Saturday, November 19, 2016

ਜ਼ੀ ਟੀਵੀ ਨੇ ਕੀਤਾ ਲੋਕ ਭਲੇ ਲਈ ਕੰਮ ਕਰਦੇ ਡਾਕਟਰਾਂ ਦਾ ਸਨਮਾਨ

ਸਨਮਾਨਿਤ ਡਾਕਟਰਾਂ 'ਚ ਲੁਧਿਆਣਾ ਦੇ ਡਾਕਟਰ ਰਮੇਸ਼ ਮਨਸੂਰਾਂ ਵੀ ਸ਼ਾਮਿਲ 
ਚੰਡੀਗੜ੍ਹ: 18 ਨਵੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ);
ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਇਸਦੇ ਨਾਲ ਨਾਲ ਵਿਕਸਿਤ ਹੋ ਰਹੀ ਕਾਰੋਬਾਰੀ ਮੁਨਾਫ਼ੇ ਦੀ ਸੋਚ ਦੇ ਇਸ ਯੁਗ ਵਿੱਚ ਕੋਈ ਵਿਅਕਤੀ ਨਫ਼ੇ ਨੁਕਸਾਨ ਤੋਂ ਉੱਪਰ ਉੱਠ ਕੇ ਕੰਮ ਕਰੇ ਅਜਿਹਾ ਸੰਭਵ ਨਹੀਂ ਲੱਗਦਾ ਪਰ ਜ਼ੀ ਪੰਜਾਬੀ ਨੇ ਕੁਝ ਅਜਿਹੇ ਡਾਕਟਰ ਲੱਭੇ ਹਨ ਜਿਹਨਾਂ ਨੇ ਸਿਰਫ ਨਰ ਸੇਵਾ ਨੂੰ ਨਰੈਣ ਸੇਵਾ ਸਮਝਿਆ ਅਤੇ ਆਪਣੇ ਕਿੱਤੇ ਦੇ ਗਿਆਨ ਨਾਲ ਲੋਕਾਂ ਨੂੰ ਲਾਭ ਪਹੁੰਚਾਇਆ। ਅਜਿਹੇ ਡਾਕਟਰਾਂ ਨੂੰ ਸ਼ੁੱਕਰਵਾਰ 18 ਨਵੰਬਰ ਵਾਲੇ ਦਿਨ ਚੰਡੀਗੜ੍ਹ ਵਿੱਚ ਸਨਮਾਨਿਤ ਵੀ ਕੀਤਾ ਗਿਆ। ਰਾਜੀਵ ਗਾਂਧੀ ਆਈਟੀ ਪਾਰਕ ਵਿੱਚ ਸਥਿਤ ਹੋਟਲ ਦ ਲਲਿਤ ਵਿੱਚ ਢਾਈ ਤਿੰਨ ਘੰਟਿਆਂ ਦੇ ਇਸ ਲਾਈਵ ਸ਼ੋ ਵਿੱਚ ਬੜੇ ਗਿਣੇ ਚੁਣੇ ਮਹਿਮਾਨ ਬੁਲਾਏ ਗਏ ਸਨ। ਜ਼ੀ ਟੀਵੀ ਦੇ ਸਟਾਫ ਨੇ ਆਪਣੀ ਪ੍ਰੰਪਰਾ ਅਤੇ ਰਵਾਇਤ ਮੁਤਾਬਿਕ ਬੜੇ ਹੀ ਸਲੀਕੇ ਨਾਲ ਸਤਿ ਸ੍ਰੀ ਅਕਾਲ ਨਾਲ ਪ੍ਰੋਗਰਾਮ ਸ਼ੁਰੂ ਕੀਤਾ। ਜਿਹਨਾਂ ਚੁਣੇ ਗਏ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਚੋਂ ਕੁਝ ਕੁ ਦੇ ਪ੍ਰੋਫ਼ਾਈਲ ਵੀ ਰਿਪੋਰਟ ਕਾਰਡ ਵੱਜੋਂ ਦਿਖਾਏ ਗਏ। ਇਹਨਾਂ ਵਿੱਚ ਕੁਝ ਸਰਕਾਰੀ ਡਾਕਟਰ ਸਨ ਅਤੇ ਕੁਝ ਨਿਜੀ ਪ੍ਰੈਕਟਿਸ ਕਰਨ ਵਾਲੇ। ਸਨਮਾਨ ਲਈ ਸਿਰਫ ਇੱਕੋ ਗੱਲ ਦੇਖੀ ਗਈ ਕਿ ਉਹਨਾਂ ਨੇ ਆਮ ਲੋਕਾਂ ਦੇ ਭਲੇ ਲਈ ਕੀ ਕੀਤਾ ਹੈ। ਇਸ ਮੌਕੇ ਲੁਧਿਆਣਾ ਦੇ ਡਾਕਟਰ ਰਮੇਸ਼ (ਮਨਸੂਰਾਂ), ਅੰਮ੍ਰਿਤਸਰ ਦੇ ਡਾਕਟਰ ਸਤਨਾਮ ਸਿੰਘ ਗਿੱਲ, ਪਠਾਨਕੋਟ ਦੇ ਡਾਕਟਰ ਭੁਪਿੰਦਰ ਸਿੰਘ, ਤਲਵੰਡੀ ਸਾਬੋ ਦੀ ਡਾਕਟਰ ਸੋਨੀਆ ਗੁਪਤਾ ਅਤੇ ਮੋਹਾਲੀ ਦੀ ਡਾਕਟਰ ਬਲਦੀਪ ਕੌਰ ਵੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਸੁਰਜੀਤ ਜਿਆਣੀ ਵੀ ਉਚੇਚੇ ਤੌਰ ਤੇ ਪੁੱਜੇ ਅਤੇ ਪ੍ਰੋਗਰਾਮ ਦੇ ਖਤਮ ਹੋਣ ਤੀਕਰ ਉੱਥੇ ਮੌਜੂਦ ਰਹੇ। ਸਮਾਗਮ ਯਾਦਗਾਰੀ ਸੀ ਅਤੇ ਉੱਥੇ ਮੌਜੂਦ ਦਰਸ਼ਕਾਂ ਨੇ ਵੀ ਇਸਨੂੰ ਇੱਕ ਸੁਰ ਹੋ ਇਕ ਕੇ ਦੇਖਿਆ। 
ਉਹਨਾਂ ਸਨਮਾਨਿਤ ਕੀਤੇ ਗਏ ਡਾਕਟਰਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਬਾਕੀਆਂ ਨੂੰ ਵੀ ਇਸ ਸਨਮਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਲੋਕ ਸੇਵਾ ਦੇ ਕੰਮ ਨੂੰ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ।
ਇਸਦੇ ਨਾਲ ਹੀ ਉਹਨਾਂ ਪੁਰਾਣੇ ਯੁਗ ਦੀ ਯਾਦ ਵੀ ਤਾਜ਼ਾ ਕਰੈ ਅਤੇ ਕਿਹਾ ਕਿ ਮਸ਼ੀਨਰੀ ਅਤੇ ਤਕਨੀਕ ਵਿੱਚ ਹੋਈ ਤਰੱਕੀ ਦੇ ਨਾਲ ਨਾਲ ਸਾਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਦੀ ਅਮੀਰੀ ਵੀ ਯਾਦ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਭੁਲਾਉਣਾ ਨਹੀਂ ਚਾਹੀਦਾ। ਉਹਨਾਂ ਦੱਸਿਆ ਕਿ ਸਾਡੇ ਜ਼ਮਾਨੇ ਵਿੱਚ ਜਦੋਂ ਕੋਈ ਮਰੀਜ਼ ਡਾਕਟਰ ਕੋਲ ਜਾਂਦਾ ਤਾਂ ਡਾਕਟਰਾਂ ਵੱਲੋਂ ਵੀ ਉਸ ਨੂੰ ਦੁੱਧ ਘਿਓ ਦੀ ਵਰਤੋਂ ਕਰਨ ਅਤੇ ਆਪਣੀ ਖੁਰਾਕ ਵੱਲ ਉਚੇਚਾ ਧਿਆਨ ਦੇਣ ਲਈ ਕਿਹਾ ਜਾਂਦਾ ਪਰ ਹੁਣ ਇਸਦੇ ਉਲਟ ਵਰਤਾਰਾ ਸਾਹਮਣੇ ਆ ਰਿਹਾ ਹੈ। ਮਰੀਜ਼ ਨੂੰ ਕਿਹਾ ਜਾਂਦਾ ਹੈ ਕਿ ਦੁੱਧ ਨਹੀਂ ਪੀਣਾ--ਘਿਓ ਨਹੀਂ ਖਾਣਾ ਵਗੈਰਾ ਵਗੈਰਾ। ਸੋ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। 
ਸਨਮਾਨਿਤ ਡਾਕਟਰਾਂ ਵਿੱਚੋਂ ਕਈਆਂ ਨੇ ਇਸ ਮੌਕੇ ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਆਪਣਾ ਲੋਕ ਸੇਵਾ ਦਾ ਸੰਕਲਪ ਵੀ ਦੁਹਰਾਇਆ। ਉਹਨਾਂ ਜੀਟੀਵੀ ਦੇ ਇਸ ਉਪਰਾਲੇ ਨੂੰ ਵੀ ਸ਼ਲਾਘਾਯੋਗ ਦੱਸਿਆ ਅਤੇ ਸਨਮਾਨ ਲਈ ਧੰਨਵਾਦ ਵੀ ਕੀਤਾ। 
ਇਸ ਮੌਕੇ ਆਯੂਰਵੈਦ ਦੇ ਖੇਤਰ ਵਿੱਚ ਸਰਗਰਮ ਡਾਕਟਰ ਬਲਦੀਪ ਕੌਰ ਦਾ ਵੀ ਸਨਮਾਨ ਕੀਤਾ ਗਿਆ। ਉਹਨਾਂ  ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਕਿਹਾ ਆਯੂਰਵੈਦ ਬਾਰੇ ਲੋਕਾਂ ਵਿੱਚ ਖਿਹਿੱਚ ਵਧੀ ਹੈ।  ਹੁਣ ਵਧੇਰੇ ਲੋਕ ਇਸ ਵੱਲ ਆਕਰਸ਼ਿਤ ਹੋ ਰਹੇ ਹਨ। ਉਹਨਾਂ ਇਸ ਬਾਰੇ ਸਰਕਾਰ ਦੀਆਂ ਨੀਤੀਆਂ ਨੂੰ ਵੀ ਸ਼ਲਾਘਾਯੋਗ ਦੱਸਿਆ।

No comments: