Tuesday, September 27, 2016

ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸਥਾਪਤ

Tue, Sep 27, 2016 at 3:31 PM
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਿੱਤੀ ਸੀ ਪ੍ਰੇਰਣਾ 
ਲੁਧਿਆਣਾ : 27 ਸਤੰਬਰ  2016; (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸਥਾਪਤ ਕੀਤਾ ਗਿਆ ਹੈ। ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੇ ਸਪੁੱਤਰਾਂ, ਪਰਿਵਾਰ ਅਤੇ ਸਮੁੱਚੇ ਇਕੱਠ ਨੇ ਉਨ੍ਹਾਂ ਦੀ ਇਸ ਸਾਲ ਪੰਜਾਬੀ ਭਵਨ ਵਿਚ ਮਨਾਈ ਗਈ ਬਰਸੀ ਸਮੇਂ ਐਲਾਨ ਕੀਤਾ ਗਿਆ ਸੀ। ਉਸ ਮੌਕੇ ਹਾਜ਼ਰ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਕੀਤੀ ਪ੍ਰੇਰਣਾ ਕਾਰਨ ਉਨ੍ਹਾਂ ਦੇ ਯਤਨਾਂ ਨੂੰ ਬੂਰ ਪਿਆ। ਪਰਿਵਾਰ ਨੇ ਢਾਈ ਲੱਖ ਰੁਪਏ ਦਾ ਚੈੱਕ ਜਮ੍ਹਾਂ ਕਰਵਾ ਦਿੱਤਾ ਹੈ। ਜਿਸ ਤੋਂ ਆਉਣ ਵਾਲੇ ਵਿਆਜ ਨਾਲ ਹਰ ਸਾਲ ਕਾਮਰੇਡ ਜਗਜੀਤ ਲਾਇਲਪੁਰੀ ਸਾਰੀ ਉਮਰ ਦੱਬੇ ਕੁਚਲੇ ਲੋਕਾਂ ਦੀ ਬਰਾਬਰੀ ਲਈ ਲੜਦੇੇ ਰਹੇ। ਉਨ੍ਹਾਂ ਦੀ ਵਿਚਾਰਧਾਰਾ ਦੀ ਦਿਸ਼ਾ ਵਿਚ ਲਿਖਣ ਵਾਲੇ ਲੇਖਕ ਨੂੰ ਪੁਰਸਕਾਰ ਦਿੱਤਾ ਜਾਇਆ ਕਰੇਗਾ। 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇੇ ਦਸਿਆ ਕਿ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਜੀ ਨੇ ਆਜ਼ਾਦੀ ਦੀ ਲਹਿਰ ਸਮੇਂ ਜੇਲ ਵੀ ਕੱਟੀ। ਉਮਰ ਭਰ ਕਮਿਊਨਿਸਟ ਆਗੂ ਦੀ ਭੂਮਿਕਾ ਨਿਭਾਉਦੇ ਰਹੇ। ਉਨ੍ਹਾਂ ਦੀ ਸਵੈਜੀਵਨੀ ‘ਮੇਰਾ ਜੀਵਨ ਮੇਰਾ ਯੁੱਗ’ ਕਮਿਊਨਿਸਟ ਲਹਿਰ ਬਾਰੇ ਬਹੁਤ ਸਾਰੀ ਜਾਣਕਾਰੀ ਅਤੇ ਨੁਕਤੇ ਸਾਂਝੇ ਕਰਦੀ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਪੜ੍ਹੇ ਲਿਖੇ ਮਾਰਕਸਵਾਦੀ ਕਮਿਊਨਿਸਟ ਆਗੂ ਸਨ ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਮਾਰਕਸਵਾਦ ਨੂੰ ਲਾਗੂ ਕਰਨ ਦਾ ਤਾਅਉਮਰ ਯਤਨ ਕੀਤਾ। ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਲਾਇਲਪੁਰੀ ਜੀ ਦੇ ਸਪੁੱਤਰ ਡਾ. ਨਵਦੀਪ ਖਹਿਰਾ ਅਤੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਕਾਡਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਹਿਤਕਾਰ ਦੀ ਚੋਣ ਸਮੇਂ ਪਰਿਵਾਰ ਦੀਆਂ ਭਾਵਨਾਵਾਂ ਦਾ ਪੂਰਾ ਖਿਆਲ ਰੱਖੇਗੀ।

No comments: