Friday, December 30, 2016

ਡਾ. ਧੀਮਾਨ ਦੀ ਪੁਸਤਕ ‘‘ਸਮੁੰਦਰ ਕੰਢੇ ਸਿੱਪੀਆਂ" ਸ਼ਾਨਦਾਰ ਸਮਾਗਮ ਦੌਰਾਨ ਰਿਲੀਜ਼

ਸਫਲ ਜ਼ਿੰਦਗੀ ਲਈ ਕਦਮ ਕਦਮ ਤੇ ਸੇਧ ਦੇਂਦੀ ਹੈ ਇਹ ਪੁਸਤਕ 
ਲੁਧਿਆਣਾ: 29 ਦਸੰਬਰ 2016; (ਪੰਜਾਬ ਸਕਰੀਨ ਬਿਊਰੋ);          ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
ਸਮੁੰਦਰ ਦੇਖਣਾ ਸ਼ਾਇਦ ਆਸਾਨ ਹੋ ਸਕਦਾ ਹੈ ਪਰ ਸਮੁੰਦਰ ਹੋਣਾ ਬਹੁਤ ਮੁਸ਼ਕਿਲ। ਪਹਾੜੀ ਦੁਨੀਆ ਤੋਂ ਲਗਾਤਾਰ ਸੰਘਰਸ਼ਾਂ ਭਰੇ ਸਫ਼ਰ ਮਗਰੋਂ ਇਹ ਅਹਿਸਾਸ ਨਸੀਬ ਹੁੰਦਾ ਹੈ ਜਿਸਨੂੰ ਸਮੁੰਦਰ ਕਿਹਾ ਜਾ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ  ਜਗਤਾਰ ਸਿੰਘ ਧੀਮਾਨ ਹੁਰਾਂ ਨੇ ਇਹ ਅਹਿਸਾਸ ਆਪਣੀ ਅਣਥੱਕ ਘਾਲਣਾ ਨਾਲ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ ਉਹਨਾਂ ਜ਼ਿੰਦਗੀ ਦੇ ਸਮੁੰਦਰ ਨੂੰ ਗਹੁ ਨਾ ਵਾਚਿਆ ਅਤੇ ਕਿਨਾਰੇ ਤੇ ਬੈਠ ਕਿ ਸਿੱਪੀਆਂ ਵੀ ਇਕੱਤਰ ਕੀਤੀਆਂ। ਉਹਨਾਂ ਸਿੱਪੀਆਂ ਦਾ ਹੀ ਸੰਗ੍ਰਹਿ ਹੈ--‘‘ਸਮੁੰਦਰ ਕੰਢੇ ਸਿੱਪੀਆਂ"। ਇਹਨਾਂ ਸਿੱਪੀਆਂ ਦੇ ਮੋਤੀ ਕਿੰਨੇ ਅਨਮੋਲ ਹਨ ਇਸਦਾ ਪਤਾ ਇਸ ਕਿਤਾਬ ਨੂੰ ਪੜ੍ਹ ਕੇ ਹੀ ਲੱਗਦਾ ਹੈ। ਜ਼ਿੰਦਗੀ  ਦੀਆਂ ਔਕੜਾਂ ਬਾਰੇ ਗੱਲ ਕਰਦੀ ਇਹ ਪੁਸਤਕ ਕਦਮ ਕਦਮ ਤੇ ਸੇਧ ਵੀ ਦੇਂਦੀ ਹੈ। ਡਾਕਟਰ ਜਗਤਾਰ ਧੀਮਾਨ ਦੀ ਇਹ ਨਵੀਂ ਪੁਸਤਕ ਅੱਜ ਪੀ ਏ ਯੂ ਦੇ ਸਟੂਡੈਂਟਸ ਹੋਮ ਵਿੱਚ ਲੋਕ ਅਰਪਣ ਕੀਤੀ ਗਈ। 
ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਜਿਹੜੇ ਇਸ ਸਾਰੇ ਆਯੋਜਨ ਦੇ ਅਖੀਰ ਤੱਕ ਮੌਜੂਦ ਰਹੇ। ਵੱਖ ਵਿਦਵਾਨ ਬੁਲਾਰਿਆਂ ਵੱਲੋਂ ਪੁਸਤਕ ਦੇ ਨਾਲ ਨਾਲ ਡਾਕਟਰ ਧੀਮਾਨ ਦੀ ਸ਼ਖ਼ਸੀਅਤ ਬਾਰੇ ਵੀ ਚਰਚਾ ਹੋਈ। 
 ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
ਤ੍ਰੈਲੋਚਨ ਲੋਚੀ ਅਤੇ ਦੇਵਿੰਦਰ ਦਿਲਰੂਪ ਨੇ ਤਰੰਨੁਮ ਨਾਲ ਚੰਗਾ ਸਮਾਂ ਬੰਨਿਆ। ਸ਼ਾਇਰਾ ਜਸਪ੍ਰੀਤ ਕੌਰ ਫ਼ਲਕ ਨੇ ਵੀ ਆਪਣੀਆਂ ਰਚਨਾਵਾਂ ਸੁਣਾਈਆਂ। ਸਮਾਗਮ ਦੇ ਮੁੱਖ ਆਯੋਜਕਾਂ ਵਿੱਚੋਂ ਇੱਕ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਆਪਣੇ ਦਿਲਚਸਪ ਅੰਦਾਜ਼ ਨਾਲ ਪ੍ਰੋਫੈਸ ਧੀਮਾਨ ਬਾਰੇ ਅਤੇ ਹੋਰਨਾਂ ਦਿਲਚਸਪ ਮਾਮਲਿਆਂ ਬਾਰੇ ਛੋਟੀਆਂ ਛੋਟੀਆਂ ਗੱਲਾਂ ਸੁਣਾ ਕੇ ਸਰੋਤਿਆਂ ਨੂੰ ਕੀਲੀ ਰੱਖਿਆ।  ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
ਇਸੇ ਦੌਰਾਨ ਡਾਕਟਰ ਧੀਮਾਨ ਨੇ ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਵਿੱਚ ਆਪਣੀ ਜ਼ਿੰਦਗੀ ਅਤੇ ਆਪਣੇ ਸਾਹਿਤਿਕ ਸਫ਼ਰ ਦੇ ਨਾਲ ਨਾਲ ਆਪਣੀ ਇਸ ਕਿਤਾਬ ਬਾਰੇ ਵੀ ਚਰਚਾ ਕੀਤੀ ਜਿਹੜੀ ਇਸੇ ਖਬਰ ਨਾਲ ਤੁਸੀਂ ਵੀਡੀਓ ਵਿੱਚ ਦੇਖ ਸੁਣ ਵੀ ਸਕਦੇ ਹੋ।  ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ

No comments: