Friday, November 25, 2016

ਸ੍ਰੀਮਤੀ ਪ੍ਰਭਜੋਤ ਕੌਰ ਦੇ ਦੇਹਾਂਤ ’ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ

Fri, Nov 25, 2016 at 2:44 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਸਿੱਧ ਲੇਖਿਕਾ ਵੱਲੋਂ ਸ਼ਰਧਾਂਜਲੀ 
                                                                                                                                                                   Courtesy photos
ਲੁਧਿਆਣਾ: 25 ਨਵੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ ਦੇ ਅਹੁਦੇਦਾਰ ਅਤੇ ਸਮੂਹ ਮੈਂਬਰਾਂ ਵੱਲੋਂ ਸ੍ਰੀਮਤੀ ਪ੍ਰਭਜੋਤ ਕੌਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਬੀਤੇ ਦਿਨ ਸ੍ਰੀਮਤੀ ਪ੍ਰਭਜੋਤ ਕੌਰ 92ਵੇਂ ਸਾਲ ਦੀ ਉਮਰ ਵਿਚ ਵਿਛੋੜਾ ਦੇ ਗਏ ਹਨ। ਚੇਤੇ ਰਹੇ ਕਿ 6 ਜੁਲਾਈ 1924 ਨੂੰ ਗੁਜਰਾਤ ਵਿੱਚ ਜੰਮੀ ਪ੍ਰਭਜੋਤ ਕੌਰ ਦੇ 24 ਨਵੰਬਰ 2016 ਨੂੰ ਹੋਏ ਦੇਹਾਂਤ ਨਾਲ ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। 
ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਭਜੋਤ ਕੌਰ ਅਤੇ ਕਰਨਲ ਨਰਿੰਦਰਪਾਲ ਸਿੰਘ ਉਹ ਸਾਹਿਤਕ ਜੋੜੀ ਸੀ ਜਿਸ ਨੇ ਆਪਣੇ ਸਮਿਆਂ ਵਿਚ ਸਿਰਜਣਾਤਮਕ ਸਾਹਿਤ ਰਾਹੀਂ ਸਿਖ਼ਰਾਂ ਨੂੰ ਛੋਹਿਆ। ਜ਼ਿਕਰਯੋਗ ਹੈ ਕਿ ਜਦੋਂ ਕਰਨਲ ਨਰਿੰਦਰਪਾਲ ਸਿੰਘ ਹੁਰਾਂ ਦੇ ਨਾਵਲ ਬਾਮੁਲਾਹਜ਼ਾ ਹੋਸ਼ਿਆਰ ਨੂੰ ਇਨਾਮ ਮਿਲਿਆ ਤਾਂ ਕਾਫੀ ਵਿਵਾਦ ਵੀ ਖੜਾ ਹੋਇਆ। ਉਸ ਵੇਲੇ ਸਾਹਿਤਿਕ ਹਲਕੇ ਕਰਨਲ ਨਰਿੰਦਰ ਪਾਲ ਸਿੰਘ ਦੇ ਹੱਕ ਅਤੇ ਵਿਰੋਧ ਵਿੱਚ ਵੰਡੇ ਗਏ ਸਨ। ਇੱਕ ਪ੍ਰਸਿੱਧ ਪੰਜਾਬੀ ਅਖਬਾਰ ਦਾ ਵੱਡਾ ਹਿੱਸਾ ਕਰਨਲ ਨਰਿੰਦਰਪਾਲ ਸਿੰਘ ਦੇ ਵਿਰੋਧ ਵਿੱਚ ਲਗਾਤਾਰ ਖਬਰਾਂ ਛਾਪ ਰਿਹਾ ਸੀ। ਉਸ ਵੇਲੇ ਪ੍ਰਭਜੋਤ ਕੌਰ ਨੇ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ ਅਤੇ ਇਸ ਵਿਵਾਦ ਵਿੱਚ ਡਟ ਕੇ ਸਟੈਂਡ ਲਿਆ।  ਇਹ ਇੱਕ ਵਿਗਿਆਨਕ ਜਿਹੀ ਕਹਾਣੀ ਸੀ ਜਿਸ ਵਿੱਚ ਇੱਕ ਤਰਾਂ ਨਾਲ ਇੱਕ ਭਵਿੱਖਬਾਣੀ ਵੀ ਕੀਤੀ ਗਈ ਸੀ ਕਿ ਛੇਤੀ ਹੀ ਇੱਕ ਭਿਆਨਕ ਰੋਗ ਇੱਕ ਮਹਾਂਮਾਰੀ ਬਣ ਕੇ ਛਾ ਜਾਵੇਗਾ। ਬਾਅਦ ਵਿੱਚ ਏਡਜ਼ ਹੀ ਇਹ ਬਿਮਾਰੀ ਬਣ ਕੇ ਸਾਹਮਣੇ ਆਈ। ਬਾਅਦ ਵਿੱਚ ਉਮਰ ਦੇ ਅਖੀਰਲੇ ਦੌਰ ਵਿੱਚ ਇਹ ਸਬੰਧ ਬਹੁਤ ਹੀ ਅਣਸੁਖਾਵੇਂ ਰਹੇ। ਦਰਸ਼ਨ ਸਿੰਘ ਇਸ ਬਾਰੇ ਲਿਖਦੇ ਹਨ: ਪ੍ਰਭਜੋਤ ਨੂੰ ਨਰਿੰਦਰਪਾਲ ਨਾਲ ਸਾਰੀ ਉਮਰ ਗਿਲੇ-ਸ਼ਿਕਵੇ ਰਹੇ। ਆਪੋ ਵਿਚ ਝਗੜੇ ਵੀ ਹੁੰਦੇ ਰਹੇ। ਹੱਥ ਵੀ ਉਠੇ। ਮੁਕੱਦਮੇ ਵੀ ਚੱਲੇ। ਇਕ-ਦੂਜੇ ਨੂੰ ਜੋ ਮੰਦੇ ਤੋਂ ਮੰਦਾ ਬੋਲਿਆ ਜਾ ਸਕਦਾ ਸੀ, ਉਹ ਵੀ ਬੋਲਿਆ ਗਿਆ। ਪ੍ਰਭਜੋਤ ਨੇ ਆਪਣੀ ਇਕ ਲਿਖਤ ’ਚ ਉਹਦੀ ਤੁਲਨਾ ਫ਼ਨੀਅਰ ਸੱਪ ਨਾਲ ਕੀਤੀ। ਉਹਦੇ ਨਰਿੰਦਰਪਾਲ ਨਾਲ ਅਖੀਰਲੇ ਦਿਨ ਬੜੇ ਮਾੜੇ ਲੰਘੇ। ਏਸ ਕਰਕੇ ਵੀ ਕਿ ਨਰਿੰਦਰਪਾਲ ਨੂੰ ਕਿਸਮ-ਕਿਸਮ ਦੀਆਂ ਬਿਮਾਰੀਆਂ ਨੇ ਨੂੜਿਆ ਹੋਇਆ ਸੀ ਤੇ ਉਹਦਾ ਮਾਨਸਿਕ ਤਵਾਜ਼ਨ ਵੀ ਠੀਕ ਨਹੀਂ ਸੀ ਰਿਹਾ।ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਪ੍ਰਭਜੋਤ ਕੌਰ ਨੂੰ 1964 ਵਿਚ ਉਨ੍ਹਾਂ ਦੀ ਪੁਸਤਕ "ਪੱਬੀ" ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਪੁਸਤਕਾਂ ਦਾ ਵਿਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਵੀ ਪਾਠਕਾਂ ਵੱਲੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਪੁਰਸਕਾਰ ਹੀ ਸੀ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 1967 ਵਿਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਅਤੇ 1966 ਵਿਚ ਉਹ ਪੰਜਾਬ ਵਿਧਾਨ ਪਰਿਸ਼ਦ ਦੇ ਮੈਂਬਰ ਬਣੇ। ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਸੰਨ 1943 ਵਿੱਚ ਛਪਿਆ ਸੀ। ਉਹਨਾਂ ਵੱਲੋਂ ਕੱਢਿਆ ਜਾਂਦਾ ਪੰਜਾਬੀ ਸਾਹਿਤਿਕ ਪਰਚਾ "ਵਿਕੇਂਦ੍ਰਿਤ" ਅਤੇ ਅੰਗਰੇਜ਼ੀ ਪਰਚਾ "Bywords" ਬਹੁਤ ਹਰਮਨ ਪਿਆਰੇ ਬਣੇ। ਇਹਨਾਂ ਦੋਹਾਂ ਪਰਚਿਆਂ ਵਿੱਚ ਨਵੀਆਂ ਕਲਮਾਂ ਨੂੰ ਉਚੇਚੀ ਥਾਂ ਦਿੱਤੀ ਜਾਂਦੀ ਸੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਅਜ਼ੀਮ ਸ਼ਖ਼ਸੀਅਤ ਦਾ ਸਾਡੇ ਵਿਚੋਂ ਤੁਰ ਜਾਣ ਨਾਲ ਵੱਡਾ ਸਾਹਿਤਕ ਖੱਪਾ ਪੈਦਾ ਹੋ ਜਾਵੇਗਾ। ਉਨ੍ਹਾਂ ਦਸਿਆ ਇਨ੍ਹਾਂ ਦੀਆਂ ਦੋਵੇਂ ਬੇਟੀਆਂ ਨਿਰੂਪਮਾ ਅਤੇ ਅਨੂਪਮਾ ਕ੍ਰਮਵਾਰ ਸ਼ਾਇਰੀ ਤੇ ਚਿੱਤਰਕਾਰੀ ਰਾਹੀਂ ਕੋਮਲ ਕਲਾਵਾਂ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ।

ਅਫ਼ਸੋਸ ਪ੍ਰਗਟ ਕਰਨ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਨਰਿੰਜਨ ਤਸਨੀਮ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਡਾ. ਸਰੂਪ ਸਿੰਘ ਅਲੱਗ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਸਿੰਘ ਧਨੋਆ, ਦੇਵਿੰਦਰ ਦਿਲਰੂਪ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਅਜੀਤ ਪਿਆਸਾ ਸਮੇਤ ਸਥਾਨਕ ਲੇਖਕ ਸ਼ਾਮਲ ਸਨ।

No comments: