Friday, September 30, 2016

ਭਾਰਤ ਦਾ ਕੋਈ ਵੀ ਇਮਾਮ ਅੱਤਵਾਦੀਆਂ ਦੇ ਜਨਾਜੇ ਦੀ ਨਮਾਜ ਨਾ ਪੜਾਏ: ਉਮੈਰ ਇਲਿਆਸੀ

Fri, Sep 30, 2016 at 4:27 PM
ਕਸ਼ਮੀਰ ਦਾ ਸੁਪਨਾ ਵੇਖਣਾ ਛੱਡ ਦੇਵੇ ਪਾਕਿਸਤਾਨ: ਸ਼ਾਹੀ ਇਮਾਮ ਪੰਜਾਬ
ਜਾਮਾ ਮਸਜਿਦ ਵਿਖੇ ਚੀਫ ਇਮਾਮ ਮੌਲਾਨਾ ਉਮੈਰ ਇਲਿਯਾਸੀ ਨੂੰ ਸਨਮਾਨਿਤ ਕਰਦੇ ਹੋਏ  ਸ਼ਾਹੀ  ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ, ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ  ਲੁਧਿਆਣਵੀ ਅਤੇ ਹੋਰ। 
ਲੁਧਿਆਣਾ: 30 ਸਿਤੰਬਰ  2016:(ਪੰਜਾਬ ਸਕਰੀਨ ਬਿਊਰੋ): ਜਾਮਾ ਮਸਜਿਦ ਲੁਧਿਆਣਾ ਵਿੱਚ ਅੱਜ ਇੱਕ ਇਤਿਹਾਸਿਕ ਬੈਠਕ ਸੀ। ਉਹਨਾਂ ਸਾਰੇ ਅਨਸਰਾਂ ਦੇ ਮੂੰਹ 'ਤੇ ਛੇੜ ਮਾਰਨ ਵਾਲੀ ਬੈਠਕ ਜਿਹੜੇ ਹਰ ਗੱਲ ਤੇ ਮੁਸਲਮਾਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਅੱਜ ਜਾਮਾ ਮਸਜਿਦ ਵਿੱਚ ਦਹਿਸ਼ਤਗਰਦਾਂ ਪ੍ਰਤੀ ਜਿਸ ਸਖਤੀ ਦਾ ਪ੍ਰਗਟਾਵਾ ਕੀਤਾ ਗਿਆ ਉਹ ਸਖਤੀ ਸਭ ਕੁਝ ਸਾਫ ਕਰ ਦੇਂਦੀ ਹੈ। 
ਜਾਮਾ ਮਸਜਿਦ ਵਿਖੇ  ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਚੀਫ ਇਮਾਮ ਮੌਲਾਨਾ ਉਮੈਰ ਇਲਿਯਾਸੀ, ਸ਼ਾਹੀ  ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ, ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ  ਲੁਧਿਆਣਵੀ  ਅਤੇ  ਹੋਰ।
ਅੱਜ ਇੱਥੇ ਚੀਫ ਇਮਾਮ ਮੌਲਾਨਾ ਉਮੈਰ ਇਲਿਆਸੀ ਕੌਮੀ ਪ੍ਰਧਾਨ ਆਲ ਇੰਡਿਆ ਇਮਾਮ ਕੌਂਸਲ ਦਿੱਲੀ ਦਾ ਜਾਮਾ ਮਸਜਿਦ ਲੁਧਿਆਣਾ ਪੁੱਜਣ ’ਤੇ ਪੰਜਾਬ ਦੇ ਸ਼ਾਹੀ ਇਮਾਮ ਵੱਲੋਂ  ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਜਾਮਾ ਮਸਜਿਦ ਪੁੱਜਣ ’ਤੇ ਇਮਾਮ ਉਮੈਰ ਇਲਿਆਸੀ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਜੁੰਮੇ ਦੀ ਨਮਾਜ  ਤੋਂ ਬਾਅਦ ਪੱਤਰਕਾਰ ਸੰਮੇਲਨ ਨੂੰ ਸਾਂਝੇ ਤੌਰ ’ਤੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤੀ ਫੌਜੀਆਂ ਵੱਲੋਂ ਪੀ ਓ ਕੇ ’ਚ ਕੀਤੇ ਗਏ ਸਰਜੀਕਲ ਸਟ੍ਰਾਇਕ ਨੂੰ ਸਹੀ ਦੱਸਦੇ ਹੋਏ ਇਸਨੂੰ ਕੌਮੀ ਸੁਰੱਖਿਆ ਦੇ ਵੱਲ ਇੱਕ ਬਹੁਤ ਵੱਡਾ ਕਦਮ ਦੱਸਿਆ। ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਮੌਲਾਨਾ ਉਮੈਰ ਇਲਿਆਸੀ ਨੇ ਕਿਹਾ ਕਿ ਅਜਿਹੇ ਸਮੇਂ ’ਚ ਸਾਰੇ ਭਾਰਤੀ ਇੱਕਜੁਟ ਹਨ ਅਤੇ ਪਾਕਿਸਤਾਨ ਦੀਆਂ ਘਟੀਆ ਹਰਕਤਾਂ ਦਾ ਮੁੰਹ ਤੋੜ ਜਵਾਬ ਦੇਣ ਲਈ ਤਿਆਰ ਹਨ। ਮੌਲਾਨਾ ਇਲਿਆਸੀ ਨੇ ਕਿਹਾ ਕਿ ਅਸੀ ਭਾਰਤ  ਦੇ ਸਾਰੇ ਇਮਾਮਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸੇ ਵੀ ਅੱਤਵਾਦੀ ਦੇ ਜਨਾਜੇ ਦੀ ਨਮਾਜ ਨਾ ਪੜਾਉਣ ਅਤੇ ਨਾਂ ਹੀ ਉਨ੍ਹਾਂ ਨੂੰ ਦਫਨਾਉਣ ਲਈ ਕਬਰੀਸਤਾਨ ’ਚ ਜਗ੍ਹਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਦਾ ਮੁਸਲਮਾਨ ਆਪਣੇ ਦੇਸ਼ ਦੇ ਪ੍ਰਤੀ ਹਮੇਸ਼ਾਂ ਵਫਾਦਾਰ ਰਿਹਾ ਹੈ ਅਤੇ ਹਮੇਸ਼ਾ ਵਫਾਦਾਰ ਰਹੇਗਾ। ਚੀਫ ਇਮਾਮ ਉਮੈਰ ਇਲਿਆਸੀ ਨੇ ਕਿਹਾ ਕਿ ਮੈਨੂੰ ਫਖਰ ਮਹਿਸੂਸ ਹੋ ਰਿਹਾ ਹੈ ਕਿ ਮੈਂ ਅੱਜ ਉਸ ਮਸਜਿਦ ’ਚ ਬੈਠਾ ਹਾਂ ਜਿੱਥੇ ਸ਼ਾਹੀ ਇਮਾਮ ਪੰਜਾਬ ਦੇ ਬੁਜੁਰਗਾਂ  ਨੇ ਅਜਾਦੀ ਦੀ ਲੜਾਈ ’ਚ ਅੰਗਰੇਜਾਂ ਦੇ ਖਿਲਾਫ ਫਤਵਾ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ਾਹੀ ਇਮਾਮ ਦਾ ਪਰਿਵਾਰ ਅੱਜ ਵੀ ਦੇਸ਼ ਲਈ ਕੁਰਬਾਨੀ ਦਾ ਪ੍ਰਤੀਕ ਹੈ । ਇਸ ਮੌਕੇ ’ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਸਾਨੂੰ ਫਖਰ ਹੈ ਕਿ ਸਾਡੇ ਜਵਾਨਾਂ ਨੇ ਪਾਕਿਸਤਾਨ ਦੇ ਘਰ ’ਚ ਵੜ ਕੇ ਉਨ੍ਹਾਂ ਨੂੰ ਮੁੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਵੇਂ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਪਾਕਿਸਤਾਨ ਕਸ਼ਮੀਰ  ਦਾ ਸੁਪਨਾ ਵੇਖਣਾ ਛੱਡ ਦੇਵੇ।  ਸ਼ਾਹੀ ਇਮਾਮ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਕਿਸੇ ਵੀ ਅੱਤਵਾਦੀ ਨੂੰ ਜਿੰਦਾ ਫੜਿਆ ਜਾਂਦਾ ਹੈ ਉਸ ’ਤੇ ਮੁਕਦਮਾ ਚਲਾਉਣ ਦੀ ਬਜਾਏ ਉਸਨੂੰ ਚੋਰਾਹੇ ’ਤੇ ਫ਼ਾਂਸੀ ਲਾ ਦਿੱਤੀ ਜਾਵੇ। ਸ਼ਾਹੀ ਇਮਾਮ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਜਿਨ੍ਹਾਂ ਜਵਾਨਾਂ ਨੇ ਪੀ ਓ ਕੇ ’ਚ ਜਾ ਕੇ ਸਰਜੀਕਲ ਸਟ੍ਰਾਇਕ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਨੰੂ ਰਾਸ਼ਟਰਪਤੀ  ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇ। ਇਸ ਮੌਕੇ ’ਤੇ ਸ਼ਾਹੀ ਇਮਾਮ ਪੰਜਾਬ ਨੇ ਚੀਫ ਇਮਾਮ ਮੌਲਾਨਾ ਉਮੈਰ ਇਲਿਆਸੀ ਨੂੰ ਤਲਵਾਰ ਭੇਂਟ ਕਰ ਸਨਮਾਨਿਤ ਵੀ ਕੀਤਾ। ਇਸ ਮੌਕੇ ’ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ, ਗੁਲਾਮ ਹਸਨ ਕੈਸਰ, ਸ਼ਾਹਨਵਾਜ ਅਹਿਮਦ, ਅਕਰਮ ਢੰਡਾਰੀ, ਬਾਬੁਲ ਖਾਨ, ਮਾਸਟਰ ਈਦਕਰੀਮ, ਕਾਰੀ ਮੋਹਤਰਮ, ਬਬਲੂ ਖਾਨ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਆਦਿ ਮੌਜੂਦ ਸਨ। 

No comments: