Saturday, October 01, 2016

SGPC 'ਤੇ ਗੁੰਡਾਗਰਦੀ ਦਾ ਦੋਸ਼-10 ਅਕਤੂਬਰ ਤੋ ਮਰਨ ਵਰਤ

ਬੀਬੀ ਹਰਮਨ ਕੌਰ ਨੇ ਪੱਤਰ ਲਿਖ ਕੇ ਦਿੱਤੀ ਚਿਤਾਵਨੀ 
ਅੰਮ੍ਰਿਤਸਰ: 1 ਅਕਤੂਬਰ (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵਿੱਚ ਕੀਤੀ ਜਾਂਦੀ ਹਿਟਲਰਸ਼ਾਹੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇੱਕ ਬੀਬੀ ਹਰਮਨ ਕੌਰ ਨੇ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੰਗਤਾਂ ਨਾਲ ਵਧੀਕੀਆ ਕਰਨ ਵਾਲੋ ਲੱਠਮਾਰਾਂ ਨੂੰ ਤੁਰੰਤ ਨੱਥ ਨਾ ਪਾਈ ਗਈ ਤਾਂ 10 ਅਕਤੂਬਰ ਤੋ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਨ ਵਰਤ ਤੇ ਬੈਠ ਜਾਣਗੇ।

ਜਾਰੀ ਇੱਕ ਬਿਆਨ ਰਾਹੀ ਉਸ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਲਾਇਕੀ ਕਾਰਨ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਪੂਰੀ ਤਰਾਂ ਚਰਮਰਾ ਗਿਆ ਹੈ ਅਤੇ ਮੁਲਾਜਮਾਂ ਵੱਲੋ ਆਪ ਹੁਦਰੀਆ ਤੇ ਸੰਗਤਾਂ ਦੀ ਲੁੱਟ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰ ਰੋਜ਼ ਕਵਾੜ ਖੁੱਲਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੰਗਤਾਂ ਵੱਲੋ ਸੁਖਮਨੀ ਸਾਹਿਬ ਦੇ ਪਾਠ ਕੀਤਾ ਜਾਂਦਾ ਸੀ ਪਰ ਸੰਗਤਾਂ ਨੂੰ ਹੁਣ ਉਥੋ ਉਠਾ ਕੇ ਬਰਾਂਡੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪਾਸੇ ਕਿਸੇ ਵੀ ਵਿਅਕਤੀ ਨੂੰ ਪੰਜ ਵਜੇ ਤੱਕ ਮੱਥਾ ਨਹੀ ਟੇਕਣ ਦਿੱਤਾ ਜਾਂਦਾ ਤੇ ਚਾਰੋ ਤਰਫਾਂ ਤੋ ਬੰਦ ਕਰ ਦਿੱਤਾ ਜਾਂਦਾ ਹੈ। ਮੱਸਿਆ ਸੰਗਰਾਂਦ ਦੇ ਦਿਹਾੜੇ ਤਾਂ ਸਮਝੇ ਜਾਂਦੇ ਹਨ ਕਿ ਭੀੜ ਨੂੰ ਵੇਖ ਕੇ ਅਜਿਹਾ ਕੀਤਾ ਜਾਂਦਾ ਹੈ ਪਰ ਅੱਗੇ ਪਿੱਛੇ ਤਾਂ ਸਿਰਫ ਆਪਣੀ ਅਜਾਰੇਦਾਰੀ ਸਥਾਪਤ ਕਰਨ ਤੇ ਨਾਦਰਸ਼ਾਹੀ ਹੈਕੜਬਾਜੀ ਨੂੰ ਹੀ ਪੱਠੇ ਪਾਉਣ ਲਈ ਹੀ ਕੀਤਾ ਜਾਂਦਾ ਹੈ। ਇਸੇ ਤਰ੍ਵਾ ਮੱਸਿਆ ਸੰਗਰਾਂਦ ਤੇ ਪਾਲਕੀ ਸਾਹਿਬ ਪੌਣਾ ਘੰਟਾ ਤੇ ਅੱਗੇ ਪਿੱਛੇ ਸਿਰਫ 25 ਮਿੰਟ ਪਹਿਲਾਂ ਹੀ ਪਾਲਕੀ ਸਾਹਿਬ ਪਹਿਲਾਂ ਕੱਢੀ ਜਾਂਦੀ ਸੀ ਪਰ ਪਿਛਲੇ ਕੁਝ ਦਿਨਾਂ ਤੋ ਸੇਵਾਦਾਰ ਸੰਗਤ ਨੂੰ ਪਾਸੇ ਕਰਕੇ ਖੁਦ ਪਾਲਕੀ ਸਾਹਿਬ ਆਪਣੀ ਮਰਜੀ ਨਾਲ ਹੀ ਲਿਜਾ ਰਹੇ ਹਨ ਤੇ ਪਿੱਛੇ 25-25 ਸਾਲਾ ਤੋ ਸੇਵਾ ਕਰਦੀ ਆ ਰਹੀ ਸੰਗਤ ਨੂੰ ਧੱਕੇ ਮਾਰੇ ਜਾ ਰਹੇ ਹਨ। ਕਈ ਸੇਵਾਦਾਰਾਂ ਦੀ ਬੋਲ ਬਾਣੀ ਇੰਨੀ ਕੁਰੱਖਤ ਹੈ ਕਿ ਉਹ ਸੰਗਤਾਂ ਨਾਲ ਆਮ ਹੀ ਬਦਤਮੀਜੀ ਕੀਤੀ ਕਰਦੇ ਵੇਖੇ ਜਾ ਸਕਦੇ ਤੇ ਮੁਸ਼ਟੰਡਿਆ ਦੀ ਤਰਾਂ ਮੁੱਛਾਂ ਕੁੰਡੀਆ ਕਰਕੇ ਸੰਗਤਾਂ ਨੂੰ ਅੱਖਾਂ ਕੱਢ ਕੇ ਡਰਾਇਆ ਜਾ ਰਿਹਾ ਹੈ ਜਦ ਕਿ ਇਹ ਅਸਥਾਨ ਨਿਮਰਤਾ ਦਾ ਪਾਠ ਪੜਾਉਦਾ ਹੈ। ਸੇਵਦਾਰਾਂ ਦੇ ਗੱਲਾਂ ਵਿੱਚ ਕੋਈ ਸ਼ਨਾਖਤੀ ਕਾਰਡ ਵੀ ਨਹੀ ਪਾਏ ਹੁੰਦੇ ਹਨ। 
ਆਟਾ ਮੰਡੀ ਵਾਲੇ ਪਾਸੇ ਬੀਬੀਆ ਤੇ ਬੰਦਿਆ ਲਈ ਇਸ਼ਨਾਨ ਕਰਨ ਦਾ ਗੁਥਲਖਾਨਾ ਬਣਾਇਆ ਗਿਆ ਜਿਹੜਾ ਲੰਮੇ ਸਮੇਂ ਤੋ ਚੱਲਦਾ ਆ ਰਿਹਾ ਸੀ ਪਰ ਉਸ ਨੂੰ ਹੁਣ ਬਿਨਾਂ ਕਿਸੇ ਕਾਰਨ ਬੰਦ ਕਰ ਦਿੱਤਾ ਗਿਆ ਹੈ ਜਿਸ ਨੂੰ ਮੁੜ ਸ਼ੁਰੂ ਕੀਤਾ ਜਾਵੇ। ਘੰਟਾ ਘਰ ਵਾਲੇ ਪਾਸੇ ਵਧੇਰੇ ਹੋਣ ਕਾਰਨ ਗਠੜੀ ਘਰ ਛੋਟਾ ਪੈਦਾ ਹੈ ਤੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇੱਕ ਗਠੜੀ ਹੋਰ ਸਥਾਪਤ ਕੀਤਾ ਜਾਵੇ। ਇਸੇ ਤਰਾਂ ਮਾਈ ਸੇਵਾ ਬਜਾਰ ਵਾਲੇ ਪਾਸੇ ਜੋੜੇ ਘਰ ਕੋਲ ਇੱਕ ਪਾਣੀ ਦੀ ਛਬੀਲ ਬਣਾਈ ਜਾਵੇ ਕਿਉਕਿ ਇਸ ਪਾਸੇ ਅੱਜਕਲ ਸੰਗਤ ਵੱਡੀ ਗਿਣਤੀ ਵਿੱਚ ਆਉਦੀ ਹੈ। ਪਾਲਕੀ ਸਾਹਿਬ ਦੇ ਸਮੇਂ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੀੜ ਕੋਠਾ ਸਾਹਿਬ ਤੋ ਆਉਦੀ ਹੈ ਤਾਂ ਪੌੜੀਆ ਉਪਰ ਵੱਡੀ ਗਿਣਤੀ ਵਿੱਚ ਸੇਵਾਦਾਰ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਖੜੇ ਕਰ ਦਿੱਤੇ ਜਾਂਦੇ ਪਰ ਕਿਸੇ ਵੀ ਸੰਗਤ ਨੂੰ ਉਥੇ ਖਲੌਣ ਨਹੀ ਦਿੱਤਾ ਜਾਂਦਾ। ਇਸ ਤੋ ਇੰਜ ਲੱਗਦਾ ਹੈ ਕਿ ਇਹ ਲੋਕ ਸਿਰਫ ਆਪਣੀ ਟੀ.ਵੀ ਤੇ ਫੋਟੋ ਆਉਣ ਨੂੰ ਲੈ ਕੇ ਪੌੜੀਆ ਤੋ ਖੜ ਜਾਂਦੇ ਹਨ ਅਤੇ ਇਹਨਾਂ ਮੁਲਾਜਮ ਨੂੰ ਇਥੋ ਲਾਂਭੇ ਕਰਕੇ ਸੰਗਤਾਂ ਨੂੰ ਇਸ ਥਾਂ ਤੇ ਖਲੋ ਕੇ ਨਮਸਕਾਰ ਕਰਨ ਦਾ ਮੌਕਾ ਦਿੱਤਾ ਜਾਵੇ। ਬੀਬੀ ਹਰਮਨ ਕੌਰ ਨੇ ਸ਼੍ਰੋਮਣੀ ਕਮੇਟੀ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਉਸ ਦੀਆ ਉਪਰਕੋਤ ਮੰਗਾਂ ਤੁਰੰਤ ਪ੍ਰਵਾਨ ਨਾ ਕੀਤੀਆ ਗਈਆ ਤਾਂ ਉਹ ਵੱਖ ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਪਾਰਟੀਆ ਦਾ ਸਹਿਯੋਗ ਲੈ ਕੇ 10 ਅਕਤੂਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਭੁੱਖ ਹੜਤਾਲ ਆਰੰਭ ਕਰ ਦਿੱਤੀ ਜਾਵੇਗੀ।

No comments: