Friday, November 11, 2016

ਹਿਮਾਂਸ਼ੂ ਕੁਮਾਰ ਵੱਲੋਂ ਲੁਧਿਆਣਾ ਵਿੱਚ ਬਸਤਰ ਬਾਰੇ ਸਨਸਨੀਖੇਜ਼ ਖੁਲਾਸੇ

12 ਨਵੰਬਰ ਨੂੰ ਪੰਜਾਬੀ ਭਵਨ ਕਨਵੈਨਸ਼ਨ ਵਿੱਚ ਹੋਣਗੇ ਸ਼ਾਮਲ
ਲੁਧਿਆਣਾ: 11 ਨਵੰਬਰ 2016: (ਪੰਜਾਬ ਸਕਰੀਨ ਬਿਊਰੋ): 
ਕਦੇ ਕੈਫ਼ੀ ਆਜ਼ਮੀ ਸਾਹਿਬ ਨੇ ਲਿਖਿਆ ਸੀ-
ਵੋ ਤੇਗ ਮਿਲ ਗਈ, ਜਿਸ ਸੇ ਹੂਆ ਥਾਂ ਕਤਲ ਮਿਰਾ,
ਕਿਸੀ ਕੇ ਹੱਥ ਕਾ ਉਸ ਪਰ ਨਿਸ਼ਾਂ  ਨਹੀਂ ਮਿਲਤਾ!
ਆਦਿਵਾਸੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਦੇ ਕਤਲਾਂ ਦੇ ਨਿਸ਼ਾਨਾਂ ਨੂੰ ਲੱਭਣ ਲਈ ਜਿਹੜੇ ਲੋਕ ਸਰਗਰਮ ਹਨ ਉਹਨਾਂ ਵਿੱਚ ਇੱਕ ਨਾਮ ਜਨਾਬ ਹਿਮਾਂਸ਼ੂ ਕੁਮਾਰ ਦਾ ਵੀ ਹੈ। ਉਹੀ ਹਿਮਾਂਸ਼ੂ ਕੁਮਾਰ ਜਿਸਨੂੰ ਚਰਖੇ ਦੀ ਘੂਕ ਵਿੱਚੋਂ ਜ਼ਿੰਦਗੀ ਦਾ ਸੰਗੀਤ ਸੁਣਾਈ ਦੇਂਦਾ ਹੈ। ਮਾਮਲਾ ਉੱਥੇ ਆ ਕੇ ਵਿਗੜਦਾ ਹੈ ਜਦੋਂ ਪੁਲਿਸ ਦੀਆਂ ਜੀਪਾਂ ਦੀ ਆਵਾਜ਼, ਗੋਲੀਆਂ ਦੀ ਤਾੜ ਤਾੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਇਸ ਸੰਗੀਤ ਨੂੰ ਸੋਗੀ ਬਣਾਉਂਦੀਆਂ ਹਨ। ਮਾਓਵਾਦੀ ਕਹਿ ਕੇ ਕਿਸੇ ਨੂੰ ਵੀ ਚੁੱਕ ਲੈਣਾ ਜਾਂ ਗੋਲੀ ਨਾਲ ਉਡਾ ਦੇਣਾ ਜਾਂ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਉਣਾ ਕਿ ਅਸਾਂ ਕੰਮ ਹੁੰਦਾ ਹੈ? ਅੱਜ ਲੁਧਿਆਣਾ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਜਨਾਬ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਛਤੀਸਗੜ੍ਹ ਦੇ ਬਸਤਰ ਜ਼ਿਲੇ ਵਿੱਚ ਇਹ ਸਭ ਇੱਕ ਆਮ ਗੱਲ ਬਣ ਚੁੱਕੀ ਹੈ। ਉਹ ਇਥੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹਨ ਜਿਹੜਾ ਕੱਲ੍ਹ ਨੂੰ ਪੰਜਾਬੀ ਭਵਨ ਵਿੱਚ ਸਵੇਰੇ 10:30 ਵਜੇ ਹੋ ਰਿਹਾ ਹੈ। 
ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ 12 ਨਵੰਬਰ ਨੂੰ ਕਰਵਾਈ ਜਾ ਰਹੀ ਸੁੂਬਾ ਪੱਧਰੀ ਕਨਵੈਂਸ਼ਨ ਲਈ ਪਹੁੰਚੇ ਉੱਘੇ ਗਾਂਧੀ ਵਾਦੀ ਨੇਤਾ ਅਤੇ ਉੱਘੇ ਸਮਾਜਿਕ ਚਿੰਤਕ ਅਤੇ ਕਾਰਕੁੰਨ ਹਿਮਾਂਸ਼ੂ ਕੁਮਾਰ ਨੇ ਬਸਤਰ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਆਦੀਵਾਸੀ ਲੋਕਾਂ ਉੱਤੇ ਉੱਥੋਂ ਦੀ ਪੁਲਿਸ ਅਤੇ ਨੀਮ ਫੌਜੀ ਬਲਾਂ ਵੱਲੋਂ ਅਣਮਨੁੱਖੀ ਤਸੱਦਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤੀ ਸਟੇਟ ਵੱਲੋਂ ਧੱਕੇ ਨਾਲ ਆਦਵਾਸੀਆਂ ਦੇ ਜਲ ਜੰਗਲ ਤੇ ਕੀਮਤੀ ਖਣਿਜ ਪਦਾਰਥ ਅਤੇ ਜ਼ਮੀਨ ਨੂੰ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਆਦਿਵਾਸੀਆਂ ਉੱਪਰ ਕੀਤੇ ਜਾ ਰਹੇ ਜਬਰ ਜ਼ੁਲਮ ਵਿੱਚ ਛੋਟੇ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਵੀ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇੱਕ ਸੁਆਲ ਦਾ ਜੁਆਬ ਦਿੰਦਿਆਂ ਉਨਾਂ ਕਿ ਹੱਕ ਸੱਚ ਅਤੇ ਇਨਸਾਫ ਦੀ ਮੰਗ ਕਰ ਰਹੇ ਬੇਗਨਾਹ ਹਜ਼ਾਰਾਂ ਆਮ ਲੋਕਾਂ ਨੂੰ ਮਾਉਵਾਦੀ ਕਹਿ ਕੇ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸਟੇਟ ਦੀਆਂ ਜੇਲਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੋ ਚੁੱਕੀ ਹੈ। ਜਿੱਥੇ ਸਿਰਫ 75 ਕੈਦੀ ਰਹਿ ਸਕਦੇ ਹਨ, ਉੱਥੇ ਚਾਰ ਸੌ ਤੋਂ ਵੀ ਵਧੇਰੇ ਕੈਦੀਆਂ ਨੂੰ ਜਾਨਵਰਾਂ ਦੀ ਤਰਾਂ ਨੂੜਿਆਂ ਜਾ ਰਿਹਾ ਹੈ। ਜੇਲਾਂ ਅੰਦਰ ਪਾਖਾਨੇ, ਨਹਾਉਣ ਅਤੇ ਸੌਣ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਕੈਦੀ 2-2 ਘੰਟਿਆਂ ਦੀਆਂ ਸਿਫਟਾਂ ਰਾਹੀਂ ਸੌਣ ਲਈ ਮਜਬੂਰ ਕੀਤੇ ਜਾਂਦੇ ਹਨ। ਪ੍ਰੈਸ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜੋ ਵੀ ਪੱਤਰਕਾਰ, ਵਕੀਲ ਲੋਕਾਂ ਦੀ ਅਵਾਜ਼ ਉਠਾਉਂਦੇ ਹਨ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਮੈਂ ਆਦੀਵਾਸੀਆਂ ਵਿੱਚ ਪੂਰੇ 18 ਸਾਲ ਰਿਹਾ ਹਾਂ। ਇਸ ਲਈ ਉੱਥੋਂ ਦੇ ਹਲਾਤਾਂ ਬਾਰੇ ਚੰਗੀ ਤਰਾਂ ਜਾਣਦਾ ਹਾਂ। ਇਸ ਸਮੇਂ ਦੌਰਾਨ ਮੇਰੇ ਉੱਪਰ ਪੰਜ ਵਾਰ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਮੇਰਾ ਆਸ਼ਰਮ ਉਜਾੜ ਦਿੱਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਅਤੇ ਫੌਜੀ ਨੀਮ ਦੱਸਤਿਆਂ ਵੱਲੋਂ ਨਬਾਲਗ ਲੜਕੀਆਂ ਨਾਲ ਬਲਾਤਕਾਰ ਕਰਕੇ ਡਰਾ ਧਮਕਾ ਕੇਸ ਪਾ ਕੇ ਨਜਾਇਜ਼ ਤੌਰ ਤੇ ਜੇਲਾਂ ਅੰਦਰ ਬੰਦ ਕੀਤਾ ਜਾਂਦਾ ਹੈ। 
ਜ਼ਿਕਰਯੋਗ ਹੈ ਕਿ ਰਾਵਣ ਵਾਂਗ ਹਿਮਾਂਸ਼ੂ ਕੁਮਾਰ, ਸੋਨੀ ਸੋਰੀ ਅਤੇ ਮਾਲਿਨੀ ਭੱਟਾਚਾਰੀਆ ਦਾ ਪੁਤਲਾ ਵੀ ਜਲਾਇਆ ਗਿਆ ਸੀ। ਇਸ ਐਕਸ਼ਨ ਨੂੰ ਲੈ ਕਿ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਵੀ ਹੋਈ। ਉਹਨਾਂ ਸਾਰਿਆਂ ਨੂੰ ਬਸਤਰ ਬਾਰੇ ਵਿਸਥਾਰਤ ਵਿਚਾਰ ਜਾਨਣ ਲਈ 12 ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ 10 ਵਜੇ ਸਵੇਰੇ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ ਏ.ਕੇ ਮਲੇਰੀ, ਜਨਰਲ ਸਕੱਤਰ ਪ੍ਰੋ: ਜਗਮੋਹਣ ਸਿੰਘ, ਆਤਮਾ ਸਿੰਘ, ਸਤੀਸ਼ ਕੁਮਾਰ ਸੱਚਦੇਵਾ ਅਤੇ ਸੁਖਵਿੰਦਰ ਲੀਲ੍ਹ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਗਾਂਧੀਵਾਦੀ ਆਗੂ ਹਿਮਾਂਸ਼ੂ ਕੁਮਾਰ ਵੱਲੋਂ ਕੀਤੇ ਗਏ ਇਹਨਾਂ ਸਨਸਨੀਖੇਜ਼ ਪ੍ਰਗਟਾਵਿਆਂ ਤੋਂ ਬਾਅਦ ਪੰਜਾਬ ਅਤੇ ਛਤੀਸਗੜ੍ਹ ਦੀ ਸਿਆਸਤ ਦਾ ਊਂਠ ਕਿਸ ਕਰਵਟ ਬੈਠਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਹਿਮਾਂਸ਼ੂ ਕੁਮਾਰ ਸਿਰਫ ਹਵਾ ਵਿੱਚ ਗੱਲਾਂ ਕਰ ਰਿਹਾ ਹੈ---ਇਹਨਾਂ ਗੱਲਾਂ ਵਿੱਚ ਕੋਈ ਸਚਾਈ ਨਹੀਂ---ਜਾਂ ਫੇਰ ਇਸ ਪਿੱਛੇ ਕੋਈ ਸਿਆਸੀ ਮਕਸਦ ਹੈ ਤਾਂ ਤੁਸੀਂ ਪੰਜਾਬੀ ਭਵਨ ਵਿੱਚ ਆਪਣੇ ਤੱਥਾਂ-ਅੰਕੜਿਆਂ ਅਤੇ ਦਲੀਲਾਂ ਸਮੇਤ ਜ਼ਰੂਰ ਪੁੱਜੋ। ਤੁਹਾਨੂੰ ਉੱਥੇ ਹਰ ਗੱਲ ਦਾ ਜੁਆਬ ਮਿਲੇਗਾ। 

No comments: