Saturday, November 12, 2016

ਪੰਜਾਬੀ ਭਵਨ ਵਿੱਚ ਹੋਇਆ ਸੁਰਮਈ ਸ਼ਾਮ ਦਾ ਆਯੋਜਨ

ਅਲੀ ਭਰਾਵਾਂ ਨੇ ਸੂਫ਼ੀ ਕਲਾਮ ਦੇ ਨਾਲ ਨਾਲ ਸਾਹਿਤਿਕ ਰੰਗ ਵੀ ਬੰਨਿਆ 
ਲੁਧਿਆਣਾ: 12 ਨਵੰਬਰ 2016: (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਅੱਜ ਪੰਜਾਬੀ ਭਵਨ ਵਿੱਚ ਸੁਰਮਈ ਸ਼ਾਮ ਸੀ। ਅਲੀ ਬ੍ਰਦਰਜ਼ ਨੇ ਆਪਣੀ ਜਾਣੀ ਪਛਾਣੀ ਗਾਇਕੀ ਨਾਲ ਸੂਫ਼ੀਆਨਾ ਕਲਾਮ ਦੇ ਨਾਲ ਨਾਲ ਸਾਹਿਤਿਕ ਗਾਇਕੀ ਦਾ ਵੀ ਚੰਗਾ ਰੰਗ ਬੰਨਿਆ। ਅਚਾਨਕ ਮੌਸਮ ਦੀ ਖਰਾਬੀ ਅਤੇ ਬੈਂਕਾਂ ਵਿੱਚ ਨੋਟਾਂ ਦੇ ਚੱਕਰਾਂ ਵਿੱਚ ਪਏ ਸਰੋਤੇ ਭਾਵੇਂ ਘੱਟ ਸਨ ਪਰ ਜਿਹੜੇ ਮੌਜੂਦ ਸਨ ਉਹ ਇਸਦਾ ਪੂਰਾ ਲੁਤਫ਼ ਉਠਾ ਰਹੇ ਸਨ। ਹਲਕੀ ਜਿਹੀ ਬਰਸਾਤ ਅਤੇ ਵਾਤਾਵਰਣ  ਵਿੱਚ ਵਧੀ ਠੰਡਕ ਨੇ ਇਸ ਸੁਰਮਈ ਸ਼ਾਮ ਦਾ ਮਜ਼ਾ ਹੋਰ ਵਧਾ ਦਿੱਤਾ ਸੀ। ਗੁਰਚਰਨ ਕੌਰ ਕੋਚਰ ਅਤੇ ਪ੍ਰਿੰਸੀਪਲ ਇੰਦਰਪ੍ਰੀਤ ਆਉਣ ਵਿੱਚ ਦੇਰ ਹੋ ਜਾਣ ਕਾਰਣ ਉਦਾਸ ਸਨ ਕਿ ਉਹ ਕਾਫੀ ਕੁਝ ਨਹੀਂ ਸੁਣ ਸਕੇ। ਨਾਮਧਾਰੀ ਸਿੰਘ ਨੇ ਨੋਟ ਵਾਰ ਕੇ ਇਸ ਮਹਿਫ਼ਿਲ ਵਿੱਚ ਹੋਰ ਜਾਨ ਲੈ ਆਂਦੀ। ਗੁਲਜ਼ਾਰ ਪੰਧੇਰ ਹੁਰਾਂ ਦੀ ਥਕਾਵਟ ਵੀ ਕਿਸੇ ਅਲੌਕਿਕ ਤਾਜ਼ਗੀ ਵਿੱਚ ਬਦਲ ਰਹੀ ਸੀ। ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾਕਟਰ ਸੁਰਜੀਤ ਸਿੰਘ ਹੁਰਾਂ ਦੇ ਚਿਹਰੇ ਉੱਤੇ ਸੰਗੀਤਕ ਜਾਦੂ ਆਪਣਾ ਰੰਗ ਦਿਖਾ ਰਿਹਾ ਸੀ। ਕੁਲ ਮਿਲਾ ਕੇ ਸਾਰਾ ਹਾਲ ਕਿਸੇ ਵੱਖਰੇ ਆਲਮ ਵਿੱਚ ਗੁਆਚਿਆ ਹੋਇਆ ਸੀ। 

No comments: