Thursday, October 20, 2016

ਵਿਦਿਆਰਥੀ ਆਗੂ ਕਨ੍ਹਈਆ ਕੁਮਾਰ 23 ਨੂੰ ਲੁਧਿਆਣਾ ਵਿੱਚ

Thu, Oct 20, 2016 at 11:35 AM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਹੋਵੇਗਾ ਵਿਸ਼ੇਸ਼ ਸੈਮੀਨਾਰ 
ਮਹਿੰਗੀ ਵਿੱਦਿਆ-ਘਟਦੇ ਰੁਜ਼ਗਾਰ ਵਿਸ਼ੇ ’ਤੇ ਸਿੱਖਿਆ ਸੈਮੀਨਾਰ
ਆਯੋਜਨ ਸਾਂਝ: ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ
ਲੁਧਿਆਣਾ : 19 ਅਕਤੂਬਰ  2016: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ ਵੱਲੋਂ 23 ਅਕਤੂਬਰ ਬਾਅਦ ਦੁਪਹਿਰ 1.30 ਵਜੇ ‘ਮਹਿੰਗੀ ਵਿੱਦਿਆ-ਘਟਦੇ ਰੁਜ਼ਗਾਰ’ ਵਿਸ਼ੇ ’ਤੇ ਸਿੱਖਿਆ ਸੈਮੀਨਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਅਜੋਕੇ ਸਮਿਆਂ ਵਿਚ ਸਿੱਖਿਆ ਦਾ ਵਪਾਰੀਕਰਣ ਅਤੇ ਭਗਵਾਕਰਣ ਵਿਸ਼ੇਸ਼ ਕਿਸਮ ਦੇ ਮਸਲੇ ਖੜ੍ਹੇ ਕਰ ਰਿਹਾ ਹੈ। ਸੋ ਸਾਡੀ ਸਮੁੱਚੀ ਸਿੱਖਿਆ ਪ੍ਰਣਾਲੀ ਤੇ ਚਿੰਤਨ ਮੰਥਨ ਹੋਣਾ ਅਤਿ ਜ਼ਰੂਰੀ ਹੋ ਗਿਆ ਹੈ। ਇਸ ਮੰਤਵ ਲਈ ਵਿਸ਼ੇਸ਼ ਤੌਰ ’ਤੇ ਨਵੀਂ ਸਿੱਖਿਆ ਨੀਤੀ ਸੰਬੰਧੀ ਵਿਚਾਰ ਕਰਨ ਲਈ ਚੇਅਰਮੈਨ ਪੰਜਾਬ ਐਜ਼ੂਕੇਸ਼ਨਿਸਟ ਫ਼ੋਰਮ ਪ੍ਰੋ. ਤਰਸੇਮ ਬਾਹੀਆ ਜੀ ਨੂੰ ਬੁਲਾਇਆ ਗਿਆ ਹੈ। ਤੇ ਇਸੇ ਸੰਦਰਭ ਵਿਚ ਵਿਦਿਆਰਥੀਆਂ ‘ਜੋ ਕਿ ਵਿੱਦਿਆ ਪ੍ਰਬੰਧ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।’ ਦਾ ਪੱਖ ਪੇਸ਼ ਕਰਨ ਲਈ ਏ.ਆਈ.ਐਸ.ਐਫ਼. ਆਗੂ ਪ੍ਰਧਾਨ ਜੇ.ਐਨ.ਯੂ., ਕਨ੍ਹਈਆ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਹੈ। ਇਸ ਸਮਾਗਮ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਸੁਆਗਤੀ ਸ਼ਬਦ ਕਹਿਣਗੇ। ਸੋਸ਼ਲ ਥਿੰਕਰਜ਼ ਫ਼ੋਰਮ ਦੇ ਕਨਵੀਨਰ ਡਾ. ਅਰੁਣ ਮਿੱਤਰਾ ਵਿਸ਼ੇ ਦਾ ਸੰਦਰਭ ਸਾਂਝਾ ਕਰਨਗੇ। 
ਉਪਰੰਤ ਸਮੁੱਚੀ ਵਿਚਾਰ ਚਰਚਾ ਤੋਂ ਬਾਅਦ ਦਿੱਲੀ ਤੋਂ ਆਏ ਕੌਮੀ ਪੱਧਰ ਦੇ ਆਗੂ ਅਮਰਜੀਤ ਕੌਰ ਦਰਪੇਸ਼ ਚੁਣੌਤੀਆਂ ਬਾਰੇ ਆਪਣੇ ਸੁਝਾਅ ਸਾਂਝੇੇ ਕਰਨਗੇ। ਅੰਤ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਚਰਚਾ ਦਾ ਤੱਤਸਾਰ ਸਾਂਝਾ ਕਰਨਗੇ ਅਤੇ ਇਸ ਮਹੱਤਵਪੂਰਨ ਸੈਮੀਨਾਰ ਵਿਚ ਸ਼ਮੂਲੀਅਤ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਧਿਰਾਂ ਦਾ ਧੰਨਵਾਦ ਕਰਨਗੇ। ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਤ੍ਰੈਲੋਚਨ ਲੋਚੀ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਮਨਜਿੰਦਰ ਸਿੰਘ ਧਨੋਆ ਅਤੇ ਸ. ਭੁਪਿੰਦਰ ਸਿੰਘ ਸੰਧੂ ਅਤੇ ਸੋਸ਼ਲ ਥਿੰਕਰਜ਼ ਦਾ ਸਹਿ ਕਨਵੀਨਰ ਐਮ.ਐਸ.ਭਾਟੀਆ ਨੇ ਸਮੂਹ ਸਾਹਿਤ ਪ੍ਰੇਮੀ, ਸਿੱਖਿਆ ਪ੍ਰੇਮੀ ਅਤੇ ਚਿੰਤਨ ਮੰਥਨ ਦੇ ਸ਼ੌਕੀਨ ਲੋਕਾਂ ਨੂੰ ਇਸ ਸਮਾਗਮ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।

No comments: