ਨਸ਼ਾ ਵੰਡਣ ਦੀਆਂ ਸੰਭਾਵਤ ਸਾਜ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਸਟਿੰਗ ਓਪਰੇਸ਼ਨ ਦੀ ਤਿਆਰੀ ਵੀ ਮੁਕੰਮਲ ਕਰ ਲਈ ਹੈ। ਇਸ ਮਕਸਦ ਲਈ ਉਚੇਚੇ ਕੈਮਰੇ ਖਰੀਦ ਕੇ ਬ੍ਰਿਗੇਡ ਦੇ ਜਾਂਬਾਜ਼ ਵਲੰਟੀਅਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਇਹਨਾਂ ਸਟਿੰਗ ਓਪ੍ਰੇਸ਼ਨਾਂ ਦੀ ਵੀਡੀਓ ਪਿੰਡ ਪਿੰਡ ਤੱਕ ਪਹੁੰਚਾਈ ਜਾਏਗੀ ਅਤੇ ਮੋਬਾਈਲ ਵੈਨ ਸਕਰੀਨ ਰਾਹੀਂ ਸਾਰੇ ਪਿੰਡਾਂ ਵਿੱਚ ਦਿਖਾਈ ਵੀ ਜਾਏਗੀ 
ਬੇਲਣ ਬ੍ਰਿਗੇਡ ਦੇ ਮੁਤਾਬਿਕ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਵਿਧਾਨ ਸਭ ਚੋਣਾਂ ਦੌਰਾਨ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਨੇ ਹਰ ਤਰ੍ਹਾਂ ਦੇ ਹਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਵੋਟਰਾਂ ਨੂੰ ਹਮੇਸ਼ਾਂ ਲਈ ਨਸ਼ੇੜੀ ਬਣਾ ਕੇ ਖੋਖਲਾ ਕਰਨ ਅਤੇ ਆਪਣੇ ਮਗਰ ਲਾਉਣ ਲਈ ਤਕਰੀਬਨ ਸਾਰੇ ਸਿਆਸੀ ਆਗੂ ਹੱਥ ਪੈਰ ਮਾਰ ਰਹੇ ਹਨ। ਬੇਲਣ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਸਪਸ਼ਟ ਕਿਹਾ ਹੈ ਕਿ ਤਕਰੀਬਨ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਸੀਟ ਜਿੱਤਣ ਲਈ ਨੌਜਵਾਨਾਂ ਨੂੰ ਨਸ਼ੇ ਵੰਡ ਕੇ ਉਹਨਾਂ ਦੀ ਜ਼ਿੰਦਗੀ ਦਾਅ  ਉੱਤੇ ਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਸਰਕਾਰ ਦੀ ਢਿਲਮੁਲ ਨੀਤੀ ਕਾਰਨ  ਨਸ਼ਿਆਂ ਦਾ ਵਪਾਰ ਲਗਾਤਾਰ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਦਿਨਾਂ ਵਿਚ ਸਾਰੇ ਦੇਸ਼ ਵਿੱਚ ਸਭ ਤੋਂ ਵੱਧ ਨਸ਼ਾ ਪੰਜਾਬ ਵਿੱਚੋਂ ਫੜਿਆ ਗਿਆ ਹੈ। ਮੈਡਮ ਅਨੀਤਾ ਨੇ ਕਿਹਾ ਕਿ ਚੋਣਾਂ ਵਿੱਚ ਇਸ ਵਾਰ ਵੀ ਵੋਟਰਾਂ  ਨੂੰ ਸ਼ਰਾਬ ਨਾਲ ਰਜਾਉਣ ਦੀਆਂ ਸਾਜ਼ਿਸ਼ਾਂ ਤਿਆਰ ਹੋ ਚੁੱਕੀਆਂ ਹਨ। ਇਸ ਮੌਕੇ ਉਹਨਾਂ ਦੇ ਨਾਲ ਮੈਡਮ ਅਨੀਤਾ ਦੇ ਨਾਲ ਕੋਮਲ ਸ਼ਰਮਾ, ਪੂਜਾ,ਪੂਨਮ, ਸੰਜਨਾ, ਮਾਇਆ ਅਤੇ ਕੋਮਲ ਯਾਦਵ ਵੀ ਮੌਜੂਦ ਸਨ। 
ਅਨੀਤਾ ਸ਼ਰਮਾ ਨੇ ਕਿਹਾ ਹੈ ਕਿ ਬੇਲਣ ਬ੍ਰਿਗੇਡ ਦੇ ਮੈਂਬਰਾਂ ਵਲੋਂ ਵਿਧਾਨ ਸਭ ਚੋਣਾਂ ਦੌਰਾਨ ਹਰ ਗਲੀ ਮੁਹੱਲੇ ਵਿੱਚ ਨਜ਼ਰ ਰੱਖੀ ਜਾਏਗੀ ਤਾਂਕਿ ਨਸ਼ਾ ਵੰਡ ਕੇ ਵੋਟਰਾਂ ਦੀ ਜ਼ਿੰਦਗੀ ਤਬਾਹ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਜਾ ਸਕੇ। ਅਜਿਹੇ ਉਮੀਦਵਵਾਰਾਂ ਦਾ ਸਿਆਪਾ ਵੀ ਕੀਤਾ ਜਾਏਗਾ ਜੋ ਨਸ਼ਾ ਵੰਡਦੇ ਫੜੇ ਜਾਣਗੇ। ਬੇਲਣ ਬ੍ਰਿਗੇਡ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜ਼ਿੰਦਗੀ ਦੇ ਦੁਸ਼ਮਣ ਨਸ਼ਾ ਵਪਾਰੀਆਂ ਨੂੰ ਮੂੰਹ ਨਾ ਲਾਉਣ। ਕਿਸੇ ਵੀ ਪਾਰਟੀ ਜਾਂ ਉਮੀਦਵਾਰ ਕੋਲੋਂ ਨਸ਼ਾ ਸਵੀਕਾਰ ਨਾ ਕਰਨ।  ਹੁਣ ਦੇਖਣਾ ਇਹ ਹੈ ਕਿ ਬੇਲਣ ਬ੍ਰਿਗੇਡ ਨਸ਼ਾ ਵੰਡਣ ਵਾਲੇ ਵਪਾਰੀਆਂ ਨੂੰ ਬੇਨਕਾਬ ਕਿਵੈਂ ਕਰੇਗਾ ਅਤੇ ਇਸ ਕਦਮ ਦਾ ਪੰਜਾਬ ਦੇ ਵੋਟਰਾਂ ਉੱਤੇ ਕਿ ਅਸਰ ਪਏਗਾ? ਜ਼ਿਕਰਯੋਗ ਹੈ ਕਿ ਬੇਲਣ ਬ੍ਰਿਗੇਡ ਦਾ ਸੰਬੰਧ ਮੇਧਾ ਪਾਟੇਕਰ ਅਤੇ ਡਾਕਟਰ ਸੁਨੀਲਮ ਵਰਗੇ ਕੌਮੀ ਲੀਡਰਾਂ ਨਾਲ ਵੀ ਹੈ ਜਿਹੜੇ ਦੇਸ਼ ਦੇ ਮੁੱਖ ਮੁੱਦਿਆਂ ਉੱਤੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਇਸ ਵਾਰ ਦੀਆਂ ਚੋਣਾਂ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਅਤੇ ਨਸ਼ਿਆਂ ਦੇ ਸੌਦਾਗਰਾਂ ਵੱਲੋਂ ਫੈਲਾਏ ਜਾਲ ਤੋਂ ਆਜ਼ਾਦੀ ਦਵਾਉਣ ਵਿੱਚ ਕਿੰਨੀਆਂ ਕੁ ਸਫਲ ਹੁੰਦੀਆਂ ਹਨ? ਲੁਧਿਆਣਾ ਤੋਂ ਪੰਜਾਬ ਸਕਰੀਨ ਲਈ ਪ੍ਰਦੀਪ ਸ਼ਰਮਾ  

No comments: