Monday, September 19, 2016

ਸਫਾਈ ਮੁਹਿੰਮ 'ਚ ਮਰਨ ਵਾਲਿਆਂ ਨੂੰ ਵੀ ਚਾਹੀਦਾ ਹੈ ਸ਼ਹੀਦ ਦਾ ਦਰਜਾ

ਗੱਟਰ ਵਿੱਚ ਮੌਤਾਂ ਦੇ ਇਸ ਅਣਮਨੁੱਖੀ ਵਰਤਾਰੇ ਵਿਰੁੱਧ ਰੋਸ ਦੀ ਤਿੱਖੀ ਲਹਿਰ 
CPI ਨੇ ਕੀਤਾ ਸਾਰੇ ਮਾਮਲੇ ਨੂੰ ਜਨਤਾ ਦੀ ਅਦਾਲਤ ਵਿੱਚ ਲਿਜਾਣ ਦਾ ਐਲਾਨ 
ਲੁਧਿਆਣਾ: 19 ਸਤੰਬਰ 2016:(ਪੰਜਾਬ ਸਕਰੀਨ ਬਿਊਰੋ): 
ਮੀਡੀਆ ਸਾਹਮਣੇ ਝਾੜੂ ਫੜ ਕੇ ਤਸਵੀਰਾਂ ਖਿਚਾਉਣੀਆਂ ਅਤੇ ਫਿਰ ਖੁਦ ਹੀ ਖੁਦ ਨੂੰ ਸ਼ਾਬਾਸ਼ੀ ਦੇ ਕੇ ਆਪਣੀ ਸਵੱਛ ਭਾਰਤ ਦੀ ਸਾਖ  ਬਣਾਉਣ ਦੀ ਨਾਕਾਮ ਕੋਸ਼ਿਸ਼ ਬਹੁਤ ਆਸਾਨ ਹੈ ਪਰ ਸਵੱਛ ਭਾਰਤ ਦੇ ਦਾਅਵਿਆਂ ਦੀ ਹਕੀਕਤ ਦਾ ਸਾਹਮਣਾ ਕਰਨਾ ਬੇਹੱਦ ਮੁਸ਼ਕਿਲ। ਸਵੱਛ ਭਾਰਤ ਦੀ ਅਸਲੀ ਮੁਹਿੰਮ ਜੋ ਚਿਰਾਂ ਤੋਂ ਜਾਰੀ ਹੈ ਉਸ ਮੁਹਿੰਮ ਅਧੀਨ "ਸ਼ਹੀਦ" ਹੋਏ ਸੀਵਰ ਵਰਕਰਾਂ ਦੇ ਘਰਾਂ ਵਿੱਚ ਅੱਜ ਵੀ ਵਿਰਲਾਪ ਜਾਰੀ ਰਿਹਾ। ਗੱਟਰ ਦੀ ਸਫਾਈ ਨੇ ਦੋ ਹੋਰ ਘਰਾਂ ਦੇ ਜੀਅ ਨਿਗਲ ਲਏ। ਇਹਨਾਂ ਦੋਹਾਂ ਵਰਕਰਾਂ ਨੂੰ ਵੀ ਬਿਨਾ ਸੇਫਟੀ ਕਿੱਟ ਦੇ ਗੱਟਰ ਵਿੱਚ ਉਤਰਨ ਲਈ ਮਜਬੂਰ ਕੀਤਾ ਗਿਆ ਸੀ। ਗੱਟਰ ਵਿੱਚ ਉਤਰ ਕੇ ਬਾਕੀਆਂ ਨੂੰ ਸਫਾਈ ਵਾਲਾ ਮਾਹੌਲ ਦੇਣ ਵਾਲੇ ਇਹ ਅਸਲੀ ਹੀਰੋ ਆਪਣੀ ਜਾਨ ਕੁਰਬਾਨ ਕਰ ਗਏ ਪਰ ਕਿਸੇ ਨੇ ਇਹਨਾਂ ਨੂੰ ਸਵੱਛਤਾ ਮੁਹਿੰਮ ਦਾ ਸ਼ਹੀਦ ਵੀ ਨਹੀਂ ਮੰਨਿਆ।
ਇਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਸੀਵਰੇਜ ਵਰਕਰ ਇਸੇ ਤਰਾਂ ਜਾਂ ਤਾਂ ਆਪਣੀ ਜਾਨ ਗੁਆ ਚੁੱਕੇ ਹਨ ਤੇ ਜਾਂ ਫਿਰ ਕਿਸੇ ਨ ਕਿਸੇ ਗੰਭੀਰ ਬਿਮਾਰੀ ਨੂੰ ਗੱਲ ਨਾਲ ਲਾ ਕੇ ਆਪਣੀ ਉਮਰ ਘਟਾ ਚੁੱਕੇ ਹਨ। ਵਿਕਾਸ ਅਤੇ ਸ਼ਾਈਨਿੰਗ ਇੰਡੀਆ ਦੇ ਦਾਅਵਿਆਂ ਵਿੱਚ ਨਾ ਇਹਨਾਂ ਦੀ ਚੀਕ ਕਿਸੇ ਨੇ ਸੁਣੀ ਤੇ ਨਾ ਹੀ ਇਹਨਾਂ ਦੇ ਪਰਿਵਾਰਾਂ ਦਾ ਵਿਰਲਾਪ। ਚੇਤੇ ਰਹੇ ਕਿ 16 ਸਤੰਬਰ ਵਾਲੇ ਦਿਨ ਸਥਾਨਕ ਮਿਲਰਗੰਜ ਇਲਾਕੇ ਦੇ ਨਿਰੰਕਾਰੀ ਮੁਹੱਲਾ ਵਿਚ ਸੀਵਰੇਜ਼ ਦੀ ਸਫ਼ਾਈ ਕਰਨ ਸਮੇਂ ਗੈਸ ਚੜ੍ਹਨ ਨਾਲ ਸਾਹ ਘੁੱਟਣ ਕਾਰਨ ਦੋ ਸਫ਼ਾਈ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਘਟਨਾ ਉਸ ਸਮੇਂ ਵਾਪਰੀ ਜਦੋਂ ਨਿਰੰਕਾਰੀ ਮੁਹੱਲੇ ਦੀ ਗਲੀ ਨੰਬਰ-1 ਵਿਚ ਸੀਵਰੇਜ ਦੀ ਸਫ਼ਾਈ ਹੋ ਰਹੀ ਸੀ | ਇਸ ਦੌਰਾਨ ਸੀਵਰ ਮੈਨ 26 ਸਾਲਾਂ ਦੀ ਉਮਰ ਦਾ ਸੋਨੂੰ ਸੀਵਰੇਜ ਦੀ ਸਫਾਈ ਕਰ ਰਿਹਾ ਸੀ, ਜਦਕਿ ਉਸ ਦਾ ਸਾਥੀ ਕਰਮਚਾਰੀ 44 ਸਾਲਾਂ ਦੀ ਉਮਰ ਦਾ ਮੇਹਰ ਚੰਦ ਸੀਵਰੇਜ ਦੇ ਢੱਕਣ ਦੇ ਨੇੜੇ ਖੜ੍ਹਾ ਸੀ। ਕੁਝ ਮਿੰਟ ਜਦੋਂ ਸੋਨੂੰ ਦੀ ਆਵਾਜ਼ ਨਾ ਆਈ ਤਾਂ ਮੇਹਰ ਚੰਦ ਵੀ ਉਸ ਦੇ ਪਿਛੇ ਹੇਠਾਂ ਚਲਾ ਗਿਆ, ਜਦੋਂ ਦੋਵੇਂ ਬਾਹਰ ਨਾ ਆਏ ਤਾਂ ਤੀਜਾ ਸਾਥੀ ਸੁਰਜੀਤ ਵੀ ਉਨ੍ਹਾਂ ਨੂੰ ਦੇਖਣ ਲਈ ਹੇਠਾਂ ਉਤਰ ਗਿਆ ਤੇ ਉਸ ਦਾ ਸਾਹ ਘੁੱਟਣ ਲੱਗਾ ਅਤੇ ਸੁਰਜੀਤ ਨੇ ਰੌਲਾ ਪਾ ਦਿੱਤਾ। ਰੌਲੇ ਦੀ ਆਵਾਜ਼ ਸੁਣ ਕੇ ਉਥੇ ਖੜ੍ਹੇ ਬਾਕੀ ਸਫਾਈ ਸੇਵਕ ਵੀ ਆ ਗਏ। ਕੁਝ ਕੁ ਸਮੇਂ ਵਿੱਚ ਹੀ ਇਸਦੀ ਪੁੜ੍ਹਤੀ ਹੋ ਗਈ ਕਿ ਦੋ ਹੋਏ ਸਫਾਈ ਸੇਵਕ ਗੰਦਗੀ ਸਾਫ ਕਰਨ ਦੀ ਮੁਹਿੰਮ ਵਿੱਚ ਸ਼ਹੀਦ ਹੋ ਗਏ ਹਨ। 
ਵਿਭਾਗੀ ਸੂਤਰਾਂ ਮੁਤਾਬਿਕ ਕਰੀਬ ਪੰਜ ਹਜ਼ਾਰ ਕਾਮੇ ਲੁਧਿਆਣਾ ਦੀ ਸਫਾਈ ਲਈ ਆਪਣੀ ਜਾਨ ਜੋਖੋੰ ਵਿੱਚ ਪਾਉਂਦੇ ਹਨ। ਇਹਨਾਂ ਨੂੰ ਦਰਪੇਸ਼ ਖਤਰਿਆਂ ਤੋਂ ਬਚਾਓਣ ਲਈ  ਬੜਾ ਕੁਝ ਕਿਹਾ ਜਾਂਦਾ ਹੈ ਬੜਾ ਕੁਝ ਪਰਚਾਰਿਆ ਜਾਂਦਾ ਹੈ। ਇਹਨਾਂ ਵਿੱਚੋਂ ਮੁੱਖ ਹੈ ਸੇਫਟੀ ਬੈਲਟ, ਗੈਸ ਸਲੰਡਰ ਅਤੇ ਹੋਰ ਕਿੰਨਾ ਕੁਝ। ਇਹ ਮਜਦੂਰ ਦੱਸਦੇ ਹਨ ਕਿ ਸਲੰਡਰ ਬਹੁਤ ਵਜ਼ਨੀ ਹੁੰਦਾ ਹੈ।  ਉਸ ਨੂੰ ਫੜ ਕੇ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ। ਹਲਕੇ ਸਿਸਟਮ ਲਈ ਕਈ  ਵਾਰ ਮੰਗ ਕੀਤੀ ਜਾ ਚੁੱਕੀ ਹੈ ਪਰ ਉਹ ਮੰਗ ਕਦੇ ਪੂਰੀ ਨਹੀਂ ਹੋਈ। ਲੋਕਾਂ ਦੀ ਗੰਦਗੀ ਅੱਜ ਦੇ ਵਿਕਸਿਤ ਯੁਗ ਵਿੱਚ ਵੀ ਆਪਣੇ ਸਿਰਾਂ 'ਤੇ ਪਵਾਉਣ ਵਾਲੇ, ਅਮੀਰਾਂ ਦੀਆਂ ਫੈਕਟਰੀਆਂ ਚੋਂ ਨਿਕਲਦਾ ਗੰਦਾ ਅਤੇ ਗਰਮ ਪਾਣੀ ਆਪਣੇ ਸਿਰਾਂ ਤੇ ਪੁਆ ਕੇ ਆਪਣੇ ਪਿੰਡੇ ਨੂੰ ਝੁਲਸਾਉਣ ਵਾਲੇ ਇਹਨਾਂ ਲੁੱਕੇ ਹੋਏ ਸਫਾਈ ਕਰਮਚਾਰੀਆਂ ਨੂੰ ਕਦੋਂ ਮਿਲੇਗੀ ਹਿਫ਼ਾਜ਼ਤ? ਕਦੋਂ ਮਿਲੇਗੀ ਸਾਫ਼ ਸੁਥਰੀ ਜਿੰਦਗੀ ਅਤੇ ਖਤਰਿਆਂ ਤੋਂ ਮੁਕਤ ਡਿਊਟੀ?
ਅੱਜ ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਨੇ 16 ਸਤੰਬਰ ਵਾਲੇ ਦਿਨ ਦੋ ਸਫ਼ਾਈ ਕਰਮਚਾਰੀਆਂ ਨੂੰ ਬਿਨਾ ਸੁੱਰਖਿਆ ਪ੍ਰਬੰਧ ਦੇ ਗਟਰ ਵਿੱਚ ਉਤਾਰਨ ਦੇ ਕਾਰਨ ਹੋਈਆਂ ਮੌਤਾਂ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਸ਼ੀ ਅਧਿਕਾਰੀਆਂ ਨੂੰ ਫ਼ੌਰਨ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਪਾਰਟੀ ਦੇ ਆਗੂ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ, ਸ਼ਹਿਰੀ ਸਹਾਇਕ ਸਕੱਤਰ ਕਾਮਰੇਡ ਗੁਰਨਾਮ ਸਿੱਧੂ ਦੇ ਨਾਲ ਸਫ਼ਾਈ ਲੇਬਰ ਯੂਨੀਅਨ ਦੇ ਆਗੂ ਕਾਮਰੇਡ ਵਿਜੈ ਕੁਮਾਰ ਤੇ ਕਾਮਰੇਡ ਸ਼ਾਮ ਲਾਲ ਮ੍ਰਿਤਕਾਂ  ਦੇ ਪਰਿਵਾਰਾਂ ਨੂੰ ਮਿਲੇ ਤੇ ਡੂੰਘੇ ਦੁੱਖ ਦੇ ਪ੍ਰਗਟਾਵਾ ਕੀਤਾ। ਪਾਰਟੀ ਆਗੂਆਂ ਨੇ ਮੰਗ ਕੀਤੀ ਕਿ ਮ੍ਰਿਤਕਾਂ  ਦੇ ਪਰਿਵਾਰਾਂ ਨੂੰ ਘੱਟੋ ਘੱਟ 10 ਲੱਖ ਰੁਪਏ ਤੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦਿੱਤੀ ਜਾਏ। ਪਾਰਟੀ ਦੇ ਜ਼ਿਲ੍ਹਾ ਸਹਾਇੱਕ ਸਕੱਤਰ ਡਾ: ਅਰੁਣ ਮਿੱਤਰਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸੜਕ ਸਾਫ਼ ਕਰਨ ਦੇ ਲਈ ਤਾਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਖਰੀਦੀਆਂ ਜਾ ਸਕਦੀਆਂ ਹਨ ਪਰ ਮਨੁੱਖੀ ਜੀਵਨ ਦੀ ਰਾਖੀ ਕਰਨ ਵਾਲੇ ਕਪੜੇ ਆਦਿ ਨਹੀਂ। ਇਹ ਉਦੋਂ ਹੈ ਜਦੋਂ ਕਿ ਸੁਪਰੀਮ ਕੋਰਟ ਨੇ ਇਸ ਬਾਰੇ ਸਖ਼ਤ ਹਦਾਇਤਾਂ ਦਿੱਤੀਆਂ ਹਨ। ਪਾਰਟੀ ਇਸ ਬਾਬਤ ਜਨਤਕ ਰਾਏ ਬਣਾਏਗੀ। ਇਸ ਜਨਤਕ ਰਾਏ ਲਈ ਸੀਪੀਆਈ ਕਿਹੜਾ ਢੰਗ ਤਰੀਕਾ ਵਰਤੇਗੀ ਇਸ ਬਾਰੇ ਅਜੇ ਤੱਕ ਸਪਸ਼ਟ ਨਹੀਂ ਕੀਤਾ ਗਿਆ। ਹੁਣ ਦੇਖਣਾ ਹੈ ਕਿ ਸਿਆਸੀ ਅਤੇ ਸਮਾਜਿਕ ਅੰਦੋਲਨ ਇਹਨਾਂ ਮੌਤਾਂ ਲਈ ਜ਼ਿੰਮੇਦਾਰ ਅਫਸਰਾਂ ਅਤੇ ਹਾਲਾਤਾਂ ਬਾਰੇ ਕੁਝ ਠੋਸ ਕਦਮ ਚੁੱਕਣ ਵਿੱਚ ਕਦੋਂ ਕਾਮਯਾਬ ਹੁੰਦੇ ਹਨ?

ਲਗਾਤਾਰ ਸ਼ਹੀਦ ਹੋ ਰਹੇ ਹਨ ਸਵਛ ਭਾਰਤ ਮੁਹਿੰਮ ਦੇ ਅਸਲੀ ਹੀਰੋ

No comments: