Tuesday, November 29, 2016

ਨੋਟਬੰਦੀ ਵਿਰੁੱਧ ਪੰਜਾਬ ਭਰ ਵਿੱਚ ਤਿੱਖੇ ਰੋਸ ਅਤੇ ਰੋਹ ਦਾ ਪ੍ਰਗਟਾਵਾ

ਲੁਧਿਆਣਾ ਵੀ ਵਿੱਚ ਰੈਲੀ ਮਗਰੋਂ ਰੋਸ ਮਾਰਚ ਵੀ ਕੱਢਿਆ 
ਚੰਡੀਗੜ੍ਹ//ਲੁਧਿਆਣਾ:: 28 ਨਵੰਬਰ 2016: (ਪੰਜਾਬ ਸਕਰੀਨ ਬਿਊਰੋ): 
ਨੋਟਬੰਦੀ ਦੇ ਅੰਧ ਭਗਤ ਸਮਰਥਕਾਂ ਵੱਲੋਂ ਇਸ ਦੇ ਹੱਕ ਵਿੱਚ ਲੰਗੜੀਆਂ ਦਲੀਲਾਂ ਦੀ ਮੁਹਿੰਮ ਅਤੇ ਜਨੂੰਨੀ ਹਨੇਰੀ ਦੇ ਬਾਵਜੂਦ ਖੱਬੀਆਂ ਧਿਰਾਂ ਨੇ ਇਸ ਤੁਗਲਕੀ ਫੁਰਮਾਨ ਦਾ ਤਿੱਖਾ ਵਿਰੋਧ ਕੀਤਾ ਲੋਕ ਰੋਹ ਦੀ ਇਤਿਹਾਸਿਕ ਤਰਜਮਾਨੀ ਕੀਤੀ। ਲੁਧਿਆਣਾ, ਰਾਏਕੋਟ, ਜਗਰਾਓਂ, ਜਲਾਲਾਬਾਦ, ਸਮਰਾਲਾ, ਰੋਪੜ, ਆਨੰਦਪੁਰ ਸਾਹਿਬ, ਨੰਗਲ, ਖਰੜ, ਮੁਹਾਲੀ, ਡੇਰਾ ਬਸੀ, ਹੁਸ਼ਿਆਰਪੁਰ, ਗੜ੍ਹਸ਼ੰਕਰ, ਜਲੰਧਰ, ਨਕੋਦਰ, ਕਪੂਰਥਲਾ, ਬੰਗਾ, ਨਵਾਂ ਸ਼ਹਿਰ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਮੁਕਤਸਰ, ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਸੁਨਾਮ, ਪਟਿਆਲਾ, ਰਾਜਪੁਰਾ ਅਤੇ ਕਈ ਹੋਰ ਥਾਵਾਂ ਪ੍ਰਭਾਵਸ਼ਾਲੀ ਰੈਲੀਆਂ, ਧਰਨੇ ਤੇ ਮੁਜ਼ਾਹਰੇ ਕਰਕੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਲੁਧਿਆਣਾ ਦੇ ਰੇਲਵੇ ਸਟੇਸ਼ਨ  ਤੇ ਹੋਈ ਰੈਲੀ ਮੌਕੇ ਪੁਲਿਸ ਵਾਲੇ ਵੀ ਕਾਮਰੇਡ ਬੁਲਾਰਿਆਂ ਦੀਆਂ ਗੱਲਾਂ ਨੂੰ ਬੜੇ  ਸੁਣਦੇ ਅਤੇ  ਹਿਲਾਂਦੇ ਦੇਖੇ ਗਏ। 
ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ ਐਮ, ਆਰ ਐਮ ਪੀ ਆਈ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੱਦੇ 'ਤੇ ਨੋਟਬੰਦੀ ਕਾਰਨ ਲੋਕਾਂ, ਖਾਸਕਰ ਕਿਰਤੀ ਜਮਾਤ ਨੂੰ ਆ ਰਹੀਆਂ ਮੁਸ਼ਕਿਲਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸਾਂਝੀਆਂ ਰੈਲੀਆਂ, ਮੁਜ਼ਾਹਰੇ, ਧਰਨੇ ਅਤੇ ਰੋਸ ਮਾਰਚ ਕਰਨ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। 28 ਨਵੰਬਰ ਦਾ ਇਹ ਦਿਨ ਸਨਅਤੀ ਕਾਮਿਆਂ, ਛੋਟੇ ਤੇ ਦਰਮਿਆਨੇ ਸਨਅਤਕਾਰਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਅਤੇ ਘਰੇਲੂ ਔਰਤਾਂ ਨੇ ਕਾਲੇ ਦਿਵਸ ਵਜੋਂ ਮਨਾਇਆ, ਜਿਨ੍ਹਾਂ ਅੱਗੇ ਨੋਟਬੰਦੀ ਕਾਰਨ ਮੁਸੀਬਤਾਂ ਦਾ ਪਹਾੜ ਖੜਾ ਹੋ ਗਿਆ ਹੈ। 
ਇਨ੍ਹਾਂ ਰੇਲੀਆਂ ਅਤੇ ਮੁਜ਼ਾਹਰਿਆਂ ਨੂੰ ਸੀ ਪੀ ਆਈ ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ, ਸੀ ਪੀ ਆਈ ਐੱਮ ਦੇ ਸੂਬਾ ਸਕੱਤਰ ਸਾਥੀ ਚਰਨ ਸਿੰਘ ਵਿਰਦੀ, ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਤੋਂ ਇਲਾਵਾ ਡਾ. ਜੋਗਿੰਦਰ ਦਿਆਲ, ਬੰਤ ਬਰਾੜ, ਭੁਪਿੰਦਰ ਸਾਂਬਰ, ਗੁਰਨਾਮ ਕੰਵਰ, ਗੁਰਮੇਜ ਸਿੰਘ, ਰੂਪ ਚੰਦ ਚੰਨੋ, ਗੁਰਚੇਤਨ ਸਿੰਘ ਬਾਸੀ, ਸੁਖਵਿੰਦਰ ਸਿੰਘ ਸੇਖੋਂ, ਹਰਕੰਵਲ ਸਿੰਘ, ਰਘਬੀਰ ਸਿੰਘ, ਕੁਲਵੰਤ ਸਿੰਘ ਸੰਧੂ, ਸੁਖਦਰਸ਼ਨ ਨੱਤ, ਭਗਵੰਤ ਸਮਾਓਂ ਅਤੇ ਰੁਲਦੂ ਸਿੰਘ ਮਾਨਸਾ ਸਮੇਤ ਚੌਹਾਂ ਪਾਰਟੀਆਂ ਦੇ ਹੋਰਨਾਂ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ। 
ਲੁਧਿਆਣਾ ਦੀ ਰੈਲੀ ਵਿੱਚ ਕਾਮਰੇਡ ਸੁਖਵਿੰਦਰ ਸੇਖੋਂ ਨੇ ਕਿਹਾ ਕਿ ਆਏ ਦਿਨ ਮਨ ਕੀ ਬਾਤ ਕਰਨ ਵਾਲਾ ਸੰਸਦ ਨੂੰ ਫੇਸ ਕਰਨ ਤੋਂ ਦੌੜ ਜਾਂਦਾ ਹੈ। ਮਾਸਟਰ ਫ਼ਿਰੋਜ਼ ਨੇ ਕਿਹਾ ਕਿ ਸੰਨ 2018-19 ਵਿੱਚ ਇਹ ਸਰਕਾਰ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਖੂਨੀ ਦੰਗੇ ਵੀ ਕਰਵਾ ਸਕਦੀ ਹੈ। ਬੁਲਾਰਿਆਂ ਨੇ ਕਿਹਾ ਕਿ ਕਾਲੇ ਧਨ 'ਤੇ ਰੋਕ ਲਾਉਣ ਦੇ ਨਾਂਅ 'ਤੇ ਮੋਦੀ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਕਰੰਸੀ ਨੋਟਾਂ ਦੀ ਨੋਟਬੰਦੀ ਦੇ ਫੈਸਲੇ ਨਾਲ ਕਾਰਪੋਰੇਟ ਘਰਾਣਿਆਂ, ਟੈਕਸ ਚੋਰਾਂ, ਡਰੱਗ ਮਾਫੀਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੁਕਸਾਨ ਦੀ ਥਾਂ ਫਾਇਦਾ ਹੋਇਆ ਹੈ। ਇਸ ਨੋਟਬੰਦੀ ਕਾਰਨ ਉਨ੍ਹਾਂ ਨੂੰ ਲੋਕਾਂ ਦੀ ਲੁੱਟ ਕਰਨ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ। ਦੂਸਰੇ ਪਾਸੇ ਦਿਹਾੜੀਦਾਰ ਕਾਮਿਆਂ, ਛੋਟੇ ਦੁਕਾਨਦਾਰਾਂ ਤੇ ਵਪਾਰੀਆਂ, ਛੋਟੇ ਤੇ ਦਰਮਿਆਨੇ ਕਾਰਖਾਨੇਦਾਰਾਂ, ਘਰੇਲੂ ਔਰਤਾਂ, ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਕਿਰਤੀ ਜਮਾਤ ਦੇ ਹੋਰਨਾਂ ਵਰਗਾਂ 'ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ ਹਨ। ਬੈਂਕਾਂ ਅੱਗੇ ਕਤਾਰਾਂ ਵਿੱਚ ਖੜੇ ਇਸ ਵਰਗ ਦੇ 150 ਤੋਂ ਵੱਧ ਲੋਕ ਮੌਤ ਦੇ ਮੂੰਹ ਵਿੱਚ ਜਾ ਪਏ ਹਨ। 
ਆਗੂਆਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਦਾਅਵਾ ਗੁੰਮਰਾਹਕੁਨ ਹੈ ਕਿ ਇਸ ਨੋਟਬੰਦੀ ਨਾਲ ਕਾਲੇ ਧਨ 'ਤੇ ਰੋਕ ਲੱਗੇਗੀ, ਆਰਥਿਕ ਪ੍ਰਗਤੀ ਹੋਵੇਗੀ, ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਮਹਿੰਗਾਈ ਅਤੇ ਅੱਤਵਾਦ ਨੂੰ ਨਕੇਲ ਪਵੇਗੀ। ਆਗੂਆਂ ਨੇ ਕਿਹਾ ਕਿ ਜਿਨ੍ਹਾਂ ਕੋਲ ਕਾਲਾ ਧਨ ਹੈ, ਉਹ ਉਸ ਨੂੰ ਬਦੇਸ਼ੀ ਬੈਂਕਾਂ ਵਿੱਚ ਰੱਖ ਰਹੇ ਹਨ। ਇਹ ਕਾਲਾ ਧਨ ਉਨ੍ਹਾਂ ਡਰੱਗ ਸਮਗਲਿੰਗ ਅਤੇ ਬੇਨਾਮੀ ਜਾਇਦਾਦਾਂ 'ਤੇ ਲਾਇਆ ਹੋਇਆ ਹੈ। ਵੱਡੇ ਕਾਰੋਬਾਰੀ ਘਰਾਣੇ ਪਬਲਿਕ ਸੈਕਟਰ ਦੀਆਂ ਬੈਂਕਾਂ ਦੇ ਲੱਖਾਂ ਕਰੋੜਾਂ ਰੁਪਏ ਹੜੱਪ ਗਏ ਹਨ। ਪਰ ਇਸ ਦੇ ਬਾਵਜੂਦ ਮੋਦੀ ਸਰਕਾਰ ਨੇ ਇਨ੍ਹਾਂ ਵੱਡੇ ਘਰਾਣਿਆਂ ਦਾ 1.14 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਲਿਆ ਹੈ। ਇਸ ਤਰ੍ਹਾਂ ਮੋਦੀ ਸਰਕਾਰ ਨੇ ਇਨ੍ਹਾਂ ਘਰਾਣਿਆਂ ਨੂੰ ਜਨਤਕ ਧਨ ਲੁੱਟਣ 'ਚ ਖੁੱਲ੍ਹੀ ਮਦਦ ਕੀਤੀ ਹੈ। 
ਖੱਬੀਆਂ ਪਾਰਟੀਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਬੈਂਕਾਂ, ਡਾਕਘਰਾਂ ਅਤੇ ਏ ਟੀ ਐੱਮ ਮਸ਼ੀਨਾਂ 'ਚ ਕਰੰਸੀ ਨੋਟ ਢੁੱਕਵੀਂ ਮਾਤਰਾ 'ਚ ਉਪਲੱਬਧ ਕਰਵਾਏ ਜਾਣ ਤਾਂ ਕਿ ਆਮ ਲੋਕ ਆਪਣੀਆਂ ਨਿੱਤ ਵਰਤੋਂ ਦੀਆਂ ਲੋੜਾਂ ਅਸਾਨੀ ਨਾਲ ਪੂਰੀਆਂ ਕਰ ਸਕਣ। ਜਦ ਤੱਕ ਨਵੀਂ ਕਰੰਸੀ ਸਹੀ ਮਾਤਰਾ ਵਿੱਚ ਉਪਲੱਬਧ ਨਹੀਂ ਹੋ ਜਾਂਦੀ, ਤੱਦ ਤੱਕ ਪੁਰਾਣੇ ਨੋਟ ਵਰਤਣ ਦੀ ਇਜਾਜ਼ਤ ਦਿੱਤੀ ਜਾਵੇ। ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਦੋਖੀ, ਫਿਰਕੂ ਅਤੇ ਫਾਸ਼ੀਵਾਦੀ ਨੀਤੀਆਂ ਵਿਰੁੱਧ ਇੱਕਮੁੱਠ ਹੋ ਕੇ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ।
ਲੁਧਿਆਣਾ ਵਿੱਚ ਖੱਬੀਆਂ ਧਿਰਾਂ ਦਾ ਵਿਰੋਧ ਪਹਿਲਾਂ ਰੇਲਵੇ ਸਟੇਸ਼ਨ ਤੇ ਹੋਈ ਰੈਲੀ ਵਿੱਚ ਪ੍ਰਗਟ  ਕਰੀਬ ਤਿੰਨ ਘੰਟਿਆਂ ਤੱਕ ਚੱਲੀ। ਇਸ ਤੋਂ ਬਾਅਦ ਖੱਬੀਆਂ ਧਿਰਾਂ ਦੇ ਸਾਰੇ ਵਰਕਰ ਬੜੇ ਹੀ ਅਮਨ ਅਮਾਨ ਨਾਲ ਘੰਟਾ ਘਰ ਤੀਕ  ਗਏ ਜਿੱਥੇ ਕਾਫੀ ਦੇਰ ਨਾਅਰੇਬਾਜ਼ੀ ਹੋਈ। 

No comments: