Sunday, October 30, 2016

ਭਾਰਤ ਮਾਂ ਦੀ ਆਜ਼ਾਦੀ ਲਈ ਉਨ੍ਹਾਂ ਨਗਾਰੇ ’ਤੇ ਚੋਟ ਲਾਈ ਸੀ

ਗਦਰ ਦੇ ਮਕਸਦ ਅਤੇ ਨਿਰੰਤਰਤਾ ਬਾਰੇ ਕਾਮਰੇਡ ਗੁਰਮੀਤ ਦੀ ਖਾਸ ਲਿਖਤ 
ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ
ਹਰਫ਼ ਓਹੀ ਹਮੇਸ਼ਾ ਲਿਖੇ ਰਹਿਣਗੇ....  
ਮੇਲਾ ਗ਼ਦਰੀ ਬਾਬਿਆਂ ਦਾ ਅੱਜ ਆਪਣੇ ਸਿਲਵਰ ਜੁਬਲੀ ਪੜਾਅ ’ਤੇ ਪਹੁੰਚ ਗਿਆ ਹੈ।  25ਵਾਂ ਮੇਲਾ ਗ਼ਦਰ ਲਹਿਰ ਦੇ ਉਨ੍ਹਾਂ ਸਿਰਲੱਥ ਯੋਧਿਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਅੱਜ ਤੋਂ 100 ਸਾਲ ਪਹਿਲਾਂ ਦੇਸ਼ ਨੂੰ ਸਾਮਰਾਜੀ ਜਕੜ ਤੋਂ ਆਜ਼ਾਦ ਕਰਾਉਣ ਲਈ ਗ਼ਦਰ ਪਾਰਟੀ ਵਲੋਂ ਸ਼ੁਰੂ ਕੀਤੇ ਸੰਗਰਾਮ ਨੂੰ ਆਪਣੇ ਲਹੂ ਨਾਲ ਸਿੰਝਿਆ ਸੀ।  ਫਾਂਸੀ ਦੇ ਰੱਸੇ ਚੁੰਮੇ ਉਮਰ ਭਰ ਕਾਲੇ ਪਾਣੀ ਦੀਆਂ ਜੇਲ੍ਹਾਂ ’ਚ ਤਸੀਹੇ ਝੱਲੇ। ਪਿਛਲੇ ਦੋ ਮੇਲੇ 1914 ਤੇ 15 ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸਨ। ਸੰਨ 1913 ’ਚ ਗ਼ਦਰ ਪਾਰਟੀ ਦੀ ਸ਼ਤਾਬਦੀ ਮਨਾਈ ਗਈ ਸੀ। ਅਗਲਾ ਮੇਲਾ ਜਿੱਥੇ 1917 ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਤ ਹੋਵੇਗਾ, ਉਥੇ ਕੁੱਲ ਦੁਨੀਆਂ ਦੇ ਲੋਕਾਂ ਦੀ ਮੁਕਤੀ ਲਈ ਚਾਨਣ ਮੁਨਾਰਾ ਬਣੀ ਰੂਸੀ ਕਰਾਂਤੀ (1917) ਦੀ ਸ਼ਤਾਬਦੀ ਨੂੰ ਸਮਰਪਤ ਹੋਏਗਾ। ਇਨ੍ਹਾਂ ਇਤਿਹਾਸਕ ਮੌਕਿਆਂ ਸਮੇਂ ਜਿਥੇ ਅਸੀਂ ਗ਼ਦਰ ਪਾਰਟੀ ਵਲੋਂ ਕੀਤੇ ਸੰਗਰਾਮ ਤੇ ਉਸ ’ਚ ਜਾਨ ਵਾਰਣ ਵਾਲੇ ਸੂਰਬੀਰ ਗ਼ਦਰੀਆਂ ਨੂੰ ਯਾਦ ਕਰਦੇ ਹਾਂ, ਉਥੇ ਉਨ੍ਹਾਂ ਵਲੋਂ ਆਜ਼ਾਦੀ, ਖੁਸ਼ਹਾਲੀ ਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਲਏ ਸੁਪਨੇ ਨੂੰ ਪੂਰਿਆ ਕਰਨ ਦਾ ਸੰਕਲਪ ਵੀ ਦੁਹਰਾਉਂਦੇ ਹਾਂ। ਜਿਸ ਤਰ੍ਹਾਂ ਦੀ ਆਜ਼ਾਦੀ ਲਈ ਉਨ੍ਹਾਂ ‘ਆਜ਼ਾਦੀ ਅਤੇ ਤਰੱਕੀ ਦੇ ਅਸੂਲਾਂ’’ ਗ਼ਦਰ ਅਖ਼ਬਾਰ ਦੀ ਸੰਪਾਦਕੀ ’ਚ ਲਿਖਿਆ ਸੀ: 
‘‘ਅਜ਼ਾਦੀ ਅਤੇ ਤਰੱਕੀ ਦੇ ਅਸੂਲ
ਅਸੀਂ ਅਜ਼ਾਦੀ ਕਿਸ ਲਈ ਚਾਹੁੰਦੇ ਹਾਂ? ਅਸੀਂ ਗ਼ਦਰ ਕਿਓਂ ਕਰਨਾ ਹੈ? ਅਸੀਂ ਏਤਨਾ ਬੜਾ ਅਡੰਬਰ ਕਿਓਂ ਚੁਕਿਆ ਹੈ? ਬਸ ਸਿਰਫ ਸੁੱਖ ਦੀ ਖਾਤਰ। ਏਸ ਵਕਤ ਹਿੰਦੋਸਤਾਨ ਦੇ ਲੋਕ ਭਾਂਤ ਭਾਂਤ ਦੇ ਦੁਖਾਂ ਵਿਚ ਹਨ। ਹੁਣ ਸਾਰੇ ਦੁੱਖਾਂ ਦਾ ਨਾਸ਼ ਕਰਕੇ ਸੁੱਖ ਦਾ ਰਾਜ ਬਨਾਉਣ ਦੀ ਖਾਤਰ ਅਸੀਂ ਗ਼ਦਰ ਦੀ ਤਿਆਰੀ ਕਰਦੇ ਹਾਂ। 
ਸੁਖ ਦੇ ਕਈ ਬੜੇ ਅਸੂਲ ਹਨ। ਜਿਨਾਂ ਦੀ ਜੜ ਪੁਰ ਕਈ ਅੱਛੀ ਰਿਯਾਸਤਾਂ ਬਣ ਸਕਦੀਆਂ ਹਨ। ਜਿਥੇ ਏਹ ਅਸੂਲ ਨਹੀਂ ਵਰਤੇ ਜਾਂਦੇ ਓਥੇ ਛੇਕੜ ਫੇਰ ਗੁਲਾਮੀ ਆ ਜਾਂਦੀ ਹੈ। ਦੁਖ, ਭੁਖ, ਰੋਗ, ਵਰੋਧ, ਹਰ ਕਿਸਮ ਦੇ ਕਸ਼ਟ ਓਥੇ ਆਕੇ ਡੇਰੇ ਲਾ ਲੈਂਦੇ ਹਨ। ਸੁਖ ਐਵੇਂ ਥੇ ਕੈਦੇ ਕੰਮ ਤੋਂ ਨਹੀਂ ਮਿਲਦਾ। ਏਸ ਨੂੰ ਪਰਾਪਤ ਕਰਨ ਦੇ ਕੁਝ ਅਸੂਲ ਹਨ। ਜਿਨਾਂ ਨੂੰ ਛੱਡਣਾ ਨਹੀਂ ਚਾਹੀਦਾ। ਤਵਾਰੀਖ ਰਾਜ ਨੀਤੀ ਅਤੇ ਸਾਸ਼ਤਰਾਂ ਦੇ ਪਾਠ ਕਰਕੇ ਏਹ ਅਸੂਲ ਕੱਢੇ ਗਏ ਹਨ। ਜਿਸ ਤਰ੍ਹਾਂ ਸੁਮੁੰਦਰ ਵਿਚੋਂ ਮੋਤੀ। ਗ਼ਦਰ ਦੇ ਸਿਪਾਹੀਆਂ ਨੇ ਏਨਾ ਅਸੂਲਾਂ ਦੀ ਖਾਤਰ ਲੜਨਾ ਹੈ। ਅੰਗਰੇਜਾਂ ਨੂੰ ਕਢ ਕੇ ਏਨਾਂ ਅਸੂਲਾਂ ਦਾ ਆਸਰਾ ਲੈਣਾ ਚਾਹੀਦਾ ਹੈ। ਜੇ ਆਜ਼ਾਦੀ ਦੇ ਨਾਲ ਅੱਛੇ ਅਸੂਲ ਨਾ ਹੋਵਨ ਤਾਂ ਆਜ਼ਾਦੀ ਬਹੁਤ ਦੇਰ ਤਕ ਨਹੀਂ ਰਹਿ ਸਕਦੀ। ਅਜ਼ਾਦੀ ਤੋਂ ਪਰਜਾ ਨੂੰ ਦੁਖ ਮਿਲੇ ਜਾਂ ਦੇਸ਼ ਵਿਚ ਗੜਬੜ ਹੋਵੇ ਯਾ ਮਜ਼ਹਬੀ ਵੈਰ ਪੈ ਜਾਵੇ ਤਦ ਅਜੇਹੀ ਅਜ਼ਾਦੀ ਤੋਂ ਕੋਈ ਫਾਇਦਾ ਨਹੀਂ ਹੋਊਗਾ। 
ਰਾਜ ਵਿੱਚ ਅਮੀਰ ਅਤੇ ਗ਼ਰੀਬ ਲੋਕ ਨਹੀਂ ਹੋਣੇ ਚਾਹੀਦੇ। ਧੰਨ ਦਾ ਬੜਾ ਬਲ ਹੈ। ਜੇ ਕਿਸੇ ਦੇਸ਼ ਵਿੱਚ ਕੁਝ ਆਦਮੀ ਅਮੀਰ ਕਰੋੜਪਤੀ ਹਨ ਅਤੇ ਬਾਕੀ ਹੋਰ ਲੋਕ ਗਰੀਬ ਹਨ ਤਾਂ ਓਥੇ ਅਜ਼ਾਦੀ ਦਾ ਨਾਓਂ ਨਸ਼ਾਨ ਨਹੀਂ ਸਕਦਾ...’’     (ਗ਼ਦਰ...)
ਅੱਜ ਦੇਸ਼ ਦੇ ਹਾਲਾਤ ਫਿਰ ਉਸੇ ਤਰ੍ਹਾਂ ਦੇ ਹਨ ਜਦੋਂ ਗ਼ਦਰੀਆਂ ਨੇ ਬਰਤਾਨਵੀ ਸਾਮਰਾਜ ਵਲੋਂ ਮਿਹਨਤਕਸ਼ਾਂ ਦੀ ਲਹੂ ਨਿਚੋੜਵੀ ਲੁੱਟ ਕਰਕੇ ਆਪਣੇ ਖਜ਼ਾਨੇ ਭਰੇ ਜਾ ਰਹੇ ਸਨ। ਹੱਕ, ਨਿਆਂ ਲਈ ਉੱਠੀਆਂ ਅਵਾਜ਼ਾਂ ਨੂੰ ਕੁਚਲਣ ਲਈ ਅੱਤਿਆਚਾਰਾਂ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ ਸਨ। ਓਦੋਂ ਗ਼ਦਰ ਪਾਰਟੀ ਨੇ ਉਸ ਜ਼ਾਲਮ ਰਾਜ ਦੇ ਖਾਤਮੇ ਦਾ ਬਿਗਲ ਵਜਾਇਆ ਸੀ। ਭਾਰਤ ਮਾਂ ਦੀ ਆਜ਼ਾਦੀ ਲਈ ਉਨ੍ਹਾਂ ਨਗਾਰੇ ’ਤੇ ਚੋਟ ਲਈ ਸੀ... ਜੰਗ ਦਾ ਐਲਾਨ ਕੀਤਾ ਸੀ....
ਉਨ੍ਹਾਂ ਅਹਿਦ ਲਿਆ ਸੀ:
ਅਸੀਂ ਸੂਲੀਆਂ ਤੋਂ ਨਹੀਂ ਡਰਨ ਵਾਲੇ, 
ਹੱਸ ਹੱਸ ਕੇ ਖੱਲ੍ਹ ਲੁਹਾ ਦਿਆਂਗੇ।
ਹੋਵੇ ਮਿਹਰ ਦੀ ਨਜ਼ਰ ਬਸ ਇਕ ਤੇਰੀ, 
ਫਿਰ ਤੇ ਜ਼ਮੀਂ ਨੂੰ ਪਲਟ ਵਖਾ ਦਿਆਂਗੇ।
ਤੇਰੀ ਗੋਦ ਦੀ ਆਸ ਉਮੀਦ ਅੰਦਰ, 
ਜਗ੍ਹਾ ਪਾਣੀ ਦੇ ਖੂਨ ਵਹਾਂ ਦਿਆਂਗੇ।
ਜਿਚਰ ਤੀਕ ਹੈ ਜਿਸਮ ਵਿਚ ਜਾਨ ਸਾਡੇ, 
ਸਿਦਕ ਆਪਣਾ ਪੂਰਾ ਨਿਭਾ ਦਿਆਂਗੇ।
ਦੁਖਾਂ ਭਰੀ ਦਸ ਕੇ ਦਾਸਤਾਨ ਆਪਣੀ, 
ਚਰਖ ਤੱਕ ਦੇ ਇੰਜੂ ਗਰਾ ਦਿਆਂਗੇ।
ਅਜੇ ਆਪਣੇ ਤੇ ਸਾਨੂੰ ਮਾਣ ਏਨਾ, 
ਅਸੀਂ ਅੱਗ ਅਸਮਾਨ ਨੂੰ ਲਾ ਦਿਆਂਗੇ।
(ਗ਼ਦਰ ਗੂੰਜ)
ਹਿੰਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੇ ਸੱਦੇ ’ਤੇ ਸਾਢੇ ਅੱਠ ਹਜ਼ਾਰ ਗ਼ਦਰੀ ਸਿਰਾਂ ’ਤੇ ਕਫ਼ਨ ਬੰਨ ਕਾਫ਼ਲੇ ਬਣਾ ਕੈਨੇਡਾ ਅਮਰੀਕਾ ਦੀ ਧਰਤੀ ਤੋਂ ਹਿੰਦੋਸਤਾਨ ਵੱਲ ਆਏ ਸਨ... ਦੇਸ਼ ਵਿੱਚ ਆ ਕੇ ਉਨ੍ਹਾਂ ਆਮ ਲੋਕਾਂ, ਹਿੰਦੀ ਫੌਜੀਆਂ ਨੂੰ ਗ਼ਦਰ ਲਈ ਤਿਆਰ ਕੀਤਾ... ਇਸ ਸੰਗਰਾਮ ’ਚ ਉਨ੍ਹਾਂ ਬੇਮਿਸਾਲ ਕੁਰਬਾਨੀਆਂ ਦਿੱਤੀਆਂ, ਫਾਂਸੀਆਂ, ਕਾਲੇ ਪਾਣੀ ਦੀਆਂ ਕਾਲ ਕੋਠੜੀਆਂ, ਗੋਲੀਆਂ ਉਨ੍ਹਾਂ ਦੇ ਹੌਸਲੇ ਨੂੰ ਮੱਧਮ ਨਾ ਕਰ ਸਕੀਆਂ। ਬੇਸ਼ੱਕ ਉਨ੍ਹਾਂ ਦਾ ਇਹ ਪਹਿਲਾਂ ਹੰਭਲਾ ਨਿਸ਼ਾਨੇ ਤੱਕ ਨਹੀਂ ਪਹੰੁਚ ਸਕਿਆ ਪਰ ਗ਼ਦਰ ਦੀ ਇਹ ਗੂੰਜ...ਅਗੇ ਚਲੀਆਂ ਕਿਰਤੀ ਪਾਰਟੀ, ਨੌਜਵਾਨ ਭਾਰਤ ਸਭਾ, ਬੱਬਰ ਅਕਾਲੀ ਲਹਿਰ, ਮਾਰਸ਼ਲ ਲਾਅ ਵਿਰੋਧੀ ਲਹਿਰ ਤੇ ਆਜ਼ਾਦ ਹਿੰਦ ਫੌਜ ਲਹਿਰ ਦੇ ਰੂਪ ’ਚ ਜਾਰੀ ਰਹੀ...
ਗ਼ਦਰੀਆਂ ਦੇ ਸੁਪਨਿਆਂ ਦਾ ਸਮਾਜ ਅਜੇ ਨਹੀਂ ਉਸਰ ਸਕਿਆ ਗ਼ਦਰੀ ਆਜ਼ਾਦੀ ਤੋਂ ਬਾਅਦ ਵੀ ਸਮਾਜਕ ਬਰਾਬਰੀ, ਨਿਆਂ ਭਰੇ ਪ੍ਰਬੰਧ ਦੀ ਉਪਾਧੀ ਲਈ ਸੰਘਰਸ਼ਸ਼ੀਲ ਰਹੇ...1963 ਵਿਚ ਗ਼ਦਰ ਪਾਰਟੀ ਦੀ ਗੋਲਡਨ ਜੁਬਲੀ (50ਵੀਂ ਵਰ੍ਹੇਗੰਢ) ਮਨਾਉਣ ਸਮੇਂ ਗ਼ਦਰ ਪਾਰਟੀ ਦੇ ਮੋਢੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਨੇ ਬੜੇ ਭਰੇ ਮਨ ਨਾਲ ਉਸ ਵੇਲੇ ਦੇ ਹਾਲਾਤ ਦਾ ਜ਼ਿਕਰ ਕਰਦਿਆਂ
‘‘ਸਾਡੇ ਸੁਪਨਿਆਂ ਦੀ ਆਜ਼ਾਦੀ ਸਾਨੂੰ ਪ੍ਰਾਪਤ ਨਹੀਂ ਹੋਈ।  ਇਥੇ ਬਦੇਸ਼ੀ ਸਰਮਾਇਆ ਹਰ ਥਾਂ ਭਾਰੂ ਹੋ ਗਿਆ ਹੈ।  ਜੇ ਅਸਾਂ ਕੁਰਬਾਨੀਆਂ ਕੀਤੀਆਂ ਹਨ, ਜੰਗੇ-ਆਜ਼ਾਦੀ ਵਿਚ ਖੂਨ ਤੇ ਜ਼ਿੰਦਗੀਆਂ ਦਿੱਤੀਆਂ ਹਨ ਤਾਂ ਸਾਨੂੰ ਮੌਜੂਦਾ ਹਾਕਮਾਂ ਤੋਂ ਪੁੱਛਣ ਦਾ ਹੱਕ ਹੈ ਕਿ ਦੇਸ਼ ਦੀ ਹਾਲਤ ਕਿਉਂ ਨਹੀਂ ਸੁਧਰੀ?  ਜੇ ਅਸੀਂ ਇਹ ਨਹੀਂ ਪੁੱਛਦੇ ਤਾਂ ਅਸੀਂ ਆਪਣੀਆਂ ਜੁੰਮੇਵਾਰੀਆਂ ਤੋਂ ਕੋਤਾਹੀ ਕਰ ਰਹੇ ਹੋਵਾਂਗੇ...।’’
ਅੱਜ ਫੇਰ ਕੁਝ ਮੁੱਠੀ ਭਰ ਅਜਾਰੇਦਾਰ ਘਰਾਣੇ ਦੇਸ਼ ਦੇ ਸਮੁੱਚੇ ਸਮਰਾਏ ਤੇ ਆਪਣੀ ਜਕੜ ’ਚ ਦੱਬੀ ਬੈਠੇ ਹਨ। ਹਾਕਮ ਧਿਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ... ਮਿਹਨਤਕਸ਼ਾਂ ਦੀ ਆਵਾਜ਼ ਨੂੰ ਕਾਲੇ ਕਾਨੂੰਨਾਂ ਦੇ ਆੜ੍ਹ ’ਚ ਦਬਾਇਆ ਜਾ ਰਿਹਾ ਹੈ।  
ਤਸਵੀਰ ਦਾ ਦੂਜਾ ਪਾਸਾ ਬੇਹੱਦ ਸੁਲੱਖਣਾ ਹੈ। ਪੰਜਾਬ ਸਮੇਤ ਪੂਰਾ ਮੁਲਕ ਦੇਸੀ ਬਦੇਸੀ ਦਾਬੇ, ਨਵੀਆਂ ਲੋਕ-ਵਿਰੋਧੀ ਨੀਤੀਆਂ, ਫ਼ਿਰਕੂ ਦਹਿਸ਼ਤਗਰਦੀ, ਜਾਤ-ਪਾਤੀ ਦਾਬੇ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਹੱਲੇ, ਕਰਜ਼ਿਆਂ ਦੇ ਬੋਝ, ਬੇਰੁਜ਼ਗਾਰੀ, ਨਿੱਜੀਕਰਣ ਅਤੇ ਵਪਾਰੀਕਰਣ ਖਿਲਾਫ਼ ਲੋਕ ਜੂਝ ਰਹੇ ਹਨ।
ਸੱਚ ਨਾ ਕਦੇ ਮਰਿਆ, ਨਾ ਕਦੇ ਫਾਂਸੀ ਚੜਿਆ। ਅਖੀਰ ਇਸ ਸੱਚ ਦੀ ਜਿੱਤ ਹੋਏਗੀ। ਇਸ ਸੱਚ ਦੇ ਸੰਗਰਾਮ ਵਿੱਚ ਮੇਲਾ ਗ਼ਦਰੀ ਬਾਬਿਆਂ ਦਾ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਦੇਸ਼-ਬਦੇਸ਼ ਅੰਦਰ ਗ਼ਦਰ ਲਹਿਰ ਦੇ ਅਣਫੋਲੇ ਵਰਕੇ ਫੋਲੇ ਜਾ ਰਹੇ ਹਨ। ਇਤਿਹਾਸ ਦੇ ਅਮੁੱਲੇ ਸਬਕ ਪੱਲੇ ਬੰਨ੍ਹਕੇ ਆਪਣੇ ਨਵੇਂ ਰਾਹ ਬਣਾਉਣ ਲਈ ਲੋਕ-ਕਾਫ਼ਲੇ ਸੰਗਰਾਮ ਦੇ ਪਿੜਾਂ ਵਿੱਚ ਹਨ। ਅੱਜ ਵੀ ਸ਼ਹਾਦਤਾਂ ਹੋ ਰਹੀਆਂ ਨੇ ਅੱਜ ਵੀ ਸੱਚ ਦੇ ਗਲ ਗੂਠਾ ਦੇਣ ਦੇ ਯਤਨ ਨੇ ਜਿਨ੍ਹਾਂ ਨੂੰ ਲੋਕ-ਸ਼ਕਤੀ ਨਾਕਾਮ ਕਰ ਰਹੀ ਹੈ।
ਭਵਿੱਖ ਸੁਰਜੀਤ ਪਾਤਰ ਦੇ ਇਹਨਾਂ ਬੋਲਾਂ ਦਾ ਹੈ:
ਇਹ ਜੁ ਰੰਗਾਂ ’ਚ ਚਿਤਰੇ ਨੇ ਖੁਰ ਜਾਣਗੇ
ਇਹ ਜੁ ਮਰ ਮਰ ’ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ
ਹਰਫ਼ ਓਹੀ ਹਮੇਸ਼ਾ ਲਿਖੇ ਰਹਿਣਗੇ।

No comments: