Thursday, November 17, 2016

ਨੋਟਬੰਦੀ ਵਿਰੁੱਧ ਦੇਸ਼ਭਰ 'ਚ ਵਿਆਪਕ ਸੰਘਰਸ਼ ਵਿੱਢੋ!

ਸਾਰੇ ਬੈਂਕਾਂ ਨੂੰ ਕਿਰਤੀ ਲੋਕਾਂ ਦੇ ਕੰਟਰੋਲ 'ਚ ਦਿਉ!
ਅਡਾਨੀ-ਅੰਬਾਨੀ ਦੁਆਰਾ ਨਿਰਦੇਸ਼ਿਤ ਮੋਦੀ ਸਰਕਾਰ ਨੇ, ਨੋਟਬੰਦੀ ਦੇ ਨਾਂ 'ਤੇ ਜਨ-ਧਨ 'ਤੇ ਖੁੱਲਾ ਹਮਲਾ ਬੋਲ ਦਿੱਤਾ ਹੈ. ਦਹਾਕਿਆਂ 'ਚ, ਆਮ ਮਿਹਨਤਕਸ਼ ਲੋਕਾਂ ਨੇ ਜੋ ਕੁਝ ਵੀ ਜੋੜਿਆ-ਬਚਾਇਆ ਸੀ, ਸਰਮਾਏਦਾਰਾਂ ਨੇ, ਉਸ ਸਾਰੇ ਕੁਝ ਨੂੰ ਠੱਗਣ ਲਈ ਜਾਲ ਵਿਛਾਇਆ ਹੈ.
ਸੱਤਾ ਅਤੇ ਸਰਕਾਰ ਦੇ ਸ਼ਿਖਰ 'ਤੇ ਬੈਠੇ ਲੋਕਾਂ ਨੇ, ਬੈਂਕਾਂ 'ਚ ਜਮਾਂ ਜਨ-ਧਨ ਤੋਂ, ਅੱਠ ਹਜ਼ਾਰ ਕਰੋੜ ਰੁਪਏ ਦੇ ਕੇ, ਸ਼ਰਾਬ ਵਪਾਰੀ ਵਿਜੈ ਮਾਲਿਆ ਨੂੰ ਮੁਲਕੋਂ ਭੱਜਾ ਦਿੱਤਾ. ਬੀਤੇ 15 ਨਵੰਬਰ ਨੂੰ ਹੀ ਗੌਤਮ ਅਡਾਨੀ ਨੂੰ ਉਸ ਤੋਂ ਵੀ ਵੱਡਾ ਪੈਕੇਜ ਦਿੱਤਾ ਹੈ. ਬੈਂਕਾਂ 'ਚ ਜਮਾਂ, ਬਾਕੀ ਲੱਖਾਂ-ਲੱਖ ਕਰੋੜ ਜਨ-ਧਨ ਦੀ ਵੀ ਇਸ ਤਰਾਂ, ਕਾਰਪੋਰੇਟ, ਮੁਨਾਫਾਖੋਰ ਅਤੇ ਵੱਡੇ ਸਰਮਾਏਦਾਰਾਂ ਵਿਚਾਲੇ ਕਰਜਿਆਂ ਅਤੇ ਰਿਆਇਤਾਂ ਵਜੋਂ ਬਾਂਦਰਵੰਡ ਕੀਤੀ ਜਾ ਰਹੀ ਹੈ.
ਦਹਾਕਿਆਂ ਤੋਂ, ਇਕ ਮਗਰੋਂ ਇਕ ਸੱਤਾ 'ਚ ਆਈਆਂ, ਸਰਮਾਏਦਾਰਾਂ ਦੀਆਂ ਦਲਾਲ ਸਰਕਾਰਾਂ ਦੀਆਂ ਇਹਨਾਂ ਨੀਤੀਆਂ ਦੇ ਚਲਦਿਆਂ, ਇਸ ਸਾਲ ਦੇ ਅੱਧ ਤੱਕ ਸਰਕਾਰੀ ਖਜਾਨੇ ਅਤੇ ਬੈਂਕ ਪੂਰੀ ਤਰਾਂ ਖਾਲੀ ਹੋ ਚੁੱਕੇ ਸਨ. ਇਸ ਤਿਮਾਹੀ 'ਚ ਇੱਕਲੇ ਸਟੇਟ ਬੈਂਕ ਦਾ ਹੀ ਘਾਟਾ ਸੌ ਫੀਸਦੀ ਨੂੰ ਛੂਹ ਰਿਹਾ ਸੀ. ਲੋਕਾਂ ਦੇ ਖ਼ੂਨ-ਪਸੀਨੇ ਦੀ ਜਮਾਂ ਕੀਤੀ ਕਮਾਈ ਸਰਮਾਏਦਾਰਾਂ, ਮੁਨਾਫ਼ਾਖੋਰਾਂ ਦੀਆਂ ਤਿਜੌਰੀਆਂ 'ਚ ਪਹੁੰਚ ਚੁੱਕੀ ਸੀ. ਲੁੱਟਣ ਲਈ ਬੈਂਕਾਂ 'ਚ, ਸਰਕਾਰੀ ਖਜਾਨਿਆਂ 'ਚ ਕੁੱਝ ਨਹੀਂ ਬਚਿਆ ਸੀ.
ਬੈਂਕਾਂ ਨੂੰ ਅਤੇ ਉਹਨਾਂ ਜ਼ਰੀਏ ਸਰਮਾਏਦਾਰਾਂ ਦੀ ਅਥਾਹ ਤਿਜੋਰੀਆਂ ਨੂੰ ਫਿਰ ਤੋਂ ਭਰਨ ਲਈ, ਮੋਦੀ ਸਰਕਾਰ ਨੇ ਆਮ ਮਿਹਨਤਕਸ਼ ਲੋਕਾਂ 'ਤੇ, ਜਨ-ਧਨ 'ਤੇ, ਖੁੱਲਾ ਹਮਲਾ ਬੋਲ ਦਿੱਤਾ ਹੈ. ਕਾਲੇ ਧਨ ਵਿਰੁੱਧ ਦਸਿਆ ਜਾ ਰਿਹਾ ਇਹ ਹਮਲਾ, ਅਸਲ 'ਚ ਸਰਕਾਰ ਦੇ ਮਾਲਿਕ ਕਾਲੇ ਧਨ ਵਾਲਿਆਂ ਦਾ ਲੋਕਾਂ 'ਤੇ ਖੁੱਲਾ ਹਮਲਾ ਹੈ.
ਕਾਲਾ ਧਨ ਅਤੇ ਕਾਲਾ ਕਾਰੋਬਾਰ, ਦੋਨੋਂ ਅਰਬਪਤੀਆਂ ਦੇ ਹੱਥਾਂ 'ਚ ਹਨ ਅਤੇ ਦਹਾਕਿਆਂ ਤੋਂ ਸਰਕਾਰਾਂ ਦੇ ਸ਼ਿਖਰ 'ਤੇ ਬੈਠੇ ਆਗੂਆਂ, ਅਫਸਰਾਂ ਦੀ ਮਿਲੀਭਗਤ ਨਾਲ਼ ਚਲਾਏ ਜਾਂਦੇ ਰਹੇ ਹਨ. ਕਾਲਾ ਧਨ, ਸਫ਼ੇਦ ਧਨ ਦਾ ਹੀ ਸਹਿ-ਉਤਪਾਦ ਹੈ, ਜਿਸ ਜ਼ਰੀਏ ਇਹਨਾਂ ਸਰਮਾਏਦਾਰਾਂ ਨੇ ਅਪਾਰ ਦੌਲਤ ਜਮਾਂ ਕੀਤੀ ਹੈ. ਦੇਸ਼ ਦੇ ਕਿਰਤੀ ਲੋਕਾਂ ਨੇ ਇਸਦਾ ਵਿਰੋਧ ਕੀਤਾ ਹੈ, ਪਰ ਸੱਤਾ-ਸਰਕਾਰਾਂ ਨੇ ਇਸਨੂੰ ਸੁਰਖਿਆ ਦਿੱਤੀ ਹੈ.
ਕਾਲੇ ਕਾਰੋਬਾਰ ਅਤੇ ਕਾਲੇ ਧਨ ਵਿਰੁੱਧ ਲੋਕਾਂ ਦਰਮਿਆਨ ਫੈਲੇ ਗੁੱਸੇ ਦਾ ਫਾਇਦਾ ਲੈ ਕੇ ਤਮਾਮ ਜਨ-ਧਨ ਨੂੰ ਹੜਪ ਲੈਣ ਦਾ ਮੱਕਾਰੀ ਭਰਿਆ ਮਾਸਟਰਪਲਾਨ ਮੋਦੀ ਸਰਕਾਰ ਨੇ ਤਿਆਰ ਕੀਤਾ ਹੈ. ਨੋਟਬੰਦੀ ਦੇ ਨਾਂ 'ਤੇ, ਤੁਹਾਡੇ ਘਰਾਂ 'ਚ ਜੋੜੇ-ਰੱਖੇ ਗਏ ਸਾਰੇ ਨੋਟਾਂ ਨੂੰ ਰਾਤੋਂ-ਰਾਤ ਅਚਨਚੇਤ ਗੈਰ-ਕਾਨੂੰਨੀ ਐਲਾਨ ਦਿੱਤਾ ਹੈ. ਤੁਹਾਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰੋਜ਼ ਲਾਈਨ ਲਗਾ ਕੇ ਇਸ ਧਨ ਨੂੰ ਬੈਂਕਾਂ ਨੂੰ ਸੌਂਪ ਦਿਉ. ਨਾਲ਼ ਹੀ. ਇਹਨਾਂ ਬੈਂਕਾਂ ਦੁਆਰਾ ਸਰਮਾਏਦਾਰਾਂ ਨੂੰ ਕਰਜ਼ੇ, ਸਬਸਿਡੀ ਖੁੱਲੇ ਹੱਥ ਵੰਡਣ ਦਾ ਕੰਮ ਪਹਿਲਾਂ ਵਾਂਗ ਹੀ ਬਦਸਤੂਰ ਜ਼ਾਰੀ ਹੈ. ਦੇਸ਼ 'ਚ ਮਿਹਨਤਕਸ਼ ਲੋਕਾਂ ਲਈ ਅਣਐਲਾਨੀ ਐਮਰਜੈਂਸੀ ਲੱਗਾ ਦਿੱਤੀ ਗਈ ਹੈ.
ਸਰਮਾਏਦਾਰਾਂ, ਮੁਨਾਫ਼ਾਖੋਰਾਂ ਦੀ ਦਲਾਲ, ਮੋਦੀ ਸਰਕਾਰ, ਲੋਕਾਂ 'ਤੇ, ਜਨ-ਧਨ 'ਤੇ ਬੇਲਗਾਮ ਹੋ ਕੇ ਟੁੱਟ ਪਈ ਹੈ ਤਾਂ ਕਿ ਸਰਮਾਏਦਾਰਾਂ ਦੀਆਂ ਤਿਜੋਰੀਆਂ ਨੂੰ ਛੱਲੋਛੱਲੀ ਭਰਿਆ ਜਾ ਸਕੇ.
ਕੰਮ ਧੰਦੇ ਅਤੇ ਅਰਥਚਾਰਾ ਪੂਰੀ ਤਰਾਂ ਠੱਪ ਹੋ ਚੁੱਕਿਆ ਹੈ, ਜਿਸਦੀ ਭਰਪਾਈ ਸੰਭਵ ਨਹੀਂ ਹੈ. ਮਿਹਨਤਕਸ਼ ਲੋਕ ਰੁਜ਼ਗਾਰ ਛੱਡ ਬੈਂਕਾਂ ਦੇ ਬਾਹਰ ਭਿਖਾਰੀਆਂ ਵਾਂਗ ਲਾਈਨ ਬੰਨੀ ਖੜੇ ਹਨ. ਇਹ ਲਾਈਨਾਂ ਆਏ ਦਿਨ ਵੱਧਦੀਆਂ ਜਾ ਰਹੀਆਂ ਹਨ. ਇਸ ਗੋਰਖਧੰਦੇ ਨੂੰ ਚਲਾਈ ਰੱਖਣ ਲਈ, ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ, ਸਰਕਾਰ ਝੂਠੇ ਲਾਰੇ ਲਾ ਰਹੀ ਹੈ.
ਸਰਕਾਰ ਅਤੇ ਵੱਡੇ ਬੈਂਕਰਾਂ ਦਰਮਿਆਨ ਗਹਿਰੀ ਮਿਲੀਭਗਤ ਹੈ. ਸਰਕਾਰੀ ਬੈਂਕਾਂ 'ਤੇ ਸਰਮਾਏਦਾਰਾਂ ਦੀ ਦਲਾਲ ਸਰਕਾਰ ਦਾ ਕਬਜ਼ਾ ਰਹਿੰਦੇ, ਉਹ ਸਰਮਾਏਦਾਰਾਂ ਦੀਆਂ ਨਿਜ਼ੀ ਤਿਜੌਰੀਆਂ 'ਚ ਬਦਲ ਗਏ ਹਨ. ਪੱਖ-ਵਿਰਧੀ ਪੱਖ ਦੀਆਂ, ਸੱਜੇ-ਖੱਬੇ ਪੱਖ ਦੀਆਂ ਸਭ ਪਾਰਟੀਆਂ, ਖੁੱਲੇ-ਛਿਪੇ, ਸਿੱਧੇ-ਟੇਢੇ, ਤੌਰ ਨਾਲ਼ ਇਸ ਲੋਕ ਵਿਰੋਧੀ ਗਠਜੋੜ ਨੂੰ ਮਦਦ ਦੇ ਰਹੀਆਂ ਹਨ. ਵਰਕਰਜ਼ ਸੋਸ਼ਲਿਸਟ ਪਾਰਟੀ, ਇਸ ਸਰਕਾਰੀ ਠੱਗੀ ਵਿਰੁੱਧ ਤੁਰੰਤ ਉਠ ਖੜੇ ਹੋਣ ਲਈ ਸਾਰੇ ਮਿਹਨਤਕਸ਼ ਲੋਕਾਂ ਨੂੰ ਲਲਕਾਰਦੀ ਹੈ, ਅਤੇ ਮੰਗ ਕਰਦੀ ਹੈ ਕਿ:
1. ਨੋਟਬੰਦੀ ਦੇ ਫ਼ੁਰਮਾਨ ਨੂੰ ਤੁਰੰਤ ਰੱਦ ਕੀਤਾ ਜਾਏ.
2. ਦੇਸ਼ੀ-ਵਿਦੇਸ਼ੀ, ਸਾਰੇ ਨਿਜ਼ੀ ਬੈਂਕਾਂ ਦਾ, ਬਿਨਾ ਮੁਆਵਜਾ, ਤੁਰੰਤ ਕੌਮੀਕਰਨ ਹੋਵੇ.
3. ਸਾਰੇ ਬੈਂਕਾਂ ਨੂੰ ਮਜ਼ਦੂਰਾਂ ਦੇ ਸਿੱਧੇ ਕੰਟਰੋਲ 'ਚ ਰਖਿਆ ਜਾਏ.
ਇਹਨਾਂ ਮੰਗਾਂ ਨੂੰ ਲੈ ਕੇ, ਪੂਰੇ ਮੂਲਕ 'ਚ ਪ੍ਰਦਰਸ਼ਨ ਕਰੋ ਅਤੇ ਸਰਮਾਏਦਾਰਾਂ ਦੀ ਦਲਾਲ ਮੋਦੀ ਸਰਕਾਰ ਨੂੰ ਬਾਹਰ ਖਦੇੜ ਕੇ ਮਜ਼ਦੂਰ ਕਿਸਾਨ ਸਰਕਾਰ ਦੀ ਸਥਾਪਨਾ ਲਈ ਅੱਗੇ ਵਧੋ.
ਵਰਕਰਜ਼ ਸੋਸ਼ਲਿਸਟ ਪਾਰਟੀ, ਸੰਪਰਕ 09810081383

No comments: