Tuesday, October 04, 2016

ਆਖਿਰ ਕੌਣ ਹਨ ਠਾਕੁਰ ਦਲੀਪ ਸਿੰਘ ਦੇ ਪੋਸਟਰ ਪਾੜਨ ਵਾਲੇ ਲੋਕ?

ਕੌਣ ਹੈ ਸਭਨਾਂ ਨੂੰ ਇੱਕ ਕਰਨ ਦੇ ਮਿਸ਼ਨ ਦਾ ਵਿਰੋਧੀ?
ਲੁਧਿਆਣਾ: 28 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਠਾਕੁਰ ਦਲੀਪ ਸਿੰਘ ਦੇ ਪੋਸਟਰ ਪਾੜੇ ਜਾਣ ਦਾ ਸਿਲਸਿਲਾ ਜਨਮ ਅਸ਼ਟਮੀ ਦੇ ਸਮਾਗਮ ਮੌਕੇ ਵੀ ਹੋਇਆ ਸੀ। ਉਦੋਂ ਕਈਆਂ ਨੂੰ ਫੋਨ ਕਰ ਕਰ ਕੇ ਇਸ ਸਮਾਗਮ ਵਿੱਚ ਸ਼ਾਮਲ ਨਾ ਹੋਣ ਲਈ ਵੀ ਕਿਹਾ ਗਿਆ ਸੀ। ਹੁਣ ਸਤੰਬਰ ਦੇ ਆਖ਼ਿਰੀ ਹਫਤੇ ਫਿਰ ਉਹੀ ਕੁਝ ਦੋਹਰਾਇਆ ਗਿਆ ਹੈ।  ਪਹਿਲੀ ਘਟਨਾ ਸ਼ਾਇਦ 27 ਸਤੰਬਰ ਨੂੰ ਵਾਪਰੀ। ਗਿਆਨ ਮੰਦਰ ਵੱਲੋਂ ਹਰ ਮਹੀਨੇ ਇੱਕ ਰਾਸ਼ਣ ਵੰਡ ਸਮਾਗਮ ਕੀਤਾ ਜਾਂਦਾ ਹੈ ਜਿਸ ਵਿੱਚ ਕਿਸੇ ਨ ਕਿਸੇ ਖਾਸ ਸ਼ਖ਼ਸੀਅਤ ਨੂੰ ਉਚੇਚ ਨਾਲ ਸੱਦਾ ਦੇ ਕੇ ਬੁਲਾਇਆ ਜਾਂਦਾ ਹੈ। ਪੰਜਾਬ ਕੇਸਰੀ-ਹਿੰਦ ਸਮਾਚਾਰ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਦੇ ਸਪੁੱਤਰ ਵਿਜੇ ਕੁਮਾਰ ਚੋਪੜਾ ਦੀ ਪ੍ਰੇਰਣਾ ਨਾਲ ਸਥਾਪਿਤ ਹੋਈ ਅਤੇ ਲਗਾਤਾਰ ਚੱਲ ਰਹੀ ਇਸ ਸੰਸਥਾ ਯਾਦ ਸੰਚਾਲਨ ਗਿਆਨ ਸਥਲ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਜਗਦੀਸ਼ ਬਜਾਜ ਕਰਦੇ ਹਨ। ਉਹਨਾਂ ਦੀ ਅਕਸਰ ਕੋਸ਼ਿਸ਼ ਹੁੰਦੀ ਹੈ ਕਿ ਇਸ ਯੱਗ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇ। ਇਸ ਰਾਸ਼ਨ ਵੰਡ ਸਮਾਗਮ ਵਿੱਚ ਹੁਣ ਤੱਕ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਿਰਕਤ ਕਰ ਚੁੱਕੀਆਂ ਹਨ। ਦੇਖ ਦੇਖੀ ਕਈ ਹੋਰਾਂ  ਨੇ ਵੀ ਅਜਿਹੇ ਚੰਗੇ ਜਨਮ ਸ਼ੁਰੂ ਕੀਤਾ ਅਤੇ ਆਪੋ ਆਪਣੇ ਸੰਗਠਨ ਬਣਾਏ ਪਰ ਗਿਆਨ ਸਥਲ ਮੰਦਿਰ ਦੇ ਇਸ ਯੱਗ ਦਾ ਜੋਸ਼ੋ ਖਰੋਸ਼ ਹਮੇਸ਼ਾਂ ਪਹਿਲੇ ਨੰਬਰ 'ਤੇ ਰਿਹਾ। 
ਜਨਮ ਅਸ਼ਟਮੀ ਮਨਾਉਣ ਅਤੇ ਫਿਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਪਿਤਾ ਦੀ ਯਾਦ ਵਿੱਚ ਰੱਖੇ ਗਏ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਠਾਕੁਰ ਦਲੀਪ ਸਿੰਘ ਇਸ ਵਾਰ ਗਿਆਨ ਸਥਲ ਮੰਦਰ ਦੇ ਰਾਸ਼ਣ ਵੰਡ ਸਮਾਗਮ ਵਿੱਚ ਵੀ ਸ਼ਾਮਲ ਹੋ ਰਹੇ ਹਨ। ਇਸ ਸਮਾਗਮ ਐਡ ਵੱਡੇ ਵੱਡੇ ਹੋਰਡਿੰਗਜ਼ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਕਈ ਥਾਵਾਂ ਤੇ ਲਗਾਏ ਗਏ ਹਨ।  ਜਨਮ ਅਸ਼ਟਮੀ ਦੇ ਹੋਰਡਿੰਗਜ਼ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ ਅਤੇ ਇਸ ਵਾਰ ਇਹਨਾਂ ਪੋਸਟਰਾਂ ਨੂੰ ਵੀ ਪੜਿਆ ਗਿਆ ਹੈ। ਆਖਿਰ ਕੌਣ ਹਨ ਇਹਨਾਂ ਨੂੰ ਪਾੜਣ ਵਾਲੇ? ਚੇਤੇ ਰਹੇ ਕਿ ਦਮਦਮੀ ਟਕਸਾਲ ਦੇ ਸਮਾਗਮ ਵਿੱਚ ਠਾਕੁਰ ਦਲੀਪ ਸਿੰਘ ਨੇ ਹਿੰਸਾ ਦਾ ਵਿਰੋਧ ਕੀਤਾ ਸੀ ਅਤੇ ਖਾਲਿਸਤਾਨ ਦੇ ਸੰਕਲਪ ਨੂੰ ਆਪਣੇ ਵਿਚਾਰ ਮੁਤਾਬਿਕ ਸਾਹਮਣੇ ਰੱਖਿਆ ਸੀ। ਇਸ ਤੋਂ ਬਾਅਦ ਉਹਨਾਂ ਆਰ ਐਸ ਐਸ ਆਗੂ ਜਗਦੀਸ਼ ਗਗਨੇਜਾ ਦੀ ਅੰਤਿਮ ਅਰਦਾਸ ਵਾਲੇ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ। 
ਕੁਲ ਮਿਲਾ ਕੇ ਠਾਕੁਰ ਦਲੀਪ ਸਿੰਘ ਬਿਨਾ ਕਿਸੇ ਜ਼ੈੱਡ ਸੁਰੱਖਿਆ ਤੋਂ ਆਮ ਲੋਕਾਂ ਵਿੱਚ ਵਿਚਰਦੇ ਹੋਏ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰਨ ਦਾ ਦਾਅਵਾ ਕਰਦੇ ਹਨ।  ਉਹਨਾਂ ਦਾ ਕਹਿਣਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਹਨ ਅਤੇ ਉਹ ਸਾਰੇ ਸਿੱਖ ਹਨ ਜਿਹਨਾਂ ਨੂੰ ਕਿਸੇ ਕੋਲੋਂ ਸਿੱਖੀ ਦਾ ਪ੍ਰਮਾਣ ਪੱਤਰ ਲੈਣ ਦੀ ਕੋਈ ਲੋੜ ਨਹੀਂ। ਇਹ ਗੱਲ ਉਹਨਾਂ ਸਹਿਜਧਾਰੀ ਸਿੱਖਾਂ ਦੇ ਮਾਮਲੇ ਵਿੱਚ ਆਏ ਇੱਕ ਕਾਨੂੰਨੀ ਫੈਸਲੇ ਦੇ ਸੰਦਰਭ ਵਿੱਚ ਵੀ ਕਹੀ ਸੀ। ਇਸ ਦੇ ਨਾਲ ਹੀ ਉਹ ਬਾਬਾ ਨਾਨਕ ਦੇ ਭਾਈ ਲਾਲੋ ਵਾਲੇ ਸੰਕਲਪ ਨੂੰ ਵੀ ਆਪਣੀ ਸੰਗਤ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਠਾਕੁਰ ਦਲੀਪ ਸਿੰਘ ਦੀ ਸੰਗਤ ਸੀਮਿਤ ਸਾਧਨਾਂ ਦੇ ਬਾਵਜੂਦ ਉਹਨਾਂ ਲੋਕਾਂ ਤੱਕ ਪਹੁੰਚ ਕਰ ਰਹੀ ਹੈ ਜਿਹੜੇ ਸੱਚਮੁੱਚ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਪਰ ਉਹਨਾਂ ਕੋਲ ਇਸ ਦਾ ਕੋਈ ਸਬੂਤ ਨਹੀਂ। ਉਹਨਾਂ ਕੋਲ ਕੋਈ ਲਾਲ, ਨੀਲਾ, ਪੀਲਾ ਕਾਰਡ ਨਹੀਂ। ਅਜਿਹਾ ਕੋਈ ਕਾਰਡ ਬਣਵਾ ਸਕਣ ਦੀ ਨਾ ਤਾਂ ਉਹਨਾਂ ਕੋਲ ਹਿੰਮਤ ਅਤੇ ਨਾ ਹੀ ਕੋਈ ਪਹੁੰਚ। ਠਾਕੁਰ ਦਲੀਪ ਸਿੰਘ ਦੇ ਪੈਰੋਕਾਰ ਇਹਨਾਂ ਲੋਕਾਂ ਤੱਕ ਪਹੁੰਚ ਰਹੇ ਹਨ। ਜੇ ਇਹ ਲੋਕ ਸਿੱਖੀ ਵੱਲ ਆਕਰਸ਼ਿਤ ਹੁੰਦੇ ਹਨ ਤਾਂ ਸਭ ਤੋਂ ਵੱਡੀ ਸੱਟ ਉਸ ਸਿਲਸਿਲੇ ਤੇ ਲੱਗਦੀ ਹੈ ਜਿਸ ਅਧੀਨ ਬਹੁਤ ਸਾਰੇ ਲੋਕਾਂ ਨੂੰ ਰੋਟੀ ਦੀ ਮਜਬੂਰੀ ਕਾਰਣ ਧਰਮ ਪਰਿਵਰਤਨ ਕਰਨਾ ਪੈਂਦਾ ਹੈ।  ਇਹ ਕੰਮ ਸਰਦੇ ਪੁੱਜਦੇ ਸਿੱਖਾਂ ਹਿੰਦੂਆਂ ਦੋਹਾਂ ਦਾ ਬਣਦਾ ਸੀ ਪਰ ਕਰ ਰਹੇ ਹਨ ਠਾਕੁਰ ਦਲੀਪ ਸਿੰਘ ਆਪਣੇ ਸੀਮਿਤ ਸਾਧਨਾਂ ਨਾਲ।   
ਇਸ ਦੌਰਾਨ ਨਾਮਧਾਰੀ ਭਾਈਚਾਰੇ ਦੇ ਸਤਿਗੁਰੂ ਮਹਾਰਾਜ ਦਲੀਪ ਸਿੰਘ ਦੀ ਤਸਵੀਰ ਵਾਲੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੋਸਟਰ ਪਾੜੇ ਜਾਣ 'ਤੇ ਉਨ੍ਹਾਂ ਦੀਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਾਮਧਾਰੀ ਭਾਈਚਾਰੇ ਦੇ ਆਗੂ ਅਤੇ ਸਤਿਗੁਰੂ ਮਹਾਰਾਜ ਠਾਕੁਰ ਦਲੀਪ ਸਿੰਘ ਦੇ ਸ਼ਰਧਾਲੂ ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ ਸਬੰਧਤ ਸ਼ਰਾਰਤੀ ਲੋਕਾਂ ਵੱਲੋਂ ਪੋਸਟਰ ਪਾੜੇ ਜਾਣ ਤੇ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਨਸਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਸ਼ਰਾਰਤੀ ਅਨਸਰ ਅਜਿਹੀਆਂ ਘਿਣਾਉਣੀਆਂ ਹਰਕਤਾਂ ਕਰਕੇ ਮਾਹੌਲ ਨੂੰ ਖਰਾਬ ਕਰਨ ਦੀ ਸਾਜਿਸ਼ ਰਚ ਰਹੇ ਹਨ।
ਹੁਣ ਸੁਆਲ ਉੱਠਦਾ ਹੈ ਕਿ ਕੌਣ ਹਨ ਅਜਿਹੇ ਅਨਸਰ? ਆਖਦੇ ਨੇ ਜਦੋਂ ਵੱਸ ਚੱਲੇ ਤਾਂ ਦੁਸ਼ਮਣ ਨੂੰ ਕਤਲ ਕਰ ਦਿਓ ਤੇ ਜਦੋਂ ਵੱਸ ਨਾ ਚੱਲੇ ਤਾਂ ਉਸਦਾ ਪੋਸਟਰ ਫੜ ਦਿਓ। ਪਾੜੇ ਪਾਉਣ ਦੀਆਂ ਹਰਕਤਾਂ ਹਮੇਸ਼ਾਂ ਸਵਾਰਥੀ ਅਨਸਰਾਂ ਨੇ ਕੀਤੀਆਂ ਹਨ।
ਪ੍ਰੋਫੈਸਰ ਮੋਹਨ ਸਿੰਘ ਆਪਣੀ ਇੱਕ ਲੰਮੀ ਕਵਿਤਾ ਵਿੱਚ ਲਿਖਦੇ ਹਨ:
ਦੋ ਟੋਟਿਆਂ ਦੇ ਵਿਚ ਭੋਂ ਟੁੱਟੀ,
ਇਕ ਮਹਿਲਾਂ ਦਾ ਇਕ ਢੋਕਾਂ ਦਾ,
ਦੋ ਧੜਿਆਂ ਵਿਚ ਖ਼ਲਕਤ ਵੰਡੀ,
ਇਕ ਲੋਕਾਂ ਦਾ ਇਕ ਜੋਕਾਂ ਦਾ। 
ਇਹਨਾਂ ਲੋਕ ਵਿਰੋਧੀ ਅਨਸਰਾਂ ਦੀਆਂ ਸਾਜ਼ਿਸ਼ਾਂ ਬਾਰੇ ਲਿਖਦਿਆਂ ਪ੍ਰੋਫੈਸਰ ਮੋਹਨ ਸਿੰਘ ਆਖਦੇ ਹਨ:
ਜਨਤਾ ਨੂੰ ਥਹੁ ਨਾ ਲਗਣ ਦਿਤਾ
ਇਨ੍ਹਾਂ ਜਾਦੂਗਰ ਵਿਥਕਾਰਾਂ ਨੇ,
ਅਸਲੀਅਤ ਵਿਚ ਨੇ ਦੋ ਵਿੱਥਾਂ,
ਬਾਕੀ ਸਭ ਕੂੜੀਆਂ ਪਾੜਾਂ ਨੇ। 
ਕਿਤੇ ਅਜਿਹਾ ਤਾਂ ਨਹੀਂ ਕਿ ਠਾਕੁਰ ਦਲੀਪ ਸਿੰਘ ਹੋਈ ਹੋਲੀ ਮਨੁੱਖ ਨੂੰ ਮਨੁੱਖ ਨਾਲ ਲੜਾਉਣ ਵਾਲੀ ਇਸ ਅਸਲੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਜਤਨ ਕਰ ਰਹੇ ਹੋਣ। ਜੇ ਠਾਕੁ ਦਲੀਪ ਸਿੰਘ ਲੋਕਾਂ ਨਾਲ ਨੇੜਤਾ ਵਧ ਰਹੇ ਹਨ ਤਾਂ ਨਿਸਚੇ ਹੀ ਜੋਕਾਂ ਨੇ ਉਹਨਾਂ ਦਾ ਵਿਰੋਧ ਕਰਨਾ ਹੀ ਕਰਨਾ ਹੈ ਭਾਵੈਂ ਇਹ ਜੋਕਾਂ ਕਿਸੇ ਵੀ ਰੰਗ ਰੂਪ ਵਿੱਚ ਖੜੀਆਂ ਹੋਣ। ਹੁਣ ਦੇਖਣਾ ਹੈ ਕਿ ਥਾਂ ਥਾਂ ਲੱਗੇ ਕਲੋਜ਼ ਸਰਕਟ ਟੀਵੀ ਕੈਮਰਿਆਂ ਵਾਲੇ ਇਸ ਆਧੁਨਿਕ ਯੁਗ ਵਿੱਚ ਪੋਸਟਰ ਪਾੜਣ ਦਾ ਪਤਾ ਕਿੰਨੀ ਛੇਤੀ ਲਾਇਆ ਜਾਂਦਾ ਹੈ। 

No comments: