Thursday, October 13, 2016

ਨਿਗਮ ਦੇ ਮੁਲਾਜ਼ਮਾਂ ਨਾਲ ਨਵਾਂ "ਮਜ਼ਾਕ"?

ਅਧਿਕਾਰ ਕੇਵਲ ਕਮਿਸ਼ਨਰ ਕੋਲ ਤੇ ਮੀਟਿੰਗ ਰਖਾਤੀ ਸਹਾਇਕ ਕਮਿਸ਼ਨਰ ਨਾਲ 
ਲੁਧਿਆਣਾ: 13 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਅੱਜ ਲੁਧਿਆਣਾ ਦੇ ਨਗਰ ਨਿਗਮ ਮੁਲਾਜ਼ਮਾਂ ਨਾਲ ਉਸ ਵੇਲੇ ਬੜੀ ਅਜੀਬ ਸਥਿਤੀ ਬਣ ਗਈ ਜਦੋਂ ਨਗਰਨਿਗਮ ਕਮਿਸ਼ਨਰ ਨੇ ਉਹਨਾਂ ਨੂੰ ਸਹਾਇਕ ਕਮਿਸ਼ਨਰ ਵੱਲ ਬ ਹੇਜ ਦਿੱਤਾ ਅਤੇ ਸਹਾਇਕ ਕਮਿਸ਼ਨਰ ਮੈਡਮ ਨੇ ਇਹ ਅੱਖ ਕੇ ਪੱਲਾ ਝਾੜ ਲਿਆ ਕਿ ਮੇਰੇ ਕੋਲ ਤਾਂ ਇਸ ਬਾਰੇ ਕੋਈ ਅਧਿਕਾਰ ਹੀ ਨਹੀਂ। 
ਨਤੀਜੇ ਵੱਜੋਂ ਹੋਇਆ ਇਹ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਸਹਾਇਕ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨਾਲ ਰੱਖੀ ਗਈ ਸੰਘਰਸ਼ ਕਮੇਟੀ ਮਿਊਂਸੀਪਲ ਕਰਮਚਾਰੀ ਨਾਲ ਮੀਟਿੰਗ ਬਿਨਾ ਕਿਸੇ ਨਤੀਜੇ ਦੀ ਸਮਾਪਤ ਹੋ ਗਈ ਕਿਓਂਕਿ ਸਹਾਇਕ ਕਮਿਸ਼ਨਰ ਮੈਡਮ ਗਿੱਲ ਨੇ ਕਿਹਾ ਕਿ ਇਹਨਾਂ ਮੰਗਾਂ ਸਬੰਧੀ ਮੇਰੇ ਕੋਲ ਕੋਈ ਪਾਵਰ ਨਹੀਂ।  ਇਸਦਾ ਅਧਿਕਾਰ ਕੇਵਲ ਕਮਿਸ਼ਨਰ ਸਾਹਿਬ ਕੋਲ ਹੀ ਹੈ। ਇਸ ਫੈਸਲੇ ਨਾਲ ਮੁਲਾਜ਼ਮਾਂ ਵਿੱਚ ਬਹੁਤ ਰੋਸ ਹੈ।  ਇਸ ਸਬੰਧੀ ਸਬੰਧੀ ਜਾਣਕਾਰੀ ਦੇਂਦਿਆਂ ਮੁਲਾਜ਼ਮ ਆਗੂ ਕਾਮਰੇਡ ਵਿਜੇ ਕੁਮਾਰ ਅਤੇ ਹੋਰਨਾਂ ਨੇ ਕਿਹਾ ਕਿ ਜੇ ਇਹਨਾਂ ਮੰਗਾਂ ਬਾਰੇ ਫੈਸਲਾ ਲੈਣ ਦਾ ਸਹਾਇਕ ਕਮਿਸ਼ਨਰ ਮੈਡਮ ਗਿੱਲ ਕੋਲ ਕੋਈ ਅਧਿਕਾਰ ਹੀ ਨਹੀਂ ਸੀ ਤਾਂ ਸਾਡੀ ਮੀਟਿੰਗ ਨਿਸਚਿਤ ਹੀ ਕਿਓਂ ਕੀਤੀ ਗਈ? ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਮੈਡਮ ਸਾਡੀ ਗੱਲ ਸੁਣਦਿਆਂ ਸਾਰ ਹੀ ਇਹ ਕਹਿ ਕੇ ਤੁਰ ਗਈ ਕਿ ਮੇਰੇ ਕੋਲ ਇਸ ਬਾਰੇ ਕੋਈ ਅਧਿਕਾਰ ਨਹੀਂ ਹੈ ਇਸਦਾ ਫੈਸਲਾ ਕੇਵਲ ਕਮਿਸ਼ਨਰ ਸਾਹਿਬ ਹੀ ਕਰ ਸਕਦੇ ਹਨ। ਇਹਨਾਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਇਸਤਰਾਂ ਖੱਜਲ ਖੁਆਰ ਕਰਨਾ ਠੀਕ ਨਹੀਂ। ਇਸ ਟਰਕਾਊ ਰਵਈਏ ਵਿਰੁੱਧ ਰੋਸ ਪ੍ਰਗਟ ਕਰਨ ਲਈ ਇੱਕ ਮੀਟਿੰਗ ਵੀ ਕੀਤੀ ਜਿਸ ਵਿੱਚ ਅਗਲੀ ਰਣਨੀਤੀ ਬਾਰੇ ਵਿਚਾਰਾਂ ਕੀਤੀਆਂ ਗਈਆਂ। ਨਗਾਂ ਸਬੰਧੀ ਕਾਰਵਾਈ ਤੋਂ ਮੁਨਕਰ ਹੋਣ ਅਤੇ ਮੁਲਾਜ਼ਮਾਂ ਨਾਲ ਟਾਲ ਮਟੋਲ ਵਾਲੇ ਵਤੀਰੇ ਦੀ ਸਖਤ ਨਿਖੇਧੀ ਵੀ ਕੀਤੀ ਗਈ। ਇਸ ਮੌਕੇ ਕਾਮਰੇਡ ਗੁਰਜੀਤ ਜਗਪਾਲ, ਕਾਮਰੇਡ ਵਿਜੇ ਕੁਮਾਰ, ਭਾਗੀਰਥ ਪਾਲੀਵਾਲ, ਘਣਸ਼ਾਮ ਸ਼ਰਮਾ, ਜਗਮੇਲ ਸਿੰਘ ਖੇਲਾ, ਜਤਨ ਕੁਮਾਰ ਅਤੇ ਮਹੀਪਾਲ ਵੀ ਮੌਜੂਦ ਰਹੇ।  ਅਗਲੀ ਰਣਨੀਤੀ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। 

No comments: