Tuesday, October 25, 2016

ਜੇ ਕਨ੍ਹਈਆ ਦੇ ਆਉਣ ਦਾ ਸਭ ਨੂੰ ਪਤਾ ਹੁੰਦਾ ਤਾਂ ਕਿੰਝ ਕੰਟਰੋਲ ਹੁੰਦੀ ਭੀੜ?

ਬਹੁਤ ਲੋਕ ਨਹੀਂ ਦੇਖ ਸਕੇ ਕਨ੍ਹਈਆ ਦੀ ਇੱਕ ਝਲਕ ਪਤਾ ਨਾ ਲੱਗਣ ਕਾਰਨ 
ਲੁਧਿਆਣਾ: 25 ਅਕਤੂਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕਨ੍ਹਈਆ ਕੁਮਾਰ ਦੇ ਆਉਣ ਦੀਆਂ ਖਬਰਾਂ ਜਦੋਂ  ਮੀਡੀਆ ਵਿੱਚ ਆਉਣ ਲੱਗੀਆਂ ਤਾਂ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਜਿਹਨਾਂ ਪੁੱਛਿਆ ਕਿ ਕਨ੍ਹਈਆ ਕਦੋਂ ਆਇਆ ਸੀ? ਕਿੱਥੇ ਆਇਆ ਸੀ? ਇਹ ਸਾਰੇ ਜਾਗਰੂਕ ਲੋਕ ਸਨ ਪਰ ਇਤਫ਼ਾਕ ਨਾਲ ਅਜਿਹੇ ਕਿਸੇ ਵਟਸਐਪ ਗਰੁੱਪ ਨਾਲ ਨਹੀਂ ਸਨ ਜੁੜੇ ਹੋਏ ਜਿਹਨਾਂ ਵਿੱਚ ਕਨ੍ਹਈਆ ਕੁਮਾਰ ਦੇ ਆਉਣ ਦਾ ਸੱਦਾ ਦਿੱਤਾ ਗਿਆ ਸੀ। ਫੋਨ ਕਰਨ ਵਾਲੇ ਮੁੰਡਿਆਂ ਕੁੜੀਆਂ ਵਿੱਚ ਨੌਜਵਾਨ ਸ਼ਕਤੀ ਜ਼ਿਆਦਾ ਸੀ। ਮੈਂ ਇੱਕ ਤਰਾਂ ਨਾਲ ਖਿਝ ਕੇ ਆਖਿਆ ਆਖਿਰ ਤੁਹਾਨੂੰ ਕਿਓਂ ਨਹੀਂ ਪਤਾ ਲੱਗਿਆ ਏਨੀ ਵੱਡੀ ਇਵੈਂਟ  ਦਾ? ਉਹਨਾਂ ਉਲਟਾ ਗਿਲਾ ਕੀਤਾ ਕਿਹੋ ਜਿਹੇ ਆਯੋਜਕ, ਕਿਹੋ ਜਿਹੇ ਪ੍ਰਬੰਧਕ ਅਤੇ ਕਿਹੋ ਜਿਹੀ ਸਮਰਥਕ ਜਿਹਨਾਂ ਨੇ ਇੱਕ ਵੀ ਹੋਰਡਿੰਗ ਨਾ ਤਾਂ ਲੁਧਿਆਣਾ ਵਿੱਚ ਲਾਇਆ ਅਤੇ ਨਾ ਹੀ ਪੰਜਾਬ ਵਿੱਚ ਕਿਸੇ ਹੋਰ ਥਾਂ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਆਖਿਰ ਵਟਸਐਪ ਤੇ ਦੱਸਣਾ ਹੀ ਤਾਂ ਕਾਫੀ ਨਹੀਂ ਹੁੰਦਾ। ਇਸਦੇ ਬਾਵਜੂਦ ਮੈਂ ਆਪਣੇ ਮਨ ਦੀ ਗੱਲ ਲੁਕਾਉਂਦਿਆਂ  ਆਖਿਆ ਮੈਡਮ ਸਾਰੀਆਂ ਕੋਲ ਏਨੇ ਪੈਸੇ ਨਹੀਂ ਹੁੰਦੇ ਕਿ ਉਹ ਵੱਡੇ ਵੱਡੇ ਹੋਰਡਿੰਗਜ਼ ਲਗਾ ਸਕਣ ਜਾਂ ਇਸ਼ਤਿਹਾਰ ਛਪ ਕੇ ਕੰਧਾਂ ਭਰ ਸਕਣ।  ਜਵਾਬ ਹੈਰਾਨੀ ਵਾਲਾ ਸੀ। ਉਹ ਆਖਣ ਲੱਗੀ ਇੱਕ ਵਾਰ ਵੀ ਜੇ ਕਿਸੇ ਕਾਲਜ ਵਿੱਚ ਕੋਈ ਇੱਕ ਵੀ ਪ੍ਰਬੰਧਕ ਜਾ ਕੇ ਇਹ ਦੱਸ ਦੇਂਦਾ ਤਾਂ ਪੈਸਿਆਂ ਦਾ ਤਾਂ ਢੇਰ ਲੱਗ ਜਾਣਾ ਸੀ। ਮੈਂ ਆਪਣਾ ਖਹਿੜਾ ਛੁਡਾਉਣ ਲਈ ਇੱਕ ਪ੍ਰਬੰਧਕ ਦਾ ਨੰਬਰ ਦੇਂਦਿਆਂ ਆਖਿਆ ਤੁਸੀਂ ਇਸ ਵਿਅਕਤੀ ਨਾਲ ਗੱਲ ਕਰ ਲਓ  ਤਾਂ ਕਿ ਭਵਿੱਖ ਵਿੱਚ ਤੁਹਾਨੂੰ ਇਸ ਤਰਾਂ ਦੀ ਹਰ ਜਾਣਕਾਰੀ ਮਿਲ ਸਕੇ। ਗੱਲ ਆਈ ਗਈ ਹੋ ਗਈ ਪਾਰ ਮੈਂ ਸੋਚਦਾ ਰਿਹਾ ਜੇ ਸ਼ਹਿਰ ਦੇ ਸਾਰੇ ਪ੍ਰਮੁੱਖ ਮਾਰਗਾਂ ਅਤੇ ਐਂਟਰੀ ਵਾਲੇ ਰਸਤਿਆਂ ਉੱਤੇ ਹੋਰਡਿੰਗਜ਼ ਲੱਗੇ ਹੁੰਦੇ ਤਾਂ ਪੰਜਾਬੀ ਭਵਨ ਦਾ ਸਮੁੱਚਾ ਕੰਪਲੈਕਸ ਛੋਟਾ ਮਹਿਸੂਸ ਹੋਣਾ ਸੀ।  ਏਨੀ ਭੀੜ ਨੂੰ ਸੰਭਾਲਣਾ ਕਿਸ ਨੇ ਸੀ? ਇਸਦੇ ਨਾਲ ਨਾਲ ਕਨ੍ਹਈਆ ਦੀ ਸੁਰੱਖਿਆ ਦਾ ਪ੍ਰਬੰਧ ਵੀ ਔਖਾ ਹੋ ਜਾਣਾ ਸੀ।  ਕਨ੍ਹਈਆ ਕੁਮਾਰ ਕਿਸੇ ਬੁਲੇਟ ਪਰੂਫ  ਸ਼ੀਸ਼ੇ ਵਿੱਚ ਖੜੋ ਕੇ ਭਾਸ਼ਣ ਦੇਣ ਵਾਲਾ ਵੀ ਨਹੀਂ ਸੀ। ਉਸਨੇ ਲੋਕਾਂ ਦਰਮਿਆਨ ਅਤੇ ਲੋਕਾਂ ਦੇ ਨੇੜੇ ਹੋ ਕੇ ਲੋਕਾਂ ਨਾਲ ਦੁੱਖ ਸੁੱਖ ਸਾਂਝੇ ਕਰਨੇ ਸਨ। ਉਸਦਾ ਇਹੀ ਅੰਦਾਜ਼ ਉਸਨੂੰ ਹਰਮਨ ਪਿਆਰਾ ਵੀ ਬਣਾ ਰਿਹਾ ਹੈ। ਕੁਲ ਮਿਲਾ ਕੇ ਇੱਕ ਗੱਲ ਸਾਫ ਸੀ ਕਿ ਕਨ੍ਹਈਆ ਕੁਮਾਰ ਨੂੰ ਇੱਕ ਝਲਕ ਦੇਖਣ ਅਤੇ ਉਸ ਨਾਲ ਸੈਲਫੀ ਖਿਚਾਉਣ ਵਾਲੇ ਚਾਹਵਾਨਾਂ ਦੀ ਗਿਣਤੀ ਲੁਧਿਆਣਾ ਵਿੱਚ ਵੀ ਬਹੁਤ ਵੱਡੀ ਜੋ ਕਿ ਸੰਕੇਤ ਹੈ ਇਸ ਗੱਲ ਦਾ ਕਿ ਜੇ ਏ ਆਈ ਐਸ ਐਫ ਅਤੇ ਸੀ ਪੀ ਆਈ ਇਸ ਮਾਹੌਲ ਅਤੇ ਊਰਜਾ ਦਾ ਸਮੇਂ ਸਿਰ ਫਾਇਦਾ ਲੈਣ ਵਿੱਚ ਸਫਲ ਰਹੀ ਤਾਂ ਆਉਣ ਵਾਲਾ ਸਮਾਂ ਇੱਕ ਵਾਰ ਫੇਰ ਲਾਲ ਝੰਡੇ ਵਾਲੀ ਵਿਦਿਆਰਥੀ ਸ਼ਕਤੀ ਦਾ ਹੀ ਹੋਵੇਗਾ।

ਧਮਕੀਆਂ ਦੇ ਬਾਵਜੂਦ ਸਫਲ ਰਿਹਾ ਕਨ੍ਹਈਆ ਕੁਮਾਰ ਵਾਲਾ ਸੈਮੀਨਾਰ

No comments: