Monday, October 03, 2016

ਜੰਗ ਦੀ ਮੁਸੀਬਤ ਮਗਰੋਂ ਸੀਪੀਆਈ ਨੇ ਫੜੀ ਭੰਬਲਭੂਸੇ ਪਏ ਲੋਕਾਂ ਦੀ ਬਾਂਹ

ਸੂਬਾ ਸਕੱਤਰ ਅਰਸ਼ੀ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ ਸਰਗਰਮ ਸ਼ੁਰੂ 
ਫਾਜ਼ਿਲਕਾ: 2 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਸਿਆਸੀ ਚਾਲਬਾਜ਼ੀਆਂ ਅਤੇ ਜੰਗ ਦੇ ਜਨੂੰਨ ਨੂੰ ਭੜਕਾ ਰਹੀਆਂ ਲੋਕ ਵਿਰੋਧੀ ਤਾਕਤਾਂ ਦੀਆਂ ਸਰਗਰਮੀਆਂ ਤੋਂ ਐਨ ਪਾਸੇ ਹਟ ਕੇ ਸੀਪੀਆਈ ਨੇ ਉਹਨਾਂ ਲੋਕਾਂ ਦੀ ਸਾਰ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਹਨਾਂ ਨੂੰ ਜੰਗ ਲੱਗਣ ਤੋਂ ਪਹਿਲਾਂ ਹੀ ਘਰੋਂ ਬੇਘਰ ਹੋਣਾ ਪੈ ਰਿਹਾ ਹੈ। ਇਸ ਮਕਸਦ ਲਈ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਖੁਦ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਰਹੇ ਹਨ। 
ਤਾਜ਼ਾ ਰਿਪੋਰਟਾਂ ਮੁਤਾਬਿਕ ਭਾਰਤ-ਪਾਕਿ ਸਰਹੱਦ 'ਤੇ ਬਣੇ ਦਹਿਸ਼ਤੀ ਮਾਹੌਲ ਅਤੇ ਸਰਕਾਰ ਦੇ ਹੁਕਮਾਂ ਤਹਿਤ ਆਪਣਾ ਘਰ ਬਾਰ ਛੱਡ ਕੇ ਘਰ ਤੋਂ ਬੇਘਰ ਹੋਏ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਵੱਖ-ਵੱਖ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ। ਸ੍ਰੀ ਅਰਸ਼ੀ ਨਾਲ ਸੀ ਪੀ ਆਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਹੰਸ ਰਾਜ ਗੋਲਡਨ, ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ, ਬਲਾਕ ਜਲਾਲਾਬਾਦ ਦੇ ਕ੍ਰਮਵਾਰ ਪ੍ਰਧਾਨ/ਸਕੱਤਰ ਕਿਸਾਨ ਆਗੂ ਕ੍ਰਿਸ਼ਨ ਧਰਮੂਵਾਲਾ, ਦਰਸ਼ਨ ਲੱਖੇ ਕੜਾਈਆਂ, ਸੀ ਪੀ ਆਈ ਬਲਾਕ ਜਲਾਲਾਬਾਦ ਦੇ ਸਕੱਤਰ ਛਿੰਦਰ ਮਹਾਲਮ, ਜ਼ਿਲ੍ਹਾ ਕੌਂਸਲ ਮੈਂਬਰ ਦਰਸ਼ਨ ਲਾਧੂਕਾ, ਏ ਆਈ ਐੱਸ ਐਫ਼ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਧਰਮੂਵਾਲਾ, ਕਰਨੈਲ ਬੱਘੇਕਾ, ਮੁਖਤਿਆਰ ਕਮਰੇਵਾਲਾ ਅਤੇ ਰਾਜੂ ਛੱਪੜੀਵਾਲਾ ਹਾਜ਼ਰ ਸਨ। ਸ੍ਰੀ ਹਰਦੇਵ ਅਰਸ਼ੀ ਨੇ ਪਾਰਟੀ ਸਾਥੀਆਂ ਨਾਲ ਸਭ ਤੋਂ ਪਹਿਲਾਂ ਸਥਾਨਕ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਬਣੇ ਕੈਂਪ ਵਿੱਚ ਪਹੁੰਚ ਕੇ ਲੋਕਾਂ ਦਾ ਹਾਲ ਪੁੱਛਿਆ ਅਤੇ ਉਨ੍ਹਾਂ ਨੂੰ ਸਮੂਹ ਪਾਰਟੀ ਆਗੂਆਂ ਵੱਲੋਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਇਸ ਔਖੀ ਘੜੀ ਮੌਕੇ ਹਮੇਸ਼ਾ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਇਸ ਨਾਲ ਜਿੱਥੇ ਬਾਕੀ ਸਿਆਸੀ ਧਿਰਾਂ ਵੀ ਇਸ ਪਾਸੇ ਤੁਰੀਆਂ ਹਨ ਉੱਥੇ ਸਮਾਜਿਕ ਜੱਥੇਬੰਦੀਆਂ ਵੀ ਘਰ ਬਾਰ ਛੱਡ ਕੇ ਆਏ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੀ  ਆ ਰਹੀਆਂ ਹਨ। 
ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਦਰਜਨਾਂ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਿਕਲਾਂ ਸੁਣੀਆਂ ਗਈਆਂ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਰਹੱਦੀ 6 ਜ਼ਿਲ੍ਹਿਆਂ ਦੇ ਸੀਮਾ ਲਾਗਲੇ 987 ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਕੈਂਪਾਂ ਵਿਚ ਰੱਖਣ ਅਤੇ ਉਹਨਾਂ ਦੀ ਤਿਆਰ ਹੋਈ ਫਸਲ ਕੁਦਰਤ ਹਵਾਲੇ ਕਰ ਦੇਣਾ ਚਿੰਤਾ ਦਾ ਵਿਸ਼ਾ ਹੈ। ਸਰਹੱਦੀ ਲੋਕਾਂ ਨੂੰ ਇੰਜ ਵਾਰ-ਵਾਰ ਉਜਾੜਿਆ ਗਿਆ ਹੈ, ਅਤੇ ਫੋਕੇ ਇਕਰਾਰਾਂ, ਲਾਰਿਆਂ ਤੋਂ ਸਿਵਾ ਉਹਨਾਂ ਦੀ ਬਾਂਹ ਨਹੀਂ ਫੜੀ ਗਈ।
ਸੀਪੀਆਈ ਦੀ ਇਸ ਪਹਿਲਕਦਮੀ ਨੇ ਇੱਕ ਤਰਾਂ ਨਾਲ ਸਮਾਜਿਕ ਸੰਗਠਨਾਂ ਅਤੇ ਸਿਆਸੀ ਧਿਰਾਂ ਨੂੰ ਇੱਕ ਵਾਰ ਫਿਰ ਰਾਹ ਦਿਖਾਇਆ ਹੈ। ਚੋਣਾਂ ਲਈ ਸਰਗਰਮ ਧਿਰਾਂ ਵੀ ਹੁਣ ਵੋਟਾਂ ਦੀ ਗੱਲ ਛੱਡ ਕੇ ਲੋਕਾਂ ਦੇ ਦੁੱਖ ਦਰਦ ਸੁਣ  ਰਹੀਆਂ ਹਨ। ਇਸ ਉਪਰੰਤ ਉਹਨਾਂ ਸਰਹੱਦੀ ਪਿੰਡ ਢਾਣੀ ਨੱਥਾ ਸਿੰਘ, ਜੋਧਾਂ ਭੈਣੀ, ਗਰੀਬਾ ਸਾਂਦੜ, ਫੱਤੂਵਾਲਾ, ਗੋਲੇਵਾਲਾ, ਟਾਹਲੀਵਾਲਾ ਹਿਠਾੜ ਅਤੇ ਲਾਧੂਕਾ ਪਿੰਡ 'ਚ ਪਹੁੰਚ ਕੇ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆ। ਬਿਨਾ ਕਿਸੇ ਕਸੂਰ ਦੇ ਜੰਗਬਾਜ਼ਾਂ ਦੀਆਂ ਕਰਤੂਤਾਂ ਦਾ ਸ਼ਿਕਾਰ ਹੋਏ ਲੋਕਾਂ ਦੇ ਦੁੱਖ ਨੂੰ ਸੀਪੀਆਈ ਨੇ ਨੇੜਿਓਂ ਹ ਕੇ ਦੇਖਿਆ ਸੁਣਿਆ। 
ਸਰਹੱਦੀ ਪਿੰਡਾਂ ਦੇ ਆਪਣੇ ਇਸ ਵਿਸ਼ੇਸ਼ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਦੇਵ ਅਰਸ਼ੀ ਅਤੇ ਹੰਸਰਾਜ ਗੋਲਡਨ ਨੇ ਕਿਹਾ ਕਿ ਪਾਰਟੀ ਦਹਿਸ਼ਤਗਰਦੀ ਫੈਲਾਉਣ ਵਾਲਿਆਂ ਦੇ ਸਖਤ ਖ਼ਿਲਾਫ਼ ਹੈ। ਉਹਨਾਂ ਪਾਕਿਸਤਾਨੀ ਹਕੂਮਤ ਨੂੰ ਵੀ ਤਾੜਨਾ ਕੀਤੀ ਕਿ ਪਾਕਿਸਤਾਨ ਨੂੰ ਹਰ ਹਾਲਤ ਵਿੱਚ ਅੱਤਵਾਦ 'ਤੇ ਕਾਬੂ ਪਾਉਣਾ ਹੋਵੇਗਾ, ਕਿਉਂਕਿ ਇਸ ਅੱਤਵਾਦ ਨਾਲ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦਾ ਹੀ ਨੁਕਸਾਨ ਹੋ ਰਿਹਾ ਹੈ, ਜਦਕਿ ਦੋਵਾਂ ਦੇਸ਼ਾਂ ਦੇ ਆਮ ਲੋਕ ਸ਼ਾਂਤੀ ਚਾਹੁੰਦੇ ਹਨ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਅੱਗੇ ਤਾਂ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਹੋਰ ਸੈਂਕੜੇ ਮੁਸੀਬਤਾਂ ਮੂੰਹ ਅੱਡੀ ਖੜੀਆਂ ਹਨ।
ਸਰਹੱਦੀ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰਸ਼ੀ ਅਤੇ ਸ੍ਰੀ ਗੋਲਡਨ ਨੇ ਕਿਹਾ ਕਿ ਪਾਕਿ-ਭਾਰਤ ਸਰਹੱਦ 'ਤੇ ਦਹਿਸ਼ਤੀ ਮਾਹੌਲ ਨਾਲ ਘਰ ਛੱਡਣ ਨਾਲ ਲੋਕਾਂ ਦੇ ਹੋਏ ਘਰੇਲੂ ਅਤੇ ਫ਼ਸਲੀ ਨੁਕਸਾਨ ਦਾ ਸਰਕਾਰ ਵੱਲੋਂ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਕੰਡਿਆਲੀ ਤਾਰ ਤੋਂ ਪਾਰ ਪੱਕੀ ਫ਼ਸਲ ਨੂੰ ਸਰਕਾਰ ਕਟਵਾਉਣ ਦਾ ਪ੍ਰਬੰਧ ਕਰੇ ਅਤੇ ਪੱਕ ਰਹੀ ਫ਼ਸਲ ਦੀ ਦੇਖਭਾਲ ਲਈ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾ ਕੇ ਦੇਖਭਾਲ ਕਰਨ ਦੀ ਇਜ਼ਾਜਤ ਦਿੱਤੀ ਜਾਵੇ। 

No comments: