Wednesday, October 12, 2016

ਇੰਦੌਰ ਵਿੱਚ ਇਪਟਾ ਉੱਤੇ ਹਮਲੇ ਵਿਰੁੱਧ ਲਗਾਤਾਰ ਤਿੱਖਾ ਰੋਸ ਅਤੇ ਰੋਹ

ਇਪਟਾ ਵੱਲੋਂ 13 ਅਕਤੂਬਰ ਨੂੰ ਦੇਸ਼ ਭਰ ਵਿੱਚ ਰੋਸ ਪ੍ਰਗਟਾਵੇ ਦਾ ਸੱਦਾ
ਲੁਧਿਆਣਾ: 10 ਅਕਤੂਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਇਪਟਾ ਉੱਤੇ ਇੰਦੌਰ  ਵਿੱਚ ਹੋਏ ਹਮਲੇ ਵਿਰੁੱਧ ਵੱਖ ਹਲਕਿਆਂ ਵੱਲੋਂ ਤਿੱਖੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਜਾਰੀ ਹੈ। ਇਹ ਸਿਲਸਿਲਾ ਇੰਦੌਰ ਅਤੇ ਪਟਨਾ ਵਿੱਚ ਤਾਂ ਹਮਲੇ ਤੋਂ ਤੁਰੰਤ ਬਾਅਦ ਹੀ ਜਾਰੀ ਹੋ ਗਿਆ ਸੀ ਪਰ ਫਿਰ ਵੀ ਇਪਟਾ ਨੇ ਦੇਸ਼ ਭਰ ਵਿੱਚ ਇਸ ਘਟਨਾ ਵਿਰੁੱਧ ਰੋਸ ਪ੍ਰਗਟਾਵੇ ਲਈ 13 ਅਕਤੂਬਰ ਦਾ ਦਿਨ ਚੁਣਿਆ। ਇਪਟਾ ਨੂੰ ਮੁੜ ਜੱਥੇਬੰਦ ਕਰਨ ਦੀਆਂ ਸਰਗਰਮੀਆਂ ਦੌਰਾਨ ਇਹ ਬੜਾ ਔਖਾ ਫੈਸਲਾ ਸੀ ਜਿਹੜਾ ਇਪਟਾ ਦੀ ਲੀਡਰਸ਼ਿਪ ਨੇ ਬੜੀ ਹਿੰਮਤ ਨਾਲ ਲਿਆ। ਤਕਰੀਬਨ ਹਰ ਸੂਬੇ ਦੇ ਹਰ ਜ਼ਿਲੇ ਵਿੱਚ ਇਪਟਾ ਨੂੰ ਪੁਨਰਗਠਿਤ ਕੀਤਾ ਜਾ ਰਿਹਾ ਹੈ। ਇਪਟਾ ਦਾ ਢਾਂਚਾ ਕਈ ਬਾਹਰਲੇ ਅਤੇ ਅੰਦਰੂਨੀ   ਕਾਰਨਾਂ ਕਰਕੇ ਪੂਰੀ ਤਰਾਂ ਬਿਖਰ ਗਿਆ ਸੀ। ਇਸਦੇ ਬਾਵਜੂਦ ਇਪਟਾ ਅਜੇ ਵੀ ਮਜੂਦ ਹੈ ਤਾਂ ਸਿਰਫ ਉਹਨਾਂ ਕਲਾਕਾਰਾਂ ਕਰਕੇ ਜਾਂ ਫਿਰ ਉਹਨਾਂ ਸਮਰਥਕਾਂ ਕਰਕੇ ਜਿਹਨਾਂ ਦੇ ਮਨਾਂ ਵਿੱਚ ਇਪਟਾ ਨਾਲ ਜਜ਼ਬਾਤੀ ਸਾਂਝ ਅਜੇ ਵੀ ਕਾਇਮ ਹੈ। ਇਹਨਾਂ ਲੋਕਾਂ ਨੇ ਪਾਰਟੀਆਂ, ਅਹੁਦਿਆਂ ਅਤੇ ਹੋਰ ਸਵਾਰਥਾਂ ਤੋਂ ਉੱਪਰ ਉੱਠ ਕੇ ਸਿਰਫ ਇਹੀ ਸੋਚਿਆ ਕਿ ਲੋਕਾਂ ਅਤੇ ਲੋਕਾਂ ਦੀ ਕਲਾ ਲਈ ਬਣੇ ਇਸ ਸੰਗਠਨ ਦਾ ਕਾਇਮ ਰਹਿਣਾ ਜ਼ਰੂਰੀ ਹੈ। ਜਨਾਬ ਕੈਫ਼ੀ ਆਜ਼ਮੀ, ਬਲਰਾਜ ਸਾਹਨੀ, ਸਾਹਿਰ ਲੁਧਿਆਣਵੀ, ਐਮ ਐਸ ਮੈਥਿਊ, ਸ਼ਬਾਨਾ ਆਜ਼ਮੀ, ਜਾਂਨਿਸਾਰ ਅਖਤਰ, ਸ਼ੈਲਿੰਦਰ, ਭੀਸ਼ਮ ਸਾਹਨੀ, ਪੰਡਤ ਰਵੀ ਸ਼ੰਕਰ, ਹਬੀਬ ਤਨਵੀਰ ਅਤੇ ਹੋਰ ਬਹੁਤ ਸਾਰੇ ਮਹਾਨ ਕਲਾਕਾਰਾਂ ਨਾਲ ਦਿਲੋਂ ਜੁੜੇ ਹੋਏ ਲੋਕਾਂ ਅਤੇ ਕਲਾਕਾਰਾਂ ਨੇ ਇਪਟਾ ਨੂੰ ਦਿਲੋਂ ਜਾਨ ਨਾਲ ਚਲਾਇਆ। ਇਹ ਇਪਟਾ ਦੀਆਂ ਸਰਗਰਮੀਆਂ ਅਤੇ ਹਰਮਨਪਿਆਰਤਾ ਦੀ ਸਿਖਰ ਹੀ ਸੀ ਕਿ ਭਾਰਤ ਸਰਕਾਰ ਨੇ ਇਪਟਾ ਦੀ ਗੋਲਡਨ ਜੁਬਲੀ ਮੌਕੇ ਬਕਾਇਦਾ ਡਾਕ ਟਿਕਟ ਜਾਰੀ ਕੀਤਾ। ਪਾਰ ਇਸ ਸਭਕੁਝ ਦੇ ਬਾਵਜੂਦ ਹਾਲਾਤ ਅਜਿਹੇ ਬਣੇ ਕਿ 25 ਮਈ 1943 ਨੂੰ ਬਣੀ ਇਪਟਾ ਬਿਖਰ ਗਈ। ਕਿਤੇ ਕਿਤੇ  ਇੱਕ ਦੁੱਕਾ ਲੋਕ ਇਸ ਨੂੰ ਆਪਣੀ ਪੱਧਰ ਤੇ ਚਲਾਉਂਦੇ ਰਹੇ। ਉਹਨਾਂ ਸੰਗਠਨਾਂ ਦੇ ਨਾਮ ਭਾਵੈਂ ਹੋਰ ਹੋ ਗਏ ਪਾਰ ਉਹਨਾਂ ਦਾ ਮਕਸਦ ਹਮੇਸ਼ਾਂ ਇਪਟਾ ਵਾਲਾ ਹੀ ਰਿਹਾ।  ਭਾਰਤੀ ਕਮਿਊਨਿਸਟ ਪਾਰਟੀ ਦੀ ਵੰਡ ਨੇ ਵੀ ਇਸਤੇ ਅਸਰ ਪਾਇਆ। ਇਪਟਾ ਨੂੰ ਇਸਦੇ ਆਪਣੇ ਹੀ ਲੋਕ ਸਿਰਫ ਸੀਪੀਆਈ ਦਾ ਹੀ ਸੱਭਿਆਚਾਰਕ ਵਿੰਗ ਸਮਝਣ ਲੱਗ ਪਏ। ਸੀਪੀਆਈ (ਐਮ) ਅਤੇ ਸੀਪੀਆਈ (ਐਮ ਐਲ) ਨੇ ਸੱਭਿਆਚਾਰਕ ਮਕਸਦ ਲਈ ਆਪੋ ਆਪਣੇ ਇਲਾਕਿਆਂ ਅਤੇ ਲੋੜਾਂ ਮੁਤਾਬਿਕ ਆਪਣੇ ਕਈ ਗਰੁੱਪ ਬਣਾ ਲਏ। ਫਿਰ ਵੀ ਕਿਸੇ ਖੱਬੀ ਧਿਰ ਨੇ ਇਪਟਾ ਨਾਲ ਆਪਣੀ ਜਜ਼ਬਾਤੀ ਸਾਂਝ ਵਿੱਚ ਕਮੀ ਨਹੀਂ ਆਉਣ ਦਿੱਤੀ। ਸੀਪੀਆਈ ਨੇ ਬੜੇ ਹੀ ਨਾਜ਼ੁਕ ਹਾਲਾਤ ਵਿੱਚ ਇਸਨੂੰ ਸੰਭਾਲਿਆ ਅਤੇ ਇੱਕ ਵਾਰ ਫਿਰ ਸਰਗਰਮ ਕੀਤਾ। ਸਿਆਸੀ ਵਿਰੋਧੀਆਂ ਦੇ ਨਿਸ਼ਾਨਿਆਂ ਉੱਤੇ ਰਹਿਣ ਦੇ ਬਾਵਜੂਦ ਇਪਟਾ ਨੂੰ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੁੰਦੀਆਂ ਰਹੀਆਂ। ਇੰਦੌਰ ਵਿਖੇ ਹੋਇਆ ਹਮਲਾ ਇਹ ਗੱਲ ਸਾਬਿਤ ਕਰਦਾ ਹੈ ਕਿ ਇਪਟਾ ਇੱਕ ਵਾਰ ਫੇਰ ਆਪਣੇ ਵਿਰੋਧੀਆਂ ਨੂੰ ਖਤਰਾ ਬਣੀ ਮਹਿਸੂਸ ਹੋ ਰਹੀ ਹੈ। 

ਦਿਲਚਸਪ ਗੱਲ ਹੈ ਕਿ ਇਪਟਾ ਉੱਤੇ ਹੋਏ ਹਮਲੇ ਮਗਰੋਂ ਜਿੰਨਾ ਕੁ ਵਿਰੋਧ ਇਪਟਾ ਨਾਲ ਜੁੜੇ ਕਲਾਕਾਰਾਂ ਅਤੇ ਅਹੁਦੇਦਾਰਾਂ ਨੇ ਪ੍ਰਗਟ ਕੀਤਾ ਉਸਤੋਂ ਕਿਤੇ ਵੱਧ ਰੋਹ ਉਹਨਾਂ ਲੋਕਾਂ ਨੇ ਪ੍ਰਗਟਾਇਆ ਜਿਹੜੇ ਇਪਟਾ ਦੇ ਪ੍ਰਾਇਮਰੀ ਮੈਂਬਰ ਵੀ ਨਹੀਂ ਹਨ। 

ਬੇਲਣ ਬ੍ਰਿਗੇਡ ਦੀ ਸੁਪਰੀਮੋ ਅਨੀਤਾ ਸ਼ਰਮਾ ਨੇ ਇਸ ਹਮਲੇ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਇਪਟਾ ਕੋਈ ਛੋਟੀ ਮੋਤੀ ਸੰਸਥਾ ਨਹੀਂ। ਇਹ ਆਜ਼ਾਦੀ ਤੋਂ ਵੀ ਪਹਿਲਾਂ ਦਾ ਸੰਗਠਨ ਹੈ ਜਿਸਨੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਵੀ ਸਰਗਰਮ ਯੋਗਦਾਨ ਦਿੱਤਾ ਅਤੇ ਵੱਡੇ ਵੱਡੇ ਕਲਾਕਾਰ ਵੀ ਪੈਦਾ ਕੀਤੇ। ਅਜਿਹੀਆਂ ਸੰਸਥਾਵਾਂ ਦੇ ਸੱਭਿਚਾਰਕ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਇਹਨਾਂ ਉੱਤੇ ਦੇਸ਼ ਧ੍ਰੋਹ ਵਰਗੇ ਇਲਜ਼ਾਮ ਲਾਉਣੇ ਇੱਕ ਸਵਾਰਥ ਤੋਂ ਵੱਧ ਕੁਝ ਨਹੀਂ। ਉਹਨਾਂ ਕਿਹਾ ਕਿ ਸਿਆਸਤ ਅਜਿਹੀਆਂ ਕਲਾ ਸਰਗਰਮੀਆਂ ਨੂੰ ਰੋਕ ਨਹੀਂ ਸਕਦੀ। ਪਾਰਟੀਆਂ ਨੂੰ ਅਜਿਹੀਆਂ ਹਰਕਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਨਾਲ ਮੌਜੂਦ ਉਹਨਾਂ ਦੀਆਂ ਕਈ ਹੋਰ ਸਰਗਰਮ ਸਾਥਣਾਂ ਨੇ ਵੀ ਇਸ ਹਮਲੇ ਦੀ ਤਿੱਖੀ ਨਿਖੇਧੀ ਕੀਤੀ। ਇਸ ਹਮਲੇ ਵਿਰੁੱਧ ਉਹਨਾਂ ਲੋਕਾਂ ਵੀ ਵਿੱਚ ਰੋਸ ਅਤੇ ਰੋਹ ਲਗਾਤਾਰ ਤਿੱਖਾ ਹੋ ਰਿਹਾ ਹੈ ਜਿਹੜੇ ਇਪਟਾ ਦੇ ਨਾਲ ਜੁੜੇ ਹੋਏ ਵੀ ਨਹੀਂ। ਉਹਨਾਂ ਨੂੰ ਸਿਰਫ ਏਨਾ ਹੀ ਪਤਾ ਹੈ ਇਪਟਾ ਲੋਕਾਂ ਨਾਲ ਜੁੜੀ ਜੱਥੇਬੰਦੀ ਹੈ। 
ਇਸੇ ਤਰਾਂ ਸੂਹੀ ਸਵੇਰ ਮੀਡੀਆ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਵੀ ਇਸ ਹਮਲੇ ਨੂੰ ਬੇਹੱਦ ਮੰਦਭਾਗਾ ਦੱਸਿਆ ਅਤੇ ਇਸ ਉੱਤੇ ਚਿੰਤਾ ਪ੍ਰਗਟਾਈ। ਉਹਨਾਂ ਕਿਹਾ ਕਿ ਖੱਬੀਆਂ ਧਿਰਾਂ ਲਗਾਤਾਰ ਲੋਕਾਂ ਨੂੰ ਆਜ਼ਾਦ ਸੋਚਣ ਵਾਲੇ ਪਾਸੇ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਸ ਲਈ ਉਹਨਾਂ ਉੱਤੇ ਫਿਰਕੂ ਅਤੇ ਫਾਸ਼ੀਵਾਦੀ ਸ਼ਕਤੀਆਂ ਲਗਾਤਾਰ ਹਮਲੇ ਕਰ ਰਹੀਆਂ ਹਨ। ਬਹੁਤ ਸਾਰੇ ਵਿਦਵਾਨਾਂ ਅਤੇ ਸਰਗਰਮ ਵਿਅਕਤੀਆਂ ਦਾ ਕਤਲ ਦੱਸਦਾ ਹੈ ਕਿ ਸਥਿਤੀ ਕਿੰਨੀ  ਭਿਆਨਕ ਹੋ ਚੁੱਕੀ ਹੈ। ਇੰਦੌਰ ਵਿੱਚ ਇਪਟਾ ਦੀ ਕਾਨਫਰੰਸ ਉੱਤੇ ਹੋਇਆ ਹਮਲਾ ਵੀ ਇਸੇ ਸਿਲਸਿਲੇ ਦੀ ਇੱਕ ਕੜੀ ਹੈ। ਪੰਜਾਬੀ ਭਵਨ ਵਿੱਚ ਸੂਹੀ ਸਵੇਰ ਵੱਲੋਂ ਆਯੋਜਿਤ ਇੱਕ ਖਾਸ ਸਮਾਗਮ ਕਰਾਉਣ ਲਈ ਉਚੇਚੇ ਤੌਰ ਤੇ ਪੁੱਜੇ ਸ਼ਿਵ ਇੰਦਰ ਨਾਲ ਉਹਨਾਂ ਦੇ ਇੱਕ ਹੋਰ ਸਾਥੀ ਸੁਖਵਿੰਦਰ ਲੀਲ ਵੀ ਮੌਜੂਦ  ਰਹੇ। ਸ਼ਿਵ ਇੰਦਰ ਸਿੰਘ ਨੇ ਇਸ ਹਮਲੇ ਨੂੰ ਇੱਕ ਚੇਤਾਵਨੀ ਵਾਂਗ ਲੈਣ ਲਈ ਕਿਹਾ ਤਾਂਕਿ ਇਸ ਖਤਰਨਾਕ ਰੁਝਾਨ ਦਾ ਟਾਕਰਾ ਕੀਤਾ ਜਾ ਸਕੇ। ਉਹਨਾਂ ਸੁਚੇਤ ਕੀਤਾ ਕਿ ਇਹ ਹਮਲਾ ਇੱਕ ਖਾਸ ਵਿਚਾਰਧਾਰਾ ਨੂੰ ਥੋਪਣ ਦੀ ਕੋਸ਼ਿਸ਼ ਹੈ ਜਿਸ ਅਧੀਨ ਲੋਕਾਂ ਨੂੰ ਤਾਨਾਸ਼ਾਹੀ ਅੰਦਾਜ਼ ਨਾਲ ਹੁਕਮ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਨੇ ਖਾਣਾ ਕੀ ਹੈ, ਪੀਣਾ ਕੀ ਹੈ, ਪਹਿਨਣਾ ਕੀ ਹੈ? ਉਹਨਾਂ ਇਸ ਸੰਦਰਭ ਵਿੱਚ ਕਿ ਹੋਰ ਘਟਨਾਵਾਂ ਦਾ ਵੀ ਜ਼ਿਕਰ ਕੀਤਾ। 
ਥਿਏਟਰ, ਸਾਹਿਤ ਅਤੇ ਲੋਕ ਪੱਖੀ ਸਰਗਰਮੀਆਂ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਡਾਕਟਰ ਐਸ ਐਨ ਸੇਵਕ ਹੁਣ ਕਾਫੀ ਬਿਰਧ ਹੋ ਗਏ ਹਨ।  ਸਹਿਤ 'ਚ ਆਈਆਂ ਖਰਾਬੀਆਂ ਨੇ ਵੀ ਉਹਨਾਂ ਦੀਆਂ ਸਰਗਰਮੀਆਂ ਵਿੱਚ ਵਿਘਨ ਪਾਇਆ ਹੈ। ਇਸਦੇ ਬਾਵਜੂਦ ਉਹ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਵਿਅਕਤੀ ਹਨ। ਜਦੋਂ ਉਹਨਾਂ ਇਪਟਾ ਉੱਤੇ ਹੋਏ ਹਮਲੇ ਦੀ ਗੱਲ ਸੁਣੀ ਤਾਂ ਉਹ ਇੱਕ ਦਮ ਗੰਭੀਰ ਹੋ ਗਏ। ਇਪਟਾ ਦੇ ਪੁਰਾਣੇ ਸਮਰਥਕ ਅਤੇ ਸਫ਼ਦਰ ਹਾਸ਼ਮੀ ਦੇ ਮੱਦਾਹ ਡਾਕਟਰ ਸੇਵਕ ਨੇ ਇਸ ਹਮਲੇ ਦੀ ਤਿੱਖੀ ਨਿਖੇਧੀ ਕੀਤੀ। ਉਹਨਾਂ ਚੇਤੇ ਕਰਾਇਆ ਕਿ ਸਟੇਜ ਦੇ ਕੰਮ ਵਿੱਚ, ਥਿਏਟਰ  ਦੇ ਕੰਮ ਵਿੱਚ, ਕਲਾ ਦੇ ਖੇਤਰ ਦੇ ਵਿੱਚ ਅਜਿਹੀ ਦਖਲ ਅੰਦਾਜ਼ੀ ਪੂਰੀ ਤਰਾਂ ਗਲਤ ਹੈ। ਉਹਨਾਂ ਇਪਟਾ ਦੀ ਹਮਾਇਤ ਕਰਦਿਆਂ ਬਾਰ ਬਾਰ ਹਮਲਾਵਰਾਂ ਦੀ ਨਿਖੇਧੀ ਕੀਤੀ। ਇਤਫ਼ਾਕ ਦੀ ਗੱਲ ਕਿ ਜਿਸ ਦਿਨ ਡਾਕਟਰ ਸੇਵਕ ਨਾਲ ਪੰਜਾਬੀ ਭਵਨ ਵਿਛਕ ਮੁਲਾਕਾਤ ਹੋਈ ਉਸ ਦਿਨ ਉਹ ਲੁਧਿਆਣਾ ਕਲਾ ਮੰਚ ਦੀ ਟੀਮ ਨਾਲ ਇੱਕ ਖਾਸ ਨਾਟਕ ਦੀ ਰਿਹਰਸਲ ਕਰਨ ਲਈ ਆਏ ਹੋਏ ਸਨ।  ਇਹ ਖਾਸ ਨਾਟਕ ਡਾਕਟਰ ਰਮੇਸ਼ ਦਾ ਲਿਖਿਆ ਹੋਇਆ ਸੀ ਜਿਸਨੂੰ ਨਿਰਦੇਸ਼ਿਤ ਕੀਤਾ ਸੀ ਸਪਨਦੀਪ ਕੌਰ ਨੇ। ਇਹ ਨਾਟਕ ਅਗਲੇ ਹੀ ਦਿਨ ਪਿੰਡ ਮਨਸੂਰਾਂ ਵਿਖੇ ਖੇਡਿਆ ਵੀ ਗਿਆ ਅਤੇ ਸਲਾਹਿਆ ਵੀ ਗਿਆ। ਇਸ ਰਿਹਰਸਲ ਕਾਰਨ ਡਾਕਟਰ ਸਾਹਿਬ ਦੇ ਸ਼ਗਿਰਦਾਂ ਅਤੇ ਲੁਧਿਆਣਾ ਕਲਮੰਚ ਦੀ ਪੂਰੀ ਟੀਮ ਵੀ ਉਹਨਾਂ ਦੇ ਨਾਲ ਸੀ। ਇਹ ਸਾਰੇ ਲੋਕ ਵੀ ਇਪਟਾ ਦੇ ਮੈਂਬਰ ਨਾ ਹੋਣ ਦੇ ਬਾਵਜੂਦ ਇਪਟਾ ਦੇ ਸਮਰਥਨ ਵਿੱਚ ਖੜੇ ਹੋਏ ਜਿਸਤੋਂ ਜ਼ਾਹਿਰ ਹੈ ਕਿ ਇਪਟਾ ਅਜੇ ਵੀ ਲੋਕ ਸ਼ਕਤੀ ਅਤੇ ਲੋਕ ਹਮਦਰਦੀ ਨਾਲ ਜੁੜੇ ਦਿਲਾਂ ਉੱਤੇ ਰਾਜ ਕਰ ਰਹੀ ਹੈ। 
ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਅਕਸਰ ਪਤੇ ਦੀ ਗੱਲ ਹੀ ਬੋਲਦੇ ਹਨ।  ਉਹ ਦਸ ਮਿੰਟ ਬੋਲਣ ਜਾਂ ਫੇਰ ਦੋ ਘੰਟੇ ਤੀਕ ਭਾਸ਼ਣ ਦੇਣ ਪਰ ਉਹਨਾਂ ਦੀਆਂ ਗੱਲਾਂ ਵਿੱਚੋਂ ਤੁਸੀਂ ਨਿਰਥਰਕ ਸ਼ਬਦ ਤੱਕ ਵੀ ਨਹੀਂ ਲੱਭ ਸਕਦੇ। ਤੁਸੀਂ ਉਹਨਾਂ ਦਾ ਭਾਸ਼ਣ ਵਿੱਚੇ ਛੱਡ ਕੇ ਜਾ ਵੀ ਨਹੀਂ ਸਕਦੇ। ਉਹਨਾਂ ਕਦੇ ਕਾਗਜ਼ ਦੇਖ ਕੇ ਨਹੀਂ ਬੋਲਿਆ।  ਸਾਰੇ ਤੱਥ ਅਤੇ ਅੰਕੜੇ ਉਹਨਾਂ ਨੂੰ ਜ਼ੁਬਾਨੀ ਯਾਦ ਹੁੰਦੇ ਹਨ। ਗੱਲਾਂ ਵੀ ਉਹ ਜਿਹੜੀਆਂ ਜ਼ਿੰਦਗੀ ਵਿੱਚ ਕਦਮ ਕਦਮ'ਤੇ ਕੰਮ ਆਉਂਦੀਆਂ ਹਨ। ਇਸ ਮਾਮਲੇ ਵਿੱਚ ਵੀ ਉਹ ਪਹਿਲਾਂ ਤੋਂ ਹੀ ਪੂਰੀ ਤਰਾਂ ਤਿਆਰ ਮਿਲੇ। ਇਪਟਾ ਉੱਤੇ ਹੋਏ ਹਮਲੇ ਦੀ ਉਹਨਾਂ ਸਖਤ ਨਿੰਦਾ ਕੀਤੀ। ਉਹਨਾਂ ਨੇ ਇਸ ਹਮਲੇ ਨੂੰ ਵਿਚਾਰਾਂ ਉੱਤੇ ਹਮਲਾ ਦੱਸਿਆ ਅਤੇ ਗੁੰਡਾਗਰਦੀ ਆਖਿਆ। ਉਹਨਾਂ ਫਾਸ਼ੀ ਸ਼ਕਤੀਆਂ ਦਾ ਹਵਾਲਾ ਦੇਂਦਿਆਂ ਦੱਸਿਆ ਕਿ ਇੰਦੌਰ  ਤਾਂ ਅਜਿਹੀਆਂ ਸ਼ਕਤੀਆਂ ਦਾ ਕੇਂਦਰ ਬਣਿਆ ਹੋਇਆ ਹੈ। ਪ੍ਰੋਫੈਸਰ ਜਗਮੋਹਨ ਸਿੰਘ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਸਬੰਧਤ ਇੱਕ ਖਾਸ ਆਯੋਜਨ ਵਿੱਚ ਹਿੱਸਾ ਲੈਣ ਲਈ ਆਏ ਹੋਏ ਸਨ। ਉਹਨਾਂ ਜਿੱਥੇ ਇਪਤੇ ਉੱਤੇ ਹੋਏ ਹਮਲੇ ਦੀ ਗੱਲ ਕੀਤੀ ਉੱਥੇ ਇਸ ਲੜੀ ਵਿਚਕ ਹੋਏ ਅਤੇ ਹੋ ਰਹੇ ਕਈ  ਹੋਰ ਹਮਲਿਆਂ ਦੀ ਵੀ ਚਰਚਾ ਕੀਤੀ ਜਿਹਨਾਂ ਨਾਲ ਦੇਸ਼ ਦੀ ਬੇਹੱਦ ਨਾਜ਼ੁਕ ਹਾਲਤ ਦਾ ਪਤਾ ਲੱਗਦਾ ਹੈ। ਉਹਨਾਂ ਸਪਸ਼ਟ ਕਿਹਾ ਕਿ ਅਜਿਹੇ ਹਮਲੇ ਅਕਸਰ ਇੰਦੌਰ ਵਿੱਚੋਂ ਹੀ ਨਿਕਲਦੇ ਹਨ। ਉਹਨਾਂ ਨੇ ਹਰਿਆਣਾ ਅਤੇ ਹੋਰਨਾਂ ਥਾਵਾਂ ਦੀਆਂ ਕਿ ਚਰਚਿਤ ਘਟਨਾਵਾਂ ਦਾ ਵੀ ਜ਼ਿਕਰ ਕੀਤਾ। 
ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈਅੱਜ ਇਸ ਹਮਲੇ ਮਗਰੋਂ ਇਪਟਾ ਦੇ ਨਾਲ ਉਹ ਲੋਕ ਵੀ ਖੜੇ ਹਨ ਜਿਹੜੇ ਇਸਦਾ ਮੈਂਬਰ ਨਾ ਹਨ ਦੇ ਬਾਵਜੂਦ ਇਪਟਾ ਉੱਤੇ ਹੋਏ ਹਮਲੇ ਦਾ ਦਰਦ ਤੀਬਰਤਾ ਨਾਲ ਮਹਿਸੂਸ ਕਰਦੇ ਹਨ। ਦਰਅਸਲ ਇਹੀ ਉਹ ਲੋਕ ਹਨ ਜਿਹਨਾਂ ਦੀ ਨਜ਼ਰ ਵਿਛਕ ਇਪਟਾ ਲੋਕਾਂ ਦੀ ਜੱਥੇਬੰਦੀ ਸੀ ਅਤੇ ਲੋਕਾਂ ਦੀ ਜੱਥੇਬੰਦੀ ਹੀ ਰਹੇਗੀ। ਕਲਾ ਅਤੇ ਲੋਕਾਂ ਨੂੰ ਸਮਰਪਿਤ ਇੱਕ ਅਜਿਹਾ ਸੰਗਠਨ ਜਿਸ ਵਿੱਚ ਕੋਈ ਸਿਆਸੀ ਪਾਰਟੀ ਨਹੀਂ ਬਲਕਿ ਲੋਕ ਹੀ ਨਾਇਕ ਹੁੰਦੇ ਹਨ। ਜਦੋਂ ਤੱਕ ਇਪਟਾ ਨਾਲ ਜਜ਼ਬਾਤੀ ਤੌਰ ਤੇ ਜੁੜੇ ਅਜਿਹੇ ਲੋਕ ਮੌਜੂਦ ਹਨ ਉਦੋਂ ਤੀਕ ਇਪਟਾ ਦਾ ਵੱਲ ਵੀ ਵਿੰਗਾ ਨਹੀਂ ਹੋ ਸਕਦਾ। ਕਮਜ਼ੋਰ ਅਤੇ ਬਿਖਰੇ ਹੋਏ ਸੰਗਠਨਾਤਮਿਕ ਢਾਂਚੇ ਕਾਰਨ ਹੋ ਸਕਦਾ ਹੈ ਕਿ ਕੱਲ੍ਹ ਨੂੰ ਕਈ  ਥਾਵਾਂ ਤੇ ਰੋਸ ਵਿਖਾਵੇ ਨਾ ਹੋ ਸਕਣ।  ਜਿੱਥੇ ਜਿਹਾ ਹੋਇਆ ਉੱਥੇ ਕੇਵਲ ਮੀਟਿੰਗਾਂ ਹੋਣਗੀਆਂ।  ਜਿੱਥੇ ਮੀਟਿੰਗਾਂ ਦੀ ਸੰਭਾਵਨਾ ਵੀ ਨਾ ਹੋਈ ਉੱਥੇ ਕੋਈ ਹੋਰ ਹੀਲਾ ਵਸੀਲਾ ਸੋਚਿਆ ਜਾਵੇਗਾ। ਇਪਟਾ ਪ੍ਰੇਮੀ ਅਤੇ ਇਪਟਾ ਦੇ ਦੋਸਤ ਲੱਖ ਖਤਰਿਆਂ ਦੇ ਬਾਵਜੂਦ ਇਪਟਾ ਦੇ ਨਾਲ ਹੀ ਖੜਨਗੇ। 

No comments: