Friday, October 28, 2016

ਰਾਜ ਪੱਧਰੀ ਲੋਕ ਗੀਤ ਮੁਕਾਬਲਾ ਅਤੇ ਇਨਾਮ ਵੰਡ ਸਮਾਗਮ

Fri, Oct 28, 2016 at 5:36 PM
ਕਈ  ਨਵੇਂ ਚੇਹਰੇ ਸਾਹਮਣੇ ਆਏ 
ਪ੍ਰਾਇਮਰੀ ਗਰੁੱਪ :ਸੋਲੋ ਗੀਤ ਬਠਿੰਡਾ ਅਤੇ ਕਵੀਸ਼ਰੀ ਚੋਂ ਸੰਗਰੂਰ ਰਹੇ ਜੇਤੂ
ਮਿਡਲ ਗਰੁੱਪ: ਸੋਲੋ ਗੀਤ ,ਕਵੀਸ਼ਰੀ ਅਤੇ ਵਾਰ ਗਾਇਨ ਚੋ ਲੁਧਿਆਣਾ ਨੇ ਮਾਰੀ ਬਾਜ਼ੀ
ਲੰਮੀ ਹੇਕ ਵਾਲੇ ਗੀਤ ਚੋਂ ਐਸ.ਏ.ਐਸ ਨਗਰ ਰਿਹਾ ਜੇਤੂ ਸੈਕੰਡਰੀ ਗਰੁੱਪ : ਸੋਲੋ ਲੋਕ ਗੀਤ ਚੋਂ ਲੁਧਿਆਣਾ, ਲੰਮੀ ਹੇਕ ਵਾਲਾ ਲੋਕ ਗੀਤ ਚੋਂ ਮਾਨਸਾ , ਵਾਰ ਗਾਇਨ ਚੋਂ ਫਾਜਿਲਕਾ ਤੇ ਕਵੀਸ਼ਰੀ ਚੋ ਹੁਸ਼ਿਆਰਪੁਰ ਰਿਹਾ ਜੇਤੂ
ਲੁਧਿਆਣਾ: 28ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਅਤੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾਂ ਦੇ ਯੋਗ ਮਾਰਗ ਦਰਸ਼ਨ ਤਹਿਤ ਪੰਜਾਬ ਭਰ ਵਿੱਚ ਚੱਲ ਰਹੇ ਪੰਜਾਬੀ ਸੂਬੇ ਦੀ 50ਵੀਂ ਵਰੇ੍ਹਗੰਢ  ਸੰਬੰਧੀ ਸਮਾਗਮਾਂ ਦੀ ਲੜੀ ਅਧੀਨ ਅੱਜ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਵਿਖੇ ਰਾਜ ਪੱਧਰੀ ਲੋਕ ਗੀਤ ਮੁਕਾਬਲਾ ਅਤੇ ਇਨਾਮ ਵੰਡ ਸਮਾਗਮ ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਪਰਮਜੀਤ ਕੌਰ ਚਾਹਲ ਦੀ ਦੇਖ ਰੇਖ ਹੇਠ  ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਭਰ ਤੋਂ ਵਿਦਿਆਰਥੀ ਕਲਾਕਾਰਾਂ ਨੇ ਪ੍ਰਾਇਮਰੀ , ਮਿਡਲ ਅਤੇ ਸੈਕੰਡਰੀ ਗਰੁੱਪ ਵਿਚ ਸੋਲੋ ਗੀਤ , ਲੰਮੀ ਹੇਕ ਵਾਲੇ ਗੀਤ, ਵਾਰ ਗਾਇਨ ਅਤੇ ਕਵੀਸ਼ਰੀ ਵਿਚ ਭਾਗ ਲੈ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਰਾਸਤੀ ਪੰਜਾਬੀ ਪਹਿਰਾਵੇ ਵਿਚ ਸਜੇ ਅਤੇ ਸੱਗੀ ਫੁੱਲ, ਲੋਟਣ, ਟਿੱਕਾ, ਹਾਰ ਤੇ ਮੋਹਰਾਂ, ਝੰਬਰ  ਸੂਈ, ਢੋਲ, ਝੁੰਮਕੇ, ਘੱਗਰੇ. ਫੁੱਲਕਾਰੀ, ਬਾਗ ਅਤੇ ਡੋਰੀਆਂ ਪਰਾਂਦੀਆਂ ਪਹਿਨੀ ਬੱਚੀਆਂ ਨੇ ਮਨਮੋਹਣਾ ਦ੍ਰਿਸ਼ ਪੇਸ਼ ਕੀਤਾ।
ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਵਿਚ ਸੋਲੋ ਗੀਤ ਮੁਕਾਬਲੇ ਵਿਚ ਜ਼ਿਲ੍ਹਾ ਬਠਿੰਡਾ ਅਤੇ ਬਰਨਾਲਾ ਨੇ ਕਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਜ਼ਿਲ੍ਹਾ ਮੋਗਾ ਅਤੇ ਫਰੀਦਕੋਟ ਨੇ ਸਾਂਝੇ ਰੂਪ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ । ਲੰਮੀ ਹੇਕ ਵਾਲੇ ਲੋਕ ਗੀਤ ਮੁਕਾਬਲੇ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਪਹਿਲੇ ਸਥਾਨ ਤੇ ਰਿਹਾ ਜਦਕਿ ਕਵੀਸ਼ਰੀ ਮੁਕਾਬਲੇ ਵਿਚ ਸੰਗਰੂਰ ਨੇ ਪਹਿਲਾ ਅਤੇ ਹੁਸ਼ਿਆਰਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । 
ਮਿਡਲ ਵਰਗ ਦੇ ਵਿਦਿਆਰਥੀਆਂ ਵਿੱਚੋ ਲੋਕ ਗੀਤ ਮੁਕਾਬਲੇ ਵਿਚ ਰਾਮਗੜੀਆ ਮਿਲਰ ਗੰਜ ਲੁਧਿਆਣਾ ਪਹਿਲੇ , ਮੁਕਤਸਰ ਸਾਹਿਬ ਦੂਜੇ ਅਤੇ ਫਤਿਹਗੜ ਸਾਹਿਬ ਤੀਜੇ ਸਥਾਨ ਤੇ ਰਹੇ । ਲੰਮੀ ਹੇਕ ਵਾਲੇ ਲੋਕ ਗੀਤ ਮੁਕਾਬਲੇ ਵਿੱਚੋ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਪਹਿਲਾ , ਮੁਕਤਸਰ ਸਾਹਿਬ ਨੇ ਦੂਜਾ ਅਤੇ ਹੁਸ਼ਿਆਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਵਾਰ ਗਾਇਨ ਵਿੱਚੋ ਰਾਮਗੜੀਆਂ ਮਿਲਰ ਗੰਜ ਲੁਧਿਆਣਾ ਜੇਤੂ ਰਿਹਾ । ਕਵੀਸ਼ਰੀ ਵਿਚੋ ਲੁਧਿਆਣਾ ਨੇ ਪਹਿਲਾ , ਸੰਗਰੂਰ ਨੇ ਦੂਜਾ ਅਤੇ ਕਪੂਰਥਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 
ਸੈਕੰਡਰੀ ਵਰਗ ਦੇ ਵਿਦਿਆਰਥੀਆਂ ਵਿੱਚੋ ਲੋਕ ਗੀਤ ਸੋਲੋ ਮੁਕਾਬਲੇ ਵਿੱਚੋ ਜ਼ਿਲ੍ਹਾ ਲੁਧਿਆਣਾ ਨੇ ਪਹਿਲਾ , ਫਰੀਦਕੋਟ ਨੇ ਦੂਜਾ ਅਤੇ ਤਰਨਤਾਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੰਮੀ ਹੇਕ ਵਾਲੇ ਲੋਕ ਗੀਤ ਮੁਕਾਬਲੇ ਵਿਚ ਮਾਨਸਾ ਨੇ ਪਹਿਲਾ , ਲੁਧਿਆਣਾ ਨੇ ਦੂਜਾ ਅਤੇ ਕਪੂਰਥਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਰ ਗਾਇਨ ਵਿੱਚੋ ਜ਼ਿਲ੍ਹਾ ਫਾਜਿਲਕਾ , ਸੰਗਰੂਰ ਅਤੇ ਕਪੂਰਥਲਾ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਕਵੀਸ਼ਰੀ ਵਿੱਚੋ ਹੁਸ਼ਿਆਰਪੁਰ ਨੇ ਪਹਿਲਾ , ਲੁਧਿਆਣਾ ਨੇ ਦੂਜਾ ਅਤੇ ਫਾਜਿਲਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਪਰਮਜੀਤ ਕੌਰ ਚਾਹਲ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬੀ ਸੂਬੇ ਦੀ 50 ਵੀਂ ਵਰੇ੍ਹਗੰਢ ਸੰਬੰਧੀ ਵਿਸ਼ੇਸ ਸਮਾਗਮਾਂ ਨੂੰ ਕਰਵਾਉਣ ਦਾ ਸਾਨੂੰ ਮੌਕਾ ਮਿਲਿਆ ਹੈ ,ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਦੀਆਂ ਪੇਸ਼ਕਾਰੀਆਂ ਵੇਖਦਿਆਂ ਇਹ ਗੱਲ ਬੜੇ ਮਾਣ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਅਥਾਹ ਪ੍ਰਤਿਭਾ ਹੈ । ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਬੱਚਿਆਂ ਨੂੰ ਜਿਥੇ ਕਲਾ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲਿਆ ਹੈ ਉਥੇ ਨਾਲ ਹੀ ਉਨ੍ਹਾਂ ਨੂੰ ਪੰਜਾਬੀ ਅਮੀਰ ਵਿਰਸੇ ਨਾਲ ਰੂਬਰੂ ਹੋਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ। ਸਟੇਜ ਸੰਚਾਲਨ ਦੀ ਜਿੰਮੇਵਾਰੀ ਨੈਸ਼ਨਲ ਐਵਾਰਡੀ ਕਰਮਜੀਤ ਗਰੇਵਾਲ ਨੇ ਬਾਖੂਬੀ ਨਿਭਾਈ।
ਜੱਜਮੈਂਟ ਨਾਮਵਰਾਂ ਕਲਾਕਾਰਾਂ ਨੇ ਕੀਤੀ 
ਰਾਜ ਪੱਧਰੀ ਲੋਕ ਗੀਤ ਮੁਕਾਬਲੇ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਵੱਲੋ ਪੰਜਾਬ ਦੇ ਨਾਮਵਰ  ਲੋਕ ਗਾਇਕ ਪਾਲੀ ਦੇਤਵਾਲੀਆਂ, ਲੋਕ ਗਾਇਕ ਹਰਬੰਸ ਸਹੋਤਾ, ਸੰਗੀਤਕਾਰ ਰਜਿੰਦਰ ਰਾਜ ਅਤੇ ਇਸ਼ਮੀਤ ਅਕੈਡਮੀ ਲੁਧਿਆਣਾ ਦੇ ਡੀਨ ਮੈਡਮ ਦਵਿੰਦਰ ਕੌਰ ਸੈਣੀ , ਰੰਗਮੰਚ ਕਲਾਕਾਰ ਤਰਲੋਚਨ ਸਿੰਘ,ਡਾ.ਸੁਖਪਾਲ ਕੌਰ , ਮੈਡਮ ਅਮਰਜੀਤ ਕੌਰ , ਸੁਰਿੰਦਰ ਕੌਰ , ਰਾਜ ਕੁਮਾਰ ਹੀਰਾ , ਮੈਡਮ ਦੀਪਿਕਾ ਮਲਹੋਤਰਾ  ਦੀਆਂ ਸੇਵਾਵਾਂ ਜੱਜਮੈਂਟ ਟੀਮ ਵਜੋਂ ਲਈਆਂ ਗਈਆਂ । ਇਸ ਟੀਮ ਨੇ ਬੜੀ ਹੀ ਨਿਰਖ ਪਰਖ ਨਾਲ ਜੇਤੂਆਂ ਦੀ ਚੋਣ ਕੀਤੀ ।
ਇਸ ਮੌਕੇ ਉਪ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਨਾਹਰ ਸਿੰਘ , ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਅਸ਼ੀਸ ਕੁਮਾਰ , ਜਿਲਾ ਸਾਇੰਸ ਸੁਪਰਵਾਈਜਰ ਤੇ ਪ੍ਰੋਗਰਾਮ ਦੇ ਨੋਡਲ ਅਫ਼ਸਰ ਸੰਤੋਖ ਸਿੰਘ ਗਿੱਲ ,ਡਿਪਟੀ ਡੀ.ਈ.ਓ ਐਲੀਮੈਂਟਰੀ ਕੁਲਦੀਪ ਸਿੰਘ ਸੈਣੀ ਤੇ ਮੈਡਮ ਡਿੰਪਲ ਮੈਦਾਨ , ਅਜੀਤਪਾਲ ਸਿੰਘ , ਸਟੇਟ ਐਵਾਰਡੀ ਸੁਖਦੇਵ ਸਿੰਘ , ਡਾ.ਬਲਵਿੰਦਰ ਕਾਲੀਆ, ਦਲਜੀਤ ਸਿੰਘ , ਗੀਤਕਾਰ ਗੋਪੀ ਪੰਡੋਰੀ ਆਦਿ ਵੀ ਹਾਜ਼ਰ ਸਨ। 

No comments: