Thursday, September 15, 2016

ਅੰਧਵਿਸ਼ਵਾਸ ਦੇ ਖਾਤਮੇ ਲਈ ਇੱਕਜੁਟ ਹੋਣਾ ਸਮੇਂ ਦੀ ਲੋੜ: ਰਾਹੁਲ ਥੋਰਾਤ

Thu, Sep 15, 2016 at 3:57 PM
ਮਰਾਠੀ ਪਰਚੇ ਅਨਿਸ ਵਾਰਤਾ ਦੇ ਸੰਪਾਦਕ ਰਾਹੁਲ ਥੋਰਾਤ ਪੰਜਾਬ ਦੌਰੇ ਤੇ 
ਜਲੰਧਰ: 15 ਸਤੰਬਰ 2016:: (ਪੰਜਾਬ ਸਕਰੀਨ ਬਿਊਰੋ):
ਸਮਾਜਿਕ ਚੇਤਨਾ,ਬਰਾਬਰੀ ਤੇ ਅੰਧਵਿਸ਼ਵਾਸ ਦੇ ਖਾਤਮੇ ਲਈ ਇੱਕਜੁਟ ਹੋਣਾ ਸਮੇਂ ਦੀ ਲੋੜ ਹੈ, ਇਹੋ ਹੀ ਡਾ. ਨਰੇਂਦਰ ਦਾਭੋਲਕਰ ਤੇ ਹੋਰਨਾਂ ਦੇਸ਼ ਭਗਤਾਂ ਤੇ ਨਾਇਕਾਂ ਦੇ ਆਦਰਸ਼ਾਂ ਦੀ ਪੂਰਤੀ ਦਾ ਰਾਹ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਮਰਾਠੀ ਮੈਗਜ਼ੀਨ ਅਨਿਸ ਵਾਰਤਾ ਪੱਤਰ ਦੇ ਸੰਪਾਦਕ ਰਾਹੁਲ ਥੋਰਾਤ ਨੇ ਆਪਣੇ ਪੰਜਾਬ ਦੌਰੇ ਦੌਰਾਨ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਜੁੜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਤੇ ਤਰਕਸ਼ੀਲਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। 
ਉਹਨਾਂ ਆਖਿਆ ਦੇਸ਼ ਭਰ ਵਿੱਚ ਸਿਰ ਉਠਾ ਰਹੀਆਂ ਫਿਰਕੂ ਤਾਕਤਾਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਤੇ ਵਿਗਿਆਨਕ ਚੇਤਨਾ ਦੇ ਪਾਸਾਰ ਲਈ ਗੰਭੀਰ ਖਤਰਾ ਹਨ, ਜਿਸ ਦੇ ਖਿਲਾਫ਼ ਜਨ ਅੰਦੋਲਨ ਦੀ ਲੋੜ ਹੈ। ਉਹਨਾਂ ਅੰਧਵਿਸ਼ਵਾਸ ਖਿਲਾਫ਼ ਦੇਸ਼ ਭਰ ਚ ਚੱਲ ਰਹੇ ਅੰਦੋਲਨ ਦਾ ਜ਼ਿਕਰ ਕਰਦਿਆਂ ਆਖਿਆ ਕਿ ਮਹਾਰਾਸ਼ਟਰ ’ਚ ਡਾ. ਦਾਭੋਲਕਰ ਦੀ ਕੁਰਬਾਨੀ ਤੇ ਅਗਵਾਈ ਨਾਲ ਬਣਿਆ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਅਗਿਆਨਤਾ ਦੇ ਹਨੇਰੇ ਤੇ ਭਰਮ-ਭੁਲੇਖਿਆਂ ਨੂੰ ਪੈਦਾ ਕਰਨ ਵਾਲੇ ਅਖੌਤੀ ਬਾਬਿਆਂ ਨੂੰ ਮਾਤ ਦੇਣ ਲਈ ਹਰ ਰਾਜ ਚ ਬਣਾਇਆ ਜਾਣਾ ਬਹੁਤ ਜਰੂਰੀ ਹੈ। 
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਕੱਤਰ ਡਾ. ਰਘਬੀਰ ਕੌਰ ਨੇ ਰਾਹੁਲ ਥੋਰਾਤ ਤੇ ਪੰਜਾਬ ਦੇ ਤਰਕਸ਼ੀਲ ਆਗੂਆਂ ਨੂੰ ਜੀ ਆਇਆਂ ਨੂੰ ਆਖਦਿਆਂ ਚੇਤਨਾ ਦੇ ਕਾਰਜ ਨੂੰ ਅੱਗੇ ਤੋਰਦਿਆਂ ਦੇਸ਼ ਭਗਤਾਂ ਦੇ ਉਚੇਰੇ ਆਦਰਸ਼ਾਂ ਲਈ ਕੰਮ ਕਰਨ ਦਾ ਸੱਦਾ ਦਿੱਤਾ। 
ਇਸ ਇਕੱਤਰਤਾ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਵਿਗਿਆਨਕ ਵਿਚਾਰਾਂ ਦਾ ਛੱਟਾ ਦੇਣ ਲਈ ਜਦੋਂ ਵੀ ਤਰਕਸ਼ੀਲ ਸੁਸਾਇਟੀ ਕੋਈ ਚੇਤਨਾ ਕੈਂਪ ਜਾਂ ਸਮਾਗਮ ਕਰਨਾ ਚਾਹੇ ਤਾਂ ਸਭਿਆਚਾਰਕ ਕਲਾ ਵੰਨਗੀਆਂ ਰਾਹੀਂ ਸਭਿਆਚਾਰਕ ਵਿੰਗ ਆਪਣੀਆਂ ਸੇਵਾਵਾਂ ਅਦਾ ਕਰਕੇ ਮਾਣ ਮਹਿਸੂਸ ਕਰੇਗਾ।
ਮਿਊਜ਼ੀਅਮ ਕਮੇਟੀ ਦੇ ਕਨਵੀਨਰ ਗੁਰਮੀਤ ਨੇ ਇਤਿਹਾਸ ਸਬੰਧੀ ਸਿਲਸਿਲੇਵਾਰ ਮਿਊਜ਼ੀਅਮ ਬਾਰੇ ਜਾਣਗਾਰੀ ਦਿੱਤੀ। ਰਾਹੁਲ ਨੇ ਕਮੇਟੀ ਵੱਲੋਂ ਇਤਿਹਾਸ ਸਾਂਭਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ।
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਾਣ ਪਹਿਚਾਣੇ ਆਗੂ ਮਾਸਟਰ ਰਾਜਿੰਦਰ ਭਦੌੜ, ਰਾਮ ਸਵਰਨ ਲੱਖੇਵਾਲੀ ਨੇ ਦੇਸ਼ ਭਗਤੀ ਅਤੇ ਵਿਗਿਆਨਕ ਵਿਚਾਰਾਂ ਦੀ ਮਹੱਤਤਾ ਉਪਰ ਚਾਨਣਾ ਪਾਇਆ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਮਿਲੇ ਹੁੰਗਾਰੇ ਦਾ ਧੰਨਵਾਦ ਕੀਤਾ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਗੁਰਮੀਤ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਪ੍ਰਿਥੀਪਾਲ ਮਾੜੀਮੇਘਾ ਹਾਜ਼ਰ ਸਨ।
ਤਰਕਸ਼ੀਲ ਸੁਸਾਇਟੀ ਦੇ ਰਾਜਿੰਦਰ ਭਦੌੜ, ਰਾਮ ਸਵਰਨ ਲੱਖੇਵਾਲੀ, ਸੁਖਵਿੰਦਰ ਬਾਗ਼ਪੁਰ, ਪਾਲ ਅਤੇ ਜਿੰਦ ਬਾਗਪੁਰ, ਸੁਖਦੇਵ ਫਗਵਾੜਾ, ਬਿੱਟੂ, ਵਿਸ਼ਵਾਮਿੱਤਰ ਬੰਮੀ ਅਤੇ ਪਰਮਜੀਤ ਆਦਿ ਹਾਜ਼ਰ ਸਨ।
ਮਰਾਠੀ ਪਤਿ੍ਰਕਾ ਦੇ ਸੰਪਾਦਕ ਰਾਹੁਲ ਥੋਰਾਤ ਨੇ ਮਿਊਜ਼ੀਅਮ ਵਿੱਚ ਗ਼ਦਰੀ ਸੂਰਬੀਰਾਂ, ਇਨਕਲਾਬੀ ਲਹਿਰਾਂ ਦੇ ਸ਼ਹੀਦਾਂ ਤੇ ਆਜ਼ਾਦੀ ਸੰਗਰਾਮ ਦੇ ਨਾਇਕਾਂ ਦੇ ਇਤਿਹਾਸ ਬਾਰੇ ਜਾਣ ਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ।

No comments: