Tuesday, September 27, 2016

ਇਸ ਫੂਡ ਪਾਰਕ ਦਾ ਨਾਂ ’ਗੁਰਕ੍ਰਿਪਾਲ ਮੈਗਾ ਫੂਡ ਪਾਰਕ’ ਰੱਖਿਆ ਜਾਵੇ

ਪੰਜਾਬ ਵਿਚ ਰਿਕਾਰਡਤੋੜ ਤਰੱਕੀ ਗੁਰੂ ਦੀ ਕਿਰਪਾ ਨਾਲ ਹੀ ਹੋਈ 
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਰੱਖਿਆ ਨੀਂਹ ਪੱਥਰ 
ਲੁਧਿਆਣਾ:  26 ਸਤੰਬਰ 2016:: (ਪੀਆਰਡੀ//ਪੰਜਾਬ ਸਕਰੀਨ);; 
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਿੰਡ ਲਾਢੋਵਾਲ ਵਿਖੇ ਮਲਟੀਪ੍ਰੋਡਕਟ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ। ਇਹ ਪੰਜਾਬ ਦਾ ਅਜਿਹਾ ਪਹਿਲਾਂ ਮੈਗਾ ਫੂਡ ਪਾਰਕ ਹੈ ਜਿਸ ਨੂੰ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਲੋਂ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। 
ਇਸ ਮੌਕੇ ਬੋਲਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸੁਝਾਅ ਦਿੱਤਾ ਕਿ ਇਸ ਫੂਡ ਪਾਰਕ ਦਾ ਨਾਂ ’ਗੁਰਕ੍ਰਿਪਾਲ ਮੈਗਾ ਫੂਡ ਪਾਰਕ’ ਰੱਖਿਆ ਜਾਵੇ ਕਿਉਂਕਿ ਪੰਜਾਬ ਵਿਚ ਜੋ ਰਿਕਾਰਡਤੋੜ ਤਰੱਕੀ ਹੋਈ ਹੈ ਅਤੇ ਵਿਕਾਸ ਦੀ ਜੋ ਗਤੀ ਚੱਲ ਰਹੀ ਹੈ ਉਹ ਗੁਰੂ ਦੀ ਕਿਰਪਾ ਨਾਲ ਹੀ ਹੈ। ਉਨ੍ਹਾਂ ਦੱਸਿਆ ਕਿ ਗੁਰਕਿ੍ਰਪਾਲ ਫੂਡ ਪਾਰਕ ਦੇ ਰੂਪ ‘ਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਪੰਜਾਬ ਨੂੰ ਤੋਹਫਾ ਦਿਤਾ ਗਿਆ ਹੈ ਅਤੇ ਇਸ ਪਾਰਕ ਦੇ ਸਥਾਪਤ ਹੋਣ ਨਾਲ ਪੰਜਾਬ ਦੇ ਜ਼ਿਲ੍ਹਿਆਂ ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਐਸ ਬੀ ਐਸ ਨਗਰ, ਜਲੰਧਰ, ਮੋਗਾ, ਸੰਗਰੂਰ ਅਤੇ ਬਰਨਾਲਾ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ।
ਲਾਢੋਵਾਲ ਵਿਖੇ ਸਥਾਪਿਤ ਕੀਤੇ ਜਾਣ ਵਾਲੇ ਮੈਗਾ ਫੂਡ ਪਾਰਕ ਸਬੰਧੀ ਜਾਣਕਾਰੀ ਦਿੰਦਿਆਂ  ਸ੍ਰੀਮਤੀ ਬਾਦਲ ਨੇ ਦੱਸਿਆ ਕਿ ਇਹ ਮੈਗਾ ਫੂਡ ਪਾਰਕ 100.20 ਏਕੜ ਦੇ ਰਕਬੇ ਵਿੱਚ 117.61 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ। ਇਸ ਪਾਰਕ ਵਿੱਚ 500 ਕਿਲੋ ਸਪਾਈਰਲ ਫਰੀਜ਼ਰ, 1000 ਮੀਟਿ੍ਰਕ ਟਨ ਦੀ ਸਮਰੱਥਾ ਵਾਲਾ ਪਿਆਜ ਅਤੇ ਲਸਣ ਦਾ ਕੋਲਡ ਸਟੋਰ, ਇੱਕ 1000 ਮੀਟਿ੍ਰਕ ਟਨ ਵਾਲਾ ਸਬਜ਼ੀਆਂ ਲਈ ਫਰੋਜ਼ਨ ਕੋਲਡ ਸਟੋਰ , 10000 ਮੀਟਿ੍ਰਕ ਟਨ ਡਰਾਈ ਵੇਅਰ ਹਾਊਸ, 10000 ਮੀਟਿ੍ਰਕ ਟਨ ਸਿਲੋਜ਼, 100 ਮੀਟਿ੍ਰਕ ਟਨ ਰਾਈਪਨਿੰਗ ਚੈਂਬਰ, ਇੱਕ ਮੀਟਿ੍ਰਕ ਟਨ ਐਚ ਆਰ ਡੀਹਾਈਡ੍ਰੇਸ਼ਨ/ਏਅਰ ਡਰਾਈਡ, 400 ਮੀਟਿ੍ਰਕ ਕੋਲਡ ਸਟੋਰੇਜ, ਰੀਫਰ ਵੈਨਜ, ਫੂਡ ਇਨਕਿਊਬੇਸ਼ਨ ਸੈਂਟਰ ਅਤੇ ਟੈਸਟਿੰਗ ਲੈਬਾਟਰੀਜ਼ ਦੀ ਸੁਵਿਧਾ ਹੋਵੇਗੀ। 
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਲਈ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਤਿੰਨ ਮੈਗਾ ਫੂਡ ਪਾਰਕ ਪ੍ਰਵਾਨ ਕੀਤੇ ਹਨ। ਇਨ੍ਹਾਂ ਵਿਚੋਂ ਪਹਿਲਾ ਫੂਡ ਪਾਰਕ ਫਾਜ਼ਿਲਕਾ ਵਿਖੇ ਸਥਾਪਿਤ ਕੀਤਾ ਗਿਆ ਹੈ ਜੋ ਕਿ ਕਾਰਜਸ਼ੀਲ  ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਵਲੋਂ ਪ੍ਰਫੁੱਲਿਤ ਕੀਤੇ ਜਾ ਰਹੇ ਦੂਜੇ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਅੱਜ ਲਾਢੋਵਾਲ, ਲੁਧਿਆਣਾ ਵਿਖੇ ਰੱਖਿਆ ਗਿਆ ਹੈ ਅਤੇ ਤੀਜਾ ਫੂਡ ਪਾਰਕ (ਮੈਸਰਜ ਸੁਖਜੀਤ ਮੈਗਾ ਫੂਡ ਪਾਰਕ) ਦੀ ਕਪੂਰਥਲਾ ਵਿਖੇ ਸਥਾਪਤ ਕਰਨ ਦੀ ਪ੍ਰਵਾਨਗੀ ਕੇਂਦਰੀ ਮੰਤਰਾਲੇ ਵਲੋਂ ਦਿੱਤੀ ਜਾ ਚੁੱਕੀ ਹੈ।
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਅਧੀਨ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਲੋਂ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਪੂਰੇ ਉਤਸ਼ਾਹ ਨਾਲ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਤਾਂ ਜੋ ਖੇਤੀਬਾੜੀ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਹੋ ਸਕੇ ਅਤੇ ’ਮੇਕ ਇੰਨ ਇੰਡੀਆ’ ਮੁਹਿੰਮ ਨੂੰ ਅੱਗੇ ਵਧਾਉਣ ਲਈ ਇਹ ਵਿਕਾਸ ਦਾ ਇਕ ਜ਼ਰੀਆ ਬਣ ਸਕੇ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦਾ ਮੁੱਖ ਉਦੇਸ਼ ਇਸ ਖੇਤਰ ਲਈ ਯੋਗ ਢਾਂਚਾ ਸਥਾਪਿਤ ਕਰਨਾ ਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ। 
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿਖੇ ਸਥਾਪਤ ਮੈਗਾ ਫੂਡ ਪਾਰਕ ਨੂੰ ਕੇਂਦਰੀ ਪ੍ਰੋਸੈਸਿੰਗ ਕੇਂਦਰ ਵੱਜੋਂ ਵਰਤਿਆ ਜਾਵੇਗਾ ਅਤੇ ਚਾਰ ਪ੍ਰਾਇਮਰ ਪ੍ਰੋਸੈਸਿੰਗ ਕੇਂਦਰ ਹੁਸ਼ਿਆਰਪਰ, ਅੰਮਿ੍ਰਤਸਰ, ਫਾਜ਼ਿਲਕਾ ਅਤੇ ਬਠਿੰਡਾ ਵਿਖੇ ਸਥਾਪਤ ਕੀਤੇ ਜਾਣਗੇ। ਇਨ੍ਹਾਂ ਮੈਗਾ ਫੂਡ ਪਾਰਕਾਂ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ।  
       ਸ੍ਰੀਮਤੀ ਬਾਦਲ ਨੇ ਇਸ ਗੱਲ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਇਹ ਮੈਗਾ ਫੂਡ ਪਾਰਕ ਪ੍ਰਾਜੈਕਟ ਬਾਗਬਾਨੀ ਅਤੇ ਗੈਰ ਬਾਗਬਾਨੀ ਉਤਪਾਦਾਂ ਦੇ ਵਾਢੀ ਤੋਂ ਬਾਅਦ ਦੇ ਨੁਕਸਾਨ ਅਤੇ ਖਰਾਬੇ ਨੂੰ ਰੋਕਣ ਲਈ ਇਕ ਆਧੁਨਿਕ ਬੁਨਿਆਦੀ ਢਾਂਚਾ ਸਿਰਜੇਗਾ ਅਤੇ ਪੰਜਾਬ ਵਿਚ ਫੂਡ ਪ੍ਰਾਸੈਸਿੰਗ ਖੇਤਰ ਨੂੰ ਹੁਲਾਰਾ ਦੇਵੇਗਾ।
ਇਸ ਮੌਕੇ ਬੋਲਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਨਾਲ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਪੱਧਰ ’ਤੇ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੀਆਂ ਫਸਲਾਂ ਦੇ ਵਾਜਬ ਭਾਅ ਮਿਲਣਗੇ ਜਿਸ ਨਾਲ ਕਿਸਾਨਾਂ ਦੀ ਆਰਥਿਕ ਦਸ਼ਾ ਵਿਚ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਇਹ ਮੈਗਾ ਫੂਡ ਪਾਰਕ ਪ੍ਰਾਜੈਕਟ ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ਦੀ ਬਰਬਾਦੀ ਘਟਾਉਣ ਅਤੇ ਖੇਤੀਬਾੜੀ ਉਤਪਾਦ ਦਾ ਵਾਧੂ ਮੁੱਲ ਅਤੇ ਸੂਬੇ ਦੇ ਲੋਕਾਂ ਲਈ ਸਨਅਤ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਅਤਿ ਸਹਾਈ ਹੋਵੇਗਾ।
ਉਨ੍ਹਾਂ ਦੱਸਿਆ ਕਿ ਲਾਢੋਵਾਲ ਵਿਖੇ ਬਣਨ ਵਾਲੇ ਫੂਡ ਪਾਰਕ ਨਾਲ 40 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੂੰ ਲਾਭ ਪੱੁਜੇਗਾ ਅਤੇ 10 ਹਜ਼ਾਰ ਤੋਂ ਵੀ ਵਧੇਰੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਸ. ਬਾਦਲ ਨੇ ਦੱਸਿਆ ਕਿ ਇਸ ਤੋਂ ਬਾਅਦ ਕਪੂਰਥਲਾ ਵਿਚ ਸਥਾਪਿਤ ਕੀਤੇ ਜਾਣ ਵਾਲੇ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਅਗਲੇ ਮਹੀਨੇ ਰੱਖਿਆ ਜਾ ਰਿਹਾ ਹੈ ਜੋ ਕਿ ਮੱਕੀ ਦੀ ਪ੍ਰੋਸੈਸਿੰਗ ’ਤੇ ਕੇਂਦਰਿਤ ਹੋਵੇਗਾ। 
ਬਾਅਦ ਵਿਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਪੰਜਾਬ ਵਿਚ ਰਿਕਾਰਡ ਵਿਕਾਸ ਕਰਵਾਇਆ ਗਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਸੂਬੇ ਵਿਚ ਕੋਈ ਅਜਿਹਾ ਵਿਕਾਸਮਈ ਕੰਮ ਨਹੀਂ ਹੋਇਆ ਜਿਸ ਨੂੰ ਕਾਂਗਰਸੀ ਆਪਣੀ ਪ੍ਰਾਪਤੀ ਦੱਸ ਸਕਦੇ ਹੋਣ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਕਾਂਗਰਸ ਆਪਣੀ ਹਾਰ ਸਵੀਕਾਰ ਕਰ ਚੁੱਕੀ ਹੈ ਅਤੇ ਵਿਕਾਸ ਕਾਰਜਾਂ ਕਰਕੇ ਹੀ ਤੀਜੀ ਵਾਰ ਵੀ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸੇਵਾ ਸੰਭਾਲੇਗੀ। ਆਮ ਆਦਮੀ ਪਾਰਟੀ ਨੂੰ ਪੰਜਾਬ ਵਿਰੋਧੀ ਦੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵਾਂਗ ਹੀ ਅਰਵਿੰਦ ਕੇਜਰੀਵਾਲ ਵੀ ਦਿੱਲੀ ਵਿਚ ਆਪਣੀ ਅਜਿਹੀ ਕੋਈ ਪ੍ਰਾਪਤੀ ਨਹੀਂ ਗਿਣਾ ਸਕਦਾ ਜੋ ਉਸ ਨੇ ਮੁੱਖ ਮੰਤਰੀ ਦੇ ਤੌਰ ’ਤੇ ਦਿੱਲੀ ਵਾਸੀਆਂ ਨੂੰ ਦਿੱਤੀ ਹੋਵੇ। ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਬਣਨ ਵਾਲੇ ਕਿਸੇ ਵੀ ਫਰੰਟ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। 
ਇਸ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਨੇ ਇਸ ਮੈਗਾ ਫੂਡ ਪਾਰਕ ਨੂੰ ਪੰਜਾਬ ਦੇ ਕਿਸਾਨਾਂ ਲਈ ਤੋਹਫਾ ਦੱਸਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨ ਵਿੱਤੀ ਪੱਖੋਂ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਦੇਸ਼ ਦੇ ਕਿਸਾਨਾਂ ਦੀ ਦੁਰਦਸ਼ਾ ਲਈ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਸੱਤਾ ਵਿਚ ਹੁੰਦਿਆਂ ਕਾਂਗਰਸ ਨੇ ਕਦੇ ਵੀ ਕਿਸਾਨਾਂ ਬਾਰੇ ਸੋਚਿਆ ਤੱਕ ਨਹੀਂ। ਪੰਜਾਬ ਵਿਚ ਮੈਗਾ ਫੂਡ ਪਾਰਕਾਂ ਦੀ ਸਥਾਪਤੀ ਲਈ ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਮਨਪ੍ਰੀਤ ਸਿੰਘ ਇਯਾਲੀ, ਐਸ.ਆਰ. ਕਲੇਰ ਤੇ ਰਣਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਤੇ ਜਗਜੀਵਨ ਸਿੰਘ ਖੀਰਨੀਆਂ, ਮੇਅਰ ਹਰਚਰਨ ਸਿੰਘ ਗੋਹਲਵੜੀਆ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਦੇ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ, ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਮਦਨ ਲਾਲਾ ਬੱਗਾ, ਹਰਭਜਨ ਸਿੰਘ ਡੰਗ, ਭਾਜਪਾ ਜ਼ਿਲ੍ਹਾ ਪ੍ਰਧਾਨ ਰਵਿੰਦਰ ਅਰੋੜਾ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਐਮਡੀ ਕਾਹਨ ਸਿੰਘ ਪੰਨੂੰ, ਡਿਪਟੀ ਕਮਿਸ਼ਨਰ ਰਵੀ ਭਗਤ ਅਤੇ ਹੋਰ ਨਾਮੀਂ ਸਖਸ਼ੀਅਤਾਂ ਹਾਜ਼ਰ ਸਨ।  

No comments: