Saturday, October 29, 2016

ਗ਼ਦਰੀ ਬਾਬਿਆਂ ਦੇ ਸਿਲਵਰ ਜੁਬਲੀ ਮੇਲੇ ਦੀਆਂ ਤਿਆਰੀਆਂ ਮੁਕੰਮਲ

Sat, Oct 29, 2016 at 6:05 PM
ਮੇਲਾ ਹੋਏਗਾ ਲੋਕ ਸੰਗਰਾਮਾਂ ਦਾ ਹਾਣੀ ਅਤੇ ਸੰਘਰਸ਼ਸ਼ੀਲ ਲੋਕਾਂ ਦੀ ਜਿੱਤ ਦਾ ਸੰਕਲਪ 
ਜਲੰਧਰ: 29 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਅਸ਼ਲੀਲਤਾ ਦੀ ਹਨੇਰੀ, ਖੁਦਕੁਸ਼ੀਆਂ ਦੀਆਂ ਉਦਾਸ ਖਬਰਾਂ, ਨਸ਼ਿਆਂ ਦੀਆਂ ਬੜ੍ਹਕਾਂ ਅਤੇ ਭੰਬਲਭੂਸੇ ਵਿੱਚ ਪਿਆ ਆਮ ਇਨਸਾਨ ਹਨੇਰੇ ਵਿੱਚ ਹੈ। ਇਸ ਕਾਲੀ ਬੋਲੀ ਰਾਤ ਦੇ ਸੰਘਣੇ ਹਨੇਰੇ ਵਿੱਚ ਇੱਕ ਵਾਰ ਫੇਰ ਅੱਗੇ ਆ ਰਹੀ ਹੈ ਲੋਕ ਕਲਾ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਵੇਗਾ ਸੰਘਰਸ਼ਸ਼ੀਲ ਲੋਕਾਂ ਦੀ ਜਿੱਤ ਦਾ ਸੰਕਲਪ। ਉਸ ਕਲਾ ਦਾ ਪ੍ਰਦਰਸ਼ਨ ਜਿਸ ਵਿੱਚ ਹੋਵੇਗੀ ਲੋਕ ਤੂਫ਼ਾਨਾਂ ਦੀ ਧਮਕ।  
ਪੰਜਾਬ ਅੰਦਰ ਲੱਗਦੇ ਰਵਾਇਤੀ ਮੇਲਿਆਂ ਨਾਲੋਂ ਵਿਲੱਖਣ ਨੁਹਾਰ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ ਇਸ ਵਾਰ ਆਪਣਾ 25 ਵਰ੍ਹਿਆਂ ਦਾ ਸਫ਼ਰ ਮੁਕੰਮਲ ਕਰਨ ਤੇ ਸਿਲਵਰ ਜੁਬਲੀ ਮੇਲੇ ਵਜੋਂ ਮਨਾਉਣ ਲਈ ਦੇਸ਼ ਭਗਤ ਯਾਦਗਾਰ ਹਾਲ ਅੰਦਰ ਡੁੱਲ੍ਹ ਡੁੱਲ੍ਹ ਪੈਂਦਾ ਜਲੌਅ ਦੇਖਿਆ ਹੀ ਬਣਦਾ ਹੈ।
ਦਰਜਣਾਂ ਹੀ ਨੌਜਵਾਨ ਲੜਕੇ/ਲੜਕੀਆਂ ਯਾਦਗਾਰ ਹਾਲ ਅੰਦਰ ਵੰਨ-ਸੁਵੰਨੇ ਮੰਚ ਅਤੇ ਹਾਲ ਸਜਾਉਣ ’ਚ ਜੁਟੇ ਹੋਏ ਹਨ। ਝੰਡੇ ਦੇ ਗੀਤ ਦੀ ਹਾਲ ਅੰਦਰ ਲੱਗੀ ਵਰਕਸ਼ਾਪ ’ਚ ਪੰਜਾਬ ਦੇ ਕੋਨੇ ਕੋਨੇ ਤੋਂ ਪੁੱਜੇ ਸੈਂਕੜੇ ਕਲਾਕਾਰ ਦਿਨ ਰਾਤ ਇਕ ਕਰ ਰਹੇ ਹਨ।
ਦੇਸ਼ ਭਗਤ ਯਾਦਗਾਰ ਹਾਲ ਨੂੰ ਰੰਗ ਬਰੰਗੀਆਂ ਲੜੀਆਂ, ਝੰਡਿਆਂ, ਮਾਟੋਆਂ ਨਾਲ ਸਜਾਇਆ ਗਿਆ ਹੈ। ਵੱਖ-ਵੱਖ ਮੁਲਕਾਂ ਤੋਂ ਆਏ ਪਰਿਵਾਰਾਂ ਦੇ ਪਰਿਵਾਰ ਲਾਇਬਰੇਰੀ, ਮਿਊਜ਼ੀਅਮ, ਕਿਤਾਬ ਘਰ ਅਤੇ ਘਾਹ ਪਾਰਕਾਂ ’ਚ ਬੈਠੇ ਗੰਭੀਰ ਵਿਚਾਰਾਂ ਕਰਨ ਅਤੇ ਪੁਸਤਕਾਂ ਖਰੀਦਣ ਲੱਗੇ ਹੋਏ ਹਨ।
ਇਹ ਮੇਲਾ 30 ਅਕਤੂਬਰ ਨੂੰ ਇਸ ਵਾਰ ਦੀਵਾਲੀ ਦੇ ਤਿਉਹਾਰ ਕਾਰਨ ਦੋ ਰੋਜ਼ਾ ਹੋਏਗਾ। ਮੇਲੇ ਦਾ ਆਗਾਜ਼ 31 ਅਕਤੂਬਰ ਨੂੰ 10:30 ਵਜੇ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਏਗਾ ਅਤੇ 2 ਨਵੰਬਰ ਸਰਘੀ ਵੇਲੇ ਆਪਣੀਆਂ ਬੁਲੰਦੀਆਂ ਛੋਹਦਾ ਹੋਇਆ ਸੰਪਨ ਹੋਏਗਾ।
ਦੇਸ਼ ਭਗਤ ਯਾਦਗਰ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 31 ਅਕਤੂਬਰ ਨੂੰ ਸ਼ਮ੍ਹਾ ਰੌਸ਼ਨ ਉਪਰੰਤ ਕੁਇਜ਼, ਪੇਟਿੰਗ ਮੁਕਾਬਲਾ, ਸ਼ਾਮ 4 ਵਜੇ ਕਵੀ ਦਰਬਾਰ ਅਤੇ ਸ਼ਾਮ 7 ਵਜੇ ਪੀਪਲਜ਼ ਵਾਇਸ ਵੱਲੋਂ ਅਜੋਕੇ ਸਰੋਕਾਰਾਂ ਦੀ ਗੱਲ ਕਰਦੀਆਂ ਦਸਤਾਵੇਜ਼ੀ ਫ਼ਿਲਮਾਂ ਹੋਣਗੀਆਂ।
1 ਨਵੰਬਰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਢੁੱਡੀਕੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਜਨਰਲ ਸਕੱਤਰ ਡਾ. ਰਘਬੀਰ ਕੌਰ ਵੱਲੋਂ ਜੀ ਆਇਆਂ ਨੂੰ ਕਹਿਣ ਉਪਰੰਤ ਅਮਰਜੀਤ ਸਿੰਘ ਢੁੱਡੀਕੇ ਮੁੱਖ ਭਾਸ਼ਣ ਦੇਣਗੇ।
ਇਸ ਮੌਕੇ ਹੀ ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ਝੰਡੇ ਦਾ ਗੀਤ ‘ਜੰਝ ਲਾੜਿਆਂ ਦੀ’ ਸੈਂਕੜੇ ਕਲਾਕਾਰਾਂ ਵੱਲੋਂ ਯਾਦਗਾਰੀ ਵੰਨਗੀ ਵਜੋਂ ਪੇਸ਼ ਹੋਏਗਾ।
ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਮੇਲੇ ਨੂੰ ਮੁਖ਼ਾਤਬ ਹੋਣਗੇ। ਮੇਲੇ ਦਾ ਸੋਵੀਨਰ ਅਤੇ ਕਿਤਾਬਾਂ ਲੋਕ ਅਰਪਣ ਹੋਣਗੀਆਂ ਅਤੇ ਸ਼ਹਾਦਤਾਂ ਦੀ ਸ਼ਤਾਬਦੀ ਨਾਲ ਸਬੰਧਿਤ ਪਰਿਵਾਰਾਂ ਅਤੇ ਨਗਰਾਂ ਦਾ ਸਨਮਾਨ ਕੀਤਾ ਜਾਏਗਾ।  
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀ ਆਗੂ ਕਨੱ੍ਹਈਆ ਕੁਮਾਰ ਮੇਲੇ ਨੂੰ ਸੰਬੋਧਨ ਕਰਨਗੇ।
ਸ਼ਾਮ 3 ਤੋਂ 5 ਵਜੇ ਤੱਕ ਵਿਚਾਰ ਚਰਚਾ ਹੋਏਗੀ। ਜਿਸ ਵਿੱਚ ਅਨਿਰਬਾਨ ਭੱਟਾਚਾਰੀਆ ਮੁੱਖ ਵਕਤਾ ਹੋਣਗੇ। ਉਹਨਾਂ ਤੋਂ ਇਲਾਵਾ ਡਾ. ਪਰਮਿੰਦਰ, ਜਗਰੂਪ, ਅਜਮੇਰ ਸਿੰਘ, ਮੰਗਤ ਰਾਮ ਪਾਸਲਾ ਇਸ ਸੈਸ਼ਨ ’ਚ ਵਿਚਾਰ ਚਰਚਾ ਵਿੱਚ ਭਾਗ ਲੈਣਗੇ।
ਨਾਟਕਾਂ ਦੀ ਰਾਤ ਕਰਮਵਾਰ ‘1084ਵੇਂ ਦੀ ਮਾਂ’ (ਲੇਖਕ ਤੇ ਨਿਰਦੇਸ਼ਕ: ਅਨੀਤਾ ਸ਼ਬਦੀਸ਼), ‘ਫਸਲ’ (ਲੇਖਕ: ਡਾ. ਸਵਰਾਜਵੀਰ, ਨਿਰਦੇਸ਼ਕ: ਕੇਵਲ ਧਾਲੀਵਾਲ), ‘ਸਾਰੰਗੀ’ (ਲੇਖਕ: ਗੁਰਮੀਤ ਕੜਿਆਲਵੀ, ਨਿਰਦੇਸ਼ਕ: ਕੀਰਤੀ ਕਿਰਪਾਲ), ‘ਪਗੜੀ ਸੰਭਾਲ ਜੱਟਾ’ (ਲੇਖਕ ਤੇ ਨਿਰਦੇਸ਼ਕ: ਡਾ. ਨਵਦੀਪ ਸਿੰਘ ਜੌੜਾ) ਅਤੇ ‘ਫੈਸਲਾ’ (ਲੇਖਕ: ਜਗਰੂਪ, ਨਿਰਦੇਸ਼ਕ: ਵਿੱਕੀ ਮਹੇਸ਼ਰੀ) ਨਾਟਕ ਖੇਡੇ ਜਾਣਗੇ।
ਨਾਟਕਾਂ ਅਤੇ ਗੀਤਾਂ ਭਰੀ ਰਾਤ ਦੇ ਮੁੱਖ ਬੁਲਾਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖ਼ਾਲਿਦ ਹੋਣਗੇ। 
ਜਗਸੀਰ ਜੀਦਾ, ਨਵਦੀਪ ਧੌਲਾ, ਹੈਪੀ ਭਗਤਾ ਅਤੇ ਅਮਰਜੀਤ ਰਸੂਲਪੁਰੀ ਦੀ ਨਿਰਦੇਸ਼ਨਾ ’ਚ ਗੀਤ-ਸੰਗੀਤ ਹੋਏਗਾ।
ਤਿਆਰੀ ਕਮੇਟੀ ਦੇ ਆਗੂ ਗੁਰਮੀਤ ਨੇ ਦੱਸਿਆ ਕਿ ਪੰਜਾਬ ਭਰ ’ਚੋਂ ਮੇਲੇ ਨੂੰ ਮਿਲ ਰਹੇ ਹੁੰਗਾਰੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮੇਲੇ ’ਚ ਕਿਰਤੀ, ਕਿਸਾਨ, ਨੌਜਵਾਨ, ਵਿਦਿਆਰਥੀ, ਬੇਰੁੁਜ਼ਗਾਰ, ਮੁਲਾਜ਼ਮ ਅਤੇ ਔਰਤਾਂ ਜੱਥੇ ਬਣਾ ਕੇ ਵੱਡੀ ਗਿਣਤੀ ’ਚ ਸ਼ਾਮਲ ਹੋਣ ਲਈ ਜ਼ੋਰਦਾਰ ਤਿਆਰੀਆਂ ਵਿੱਚ ਜੁਟੇ ਹੋਏ ਹਨ। ਪਹਿਲੀ ਨਵੰਬਰ ਸਵੇਰੇ 10:00 ਤੋਂ 2 ਨਵੰਬਰ ਸਵੇਰ ਤੱਕ ਗ਼ਦਰੀ ਬਾਬਿਆਂ ਦੇ ਮੇਲੇ ਦਾ ਸਿੱਧਾ ਪ੍ਰਸਾਰਣ .. (ਪੀਪੀਸੀਲਾਇਵਡਾਟਇਨ)’ਤੇ ਦੇਖਿਆ ਜਾ ਸਕਦਾ ਹੈ।
ਕੁਲ ਮਿਲਾ ਕੇ ਜਿੱਥੇ ਇਹ ਮੇਲਾ ਗਦਰੀ ਬਾਬਿਆਂ ਦੇ ਸੰਘਰਸ਼ ਦੀ ਰੌਸ਼ਨੀ ਵਿੱਚ ਮੌਜੂਦਾ ਲੋਕਾਈ ਨੂੰ ਸੇਧਾਂ ਦੇਵੇਗਾ ਉੱਥੇ ਇਤਿਹਾਸ ਨੂੰ
ਤੋੜਨ ਮਰੋੜਣ ਲੱਗੇ ਸਾਜ਼ਿਸ਼ੀਆਂ ਦੀਆਂ ਚਾਲਾਂ ਨੂੰ ਨਾਕਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੀ ਹੋਰ ਤਿੱਖੀਆਂ ਕਰੇਗਾ।

No comments: