Thursday, September 22, 2016

ਨਹੀਂ ਬਚਾਇਆ ਜਾ ਸਕਿਆ RSS ਲੀਡਰ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ

6 ਅਗਸਤ ਨੂੰ ਜਲੰਧਰ ਵਿੱਚ ਚਲਾਈਆਂ ਗਈਆਂ ਸਨ ਉਹਨਾਂ ਉੱਤੇ ਗੋਲੀਆਂ 
ਲੁਧਿਆਣਾ: 22 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਆਰ ਐਸ ਐਸ ਦੇ ਸੀਨੀਅਰ ਲੀਡਰ ਰਿਟਾਇਰਡ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦਾ ਕੁਝ ਦੇਰ ਪਹਿਲਾਂ ਸਵਾ ਕੁ 9 ਵਜੇ ਦੀ ਐਮ ਸੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।  ਉਹਨਾਂ ਉੱਪਰ 6 ਅਗਸਤ 2016 ਨੂੰ ਜਲੰਧਰ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ। ਡਾਕਟਰਾਂ ਨੇ ਉਹਨਾਂ ਨੂੰ ਬਚ ਹੌਂ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਡਨੀ ਦੀ ਇਨਫੈਕਸ਼ਨ ਕੰਟਰੋਲ ਹੇਠ ਨਹੀਂ ਲਿਆਂਦੀ ਜਾ ਸਕੀ। ਇਸ ਖਬਰ ਤੋਂ ਬਾਅਦ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿਛਲੇ ਇੱਕ ਹਫਤੇ ਤੋਂ ਉਹਨਾਂ ਦੀ ਹਾਲਤ ਬਹੁਤ ਹੀ ਗੰਭੀਰ ਬਣੀ ਹੋਈ ਸੀ। ਸੋਸ਼ਲ ਮੀਡੀਆ ਉੱਤੇ ਇਹ ਖਬਰ ਨਸ਼ਰ ਹੁੰਦਿਆਂ ਸਾਰ ਹੀ ਆਰ ਐਸ ਐਸ ਵਰਕਰ ਡੀ ਐਮ ਸੀ ਹਸਪਤਾਲ ਵੱਲ ਦੌੜ ਪਏ। ਇਸ ਹਮਲੇ ਦੀ ਹਰ ਪਾਸਿਓਂ ਵੱਡੀ ਪੱਧਰ 'ਤੇ ਨਿੰਦਾ ਹੋਈ ਸੀ। 
ਚੇਤੇ ਰਹੇ ਕਿ ਜਲੰਧਰ ਵਿੱਚ ਛੇ ਅਗਸਤ ਵਾਲੇ ਦਿਨ ਦੇਰ ਸ਼ਾਮ ਨੂੰ ਜੋਤੀ ਚੌਕ ਨੇੜੇ ਦੋ ਨਕਾਬਪੋਸ਼ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸਹਿ ਸੰਘ ਸੂਬਾ ਚਾਲਕ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ। ਹਮਲਾਵਰ ਵਾਰਦਾਤ ਤੋਂ ਬਾਅਦ ਬੇਖ਼ੌਫ਼ ਹੋ ਕੇ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ ਸਨ। ਬਿਲਕੁਲ ਉਸੇ ਤਰਾਂ ਹੀ ਜਿਵੇਂ ਅੱਸੀਵਿਆਂ ਵਿੱਚ ਆਮ ਹੋਇਆ ਕਰਦਾ ਸੀ। ਹਮਲੇ ਪਿੱਛੋਂ ਇਕ ਰਾਹਗੀਰ ਨੇ ਇਕ ਹੋਰ ਵਿਅਕਤੀ ਦੀ ਸਹਾਇਤਾ ਦੇ ਨਾਲ ਜਗਦੀਸ਼ ਗਗਨੇਜਾ ਹੁਰਾਂ ਨੂੰ ਸਥਾਨਕ ਪਟੇਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਦੇਰ ਤੱਕ ਗੰਭੀਰ ਬਣੀ ਰਹੀ। ਦੇਰ ਰਾਤ ਹਸਪਤਾਲ ਵਿਖੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਸ੍ਰੀ ਗਗਨੇਜਾ ਦੇ ਸਰੀਰ 'ਚੋਂ 2 ਗੋਲੀਆਂ ਕੱਢ ਦਿੱਤੀਆਂ ਸਨ। ਇੱਕ ਚਸ਼ਮਦੀਦ ਗਵਾਹ ਨਰਿੰਦਰ ਸਿੰਘ ਨੇ ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਤੀ ਚੌਕ ਕੋਲ ਉਸ ਦੀ ਕਾਰ ਖ਼ਰਾਬ ਹੋ ਗਈ ਸੀ। ਉਹ ਜਿਉਂ ਹੀ ਮਾਡਲ ਟਾਊਨ ਰੋਡ 'ਤੇ ਕਾਰ ਦੀ ਮੁਰੰਮਤ ਲਈ ਕਿਸੇ ਦੁਕਾਨ ਵੱਲ ਜਾ ਰਿਹਾ ਸੀ ਤਾਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ। ਉਸ ਨੇ ਦੇਖਿਆ ਕਿ ਇਕ ਸਵਿਫ਼ਟ ਡਿਜ਼ਾਇਰ ਕਾਰ ਦੇ ਪਿੱਛੇ ਕੰਧ ਨਾਲ ਪੇਸ਼ਾਬ ਕਰਨ ਲਈ ਖੜ੍ਹੇ ਇਕ ਵਿਅਕਤੀ ਨੂੰ ਇਕ ਨਕਾਬਪੋਸ਼ ਗੋਲੀਆਂ ਮਾਰ ਰਿਹਾ ਸੀ, ਜਿਸ ਨਾਲ ਉਹ ਵਿਅਕਤੀ ਜ਼ਮੀਨ 'ਤੇ ਡਿਗ ਗਿਆ। ਨਰਿੰਦਰ ਸਿੰਘ ਜਦ ਤੱਕ ਜ਼ਮੀਨ 'ਤੇ ਡਿੱਗੇ ਹੋਏ ਵਿਅਕਤੀ ਤੱਕ ਪਹੁੰਚਦਾ ਉਸ ਸਮੇਂ ਤੱਕ ਹਮਲਾਵਰ ਪਲੈਟਿਨਾ ਮੋਟਰਸਾਈਕਲ 'ਤੇ ਮੌਕੇ ਤੋਂ ਫ਼ਰਾਰ ਹੋ ਗਏ। ਸੜਕ 'ਤੇ ਮੌਜੂਦ ਹੋਰ ਲੋਕ ਬੇਵੱਸ ਉਨ੍ਹਾਂ ਵੱਲ ਦੇਖਦੇ ਰਹੇ। ਬਿਲਕੁਲ ਉਸੇ ਤਰਾਂ ਜਿਸ ਤਰਾਂ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਹੋਇਆ ਕਰਦਾ ਸੀ। ਨਰਿੰਦਰ ਸਿੰਘ ਨੇ ਦੱਸਿਆ ਕਿ ਪਿੱਛੇ ਬੈਠੇ ਵਿਅਕਤੀ ਦੇ ਹੱਥ 'ਚ 2 ਪਿਸਤੌਲਾਂ ਸਨ, ਜੋ ਲਹਿਰਾਉਂਦਾ ਹੋਇਆ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਦੋ ਹਵਾਈ ਫਾਇਰ ਵੀ ਕੀਤੇ। ਉਸ ਵੇਲੇ ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ, ਡੀ.ਸੀ.ਪੀ. ਹਰਜੀਤ ਸਿੰਘ, ਏ.ਡੀ.ਸੀ.ਪੀ. (ਕ੍ਰਾਈਮ) ਵਿਵੇਕ ਸੋਨੀ, ਏ.ਡੀ.ਸੀ.ਪੀ. (ਸਪੈਸ਼ਲ ਬਰਾਂਚ) ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ. (ਸਿਟੀ-1) ਜਸਬੀਰ ਸਿੰਘ, ਏ.ਡੀ.ਸੀ.ਪੀ. (ਸਿਟੀ-2) ਏ.ਐੱਸ. ਪਵਾਰ ਅਤੇ ਹੋਰ ਉੱਚ ਅਧਿਕਾਰੀ ਵੱਡੀ ਗਿਣਤੀ 'ਚ ਮੁਲਾਜ਼ਮਾਂ ਸਮੇਤ ਜਾਂਚ ਕਰਨ ਪਹੁੰਚੇ। ਪੁਲਿਸ ਨੇ ਇਕ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਸਵੀਰਾਂ ਨੂੰ ਵੀ ਚੰਗੀ ਤਰਾਂ ਘੋਖਿਆ ਹੈ ਜਿਸ ਵਿਚ ਦੋ ਨਕਾਬਪੋਸ਼ ਮੋਟਰਸਾਈਕਲ 'ਤੇ ਜਾਂਦੇ ਹੋਏ ਨਜ਼ਰ ਆਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਮੌਕੇ ਤੋਂ 4 ਕਾਰਤੂਸਾਂ ਦੇ ਖ਼ੋਲ ਵੀ ਬਰਾਮਦ ਹੋਏ ਹਨ। ਜਿਨ੍ਹਾਂ ਵਿਚੋਂ ਤਿੰਨ ਖ਼ੋਲ ਮੌਕੇ ਤੋਂ ਅਤੇ ਇਕ ਖ਼ੋਲ ਥੋੜ੍ਹੀ ਦੂਰੀ ਤੋਂ ਬਰਾਮਦ ਹੋਇਆ। ਮੁੱਢਲੀ ਜਾਂਚ 'ਚ ਪੁਲਿਸ ਨੂੰ ਪਤਾ ਲੱਗਾ ਕਿ ਦੀਪਨਗਰ, ਜਲੰਧਰ ਛਾਉਣੀ ਦੇ ਰਹਿਣ ਵਾਲੇ ਸ੍ਰੀ ਜਗਦੀਸ਼ ਗਗਨੇਜਾ ਆਪਣੀ ਪਤਨੀ ਸੁਦੇਸ਼ ਗਗਨੇਜਾ ਦੇ ਨਾਲ ਖ਼ਰੀਦਦਾਰੀ ਕਰਨ ਸ਼ਹਿਰ 'ਚ ਆਏ ਹੋਏ ਸਨ ਜਦੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਦੇਰ ਰਾਤ ਤੱਕ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਅਤੇ ਮੋਬਾਈਲ ਡੰਪ ਦੀ ਜਾਂਚ ਕੀਤੀ ਜਾ ਰਹੀ ਸੀ। ਘਟਨਾ ਤੋਂ ਬਾਅਦ ਸਨਸਨੀ ਵਰਗਾ ਮਾਹੌਲ ਬਣਿਆ ਹੋਇਆ ਹੈ। 
ਬਾਅਦ ਵਿੱਚ ਛੇਤੀ ਹੀ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਲੁਧਿਆਣਾ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਜਿੱਥੇ ਲਗਾਤਾਰ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਡੀ  ਐਮ ਸੀ ਹੀਰੋ ਹਾਰਟ ਸੈਂਟਰ ਦੇ ਇੱਕ ਡਾਇਰੈਕਟਰ ਡਾਕਟਰ ਜੀ ਐਸ ਵਾਂਦਰ ਨੇ ਦੱਸਿਆ ਕਿ ਸ਼੍ਰੀ ਗਗਨੇਜਾ ਨੇ ਅੱਜ ਸਵੇਰੇ 9:16 'ਤੇ ਆਖ਼ਿਰੀ ਸਾਹ ਲਿਆ। ਉਹਨਾਂ ਦੀ ਮ੍ਰਿਤਿਕ ਦੇਹ ਨੂੰ ਦੁਪਹਿਰ ਬਾਅਦ ਜਲੰਧਰ ਲਿਜਾ ਕਰ ਬਾਅਦ ਦੁਪਹਿਰ 4 ਵਜੇ ਅੰਤਿਮ ਸੰਸਕਾਰ ਕੀਤਾ ਜਾਏਗਾ। ਇਸ ਮੌਕੇ ਸਾਰਾ ਹਸਪਤਾਲ ਪੁਲਿਸ ਛਾਉਣੀ ਬਣਿਆ ਹੋਇਆ ਸੀ।  ਬੀਜੇਪੀ ਆਗੂ ਮੁਨੀਸ਼ ਸਰੀਨ ਨੇ ਸ਼੍ਰੀ ਗਗਨੇਜਾ ਦੇ ਦੇਹਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਅਮਨ ਅਮਨ ਬਣਾਈ ਰੱਖਣ। 

No comments: