Sunday, October 02, 2016

CPI ਦੇ ਜ਼ਿਲਾ ਸਕੱਤਰ ਰਾਹਤ ਕੈਂਪਾਂ 'ਚ ਜਾ ਕੇ ਲੋਕਾਂ ਦੀ ਸਾਰ ਲੈਣ-ਕਾਮਰੇਡ ਅਰਸ਼ੀ

ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਰਦੀ, ਸਗੋਂ ਹੋਰ ਨਵੇਂ ਮਸਲੇ ਖੜੇ ਕਰਦੀ ਹੈ
ਚੰਡੀਗੜ੍ਹ: 1 ਅਕਤੂਬਰ 2016:  (ਪੰਜਾਬ ਸਕਰੀਨ ਬਿਊਰੋ):
ਸੀਪੀਆਈ ਪੰਜਾਬ ਨੇ ਵੀ ਚੇਤੇ ਕਰਾਇਆ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਰਦੀ, ਸਗੋਂ ਹੋਰ ਨਵੇਂ ਮਸਲੇ ਖੜੇ ਕਰਦੀ ਹੈ। ਸੀਪੀਆਈ ਪੰਜਾਬ ਦੇ ਸਕੱਤਰ ਕਾਮਰੈਕ ਹਰਦੇਵ ਅਰਸ਼ੀ ਨੇ ਯਾਦ ਕਰਾਇਆ ਕਿ ਭਾਰਤ-ਪਾਕਿ ਵਿਚਾਲੇ ਹੋਈਆਂ ਹੁਣ ਤੱਕ ਦੀਆਂ ਜੰਗਾਂ ਵੀ ਇਹੋ ਸਬਕ ਦਿੰਦੀਆਂ ਹਨ। ਇਸਦੇ ਨਾਲ ਹੀ ਉਹਨਾਂ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਦੀ ਵੀ ਸਖਤ ਨਿਖੇਧੀ ਕੀਤੀ। ਉਹਨਾਂ ਪਾਰਟੀ ਦੇ ਜ਼ਿਲਾ ਸਕੱਤਰਾਂ ਨੂੰ ਤੁਰੰਤ ਰਾਹਤ ਕੈਂਪਾਂ ਵਿੱਚ ਜਾ ਕੇ ਲੋਕਾਂ ਦੀ ਸਾਰ ਲੈਣ ਦੀ ਵੀ ਹਦਾਇਤ ਕੀਤੀ। 
ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਐਮ ਐਲ ਏ ਨੇ ਭਾਰਤੀ ਫੌਜ ਵਲੋਂ ਸਰਜੀਕਲ ਅਪਰੇਸ਼ਨ ਕਰਕੇ ਮਕਬੂਜ਼ਾ ਕਸ਼ਮੀਰ ਵਿਚ ਕੰਟਰੋਲ ਰੇਖਾ ਲਾਗੇ ਬਣੇ ਦਹਿਸ਼ਤਗਰਦਾਂ ਦੇ ਕੈਂਪਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਦਾ ਸਮੱਰਥਨ ਕਰਦਿਆਂ ਪਾਕਿਸਤਾਨ ਦੀ ਸਰਕਾਰ ਉਤੇ ਜ਼ੋਰ ਦਿਤਾ ਕਿ ਨਾ ਕੇਵਲ ਦਹਿਸ਼ਤਗਰਦ ਕਾਰਵਾਈਆਂ ਨੂੰ ਸ਼ਹਿ ਅਤੇ ਮਦਦ ਦੇਣੀ ਜਾਂ ਉਸ ਦੀਆਂ ਏਜੰਸੀਆਂ ਵਲੋਂ ਇਹ ਕਾਰਵਾਈਆਂ ਕਰਨਾ ਬੰਦ ਕਰੇ ਸਗੋਂ ਆਪਣੀ ਧਰਤੀ 'ਤੇ ਚੱਲ ਰਹੇ ਦਹਿਸ਼ਤੀ ਕੈਂਪਾਂ, ਭਾਰਤ-ਵਿਰੋਧੀ ਸਾਜ਼ਿਸ਼ਾਂ ਨੂੰ ਵੀ ਬੰਦ ਕਰੇ ਅਤੇ ਬੰਬਈ ਹਮਲਿਆਂ, ਪਠਾਨਕੋਟ, ਗੁਰਦਾਸਪੁਰ ਤੇ ਉੜੀ ਹਮਲੇ ਦੇ ਦੋਸ਼ੀਆਂ ਨੂੰ ਜਾਂ ਮਿਸਾਲੀ ਸਜ਼ਾ ਦੇਵੇ ਜਾਂ ਭਾਰਤ ਹਵਾਲੇ ਕਰੇ। ਉਹਨਾਂ ਇਸ ਮਾਮਲੇ 'ਤੇ ਪਾਕਿਸਤਾਨ ਦੀ ਸਖਤ ਆਲੋਚਨਾ ਵੀ ਕੀਤੀ। 
ਇਸਦੇ ਨਾਲ ਹੀ ਕਾਮਰੇਡ ਅਰਸ਼ੀ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਬੀਮਾਰੀ ਵਰਗੀਆਂ ਭਿਆਨਕ ਸਮਸਿਆਵਾਂ ਹਨ, ਜਿਹਨਾਂ ਦਾ ਹੱਲ ਪੁਰਅਮਨ ਮਾਹੌਲ ਅਤੇ ਦੋਸਤਾਨਾ ਗੁਆਂਢ ਨਾਲ ਹੋ ਸਕਦਾ ਹੈ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਰਦੀ, ਸਗੋਂ ਹੋਰ ਨਵੇਂ ਮਸਲੇ ਖੜੇ ਕਰਦੀ ਹੈ; ਭਾਰਤ-ਪਾਕਿ ਵਿਚਾਲੇ ਹੋਈਆਂ ਹੁਣ ਤੱਕ ਦੀਆਂ 4-5 ਜੰਗਾਂ ਵੀ ਇਹੋ ਸਬਕ ਦਿੰਦੀਆਂ ਹਨ। ਇਕ ਦੂਜੇ ਦੀ ਪ੍ਰਭੂਸੱਤਾ ਅਤੇ ਗੈਰ-ਦਖਲਅੰਦਾਜ਼ੀ ਦੇ ਅਸੂਲ ਦਾ ਮਾਣ ਕਰਦਿਆਂ ਦੁਵੱਲੀ ਗੱਲਬਾਤ ਰਾਹੀਂ ਮਸਲੇ ਸੁਲਝਾਉਣੇ ਚਾਹੀਦੇ ਹਨ। ਸਾਥੀ ਅਰਸ਼ੀ ਨੇ ਦਹਿਸ਼ਤੀ ਕਾਰਵਾਈਆਂ ਵਿਚ ਸ਼ਾਮਲ ਪਾਕਿਸਤਾਨ ਦੀ ਸਥਾਪਤੀ ਨੂੰ ਕੌਮਾਂਤਰੀ ਤੌਰ 'ਤੇ ਨਿਖੇੜਣ ਦੇ ਯਤਨਾਂ ਦੀ ਹਮਾਇਤ ਕੀਤੀ। 
ਉਹਨਾਂ ਕਿਹਾ ਕਿ ਇਸ ਦਿਸ਼ਾ ਵਿਚ ਸਾਰਕ ਦੇਸ਼ਾਂ ਦੇ ਗਰੁੱਪ ਵਿਚ ਕੁਲ ਅੱਠ ਦੇਸ਼ਾਂ ਵਿਚੋਂ ਪੰਜ ਦੇਸ਼ਾਂ ਵਲੋਂ ਪਾਕਿਸਤਾਨ ਦੀਆਂ ਇਹਨਾਂ ਦਹਿਸ਼ਤ ਪੱਖੀ ਕਾਰਵਾਈਆਂ ਦੇ ਖਿਲਾਫ ਸਾਰਕ ਸੰਮੇਲਨ ਲਈ ਇਸਲਾਮਾਬਾਦ ਜਾਣੋਂ ਇਨਕਾਰ ਕਰਨ ਤੋਂ ਪਾਕਿਸਤਾਨ ਨੂੰ ਸਬਕ ਸਿਖਣਾ ਚਾਹੀਦਾ ਹੈ।
ਕਾਮਰੇਡ ਅਰਸ਼ੀ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਮਿਲਦੀ ਸ਼ਹਿ ਅਤੇ ਮਦਦ ਵਿਰੁੱਧ ਅਤੇ ਸਮੁੱਚੇ ਤੌਰ 'ਤੇ ਦਹਿਸ਼ਤਗਰਦੀ ਵਿਰੁੱਧ ਭਾਰਤ ਦੀਆਂ ਕੋਸ਼ਿਸ਼ਾਂ ਅਤੇ ਕਾਰਵਾਈਆਂ ਦਾ ਸਮੱਰਥਨ ਕਰਦਿਆਂ, ਨਾਲ ਹੀ ਸਰਹੱਦੀ 6 ਜ਼ਿਲ੍ਹਿਆਂ ਦੇ ਸੀਮਾ ਲਾਗਲੇ 987 ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਕੈਂਪਾਂ ਵਿਚ ਰੱਖਣ ਅਤੇ ਉਹਨਾਂ ਦੀ ਤਿਆਰ ਹੋਈ ਫਸਲ ਕੁਦਰਤ ਹਵਾਲੇ ਕਰ ਦੇਣ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ। 
ਲੋਕਾਂ ਦੇ ਉਜਾੜੇ ਦੀ ਵੀ ਨਿਖੇਧੀ ਕੀਤੀ
ਉਹਨਾਂ ਕਿਹਾ ਕਿ ਸਰਹੱਦੀ ਲੋਕਾਂ ਨੂੰ ਇੰਜ ਵਾਰ-ਵਾਰ ਉਜਾੜਿਆ ਗਿਆ ਹੈ, ਅਤੇ ਫੋਕੇ ਇਕਰਾਰਾਂ, ਲਾਰਿਆਂ ਤੋਂ ਸਿਵਾ ਉਹਨਾਂ ਦੀ ਬਾਂਹ ਨਹੀਂ ਫੜੀ ਗਈ। ਹੁਣ ਵੀ ਸਰਕਾਰ ਨੇ ਪਿੰਡ ਖਾਲੀ ਕਰਨ ਦੇ ਨਾਦਰਸ਼ਾਹੀ ਹੁਕਮ ਚੜ੍ਹਾ ਦਿਤੇ ਹਨ ਅਤੇ ਹਜ਼ਾਰਾਂ ਪਰਿਵਾਰ ਰੁਲ ਰਹੇ ਹਨ ਅਤੇ ਨਾਲ ਹੀ ਉਹਨਾਂ ਦੀ ਪੱਕੀ ਫਸਲ ਯਤੀਮ ਹੋ ਰਹੀ ਹੈ।  ਕਬੀਲੇ ਜ਼ਿਕਰ ਹੈ ਕਿ ਕੁਝ ਸੱਤਾਧਾਰੀ ਲੋਕ ਇਸ ਉਜਾੜੇ ਦੇ ਬਾਵਜੂਦ ਆਤਿਸ਼ਬਾਜ਼ੀ ਚਲਾ ਕੇ ਭੰਗੜੇ ਪਾ ਰਹੇ ਹਨ। 
ਕਾਮਰੇਡ ਅਰਸ਼ੀ ਨੇ ਮੰਗ ਕੀਤੀ ਕਿ ਇਹਨਾਂ ਪਰਵਾਰਾਂ ਦੀ ਪੂਰੀ ਸੰਭਾਲ ਕੀਤੀ ਜਾਵੇ, ਉਜਾੜੇ ਦਾ ਮੁਆਵਜ਼ਾ ਦਿੱਤਾ ਜਾਵੇ, ਮਾਮਲਾ ਸਿਰਫ ਅਫਸਰਸ਼ਾਹੀ 'ਤੇ ਨਾ ਛੱਡ ਦਿਤਾ ਜਾਵੇ, ਪੰਜਾਬ ਸਰਕਾਰ ਇਸ ਮਾਮਲੇ 'ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾਵੇ ਅਤੇ ਇਸ ਨੂੰ ਸਿਆਸੀ ਲਾਹਾ ਲੈਣ ਦਾ ਮੁੱਦਾ ਨਾ ਬਣਾਇਆ ਜਾਵੇ, ਇਹ ਦੇਸ਼ ਦੀ ਸੁਰੱਖਿਆ ਦਾ ਗੰਭੀਰ ਸਵਾਲ ਹੈ ਅਤੇ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਨ ਅਤੇ ਜੰਗ ਤੋਂ ਗੁਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਦੋਵੇਂ ਦੇਸ਼ ਪਰਮਾਣੂ ਤਾਕਤਾਂ ਹਨ ਅਤੇ ਲੜਾਈ ਦੇ ਖਤਰਨਾਕ ਨਤੀਜੇ ਨਿਕਲ ਸਕਦੇ ਹਨ। ਕਾਮਰੇਡ ਅਰਸ਼ੀ ਨੇ ਇਹਨਾਂ ਛੇ (ਪਾਰਟੀ ਦੇ ਸੱਤ) ਸਰਹੱਦੀ ਜ਼ਿਲਿਆਂ ਦੇ ਪਾਰਟੀ ਸਕੱਤਰਾਂ ਅਤੇ ਲੀਡਰਸ਼ਿਪ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਰਾਹਤ ਕੈਂਪਾਂ ਵਿਚ ਜਾਣ ਜਿੱਥੇ ਉਹ ਆਰਜ਼ੀ ਤੌਰ 'ਤੇ ਠਹਿਰੇ ਹੋਏ ਹਨ, ਉਥੇ ਉਹਨਾਂ ਨਾਲ ਸੰਪਰਕ ਕਰਕੇ ਲੋੜੀਂਦੀ ਮਦਦ ਕਰਨ ਅਤੇ ਸਰਕਾਰੀ ਅਣਗਹਿਲੀ ਦੂਰ ਕਰਾਉਣ ਲਈ ਪਹਿਲਕਦਮੀ ਕਰਨ।

No comments: