Wednesday, January 18, 2017

ਪੰਜਾਬ ਇੱਕ ਹੈ ਤੇ ਸ਼ਿਕਾਰੀ ਬਹੁਤੇ ਨੇ ਵੋਟ ਜ਼ਮੀਰ ਦੀ ਆਵਾਜ਼ 'ਤੇ ਪਾਇਓ

ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੀਤਾ ਵੋਟਰਾਂ ਨੂੰ ਸੁਚੇਤ 
ਫਾਈਲ ਫੋਟੋ 
ਚੰਡੀਗੜ੍ਹ:17ਜਨਵਰੀ 2017:(ਪੰਜਾਬ ਸਕਰੀਨ ਬਿਊਰੋ)::
ਧਾਰਮਿਕ ਡੇਰੇ, ਧਾਰਮਿਕ ਅਦਾਰੇ, ਧਾਰਮਿਕ ਥਾਵਾਂ ਅਤੇ ਧਾਰਮਿਕ ਬਾਣੇ ਵਾਲਿਆਂ ਸ਼ਖਸੀਅਤਾਂ ਦਾ ਅੱਜ ਦੇ ਯੁਗ ਵਿੱਚ ਲੋਕਾਂ ਉੱਤੇ ਡੂੰਘਾ ਅਸਰ ਹੁੰਦਾ ਹੈ। ਸ਼ਾਇਦ ਇਹੀ ਕਾਰਨ ਹੈ ਸਿਆਸੀ ਲੋਕ ਚੋਣਾਂ ਦੇ ਮੌਸਮਾਂ ਵਿੱਚ ਵੱਖ ਵੱਖ ਡੇਰਿਆਂ ਦੇ ਉਚੇਚੇ ਗੇੜੇ ਕੱਢਦੇ ਹਨ।  ਇਹ ਗੱਲ ਵੱਖਰੀ ਹੈ ਕਿ ਲੁਕ ਛਿਪ ਕੇ ਕੀਤੀਆਂ ਗਈਆਂ ਇਹਨਾਂ ਖਾਸ ਯਾਤਰਾਵਾਂ ਦੀਆਂ ਤਸਵੀਰਾਂ ਕਿਸੇ ਨ ਕਿਸੇ ਤਰੀਕ ਫਿਰ ਵੀ ਮੀਡੀਆ ਰਾਹੀਂ ਲੋਕਾਂ ਸਾਹਮਣੇ ਆ ਜਾਂਦੀਆਂ ਹਨ। ਵੋਟਰਾਂ ਉੱਤੇ ਅਸਰ ਇਹਨਾਂ ਗੇੜਿਆਂ ਦਾ ਨਹੀਂ ਹੁੰਦਾ ਬਲਕਿ ਡੇਰਾ ਮੁਖੀਆਂ ਵੱਲੋਂ ਕੀਤੀਆਂ ਅਪੀਲਾਂ ਦਾ ਹੁੰਦਾ ਹੈ। ਇਹ ਅਪੀਲਾਂ ਅਕਸਰ ਗੁਪਤ ਹੁੰਦੀਆਂ ਹਨ ਪਾਰ ਆਪਣਾ ਅਸਰ ਕਿਸੇ ਵ੍ਹਿਪ ਵਾਂਙ ਕਰਦਿਆਂ ਹਨ।  ਹੁਣ ਪਰਮੇਸ਼ਵਰ ਦੁਆਰ ਦੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇੱਕ ਅਪੀਲ ਜਾਰੀ ਕੀਤੀ ਹੈ ਉਹ ਵੀ ਖੁਲ੍ਹਮ ਖੁੱਲ੍ਹਾ। 
ਉਹਨਾਂ ਜ਼ਮੀਰ ਦੀ ਆਵਾਜ਼ ਉੱਤੇ ਵੋਟਾਂ ਪਾਉਣ ਦੀ ਗੱਲ ਆਖੀ ਹੈ। ਚੋਣਾਂ ਦੇ ਮਾਹੌਲ ਵਿੱਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਚਰਚਾ ਵਿੱਚ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਵਿਧਾਨ ਸਭਾ ਵੋਟਾਂ ਦੌਰਾਨ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਜ਼ਿੰਮੇਦਾਰੀ ਨਾਲ ਵੋਟ ਪਾਉਣ ਦੀ ਸਲਾਹ ਦੇ ਕੇ ਸਭ ਦਾ ਧਿਆਨ ਖਿੱਚਿਆ ਹੈ। ਸੰਤ ਢੱਡਰੀਆਂ ਵਾਲਿਆਂ ਨੇ ਭਰੇ ਦੀਵਾਨ ਵਿੱਚ ਮੁੜ ਵੋਟਾਂ ਦਾ ਜ਼ਿਕਰ ਛੇੜਦਿਆਂ ਚੋਣ ਮੈਦਾਨ 'ਚ ਨਿੱਤਰੀਆਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਵਾਲੇ ਝੰਡਿਆਂ 'ਤੇ ਵਿਅੰਗ ਕੱਸਦਿਆਂ ਆਪਣੇ ਅੰਦਾਜ਼ ਵਿੱਚ ਉਨ੍ਹਾਂ ਦੀ ਹਕੀਕਤ ਦੱਸੀ ਹੈ। ਉਹਨਾਂ ਯਾਦ ਕਰਾਇਆ ਹੈ-
ਉਹੀ ਝੰਡਾ-ਉਹੀ ਪੁਲਿਸ ਦਾ ਡੰਡਾ ਹੈ,
ਜਿੱਤ ਗਈ ਸਰਕਾਰ ਕਿ ਲੋਕੀ ਹਾਰ ਗਏ। 
ਉਹਨਾਂ ਸਾਵਧਾਨ ਕੀਤਾ ਹੈ ਕਿ ਚੋਣਾਂ ਵਿੱਚ ਕਿਤੇ ਲੋਕ ਨਾ ਹਰ ਜਾਨ ਇਸ ਗੱਲ ਦਾ ਖਿਲਾ ਰੱਖ ਕੇ ਆਪਣੀ ਵੋਟ ਪਾਇਓ। 
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਚੋਣ ਝੰਡਿਆਂ ਦੀ ਡੰਡਿਆਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਤਿੰਨੇ ਮੁੱਖ ਪਾਰਟੀਆਂ ਦੇ ਆਗੂਆਂ ਵੱਲੋਂ ਲੋਕਾਂ ਨੂੰ ਆਪਣੇ ਚੋਣ ਨਿਸ਼ਾਨ ਵਾਲੇ ਝੰਡੇ ਦਿਖਾਏ ਜਾ ਰਹੇ ਹਨ ਕਿ ਇਸ ਨਿਸ਼ਾਨ ਨੂੰ ਵੋਟ ਪਾਇਓ, ਪਰ ਇਨ੍ਹਾਂ ਝੰਡਿਆਂ ਦੇ ਅੰਦਰ ਅਸਲ ਵਿੱਚ ਡੰਡੇ ਲੁਕੇ ਹੋਏ ਹਨ, ਜੋ ਸਰਕਾਰ ਬਣਨ ਤੋਂ ਬਾਅਦ ਲਗਾਤਾਰ 5 ਸਾਲ ਸੂਬੇ ਦੀ ਜਨਤਾ 'ਤੇ ਵਰ੍ਹਦੇ ਹਨ।ਉਨ੍ਹਾਂ ਇਸ ਦੌਰਾਨ ਬਰਗਾੜੀ ਕਾਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹੀ ਝੰਡੇ ਵਾਲਾ ਡੰਡਾ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਸ਼ਾਂਤਮਈ ਬੈਠੀ ਸੰਗਤ 'ਤੇ ਵੀ ਗੋਲੀਆਂ ਬਣ ਕੇ ਵਰ੍ਹਿਆ ਸੀ। ਇਹੀ ਡੰਡਾ ਸਾਡੇ ਕਾਫਲੇ 'ਤੇ ਵੀ ਪਿਛਲੇ ਸਾਲ ਗੋਲੀਆਂ ਵਾਂਗ ਵਰ੍ਹਿਆ ਸੀ, ਜੋ ਕਈ ਜਾਨਾਂ ਲੈ ਗਿਆ।ਉਨ੍ਹਾਂ ਕਿਹਾ ਕਿ ਇਹੀ ਝੰਡੇ ਡੰਡਿਆਂ ਦਾ ਰੂਪ ਲੈ ਕੇ ਫਿਰ ਲਗਾਤਾਰ 5 ਸਾਲ ਬੇਰੁਜ਼ਗਾਰ ਅਧਿਆਪਕਾਂ, ਕਿਸਾਨਾਂ ਤੇ ਆਪਣਾ ਹੱਕ ਮੰਗਣ ਵਾਲੇ ਹਰ ਪੰਜਾਬ ਵਾਸੀ 'ਤੇ ਵਰ੍ਹਦਾ ਹੈ।
ਇਹ ਦਲੀਲ ਦਿੰਦਿਆਂ ਉਨ੍ਹਾਂ ਮੁੜ ਲੋਕਾਂ ਨੂੰ ਸਲਾਹ ਦਿੱਤੀ ਕਿ”ਸਾਰੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਇਓ, ਆਪਣੀ ਵੋਟ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ, ਪੰਜਾਬ ਇੱਕ ਹੈ ਤੇ ਸ਼ਿਕਾਰੀ ਬਹੁਤੇ ਨੇ, ਇਹ ਲੀਡਰ ਲੋਕ ਪੰਜਾਬ ਨੂੰ ਸੁਧਾਰਨ ਵਾਲੀ ਗੱਲ ਭੁਲਾ ਕੇ ਫਿਰ ਸਿਰਫ ਆਪਣਾ ਆਪ ਹੀ ਸੁਧਾਰਨ ਵਿੱਚ ਹੀ ਲੱਗ ਜਾਂਦੇ ਹਨ। ਇਸਦੇ ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਕਿ ਮੈਂ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਨਹੀਂ ਤੇ ਨਾ ਹੀ ਜੁੜਨਾ ਹੈ। ਹੁਣ ਦੇਖਣਾ ਹੈ ਕਿ ਲੋਕਾਂ ਉੱਤੇ ਇਸ ਅਪੀਲ ਦਾ ਅਸਰ ਕਿੰਨਾ ਕੁ ਹੁੰਦਾ ਹੈ ਅਤੇ ਕਿੰਨਿਆਂ  ਕੁ ਦੀ ਆਤਮਾ ਜਾਗਦੀ ਹੈ। 

No comments: