Monday, September 12, 2016

ਸਾਰੇ ਹਿੰਦੁਸਤਾਨ ਦਾ ਢਿੱਡ ਭਰਨਾ ਸਾਡੀ ਡਿਊਟੀ ਬਣਦੀ ਹੈ-VC ਡਾਕਟਰ ਢਿੱਲੋਂ

ਪਾਣੀ ਦੇ ਡਿੱਗਦੇ ਪੱਧਰ ਅਤੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ 'ਚ ਮਿਲੀ ਸਫਲਤਾ 
ਇਸ ਸਫਲਤਾ ਲਈ ਕਿਸਾਨ ਵੀਰ ਵਧਾਈ ਦੇ ਪਾਤਰ ਹਨ- ਡਾ ਬੀ ਐਸ ਢਿੱਲੋਂ
ਨਾਗ ਕਲਾ-ਜਹਾਂਗੀਰ (ਅੰਮ੍ਰਿਤਸਰ) ਤੋਂ ਪਰਤ ਕੇ 
ਲੁਧਿਆਣਾ: 12 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਜਦੋਂ ਪੰਜਾਬ ਦਾ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਸਿਆਸੀ ਪਾਰਟੀਆਂ ਇਸ ਮਾਮਲੇ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਰੁੱਝੀਆਂ ਹੋਈਆਂ ਹਨ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅਸਲੀ ਕਾਰਣ ਵੱਲ ਗੰਭੀਰਤਾ ਨਾਲ ਧਿਆਨ ਦੇ ਕੇ ਉਹਨਾਂ ਨੂੰ ਬਚਾਉਣ ਵਿੱਚ ਸਰਗਰਮ ਹੈ। ਕਿਸਾਨ ਮੇਲਿਆਂ ਦੇ ਬਹਾਨੇ ਜਿੱਥੇ ਖੇਤੀਬਾੜੀ ਦੇ ਗਿਆਨ ਦੀ ਰੌਸ਼ਨੀ ਵੰਡੀ ਜਾ ਰਹੀ ਹੈ ਉੱਥੇ ਕਿਸਾਨਾਂ ਦੀ ਆਰਥਿਕਤਾ ਨੂੰ ਸੁਧਾਰਨ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।
ਸਾਲ ਵਿੱਚ ਸਿਰਫ ਦੋ ਦਿਨ ਨਹੀਂ ਹਰ ਰੋਜ਼ ਆਮਦਨ ਲਵੇ ਕਿਸਾਨ
ਅੱਜ ਦੇ ਕਿਸਾਨ ਮੇਲੇ ਵਿੱਚ ਸਟੇਜ ਤੋਂ ਬਾਰ ਬਾਰ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਕਿਸਾਨ ਭਰਾ ਸਾਲ ਭਰ ਮੇਹਨਤ ਕਰਕੇ ਸਿਰਫ ਦੋ ਦਿਨ ਆਮਦਨ ਲੈਣ ਦੀ ਬਜਾਏ ਹਰ ਰੋਜ਼ ਆਮਦਨ ਲੈਣ ਵਾਲੇ ਰਾਹ ਤੁਰਨ। ਇਸ ਮਕਸਦ ਲਈ ਡੇਅਰੀ ਫਾਰਮਿੰਗ ਦੇ ਨਾਲ ਨਾਲ ਸਬਜ਼ੀਆਂ ਵਾਲੇ ਪਾਸੇ ਧਿਆਨ ਦੇਣ ਦੀ ਪ੍ਰੇਰਨ ਦਿੱਤੀ ਜਾ ਰਹੀ ਹੈ ਕਿਓਂਕਿ ਸਬਜ਼ੀ ਦੀ ਲੋੜ ਹਰ ਇੱਕ ਨੂੰ ਪੈਂਦੀ ਹੈ ਅਤੇ ਕਿਸਾਨ ਇਸ ਤੋਂ ਹਰ ਰੋਜ਼ ਆਮਦਨ ਲੈ ਸਕਦਾ ਹੈ। ਅੱਜ ਬੀਜਾਂ ਦੀ ਵਿਕਰੀ ਦੌਰਾਨ ਸਬਜ਼ੀ ਵਾਲੇ ਬੀਜਾਂ ਦੀ ਕਿੱਟ ਸ਼ਾਇਦ ਹਰ ਇੱਕ ਨੇ ਆਪਣੇ ਝੋਲੇ ਵਿੱਚ ਪਾਈ ਹੋਈ ਸੀ। ਇਸ ਕਿੱਟ ਵਿੱਚ ਦਸ ਕਿਸਮ ਦੀਆਂ ਸਬਜ਼ੀਆਂ ਦੇ ਬੀਜ ਹੁੰਦੇ ਹਨ।
ਸਾਰੇ ਹਿੰਦੁਸਤਾਨ ਦਾ ਢਿੱਡ ਭਰਨਾ ਸਾਡੀ ਡਿਊਟੀ-VC ਡਾਕਟਰ ਢਿੱਲੋਂ
ਕਿਸਾਨੀ ਦੀ ਮੌਜੂਦਾ ਹਾਲਤ ਦੇ ਬਾਵਜੂਦ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਗਿੱਲ ਨੇ ਯਾਦ ਕਰਾਇਆ ਕਿ ਸਾਰੇ ਹਿੰਦੋਸਤਾਨ ਦਾ ਢਿੱਡ ਭਰਨਾ ਸਾਡੀ ਡਿਊਟੀ ਹੈ ਅਤੇ ਇਹ ਸਭ ਕੁਝ ਕਰਦਿਆਂ  ਅਨਾਜ ਅਤੇ ਹੋਰ ਸਬੰਧਤ ਉਤਪਾਦਨਾਂ ਦੀ ਕੁਆਲਿਟੀ ਦਾ ਵੀ ਪੂਰਾ ਪੂਰਾ ਧਿਆਨ ਰੱਖਣਾ ਹੈ।
ਮੇਲੇ ਵਿੱਚ ਪੂਰੀਆਂ ਰੌਣਕਾਂ ਸਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ਦੌਰਾਨ ਆਯੋਜਿਤ ਹੋਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਵਜੋਂ ਅੱਜ ਦੂਸਰਾ ਕਿਸਾਨ ਮੇਲਾ ਅੰਮ੍ਰਿਤਸਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਜਹਾਂਗੀਰ ਵਿਖੇ ਲਗਾਇਆ ਗਿਆ। ਗਰਮੀ ਦੇ ਬਾਵਜੂਦ ਮੇਲੇ ਵਿੱਚ ਪੂਰੀਆਂ ਰੌਣਕਾਂ ਸਨ। ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਡਾ ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਡਾ ਆਰ ਕੇ ਗੁੰਬਰ, ਨਿਰਦੇਸ਼ਕ ਖੋਜ, ਡਾ ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿਖਿਆ, ਡਾ ਗੁਰਮੀਤ ਸਿੰਘ ਬੁੱਟਰ, ਵਧੀਕ ਨਿਰਦੇਸ਼ਕ ਪਸਾਰ ਸਿਖਿਆ, ਅਗਾਹਵਧੂ ਕਿਸਾਨ ਮਹਿੰਦਰ ਸਿੰਘ ਗਰੇਵਾਲ, ਡਾ ਤਰਸੇਮ ਸਿੰਘ ਢਿੱਲੋਂ, ਨਿਰਦੇਸ਼ਕ ਬੀਜ ਅਤੇ ਡਾ ਹਰਵੰਤ ਸਿੰਘ ਔਲਖ, ਡਿਪਟੀ ਡਾਇਰੈਕਟਰ, ਖੇਤੀਬਾੜੀ ਵਿਭਾਗ ਅਤੇ ਡਾ ਰਣਜੀਤ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਸਾਡੀ ਨੈਤਿਕ ਜ਼ਿਮੇਵਾਰੀ
ਮੇਲੇ ਵਿੱਚ ਕਿਸਾਨਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਡਾ ਢਿੱਲੋਂ ਨੇ ਨਾਗ ਕਲਾਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਤਰੱਕੀ, ਨੁਮਾਇਸ਼ੀ ਪਲਾਟਾਂ ਤੇ ਖੁਸ਼ੀ ਜਾਹਰ ਕਰਦਿਆਂ ਵਿਸ਼ੇਸ਼ ਰੂਪ ਵਿੱਚ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਾਣੀ ਦੇ ਡਿਗਦੇ ਪੱਧਰ ਨੂੰ ਰੋਕਣ ਲਈ ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਰੋਕਣ ਲਈ ਅਤੇ ਖਾਸਕਰ ਚਿੱਟੀ ਮੱਖੀ ਦੇ ਹਮਲੇ ਤੇ ਕਾਬੂ ਪਾਉਣ ਲਈ ਸਾਡੇ ਕਿਸਾਨ ਵੀਰ ਸਾਡੇ ਖਾਸ ਧੰਨਵਾਦ ਦੇ ਪਾਤਰ ਹਨ। ਉੁਹਨਾਂ ਨੇ ਇਹਨਾਂ ਖੇਤਰਾਂ ਵਿੱਚ ਯੂਨੀਵਰਸਿਟੀ ਦੀਆਂ ਵਿਕਸਿਤ ਤਕਨੀਕਾਂ ਨੂੰ ਅਪਣਾਇਆ ਹੈ ਅਤੇ ਸਿਫਾਰਸ਼ਾਂ ਨੂੰ ਧਿਆਨ ਵਿੱਚ ਰੱਖਿਆ ਹੈ। ਉਹਨਾਂ ਦੇ ਸਹਿਯੋਗ ਤੋਂ ਬਿਨਾ ਇਹ ਸਫਲਤਾ ਸੰਭਵ ਨਹੀਂ ਸੀ। ਉਹਨਾਂ ਨੇ ਰਲਵੀਂ ਖੇਤੀ, ਘਰੇਲੂ ਬਗੀਚੀ, ਸਹਿਕਾਰੀ ਖੇਤੀ ਮਸ਼ੀਨਰੀ ਅਤੇ ਸਹਾਇਕ ਧੰਦਿਆਂ ਵਿੱਚ ਔਰਤਾਂ ਦੀ ਸ਼ਮਲੀਅਤ ਉੱਪਰ ਵਿਸ਼ੇਸ਼ ਜ਼ੋਰ ਦਿੱਤਾ। ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਸਾਡੀ ਨੈਤਿਕ ਜ਼ਿਮੇਵਾਰੀ ਹੈ, ਕਿਸਾਨ ਵੀਰੋ ਇਸ ਵਾਰ ਪਰਾਲੀ ਬਿਲਕੁਲ ਨਾ ਸਾੜਨਾ।
ਡਾ ਆਰ ਕੇ ਗੁੰਬਰ ਨੇ ਚਾਨਣਾ ਪਾਇਆ ਖੋਜ ਕਾਰਜਾਂ ਬਾਰੇ
ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ ਆਰ ਕੇ ਗੁੰਬਰ ਨੇ ਚਾਨਣਾ ਪਾਇਆ। ਉਹਨਾਂ ਪਿਛਲੇ ਦਿਨਾਂ ਵਿਚ ਯੂਨਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਣਕ, ਨੇਪੀਅਰ ਬਾਜਰਾ, ਅਫਰੀਕਨ ਸਰੋਂ, ਫੁੱਲਾਂ ਅਤੇ ਸਬਜ਼ੀਆਂ ਆਦਿ ਦੀਆਂ ਫਸਲਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਕਿਹਾ ਕਿ ਲਾਜ਼ਮੀ ਗੱਲ ਇਹ ਹੈ ਕਿ ਕਿਸਾਨ ਵੀਰ ਆਪਣੀ ਫੀਡਬੈਕ ਦਿੰਦੇ ਰਹਿਣ ਤਾਂ ਜੋ ਸਾਡੀ ਖੇਤੀ ਖੋਜ ਨੂੰ ਸਹੀ ਦਿਸ਼ਾ ਮਿਲਦੀ ਰਹੇ।
ਕਿਸਾਨ ਮੇਲੇ ਪੀਏਯੂ ਦੀ ਪਸਾਰ ਸਿੱਖਿਆ ਦਾ ਅਨਿੱਖੜਵਾਂ ਅੰਗ-ਡਾ. ਆਰ ਐਸ ਸਿੱਧੂ
'ਜੀ ਆਇਆਂ' ਦੇ ਸ਼ਬਦ ਬੋਲਦਿਆਂ ਡਾ ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿਖਿਆ ਨੇ ਕਿਹਾ ਕਿ ਕਿਸਾਨ ਮੇਲੇ ਪੀਏਯੂ ਦੀ ਪਸਾਰ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ। ਇਹਨਾਂ ਰਾਹੀਂ  ਯੂਨੀਵਰਸਿਟੀ ਆਪਣੀਆਂ ਖੇਤੀ-ਖੋਜਾਂ, ਵਿਕਸਤ ਤਕਨੀਕਾਂ ਅਤੇ ਗਿਆਨ ਨੂੰ ਕਿਸਾਨਾਂ ਅੱਗੇ ਪ੍ਰਦਰਸ਼ਤ ਕਰਦੀ ਹੈ। ਉਹਨਾਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਵਿਸ਼ਾਲ ਇਕੱਠ ਨੂੰ ਅਪੀਲ ਕੀਤੀ ਕਿ ਗਿਆਨ ਲਈ ਇਹਨਾਂ ਪ੍ਰਦਰਸ਼ਨੀਆਂ ਅਤੇ ਸਟਾਲਾਂ ਤੇ ਜਰੂਰ ਹੋ ਕੇ ਜਾਣਾ। ਪੀਏਯੂ ਦਾ ਖੇਤੀ ਸਾਹਿਤ ਜਰੂਰ ਖਰੀਦਣਾ ਜੋ ਪੂਰਾ ਸਾਲ ਤੁਹਾਡੇ ਲਈ ਮਾਰਗ ਦਰਸ਼ਕ ਹੋਵੇਗਾ। ਇਹ ਸਿਫ਼ਾਰਿਸ਼ਾਂ ਖੇਤੀ ਸੰਬੰਧੀ ਗਿਆਨ ਦਾ ਨਿਚੋੜ ਹਨ ਜੋ ਪੰਜਾਬ ਦੀ ਚੰਗੀ ਖੇਤੀ ਲਈ ਪੀਏਯੂ ਤਿਆਰ ਕਰਦੀ ਹੈ। ਉਹਨਾਂ ਨੇ ਵਿਸ਼ੇਸ਼ ਰੂਪ ਵਿੱਚ ਮੀਡੀਆ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਜੋ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਡਾ ਸਿੱਧੂ ਨੇ ਕਿਸਾਨਾਂ ਨਾਲ ਇਸ ਮਾਣ ਨੂੰ ਵੀ ਸਾਂਝਾ ਕੀਤਾ ਕਿ ਅਨੇਕਾਂ ਚੁਣੌਤੀਆਂ ਅਤੇ ਸੰਕਟਾਂ ਦੇ ਬਾਵਜੂਦ ਖੇਤੀ ਪੱਖੋ ਪੰਜਾਬ ਅਜੇ ਵੀ ਭਾਰਤ ਦਾ ਪ੍ਰਮੁੱਖ ਸੂਬਾ ਹੈ। ਇੱਕ ਮੀਡੀਆ ਸਰਵੇਖਣ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪੰਜਾਬ ਦੇ ਕਿਸਾਨ ਦੀ ਆਮਦਨ ਅੱਜ ਵੀ ਹੋਰਨਾਂ ਦੇ ਮੁਕਾਬਲੇ ਕਾਫੀ ਹੈ। 
ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਖੇਤੀ ਸਟਾਲ ਅਤੇ ਪ੍ਰਦਰਸ਼ਨੀ ਪਲਾਟ ਲਗਾਏ ਗਏ। ਤਕਨੀਕੀ ਸੈਸ਼ਨ ਦੌਰਾਨ ਖੇਤੀ ਮਾਹਿਰਾਂ ਨੇ ਕਿਸਾਨਾਂ ਨਾਲ ਗਿਆਨਮਈ ਵਾਰਤਾਲਾਪ ਕੀਤੀ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੱਖ-ਵਖ ਵਿਸ਼ਾ ਮਾਹਿਰਾਂ ਵੱਲੋਂ ਮੌਕੇ ਤੇ ਦਿੱਤੇ ਗਏ।
ਸੇਵੀਆਂ ਦੇ ਬਹਾਨੇ ਔਰਤਾਂ ਦੀ ਆਤਮ ਨਿਰਭਰਤਾ 
ਅੱਜ ਦੇ ਮੇਲੇ ਵਿੱਚ ਸਵੇਰੇ ਸਵੇਰੇ ਸੇਵੀਆਂ ਵੱਟਣ ਦੇ ਮੁਕਾਬਲੇ ਵੀ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਿੱਚ ਸਫਲ ਰਹੀਆਂ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਨਾਲ ਜਿੱਥੇ ਪੰਜਾਬ ਦਾ ਅਲੋਪ ਹੋ ਰਿਹਾ ਸੱਭਿਆਚਾਰ ਸੁਰਜੀਤ ਹੋਵੇਗਾ ਉੱਥੇ ਬਾਜ਼ਾਰੀ ਖਰਚੇ ਵੀ ਬਚਣਗੇ ਅਤੇ ਬਾਜ਼ਾਰੀ ਚੀਜ਼ਾਂ ਨਾਲ ਹੁੰਦੀਆਂ ਬਿਮਾਰੀਆਂ ਵੀ ਘਟਣਗੀਆਂ। ਸੇਵੀਆਂ ਵੱਟਣ ਦੇ ਬਹਾਨੇ ਨਾਲ ਇੱਕ ਦੂਜੇ ਕੋਲ ਬੈਠਣ ਅਤੇ ਦੁੱਖ ਸੁੱਖ ਫਰੋਲਣ ਦਾ ਉਹ ਰਿਵਾਜ ਵੀ ਫਿਰ ਜ਼ੋਰ ਫੜੇਗਾ ਜਿਹੜਾ ਅੱਜਕਲ੍ਹ ਸੁਪਨਾ ਹੁੰਦਾ ਜਾ ਰਿਹਾ ਹੈ। ਸੇਵੀਆਂ ਵੱਟਣ ਦੇ ਮੁਕਾਬਲੇ ਵਿੱਚ ਇਲਾਕੇ ਦੀਆਂ 15 ਬੀਬੀਆਂ ਨੇ ਭਾਗ ਲਿਆ। ਪਹਿਲਾ ਇਨਾਮ ਜਹਾਂਗੀਰ ਪਿੰਡ ਤੋਂ ਗਰੁਨਾਮ ਕੌਰ ਨੇ, ਦੂਜਾ ਅਜਨਾਲਾ ਦੀ ਨਿਸ਼ਾ ਨੇ, ਤੀਜਾ ਜਹਾਂਗੀਰ ਦੀ ਕੁਲਦੀਪ ਕੌਰ ਨੇ ਅਤੇ ਵਿਸ਼ੇਸ਼ ਹੌਸਲਾ ਵਧਾਊ ਇਨਾਮ ਅਜਨਾਲਾ ਦੀ ਨੀਲਮ ਕੌਰ ਨੇ ਜਿੱਤਿਆ।
ਪੀਏਯੂ ਦੇ ਅਜਿਹੇ ਉਪਰਾਲੇ ਔਰਤਾਂ ਦੀ ਇੱਕ ਅਜਿਹੀ ਫੋਰਸ ਤਿਆਰ ਕਰ ਰਹੇ ਹਨ ਜਿਹੜੀ ਖ਼ੁਦਕੁਸ਼ੀ ਕਰ ਰਹੇ ਕਿਸਾਨ ਨੂੰ ਹੋਂਸਲਾ ਦੇਣ ਲਈ ਉਸਦੇ ਬਰਾਬਰ ਮੋਢੇ ਨਾਲ ਮੋਢਾ ਡਾਹ ਕੇ ਖੜੋਣ ਲਈ ਤਿਆਰ ਹੈ। ਇਸ ਮੇਲੇ ਵਿੱਚ ਅਜਿਹੀਆਂ ਕਈ ਔਰਤਾਂ ਅਤੇ ਲੜਕੀਆਂ ਆਈਆਂ ਹੋਈਆਂ ਸਨ ਜਿਹਨਾਂ ਦੇ 'ਤੇ ਉਸ ਆਤਮ ਵਿਸ਼ਵਾਸ ਵਾਲੀ ਚਮਕ ਸੀ ਜਿਹੜਾ ਸਾਰਿਆਂ ਕੋਲ ਨਹੀਂ ਹੁੰਦਾ। ਸੈਲਫ ਹੈਲਪ ਗਰੁੱਪ ਪੰਜਾਬ ਵਿੱਚ ਮਹਿਲਾ ਸਵੈ ਨਿਰਭਰਤਾ ਦਾ ਇੱਕ ਨਵਾਂ ਇਤਿਹਾਸ ਸਿਰਜ ਰਿਹਾ ਹੈ। ਸ਼ੁੱਧ ਉਤਪਾਦਨ ਅਤੇ ਸਸਤੇ ਭਾਅ। ਵੱਡੀਆਂ ਕੰਪਨੀਆਂ ਆਪਣੇ ਵਾਅਦੇ ਨਿਭਾਉਣ ਜਾਂ ਨਾਂ ਪਰ ਇਹਨਾਂ ਔਰਤਾਂ ਨੂੰ ਇਸ ਗੱਲ ਦਾ ਪੂਰਾ ਖਿਆਲ ਹੁੰਦਾ ਹੈ ਕਿ ਅਸਾਡੇ ਉਤਪਾਦਨ ਦੀ ਸਾਰੀ ਜ਼ਿਮੇਵਾਰੀ ਸਾਡੀ ਹੈ ਅਤੇ ਜ਼ਰਾ ਜਿਹੀ ਖਰਾਬੀ ਦਾ ਮਤਲਬ ਹੈ ਸਾਖ ਨੂੰ ਖਤਰਾ। ਮੇਲੇ ਵਿੱਚ ਅਜਿਹਾ ਐਲੋਵੇਰਾ ਜੂਸ ਵੇਚਿਆ ਜਾ ਰਿਹਾ ਸੀ ਜਿਹੜਾ ਸਿਰਫ ਇੱਕ ਦਿਨ ਪਹਿਲਾਂ ਤਿਆਰ ਕੀਤਾ ਗਿਆ ਸੀ। 
ਅੰਤ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ ਭੁਪਿੰਦਰ ਸਿੰਘ ਢਿੱਲੋਂ ਨੇ ਮੇਲੇ ਵਿਚ ਸ਼ਮੂਲੀਅਤ ਕਰਨ ਲਈ ਆਏ ਮਹਿਮਾਨਾਂ, ਮੀਡੀਆ, ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ। ਸਟੇਜ ਦੀ ਜਿੰਮੇਵਾਰੀ ਡਾ ਜਸਵਿੰਦਰ ਭੱਲਾ ਨੇ ਬਾਖੂਬੀ ਨਿਭਾਈ। 

No comments: