Sunday, October 23, 2016

ਨਹੀਂ ਰਹੇ ਪੰਜਾਬੀ ਕਮੇਡੀ ਦੇ ਬਾਦਸ਼ਾਹ ਮੇਹਰ ਮਿੱਤਲ

ਰਾਜਸਥਾਨ ਦੇ ਮਾਊਂਟਆਬੂ ਵਿਖੇ ਬ੍ਰਹਮ ਕੁਮਾਰੀ ਆਸ਼ਰਮ 'ਚ ਲਏ ਆਖ਼ਿਰੀ ਸਾਹ 
ਚੰਡੀਗੜ੍ਹ: 22 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਆਪਣੀ ਕਾਮੇਡੀ ਭਰੀ ਅਦਾਕਾਰੀ ਨਾਲ ਪੰਜਾਬੀ ਫ਼ਿਲਮਾਂ ਦੀ ਪਛਾਣ ਬਣ ਜਾਣ ਵਾਲੇ ਮੇਹਰ ਮਿੱਤਲ ਹੁਣ ਨਹੀਂ ਰਹੇ। ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰ ਤੇ ਕਾਮੇਡੀ ਦੇ ਬਾਦਸ਼ਾਹ ਮੇਹਰ ਮਿੱਤਲ ਦੇ ਦੇਹਾਂਤ ਬਾਰੇ ਜੋ ਖ਼ਬਰ ਕੁਝ ਦਿਨ ਪਹਿਲੀ ਝੂਠੀ ਨਿਕਲੀ ਸੀ, ਉਹ ਅੱਜ ਸੱਚ ਹੋ ਗਈ। ਮਿਹਰ ਮਿੱਤਲ ਪਿਛਲੇ ਕਈ ਦਿਨਾਂ ਤੋਂ ਰਾਜਸਥਾਨ ਦੇ ਮਾਊਂਟਆਬੂ ਵਿਖੇ ਬ੍ਰਹਮ ਕੁਮਾਰੀ ਆਸ਼ਰਮ ਵਿੱਚ ਜ਼ੇਰੇ ਇਲਾਜ ਸਨ। ਮਿੱਤਲ ਨੇ ਕਰੀਬ 100 ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ।
ਮਿਹਰ ਮਿੱਤਲ ਦਾ ਜਨਮ ਪੰਜਾਬ ਦੇ ਮਾਲਵਾ ਖ਼ਿੱਤੇ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੁੱਘੇ ਖ਼ੁਰਦ ਵਿਖੇ 20 ਸਤੰਬਰ, 1934 ਨੂੰ ਹੋਇਆ। ਸਿੱਖਿਆ ਦੇ ਖੇਤਰ ਵਿੱਚ 10ਵੀਂ ਤੋਂ ਲੈ ਕੇ ਬੀ ਏ ਤੱਕ ਦੀ ਪੜ੍ਹਾਈ ਉਨ੍ਹਾ ਬਠਿੰਡਾ ਤੋਂ ਪੂਰੀ ਕੀਤੀ। ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਮੇਹਰ ਮਿੱਤਲ ਨੇ ਕੁੱਝ ਸਾਲ ਅਧਿਆਪਕ ਵਜੋਂ ਨੌਕਰੀ ਵੀ ਕੀਤੀ। ਇਸ ਤੋਂ ਬਾਅਦ ਮੇਹਰ ਮਿੱਤਲ ਨੇ ਵਕਾਲਤ ਵਿੱਚ ਕਿਸਮਤ ਅਜ਼ਮਾਈ। ਗੱਲ ਤੇ ਹਾਸੇ ਛਨਕਾਉਣ ਵਾਲੇ ਮੇਹਰ ਮਿੱਤਲ ਨਿਜੀ ਜ਼ਿੰਦਗੀ ਵਿੱਚ ਬਹੁਤ ਗੰਭੀਰ ਵੀ ਸਨ ਅਤੇ ਅਕਸਰ ਅਜਿਹੀ ਗੱਲ ਕਰਦੇ ਜੋ ਸੁਣਨ ਵਾਲੇ ਨੂੰ ਜ਼ਿੰਦਗੀ ਭਰ ਸੇਧ ਦੇਂਦੀ।  ਕਲਾ ਅਤੇ ਕੰਮ ਦੇ ਖੇਤਰ ਵਿੱਚ ਆਰਥਿਕ ਮਜਬੂਰੀਆਂ ਨੂੰ ਉਹਨਾਂ ਹੰਢਾਇਆ ਵੀ ਅਤੇ ਇਹਨਾਂ ਨੂੰ ਸਮਝਿਆ ਵੀ। ਇੱਕ ਵਾਰ ਇੱਕ ਮੀਡੀਆ ਇੰਟਰਵਿਊ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਅਕਸਰ ਜੁੱਤੀਆਂ ਖਾਣ ਵਾਲੇ ਰੋਲ ਕਿਓਂ ਕਰਦੇ ਹੋ? ਉਹਨਾਂ ਜੁਆਬ ਦਿੱਤਾ ਕਿ ਇਹ ਗੱਲ ਉਹਨਾਂ ਦੇ ਬੱਚੇ ਵੀ ਪੁੱਛਦੇ ਅਤੇ ਪਤਨੀ ਵੀ ਪਰ ਹੋਲੀ ਹੋਲੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੁੱਤੀਆਂ ਪੈਣਗੀਆਂ ਤਾਂ ਪੈਸੇ ਆਉਣਗੇ। ਇਸ ਲਈ ਕੜਕੀ ਹੁੰਦਿਆਂ  ਹੀ ਉਹ ਪੁੱਛਦੇ ਪਾਪਾ ਹੁਣ ਤੁਹਾਨੂੰ ਜੁੱਤੀਆਂ ਕਦੋਂ ਪੈਣੀਆਂ? ਕਲਾਕਾਰਾਂਦੀ ਜ਼ਿੰਦਗੀ ਨਾਲ ਜੁੜੀ ਇਹ ਹਕੀਕਤ ਅੱਜ ਦੇ ਪੂੰਜੀਵਾਦੀ ਯੁਗ ਉੱਤੇ ਇੱਕ ਵਿਅੰਗ ਵੀ ਸੀ। ਇਸ ਯੁਗ ਨੇ ਦੋ ਵਕਤ ਦੀ ਰੋਟੀ ਨੂੰ ਜਿਸ ਖੱਜਲ ਖੁਆਰੀ ਨਾਲ ਜੋੜ ਦਿੱਤਾ ਹੈ ਉਸ ਨੂੰ ਮੇਹਰ ਮਿੱਤਲ ਹੁਰਾਂ ਨੇ ਵੀ ਬਹੁਤ ਚੰਗੀ ਤਰਾਂ ਨੇੜਿਓਂ ਹੋ ਕੇ ਦੇਖਿਆ। ਪੂੰਜੀਵਾਦੀ ਸਿਸਟਮ ਦੀ ਇਸ ਬੇਰਹਿਮੀ ਨੇ ਕਲਾ ਨੂੰ ਕਲਾ ਨਹੀਂ ਰਹਿਣ ਦਿੱਤਾ ਬਲਕਿ ਇੱਕ ਵਪਾਰ ਬਣਾ ਦਿੱਤਾ ਹੈ। 
ਦਿਲ ਵਿੱਚ ਦਰਦਾਂ ਦੇ ਸਮੁੰਦਰ ਅਤੇ ਬੁੱਲਾਂ ਉੱਤੇ ਹਾਸੇ---ਜ਼ੁਬਾਨ ਉੱਤੇ ਲਤੀਫ਼ੇ---ਅਜਿਹੀ ਅਦਾਕਾਰੀ ਮੇਹਰ ਮਿੱਤਲ ਹੁਰਾਂ ਨੇ ਅਸਲੀ ਜ਼ਿੰਦਗੀ ਵਿੱਚ ਵੀ ਅਕਸਰ ਕਾਇਮ ਰੱਖੀ।  ਉਹਨਾਂ ਕਦੇ ਕਿਸੇ ਨਾਲ ਗਿਲਾ ਸ਼ਿਕਵਾ ਨਾ ਕੀਤਾ। ਫਿਲਮ ਇੰਡਸਟਰੀ ਦੇ ਸਬੰਧਾਂ ਵਿੱਚ ਅਕਸਰ ਖੱਟੀਆਂ ਮਿੱਠੀਆਂ ਗੱਲਾਂ ਚਲਦੀਆਂ  ਹਨ। ਜਦੋਂ ਕਦੇ ਕਿਸੇ ਪੱਤਰਕਾਰ ਨੇ ਕਿਸੇ ਦੀ ਗੱਲ ਨੂੰ ਭਾਣਾ ਬਣਾ ਕੇ ਮੇਹਰ ਮਿੱਤਲ ਹੁਰਾਂ ਦੇ ਮੂੰਹ ਵਿੱਚ ਕੋਈ ਗੱਲ ਪਾਉਣ ਦੀ ਕੋਸ਼ਿਸ਼ ਕਰਨੀ ਤਾਂ ਉਹਨਾਂ ਮੁਸਕਰਾ ਕੇ ਆਖਣਾ ਉਹ ਤਾਂ ਬੰਦਾ ਈ ਬਹੁਤ ਵਧੀਆ ਐਵੇਂ ਤੁਹਾਨੂੰ ਭੁਲੇਖਾ ਲੱਗਿਆ ਹੋਣੈ। 
ਉਹਨਾਂ ਚੰਡੀਗੜ੍ਹ ਵਿੱਚ ਅੱਠ ਸਾਲ ਟੈਕਸ ਵਕੀਲ ਵਜੋਂ ਪ੍ਰੈਕਟਿਸ ਕੀਤੀ, ਪਰ ਉਨ੍ਹਾ ਦਾ ਅੰਦਰਲਾ ਕਲਾਕਾਰ ਉਨ੍ਹਾ ਨੂੰ ਫ਼ਿਲਮਾਂ ਵੱਲ ਲੈ ਗਿਆ। ਮੇਹਰ ਮਿੱਤਲ ਨੇ 'ਵਲਾਇਤੀ ਬਾਬੂ', 'ਦੋ ਮਦਾਰੀ' ਫ਼ਿਲਮਾਂ ਤੋਂ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ।ਇਸ ਤੋਂ ਬਾਅਦ ਉਨ੍ਹਾ 'ਯਾਰੀ ਜੱਟ ਦੀ', 'ਬਟਵਾਰਾ', 'ਜੱਟ ਸੂਰਮੇ', 'ਨਿੰਮੋ' ਤੇ 'ਜੱਟ ਤੇ ਜ਼ਮੀਨ' ਵਰਗੀਆਂ ਅਣਗਿਣਤ ਫ਼ਿਲਮ ਦਿੱਤੀਆਂ। ਟੈਕਸ ਦੇ ਵਕੀਲ ਵੱਜੋਂ ਉਹਨਾਂ ਨੂੰ ਚੰਗੀ ਆਮਦਨ ਹੋ ਸਕਦੀ ਸੀ ਪਰ ਕਲਾ ਦੀ ਸਾਧਨਾ ਲਈ ਉਹਨਾਂ ਸਭ ਕੁਝ ਤਿਆਗ ਦਿੱਤਾ। 
ਇੱਕ ਵਾਰ ਕਿਸੇ ਮੀਡੀਆ ਵਾਲੇ ਨੇ ਪੁੱਛਿਆ ਤੁਸੀਂ ਰੋਲ ਤਾਂ ਇਹੋ ਜਿਹੇ ਹੀ ਕਰਦੇ ਹੋ ਪਰ ਤੁਹਾਨੂੰ ਫ਼ਿਲਮਾਂ ਵਿੱਚ ਆਪਣੇ ਨਾਲ ਕੰਮ ਕਰਨ ਲਈ ਕੁੜੀਆਂ ਬਹੁਤ ਸੋਹਣੀਆਂ ਮਿਲ ਜਾਂਦੀਆਂ ਹਨ ਇਸਦਾ ਕੀ ਰਾਜ ਹੈ? ਲੱਗਦਾ ਸੀ ਮੇਹਰ ਮਿੱਤਲ ਨਾਰਾਜ਼ ਹੋ ਜਾਣਗੇ ਪਾਰ ਉਹ ਕੁਝ ਗੰਭੀਰ ਹੋ ਕੇ ਬੋਲੇ--ਸੱਚੀਂ ਦੱਸਾਂ? ਇਹ ਰੱਬ ਦੀ ਕਿਰਪਾ ਬਿਨਾ ਨਹੀਂ ਹੁੰਦਾ। ਉਹ ਅਕਸਰ ਗੰਭੀਰ ਵਿਸ਼ਿਆਂ ਨੂੰ ਹਾਸਿਆਂ ਵਾਲੀ ਛੋਹ ਦੇ ਕੇ ਹਲਕੇ ਫੁਲਕੇ ਪਾਸੇ ਮੋੜ ਦੇਂਦੇ। ਉਹਨਾਂ ਦੀ ਘਾਟ ਕਦੇ ਪੂਰੀ ਨਹੀਂ ਹੋ ਸਕੇਗੀ। 

No comments: