Thursday, September 08, 2016

ਪ੍ਰੈਸ ਲਾਇਨਜ਼ ਕਲੱਬ ਨੇ ਬੁਲੰਦ ਕੀਤੀ ਮੀਡੀਆ 'ਤੇ ਲਾਠੀਚਾਰਜ ਵਿਰੁੱਧ ਆਵਾਜ਼

Thu, Sep 8, 2016 at 6:25 PM
ਜਦ ਪੱਤਰਕਾਰਾਂ ਨੂੰ ਹੀ ਲਾਠੀਆ ਪੈਣ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ
ਲੁਧਿਆਣਾ: 8 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਪ੍ਰੈੱਸ ਲਾਇਨਜ਼ ਕਲੱਬ ਰਜਿ. ਦੀ ਅਹਿਮ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਲੱਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਅੰਮ੍ਰਿਤਸਰ ਸਾਹਿਬ ਵਿਖੇ ਪੱਤਰਕਾਰਾਂ ਤੇ ਲਾਠੀਚਾਰਜ਼ ਦੀ ਸਖਤ ਸ਼ਬਦਾਂ ਵਿਚ ਨਿਥੇਧੀ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਉਹਨਾਂ ਦੇ ਨਿਵਾਸ ’ਤੇ ਮਿਲਿਆ। ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ। ਉਹਨਾਂ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਸ਼ਾਂਤੀ ਪੂਰਨ ਰੋਸ ਮਾਰਚ ਕਰਦੇ ਹੋਏ ਪੱਤਰਕਾਰਾਂ ’ਤੇ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। 
ਇਸ ਮੌਕੇ ਪ੍ਰੈੱਸ ਲਾਇਨਜ਼ ਕਲੱਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਸੰਵਿਧਾਨ ਵੱਲੋਂ ਸ਼ਾਂਤੀ ਪੂਰਨ ਢੰਗ ਨਾਲ ਰੋਸ ਮਾਰਚ ਕਰਨ ਦਾ ਅਧਿਕਾਰ ਹਰੇਕ ਨਾਗਰਿਕ ਨੂੰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਲੋਕਾਂ ਦੇ ਇਸ ਸੰਵਿਧਾਨਿਕ ਹੱਕ ਨੂੰ ਜਬਰਦਸਤੀ ਲਾਠੀਚਾਰਜ ਕਰਕੇ ਦਬਾਉਣਾ ਚਾਹੁੰਦੀ ਹੈ। ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਮੀਡੀਆਂ ਤੇ ਲਾਠੀਚਾਰਜ਼ ਹੋਰ ਵੀ ਗੰਭੀਰ ਮੁੱਦਾ ਹੈ ਕਿਉਂਕਿ ਮੀਡੀਆਂ ਹੀ ਇਕ ਮਾਤਰ ਅਜਿਹਾ ਬੁੱਧੀਜੀਵੀ ਵਰਗ ਹੈ ਜੋ ਸਰਕਾਰ ਤੇ ਆਮ ਜਨਤਾ ਦੇ ਦਰਮਿਆਨ ਇਕ ਪੁੱਲ ਦਾ ਕੰਮ ਕਰਦਾ ਹੈ। ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਜਦ ਪੱਤਰਕਾਰਾਂ ਨੂੰ ਹੀ ਹੱਕ ਮੰਗਣ ਬਦਲੇ ਲਾਠੀਆ ਖਾਣੀਆਂ ਪੈਂਦੀਆਂ ਹਨ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਸ੍ਰੀ ਪਾਲੀ ਨੇ ਪੰਜਾਬ ਦੇ ਰਾਜਪਾਲ ਤੋਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੂੰ ਤਰੁੰਤ ਬਰਖਾਸ਼ਤ ਕਰ ਕੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਆਰ.ਵੀ ਸਮਰਾਟ-ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਲੁਧਿਆਣਵੀ, ਮਨਜੀਤ ਸਿੰਘ ਦੁੱਗਰੀ, ਰਘਬੀਰ ਸਿੰਘ, ਕੁਲਵਿੰਦਰ ਸਿੰਘ ਮਿੰਟੂ, ਨੀਲ ਕਮਲ ਸ਼ਰਮਾ, ਇੰਦਰਪਾਲ ਸਿੰਘ, ਦਰਸ਼ਨ ਪਾਲ ਸਿੰਘ, ਸਰਬਜੀਤ ਸਿੰਘ ਬੱਬੀ, ਅਸ਼ੋਕ ਪੁਰੀ, ਹਰਜੀਤ ਸਿੰਘ, ਧਰਮ ਪਾਲ ਤੋਂ ਇਲਾਵਾ ਪ੍ਰੇੱਸ ਲਾਇਨਜ਼ ਕਲੱਬ ਦੇ ਕਈ ਹੋਰ ਸਰਗਰਮ ਮੈਂਬਰ ਹਾਜਰ ਸਨ।
ਕੈਪਸ਼ਨ- ਡੀ.ਸੀ ਰਵੀ ਭਗਤ ਨੂੰ ਮੰਗ ਪੱਤਰ ਦਿੰਦੇ ਪ੍ਰੈਸ ਲਾਇਨਜ਼ ਕਲੱਬ ਦੇ ਪ੍ਰਧਾਨ ਪਿ੍ਰਤਪਾਲ ਸਿੰਘ ਪਾਲੀ, ਆਰ.ਵੀ ਸਮਰਾਟ ਆਦਿ ਹਾਜ਼ਰ ਸਨ।

No comments: