Friday, December 23, 2016

ਮਿੱਤਰ ਸ਼ਾਇਰ ਸੁਖਵੰਤ ਚਿਤਰਕਾਰ ਦਾ ਸਦੀਵੀ ਵਿਛੋੜਾ

ਉਸਦੀ ਜ਼ਿੰਦਗੀ ਭਰ ਦੀ ਪਿਆਸ ਬੜੀ ਸ਼ਿੱਦਤ ਵਾਲੀ ਸੀ
ਮਿਰਾ ਘਰ ਸ਼ਹਿਰ ਅੰਦਰ ਹੈ ਘਰੋਂ ਨਿਕਲਾਂ ਬਜ਼ਾਰ ਆਵੇ;
ਇਨ੍ਹਾਂ ਬੇਸਬਜ਼ ਗਲੀਆਂ ਵਿਚ ਨ ਪਤਝੜ ਨਾ ਬਹਾਰ ਆਵੇ।  
......ਇਹਨਾਂ ਸਤਰਾਂ ਦਾ ਲੇਖਕ ਸੁਖਵੰਤ ਚਿਤਰਕਾਰ ਹੁਣ ਨਹੀਂ ਰਿਹਾ।
ਰਾਜਿੰਦਰ ਬਿਮਲ ਹੁਰਾਂ ਦੀ ਪੋਸਟ ਤੋਂ ਪਤਾ ਲੱਗਿਆ ਕਿ ਉਹ ਉਸ ਸਫ਼ਰ ਤੇ ਤੁਰ  ਵਾਪਿਸ ਨਹੀਂ ਆਉਂਦਾ।-ਉਹਨਾਂ ਲਿਖਿਆ--ਦੋਸਤੋ ਬਹੁਤ ਬੁਰੀ ਖਬਰ !!!!! ਬਹੁਤ ਪਿਅਾਰੇ ਮਿੱਤਰ ਸੁਖਵੰਤ ਚਿਤਰਕਾਰ ਦਾ ਸਦੀਵੀ ਵਿਛੋੜਾ!!!!!ਉਹ ਆਪਣੇ ਆਪ ਵਿੱਚ ਇੱਕ ਅਜਿਹੀ ਦੁਨੀਆ ਸੀ ਜਿਸਦੀ ਸਮਝ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਆਪਣੇ ਆਪ ਵਿੱਚ  ਰਹਿੰਦਿਆਂ ਉਹ  ਹੋਰਨਾਂ ਕਲਮਕਾਰਾਂ ਦੀਆਂ ਰਚਨਾਵਾਂ ਵਿੱਚ ਆਪਣੀ ਚਿੱਤਰਕਾਰੀ  ਨਾਲ ਅਕਸਰ ਜਾਨ ਪਾਉਂਦਾ। ਪਹਿਲਾਂ ਰੋਜ਼ਾਨਾ ਅਜੀਤ ਅਤੇ ਹੁਣ ਦੈਨਿਕ ਭਾਸਕਰ ਉਸਦੇ ਜ਼ਿਕਰ ਵਿੱਚ ਜ਼ਰੂਰੀ ਜਾਪਦੇ ਹਨ।
ਪਹਿਲਾਂ ਅਸੀਂ ਰੋਜ਼ ਮਿਲਿਆ ਕਰਦੇ ਸਾਂ।  ਨਵਾਂ ਜ਼ਮਾਨਾ ਅਤੇ ਅਜੀਤ ਦੀ ਕੰਧ ਸਾਂਝੀ ਸੀ। ਕਾਕੇ ਦੀ ਕੰਟੀਨ ਵੀ ਸਾਂਝੀ ਵਰਗੀ ਹੀ ਸੀ। ਫਿਰ ਸਮੇਂ ਦੀ ਚਾਲ ਨੇ ਫਾਸਲੇ ਵਧਾ ਦਿੱਤੇ। ਫੋਨ ਤੇ ਗੱਲ ਹੁੰਦੀ ਰਹੀ ਅਤੇ ਦੋਸਤਾਂ ਰਹਿਣ ਦੁਆ ਸਲਾਮ ਵੀ ਸਾਂਝੀ ਹੋਈ ਪਰ ਮਿਲ ਬੈਠਣ ਅਤੇ  ਸਾਂਝਾ ਕਰਨ ਦੀ ਚਾਹ ਅਧੂਰੀ ਰਹੀ ਗਈ। ਕਲਮ ਅਤੇ ਚਿੱਤਰਕਾਰੀ ਦਾ ਸੁਮੇਲ ਹੁਣ ਨਹੀਂ ਰਿਹਾ। ਰਚਨਾਵਾਂ ਵਿੱਚ ਆਪਣੀ ਕਲਾ ਵਿੱਚ ਜਾਨ ਪਾਉਣ ਵਾਲਾ ਸੁਖਵੰਤ ਹੁਣ ਨਹੀਂ ਰਿਹਾ। ਉਹ ਸੁਖਵੰਤ ਜਿਹੜਾ ਰਚਨਾ ਦਾ ਨਾਮ ਪੜ੍ਹ ਕੇ ਹੀ ਸਕੈਚ ਬਣਾ ਦੇਂਦਾ ਸੀ ਪਰ ਕਦੇ ਕਦੇ ਪੂਰੀ ਰਚਨਾ ਕਈ ਵਾਰ  ਵੀ ਪੜ੍ਹਦਾ।  ਉਸੇ ਚਿਤਰ ਦੇਖ ਕੇ ਰਚਨਾ ਪੜ੍ਹਨ ਦੀ ਇੱਛਾ ਪੈਦਾ ਹੁੰਦੀ। ਕੰਮ ਚਲਦੇ ਰਹਿਣਗੇ, ਸਕੈਚ ਬੰਦੇ ਰਹਿਣਗੇ ਪਰ ਹੁਣ ਉਹ ਮੁਸਕਰਾਉਂਦਾ ਸੁਖਵੰਤ ਸਾਡੇ ਦਰਮਿਆਨ ਨਹੀਂ ਹੋਵੇਗਾ। ਗਮਾਂ ਦਾ ਸਮੁੰਦਰ ਉਸ ਨੂੰ ਲੈ ਹੀ ਗਿਆ। ਜ਼ਿੰਦਗੀ ਉਸਨੂੰ ਵੀ ਰਾਸ ਨਹੀਂ ਆਈ। ਉਹ ਇਹੀ ਸੋਚਦਾ ਤੁਰ ਗਿਆ---ਯੇਹ ਦੁਨੀਆ ਅਗਰ  ਮਿਲ ਭੀ ਜਾਏ ਤੋਂ ਕਿਆ ਹੈ। ਉਸ ਨੂੰ ਚਾਹੁਣ ਵਾਲਿਆਂ ਦੀ ਕਮੀ ਨਹੀਂ ਸੀ ਪਰ ਅੰਦਰ ਹੀ ਅੰਦਰ ਕੁਝ ਜਿਹੀ ਘਾਟ ਸੀ ਜਿਸਦੀ ਕਮੀ ਕੋਈ ਪੂਰੀ ਨਾ ਕਰ ਸਕਿਆ। ਉਹ ਜ਼ਹਿਰ ਪੀ ਕੇ ਵੀ ਅੰਦਰ ਦੇ ਦਰਦ ਨੂੰ ਮਾਰ ਨ ਸਕਿਆ। ਉਸਦੀ ਜ਼ਿੰਦਗੀ ਭਰ ਦੀ ਪਿਆਸ ਬੜੀ ਸ਼ਿੱਦਤ ਵਾਲੀ ਸੀ ਸ਼ਾਇਦ ਇਹੀ ਆਖਦੀ ਹੋਈ---
ਮੇਰੇ ਨਾਮੁਰਾਦ ਜਨੂਨ ਕਾ-ਅਬ ਹੈ ਇਲਾਜ ਕੋਈ ਤੋ ਮੌਤ ਹੈ---
ਜੋ ਦਵਾ ਕੇ ਨਾਮ ਪੇ ਜ਼ਹਿਰ ਦੇ ਉਸੀ ਚਾਰਾਗਰ ਕਿ ਤਲਾਸ਼ ਹੈ। 
ਆਓ ਉਸਦੀ ਯਾਦ ਵਿੱਚ ਉਸਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰੀਏ। ਉਹ ਆਪਣੀਆਂ ਰਚਨਾਵਾਂ ਅਤੇ ਚਿਤਰਾਂ ਰਾਹੀਂ ਸਾਨੂੰ ਨੇੜੇ ਤੇੜੇ ਮਹਿਸੂਸ ਹੁੰਦਾ ਰਹੇਗਾ।  --ਰੈਕਟਰ ਕਥੂਰੀਆ 

No comments: