Saturday, October 01, 2016

Kisan Mela Bathinda: ਮਾਂ, ਬੋਹੜ ਦੀ ਛਾਂ ਤੇ ਰੱਬ ਦਾ ਨਾਂਅ ਤਿੰਨੋਂ ਇੱਕੋ ਜਹੇ

ਵਣ ਵਿਭਾਗ ਪੰਜਾਬ ਨੇ ਦਿੱਤਾ ਜਲ ਜੰਗਲ ਅਤੇ ਜ਼ਮੀਨ ਬਚਾਉਣ ਦਾ ਸੁਨੇਹਾ 
ਬਠਿੰਡਾ: 29 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਹੁਣ ਜਦੋਂ ਕਿ ਵੱਧ ਰਹੇ ਸ਼ਹਿਰੀਕਰਨ ਅਤੇ ਸਨਅਤੀਕਰਨ ਦੇ ਸਿੱਟੇ ਵੱਜੋਂ ਜਲ-ਜੰਗਲ ਅਤੇ ਜ਼ਮੀਨ ਖਤਰਿਆਂ ਵਿੱਚ ਘਿਰੇ ਹੋਏ ਹਨ ਉਸ ਵੇਲੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਅਤੇ ਹੋਰ ਉਪਰਾਲੇ ਲੋਕਾਂ ਨੂੰ ਇਸ ਮਕਸਦ ਲਈ ਜਾਗਰੂਕ ਕਰ ਰਹੇ ਹਨ। ਬਠਿੰਡਾ ਵਾਲੇ ਕਿਸਾਨ ਮੇਲੇ  ਵਿੱਚ ਇੱਕ ਸਟਾਲ ਪੰਜਾਬ ਦੇ ਵਣ  ਵਿਭਾਗ ਦਾ ਵੀ ਸੀ। ਇਸ ਸਟਾਲ ਤੋਂ ਇੱਕ ਸੁਨੇਹਾ ਦਿੱਤਾ ਜਾ ਰਿਹਾ ਸੀ। ਇਸ ਸਟਾਲ ਤੇ ਵੀ ਕਾਫੀ ਭੀੜ ਸੀ। ਬਜ਼ੁਰਗਾਂ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਵੀ ਇਸ ਪਾਸੇ ਚੰਗੀ ਦਿਲਚਸਪੀ ਦਿਖਾ ਰਹੀ ਸੀ। ਇਸ ਸਟਾਲ ਵਿੱਚ ਰੁੱਖ ਬਚਾਉਣ ਦੀ ਪ੍ਰੇਰਨਾ ਦੇਣ ਵਾਲੇ ਬਹੁਤ ਸਾਰੇ ਬੋਰਡ ਸਨ ਜਿਹਨਾਂ ਤੇ ਬਹੁਤ ਹੀ ਅਰਥਪੂਰਨ ਤਸਵੀਰਾਂ ਸਨ। ਕਈ ਨਾਅਰੇ ਵੀ ਲਿਖੇ ਹੋਏ ਸਨ। ਇੱਕ ਨਾਅਰਾ ਸੀ---
ਮਾਂ , ਬੋਹੜ ਦੀ ਛਾਂ 
ਤੇ ਰੱਬ ਦਾ ਨਾਂਅ 
ਤਿੰਨੋਂ ਇੱਕੋ ਜਹੇ 
ਇੱਕ ਹੋਰ ਨਾਅਰਾ ਸੀ-
ਰੁੱਖ ਕੱਟੀਂ ਜਾਨੈਂ, ਪਛਤਾਵੇਂਗਾ ਇੱਕ ਦਿਨ 
ਛਾਂ ਤਾਂ ਕਿ ਲੈਣੀ-ਸਾਹ ਲੈਣ ਤੋਂ ਵੀ ਜਾਵੇਂਗਾ ਇੱਕ ਦਿਨ। 
ਇਸਦੇ ਨਾਲ ਭਵਿੱਖ ਦੀ ਇੱਕ ਤਸਵੀਰ ਵੀ ਬਣਾਈ ਗਈ ਸੀ ਜਿਹੜੀ ਇਸਨੂੰ ਬੇਹੱਦ ਪ੍ਰਭਾਵਸ਼ਾਲੀ ਬਣਾਉਂਦੀ ਸੀ। 
ਰੁੱਖ ਬਚਾਓ-ਧਰਤੀ ਬਚਾਓ ਦਾ ਸੁਨੇਹਾ ਦੇਂਦਾ ਸਿਰ ਤੇ ਮੰਡਰਾ ਰਹੇ ਖਤਰੇ ਬਾਰੇ ਸੁਚੇਤ ਕਰਦਾ ਰਿਹਾ।  ਸਟਾਲ  ਤੇ ਮੌਜੂਦ ਫੋਰੈਸਟ ਗਾਰਡ ਖੁਸ਼ਦੀਪ ਕੌਰ ਨੇ ਇਸ ਸਬੰਧੀ ਵਿਭਾਗ ਦੇ ਬਹੁਤ ਸਾਰੇ ਕੰਮਾਂ ਅਤੇ ਹੋਰ ਉਪਰਾਲਿਆਂ ਬਾਰੇ ਦੱਸਿਆ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਸੁਣਿਆ ਅਤੇ ਸਮਝਿਆ ਵੀ ਪਰ ਕਾਸ਼ ਇਹ ਸੁਨੇਹਾ ਉਹਨਾਂ ਲੋਕਾਂ ਨੂੰ ਸਮਝ ਆ ਸਕੇ ਜਿਹੜੇ ਹਰ ਹੀਲੇ ਲੋਕਾਂ ਨੂੰ ਉਜਾੜ ਕੇ ਸੰਗਮਰਮਰ ਅਤੇ ਪੱਥਰਾਂ ਵਾਲੇ ਆਪਣੇ ਵੱਡੇ ਵੱਡੇ ਮਾਲ ਉਸਾਰਨ ਲਈ ਨਿਤੱਤ ਨਵੀਆਂ ਸਕੀਮਾਂ ਘੜ ਰਹੇ ਹਨ। 

No comments: