Monday, October 17, 2016

ਮੈ ਵਿਗਿਆਨੀਆਂ ਨੂੰ 'ਰਿਸ਼ੀ' ਕਹਿ ਕੇ ਨਿਵਾਜਦਾ ਹਾਂ: ਗਿਰੀਰਾਜ ਸਿੰਘ

Mon, Oct 17, 2016 at 1:24 PM
ਪੀਏਯੂ ਦੇ ਖੇਤੀ ਵਿਗਿਆਨੀਆਂ ਨਾਲ ਕੀਤੀ ਉਚੇਚੀ ਮਿਲਣੀ 

ਲੁਧਿਆਣਾ: 17 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਦੀ 18 ਅਕਤੂਬਰ ਨੂੰ ਹੋਣ ਵਾਲੀ ਫੇਰੀ ਸੰਬੰਧੀ ਜਾਇਜਾ ਲੈਣ ਆਏ ਸੂਖ਼ਮ, ਲਘੂ ਅਤੇ ਮੱਧਮ ਉਦਮ ਮੰਤਰਾਲੇ ਐਮ ਐਸ ਐਮ ਈ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਇਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਨਾਲ ਵਿਸੇਸ਼ ਮਿਲਣੀ ਕੀਤੀ। 
ਉਹਨਾਂ ਸਾਰੇ ਸਾਇੰਸਦਾਨਾਂ ਨੂੰ 'ਰਿਸ਼ੀ' ਆਖਦਿਆਂ ਆਪਣਾ ਸਤਿਕਾਰ ਪ੍ਰਗਟ ਕੀਤਾ ਅਤੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕੇਵਲ ਪੰਜਾਬ ਨੂੰ ਹੀ ਨਹੀਂ ਬਲਕਿ ਦੇਸ਼ ਭਰ ਨੂੰ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਹਰੀ ਕ੍ਰਾਂਤੀ ਦੀ ਸਫਲਤਾ ਵਿੱਚ ਵਿਸੇਸ਼ ਭੂਮਿਕਾ ਨਿਭਾਈ, ਪੰਜਾਬ ਦੇ ਕਿਸਾਨਾਂ ਨੂੰ ਤਰੱਕੀ ਦੇ ਰਾਹ ਤੋਰਿਆ ਅਤੇ ਪੰਜਾਬ ਦੀ ਖੇਤੀ ਭਾਰਤ ਭਰ ਵਿੱਚ ਮਾਡਲ ਬਣ ਕੇ ਉੱਭਰੀ। ਇਹ ਸਭ ਕੁਝ ਸਾਡੇ ਸਾਇੰਸਦਾਨਾਂ ਦੀ  ਅਣਥੱਕ ਮਿਹਨਤ ਸਦਕਾ ਹੋਇਆ, ਇਸੇ ਲਈ ਮੈਂ ਸਾਇੰਸਦਾਨਾਂ ਨੂੰ 'ਰਿਸ਼ੀ' ਕਹਿੰਦਾ ਹਾਂ। ਰਿਸ਼ੀ, ਜੋ ਨਿਰਸਵਾਰਥ ਹੋ ਕੇ ਇਕ ਸਾਧਨਾ ਵਿੱਚ ਲੀਨ ਰਹਿੰਦੇ ਹਨ। ਵੱਖ ਵੱਖ ਵਿਸ਼ਿਆਂ ਦੇ ਵਿਗਿਆਨੀਆਂ ਨਾਲ ਚਰਚਾ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਗਿਰੀਰਾਜ ਸਿੰਘ ਨੇ ਤੇਲ ਬੀਜਾਂ, ਮਧੂ ਮੱਖੀ ਪਾਲਣ, ਸੁਗੰਧੀ ਵਾਲੇ ਤੇਲਾਂ ਦਾ ਉਤਪਾਦਨ, ਪਸ਼ੂ ਪਾਲਣ ਅਤੇ ਖੇਤੀ ਨਾਲ ਜੁੜੇ ਹੋਰ ਛੋਟੇ ਧੰਦਿਆਂ ਵਿੱਚ ਵਿਸੇਸ਼ ਰੁਚੀ ਵਿਖਾਈ ਅਤੇ ਕਿਹਾ ਕਿ ਐਮ ਐਸ ਐਮ ਈ ਅਧੀਨ ਪੀਏਯੂ ਅਤੇ ਗਡਵਾਸੂ ਕੁੱਝ ਮਹੱਤਵਪੂਰਨ ਸੰਸਥਾਵਾਂ ਨਾਲ ਰਾਬਤਾ ਬਣਾ ਕੇ ਕ੍ਰਾਂਤੀ ਦੇ ਰਾਹ ਤੁਰ ਸਕਦੀਆਂ ਹਨ। ਉਹਨਾਂ ਇਸ ਲਈ ਆਪਣੇ ਮੰਤਰਾਲੇ ਵੱਲੋਂ ਭਰਪੂਰ ਸਹਿਯੋਗ ਦਾ ਭਰੋਸਾ ਵੀ ਦਿੱਤਾ। 
ਉਹਨਾਂ ਵਿਸੇਸ਼ ਜੋਰ ਦੇ ਕੇ ਕਿਹਾ ਕਿ ਅੱਜ ਭੋਜਨ ਸਭ ਨੂੰ ਚਾਹੀਦਾ ਹੈ ਪਰ ਖੇਤੀ ਕੋਈ ਨਹੀਂ ਕਰਨਾ ਚਾਹੁੰਦਾ, ਪਾਣੀ ਅਤੇ ਹਵਾ ਸਭ ਨੂੰ ਸ਼ੁੱਧ ਚਾਹੀਦਾ ਹੈ ਪਰ ਇਸ ਦਾ ਫਿਕਰ ਕੋਈ ਨਹੀਂ ਕਰਨਾ ਚਾਹੁੰਦਾ। ਇਸ ਲਈ ਵਿਗਿਆਨੀਆਂ ਦੀ ਜਿੰਮੇਂਵਾਰੀ ਹੋਰ ਵੱਧ ਜਾਂਦੀ ਹੈ। ਸਮੁੱਚੇ ਸਮਾਜ ਨੂੰ ਇਸ ਦਿਸ਼ਾ ਵੱਲ ਵਿਚਾਰਨ ਦੀ ਲੋੜ ਹੈ ਤਾਂ ਜੋ ਨੌਜਵਾਨ ਇਹਨਾਂ ਮੂਲ ਕਿੱਤਿਆਂ ਨਾਲ ਮੁੜ ਕੇ ਜੁੜ ਸਕਣ। 
ਇਸ ਮੌਕੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਉੱਪਰ ਚਾਨਣਾ ਪਾਉਂਦਿਆਂ ਇਸ ਵੱਲੋਂ ਤਿਆਰ ਕੀਤੀਆਂ ਫ਼ਸਲਾਂ ਦੀਆਂ ਕਿਸਮਾਂ, ਤਕਨੀਕਾਂ ਅਤੇ ਕੁਦਰਤੀ ਸਰੋਤਾਂ ਸੰਬੰਧੀ ਆਪਣੇ ਸਰੋਕਾਰਾਂ ਦੀ ਗੱਲ ਰੱਖੀ। ਡਾ: ਢਿੱਲੋਂ ਨੇ ਕਿਹਾ ਕਿ ਪੀਏਯੂ ਹਰੀ ਕ੍ਰਾਂਤੀ ਲਈ ਤਾਂ ਜਾਣੀ ਹੀ ਜਾਂਦੀ ਹੈ, ਇਸ ਦੇ ਨਾਲ ਨਾਲ ਪਰੰਪਰਿਕ ਅਤੇ ਰੱਖ ਰਖਾਓ ਦੀ ਖੇਤੀ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਸ ਨੇ ਆਪਣੇ  ਯਤਨ 1979 ਵਿੱਚ 'ਜ਼ੀਰੋ ਟਿੱਲੇਜ' ਵਰਗੀ ਤਕਨਾਲੋਜੀ ਦੇ ਕੇ ਸ਼ੁਰੂ ਕਰ ਦਿੱਤੇ ਸਨ। 2004 ਵਿੱਚ ਪੱਤਾ ਰੰਗ ਚਾਰਟ, 2007 ਵਿੱਚ ਲੈਜ਼ਰ ਲੈਂਡ ਸੁਹਾਗਾ ਅਤੇ 2015 ਵਿੱਚ ਹੈਪੀ ਸੀਡਰ ਵਰਗੀਆਂ ਤਕਨੀਕਾਂ ਨੇ ਕੁਦਰਤੀ ਸੋਮਿਆਂ ਦੀ ਸੰਭਾਲ ਵਿੱਚ ਵੱਡਾ ਮੋੜ ਪਾਇਆ ਹੈ। ਫ਼ਸਲਾਂ ਦੀਆਂ ਕਿਸਮਾਂ ਤਿਆਰ ਕਰਦਿਆਂ ਵੀ ਕੁਦਰਤੀ ਸਰੋਤਾਂ ਨੂੰ ਵਿਸੇਸ਼ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਤੇ ਖੋਜ ਲਗਾਤਾਰ ਕੇਂਦਰਿਤ ਹੈ। ਡਾ: ਢਿੱਲੋਂ ਨੇ ਪੀਏਯੂ ਵੱਲੋਂ ਤਿਆਰ ਬਾਇਓ ਖਾਦਾਂ, ਤੁਪਕਾ ਸਿੰਚਾਈ, ਪੌਦ ਸੁਰੱਖਿਆ ਤਕਨੀਕਾਂ ਤੋਂ ਜਾਣੂੰ ਕਰਵਾਇਆ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਦੱਸਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ 35 ਹਜ਼ਾਰ ਮਧੂ ਮੱਖੀ ਪਾਲਕ ਹਨ ਜੋ ਦੇਸ਼ ਦਾ 37 ਪ੍ਰਤੀਸ਼ਤ ਸ਼ਹਿਦ ਪੈਦਾ ਕਰ ਰਹੇ ਹਨ। ਇਸ ਮੌਕੇ ਸਹਾਇਕ ਧੰਦਿਆਂ ਦੇ ਨਾਲ ਨਾਲ ਸੇਲਰੀ, ਕਿਨੂੰ ਦੇ ਪੱਤਿਆਂ ਅਤੇ ਹਲਦੀ ਤੋਂ ਸੁਗੰਧੀ ਵਾਲੇ ਤੇਲਾਂ ਦੇ ਉਤਪਾਦਨ ਬਾਰੇ ਵਿਸੇਸ਼ ਚਰਚਾ ਹੋਈ। 
ਇਸ ਮਿਲਣੀ ਸਮਾਗਮ ਦੇ ਆਰੰਭ ਵਿੱਚ ਪੀਏਯੂ ਦੇ ਰਜਿਸਟਰਾਰ ਡਾ: ਪੀ ਕੇ ਖੰਨਾ ਨੇ ਕਿਹਾ ਕਿ ਸ਼੍ਰੀ ਗਿਰੀਰਾਜ ਵਰਗੇ ਜ਼ਹੀਨ ਕੇਂਦਰੀ ਮੰਤਰੀ ਦੇ ਆਉਣ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਜੋ ਇੰਨੀ ਗਹਿਰਾਈ ਵਿੱਚ ਦੇਸ਼ ਦੀ ਹਰ ਪੱਧਰ ਤੇ ਬਸਰ ਕਰਦੀ ਲੋਕਾਈ ਦਾ ਦਰਦ ਸਮਝਦੇ ਹਨ ਅਤੇ ਉਹਨਾਂ ਨੂੰ ਉੱਪਰ ਚੁੱਕਣ ਲਈ ਹਰ ਹੀਲੇ ਯਤਨਸ਼ੀਲ ਹਨ। ਮੁੱਖ ਮਹਿਮਾਨ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ਅਧਿਕਾਰੀਆਂ ਵੱਲੋਂ ਸ਼ਾਲ, ਮੋਮੈਂਟੋ ਅਤੇ ਪੁਸਤਕਾਂ ਦਾ ਸੈੱਟ ਦੇ ਸਨਮਾਨਿਤ ਕੀਤਾ ਗਿਆ। ਇਹ ਮਿਲਣੀ ਸਮ੍ਰਾਗਮ ਖੇਤੀ ਵਿਗਿਆਨੀਆਂ ਅਤੇ ਐਮ ਐਸ ਐਮ ਈ ਕੇਂਦਰੀ ਮੰਤਰਾਲੇ ਦਾ ਇੱਕ ਮਹੱਤਵਪੂਰਨ ਸੰਵਾਦ ਹੋ ਨਿਬੜਿਆ ਜਿਸ ਦੀ ਸਭ ਨੇ ਭਰਪੂਰ ਸ਼ਲਾਘਾ ਕੀਤੀ। 

No comments: