Saturday, October 22, 2016

ਲੁਧਿਆਣਾ ਵਿੱਚ ਕਨ੍ਹੱਈਆ ਕੁਮਾਰ ਦੇ ਵਿਰੋਧ ਦੀ ਧਮਕੀ ਦਾ ਲਿਆ ਗੰਭੀਰ ਨੋਟਿਸ

Sat, Oct 22, 2016 at 5:22 PM
ਪਦਮਸ੍ਰੀ ਡਾ. ਸੁਰਜੀਤ ਪਾਤਰ  ਅਤੇ ਸਾਬਕਾ ਮੰਤਰੀ ਦਾਖਾ ਵੱਲੋਂ ਵੀ ਨਿਖੇਧੀ 
ਲੁਧਿਆਣਾ: 22 ਅਕਤੂਬਰ  2016: (ਪੰਜਾਬ ਸਕਰੀਨ ਬਿਊਰੋ):
ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਦੇ  ਲੁਧਿਆਣਾ  ਆਉਣ ਤੇ ਕੁਝ ਵਕੀਲਾਂ ਅਤੇ ਕੱਟੜ ਹਿੰਦੂ ਜੱਥੇਬੰਦੀਆਂ ਵੱਲੋਂ  ਵਿਰੋਧ ਦੀ ਖਬਰ ਸੁਣ ਕੇ ਲੁਧਿਆਣੇ ਦੀਆਂ ਅਗਾਂਹਵਧੂ ਅਤੇ ਚਿੰਤਨ ਮੰਥਨ ਕਰਨ ਵਾਲੀਆਂ ਸੰਸਥਾਵਾਂ ਨੇ ਘੋਰ ਚਿੰਤਾ ਪ੍ਰਗਟ ਕੀਤੀ ਹੈ। ਇਸ ਮਾਮਲੇੇ ਵਿੱਚ ਹੋਰਨਾਂ ਤੋਂ ਇਲਾਵਾ ਪਦਮਸ੍ਰੀ ਡਾ. ਸੁਰਜੀਤ ਪਾਤਰ  ਅਤੇ ਸਾਬਕਾ ਮੰਤਰੀ ਪੰਜਾਬ ਸ਼੍ਰੀ ਮਲਕੀਤ ਸਿੰਘ ਦਾਖਾ ਨੇ ਵੀ ਨਿੰਦਾ ਕੀਤੀ ਹੈ। ਸੰਬੰਧਿਤ ਜਥੇਬੰਦੀਆਂ ਨੇ ਜ਼ਿਲ੍ਹਾ ਲੁਧਿਆਣਾ ਪ੍ਰਸਾਸ਼ਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਆਪਣਾ ਫਰਜ਼ ਬਣਦਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾਵੇ।  

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸੋਸ਼ਲ ਥਿੰਕਰਜ਼ ਫ਼ੋਰਮ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਸਿੱਖਿਆ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਸਮਾਗਮ ਦੇ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਸਮੇਤ ਸੋਸ਼ਲ ਥਿੰਕਰਜ਼ ਫ਼ੋਰਮ ਦੇ ਕਨਵੀਨਰ ਡਾ. ਅਰੁਣ ਮਿੱਤਰਾ ਅਤੇ ਸਹਿ ਕਨਵੀਨਰ ਐਮ.ਐਸ.ਭਾਟੀਆ ਨੇ ਪੰਜਾਬੀ ਭਵਨ ਵਿਚ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਦੇ ਆਉਣ ਤੇ ਦਿੱਤੀਆਂ ਧਮਕੀਆਂ ਦੀ ਨਿਖੇਧੀ ਕੀਤੀ ਹੈ।

ਉਪਰੋਕਤ ਸੰਸਥਾਵਾਂ ਵੱਲੋਂ ਸਿੱਖਿਆ ਦੇ ਬੜੇ ਗੰਭੀਰ ਵਿਸ਼ੇ ਮਹਿੰਗੀ ਵਿੱਦਿਆ-ਘਟਦੇ ਰੁਜ਼ਗਾਰ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਹੋਰਨਾਂ ਵਿਦਵਾਨਾਂ ਤੋਂ ਇਲਾਵਾ ਕਨ੍ਹੱਈਆ ਕੁਮਾਰ ਨੂੰ ਇਸ ਵਿਸ਼ੇ ’ਤੇ ਵਿਦਿਆਰਥੀਆਂ ਦਾ ਪੱਖ ਰੱਖਣ ਲਈ ਬੁਲਾਇਆ ਗਿਆ ਹੈ। ਉਸ ਨੂੰ ਕਿਸੇੇ ਵੀ ਅਦਾਲਤ ਨੇ ਅਜੇ ਤੱਕ ਦੋਸ਼ੀ ਨਹੀਂ ਠਹਿਰਾਇਆ ਜੋ ਅਖੌਤੀ ਤੌਰ ’ਤੇ ਉਸ ਉਪਰ ਦੋਸ਼ ਲੱਗ ਰਹੇ ਸਨ ਕਿ ਉਸ ਨੇ ਦੇਸ਼ ਵਿਰੋਧੀ ਨਾਹਰੇ ਲਗਾਏ ਹਨ। ਉਹ ਵੀ ਸਾਬਤ ਹੋ ਚੁੱਕਾ ਹੈ ਕਿ ਸੰਬੰਧਿਤ ਵੀਡੀਓ ਦੀ ਛੇੜ ਛਾੜ ਕਰਕੇ ਇਹ ਕੰਮ ਕੀਤਾ ਗਿਆ ਸੀ। ਸੋ ਇਕ ਲੋਕਤੰਤਰੀ ਦੇਸ਼ ਵਿਚ ਸਿੱਖਿਆ ਵਰਗੇ ਵਿਸ਼ੇ ’ਤੇ ਜੇਕਰ ਕੋਈ ਆਪਣੇ ਵਿਚਾਰ ਦੇਣ ਲਈ ਆਉਦਾ ਹੈ ਤਾਂ ਉਸ ਨੂੰ ਰੋਕਣਾ ਅਤੇ ਧਮਕੀਆਂ ਦੇਣਾ ਜਿੱਥੇ ਗੈਰਲੋਕਤੰਤਰੀ ਹੈ, ਉੱਥੇ ਸਭਿਅਕ ਸਮਾਜ ਨੂੰ ਸ਼ੋਭਾ ਨਹੀਂ ਦਿੰਦਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਮੰਤਵ ਭਾਸ਼ਾ, ਸਾਹਿਤ ਅਤੇ ਸਭਿਆਚਾਰ ਬਾਰੇ ਕੰਮ ਕਰਨਾ ਹੈ। ਭਾਸ਼ਾ ਦਾ ਸਿੱਖਿਆ ਨਾਲ ਗੂੜਾ ਸੰਬੰਧ ਹੈ ਅਤੇ ਇਸ ਸੰਬੰਧੀ ਜਿੰਨੀ ਵੀ ਚਰਚਾ ਹੋ ਸਕੇ ਥੋੜ੍ਹੀ ਹੈ। ਅੱਜ ਇਸ ਬਾਬਤ ਇੱਕ ਪ੍ਰੈਸ ਕਾਨਫ਼ੰਸ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤੀ ਗਈ ਜਿਸਨੂੰ ਜਾਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨ ਦੇ ਜਨਰਲ ਸਕੱਤਰ ਕਾ: ਡੀ ਪੀ ਮੌੜ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਨਵਲ ਛਿੱਬੜ, ਪ੍ਰਮੁੱਖ ਵਕੀਲ ਅਤੇ ਦਲਿਤ ਆਗੂ ਨਰਿੰਦਰ ਆਧਿਆ, ਐਡਵੋਕੇਟ ਗੁਰਚਰਨਜੀਤ, ਵਰਿੰਦਰ ਕੌਫ਼ੀ, ਏਟਕ ਆਗੂ ਗੁਰਨਾਮ ਸਿੱਧੂ, ਨੌਜਵਾਨ ਆਗੂ ਕੁਲਦੀਪ ਸਿੰਘ ਬਿੰਦਰ , ਪੰਜਾਬ ਸੀਵਰਮੈਨ ਇੰਪਲਾਈਜ਼ ਯੂਨੀਅਨ-ਏਟਕ ਦੇ ਪ੍ਰਧਾਨ  ਵਿਜੈ ਕੁਮਾਰ, ਡਿਸਪੋਜ਼ਲ ਵਰਕਰਜ਼ ਯੂਨੀਅਨ  ਨਗਰ ਨਿਗਮ ਲੁਧਿਆਣਾ ਦੇ ਪ੍ਰਧਾਨ ਮਹੀਪਾਲ, ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਕੱਤਰ ਡਾ: ਰਾਜਿੰਦਰ ਪਾਲ ਸਿੰਘ ਔਲਖ, ਏਟਕ ਯੂਨੀਅਨ ਆਗੂ ਟਾਈਗਰ ਸਿੰਘ, ਲੱਡੂ ਸ਼ਾਹ, ਰਾਮ ਚੰਦਰ ਯਾਦਵ, ਬਿਜਲੀ ਮੁਲਾਜ਼ਮ ਆਗੂ ਐਸ ਪੀ ਸਿੰਘ, ਰਣਧੀਰ ਸਿੰਘ ਧੀਰਾ ਆਦਿ ਨੇ ਸੰਬੋਧਨ ਕੀਤਾ।
ਕਿਸੇ ਵੀ ਵੇਰਵੇ ਜਾਂ ਕਵਰੇਜ ਕਰਨ ਵਿੱਚ ਆਉਂਦੀ ਮੁਸ਼ਕਿਲ ਦੂਰ ਕਰਨ ਦੀ ਸਹਾਇਤਾ ਲਈ ਸੰਪਰਕ ਕਰ ਸਕਦੇ ਹੋ:
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰੈੱਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨਾਲ 94647-62825 ਜਾਂ ਫੇਰ ਕਿਸੇ ਹੰਗਾਮੀ ਹਾਲਤ ਵਿੱਚ ਸੋਸ਼ਲ ਥਿੰਕਰਜ਼ ਫ਼ੋਰਮ ਦੇ ਕਨਵੀਨਰ ਡਾ. ਅਰੁਣ ਮਿੱਤਰਾ ਨਾਲ 9417000360 'ਤੇ ਸੰਪਰਕ ਕੀਤਾ ਜਾ ਸਕਦਾ ਹੈ। 

No comments: