Friday, September 02, 2016

ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਫਲ ਰਹੀ ਹੜਤਾਲ

 ਸੰਘਰਸ਼ ਦੇ ਸੰਕਲਪ ਨੂੰ ਦੁਹਰਾਉਣ ਲਈ ਲੋਕ ਕੜਕਦੀ ਧੁੱਪ 'ਚ ਇੱਕਜੁੱਟ ਹੋਏ 
ਲੁਧਿਆਣਾ: 2 ਸਤੰਬਰ 2016:  (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਅਫਵਾਹਾਂ ਅਤੇ ਡਰਾਵਿਆਂ ਦੇ ਬਾਵਜੂਦ ਦੋ ਸਤੰਬਰ ਦੀ ਹੜਤਾਲ ਦੇਸ਼ ਭਰ ਵਿੱਚ ਸਫਲ ਰਹੀ। ਮੁੰਬਈ, ਕਲਕੱਤਾ, ਚੇਨਈ, ਸ੍ਰੀ ਗੰਗਾ ਨਗਰ ਅਤੇ ਹੋਰਨਾਂ ਥਾਵਾਂ ਤੋਂ ਪੁੱਜੀਆਂ ਰਿਪੋਰਟਾਂ ਮੁਤਾਬਿਕ ਇਸ ਹੜਤਾਲ ਵਿੱਚ ਵਰਕਰਾਂ ਨੇ ਪਿਛਲੇ ਸਾਲ ਨਾਲੋਂ ਜ਼ਿਆਦਾ ਜੋਸ਼ ਵਿੱਚ ਸ਼ਮੂਲੀਅਤ ਕੀਤੀ। ਛੋਟੇ ਛੋਟੇ ਬੱਚਿਆਂ ਨੂੰ ਧੁੱਪ ਵਿੱਚ ਲੈ ਕੇ ਬੈਠੀਆਂ ਔਰਤਾਂ ਨੇ ਸਾਬਿਤ ਕੀਤਾ ਕਿ ਉਹ ਆਪਣੇ ਹੱਕਾਂ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਇਥੇ ਆਈਆਂ ਹਨ। ਪੰਜਾਬ ਸਮੇਤ ਦੇਸ਼ ਦੇ ਕਈ ਭਾਗਾਂ ਵਿੱਚ ਰੇਲਾਂ ਵੀ ਰੋਕਿਆਂ ਗਈਆਂ। ਪੱਛਮੀ ਬੰਗਾਲ ਵਿੱਚ ਐਸ ਐਫ ਆਈ ਨੇ ਵੀ ਆਪਣੀ ਜਬਰਦਸਤ ਮੌਜੂਦਗੀ ਦਾ ਅਹਿਸਾਸ ਕਰਾਇਆ।  
ਮੁੰਬਈ ਵਿੱਚ  ਹੜਤਾਲੀ ਵਰਕਰਾਂ ਨੇ ਜੋਸ਼ੀਲੀ ਆਗੂ ਬਬਲੀ ਰਾਵਤ ਦੀ ਅਗਵਾਈ ਹੇਠ ਜ਼ੋਰਦਾਰ ਰੈਲੀ ਅਤੇ ਮਾਰਚ ਕੀਤਾ। ਏਟਕ ਨਾਲ ਸਬੰਧਤ ਘਰ ਕਾਮਗਾਰ ਮੋਲਕਾਮੀ ਸੰਗਠਨ ਨੇ ਕੰਦੀਵਲੀ ਵਿਖੇ ਜਬਰਦਸਤ ਰੈਲੀ ਅਤੇ ਮਾਰਚ ਕਰਕੇ ਆਪਣੀਆਂ ਮੰਗਾਂ ਨੂੰ ਉਠਾਇਆ। ਬਬਲੀ ਰਾਵਤ ਅਤੇ ਹੋਰਾਂ ਨੇ ਹੜਤਾਲੀ ਵਿਖਾਵਾਕਾਰੀਆਂ ਦੀ ਜੋਸ਼ੀਲੀ ਅਗਵਾਈ ਕੀਤੀ। ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ ਹੜਤਾਲ ਹਮਾਰਾ ਨਾਅਰਾ ਹੈ-ਇੱਕ ਵਾਰ ਫੇਰ ਜਾਨਦਾਰ ਸਾਬਿਤ ਹੋਇਆ। ਬੱਚੇ ਅਤੇ ਬਜ਼ੁਰਗ ਵੀ ਇਸ ਹੜਤਾਲ ਵਿੱਚ ਸ਼ਾਮਿਲ ਹੋਏ ਅਤੇ ਆਪਣੀ ਇੱਕਜੁੱਟਤਾ ਪ੍ਰਗਟਾਈ। ਮੁੰਬਈ ਦੇ ਲਾਲ ਬਾਗ, ਸਾਂਤਾ ਕਰੂਜ਼ ਅਤੇ ਵਡਾਲਾ ਵਿੱਚ ਵੀ ਇਸੇ ਤਰਾਂ ਜ਼ੋਰਦਾਰ ਰੋਸ ਵਿਖਾਵੇ ਆਯੋਜਿਤ ਹੋਏ ਜਿਹਨਾਂ ਵਿੱਚ ਸਾਰੀਆਂ ਲਈ ਰਾਸ਼ਨ, ਸੋਸ਼ਲ ਸਕਿਓਰਿਟੀ ਪੈਨਸ਼ਨ ਅਤੇ ਬਾਰਾਂ ਅੰਕਾਂ ਵਾਲੀ ਘਟੋਘੱਟ ਉਜਰਤ ਦੀ ਮੰਗ ਕੀਤੀ ਗਈ। ਇਸ ਮੌਕੇ ਪ੍ਰਕਾਸ਼ ਰੈਡੀ, ਤਨੂਜਾ ਰਾਊਲ, ਬਬੀਤਾ ਸਾਵੰਤ, ਰਾਇਸ਼ ਸ਼ੇਖ, ਅਸ਼ੋਕਨ, ਸੰਗੀਤ ਪਾਟਿਲ ਅਤੇ ਕਈ ਹੋਰਾਂ ਨੇ ਵੀ ਇਸ ਹੜਤਾਲ ਦੀ ਸਫਲਤਾ ਲਈ ਜੋਸ਼ੀਲੀ ਅਗਵਾਈ ਦੇ ਨਾਲ ਨਾਲ ਦਲੀਲ ਭਰੀਆਂ ਤਕਰੀਰਾਂ ਵੀ ਕੀਤੀਆਂ।
ਲੁਧਿਆਣਾ ਵਿੱਚ ਇੱਕੋ ਵੇਲੇ ਕਈ ਸੰਗਠਨਾਂ ਨੇ ਆਪੋ ਆਪਣੇ ਅਦਾਰਿਆਂ ਸਾਹਮਣੇ ਰੋਸ ਰੈਲੀਆਂ ਕਰਕੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਹ ਭਰੇ ਰੋਸ ਦਾ ਪ੍ਰਗਟਾਵਾ ਕੀਤਾ। ਸਰਕਾਰ  ਲੋਕਾਂ ਦੇ ਗੁੱਸੇ ਤੋਂ ਸਬਕ ਸਿੱਖੇ - ਇਹ ਗੱਲ ਸਮੂਹ ਕੌਮੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਮਜ਼ਦੂਰਾਂ ਵਲੋਂ ਅੱਜ ਸਫ਼ਲ ਹੜਤਾਲ ਦੇ ਮੌਕੇ ਤੇ  ਮਜ਼ਦੂਰ ਆਗੂਆਂ ਨੇ ਬੋਲਦਿਆਂ ਕਹੀ। ਹੜਤਾਲ ਵਿੱਚ ਏਟਕ, ਸੀਟੂ, ਇੰਟਕ, ਸੀਟੀਯੂ, ਅਤੇ ਹੋਰ ਜੱਥੇਬੰਦੀਆਂ ਨਾਲ ਸਬੰਧਤ ਕਾਮੇ ਸ਼ਾਮਿਲ ਹੋਏ। ਉਹ ਆਪਣੇ ਅਦਾਰਿਆਂ ਦੇ ਬਾਹਰ ਰੈਲੀਆਂ ਕਰਨ ਉਪਰੰਤ ਬੱਸ ਅੱਡੇ ਤੇ ਇੱਕਠੇ ਹੋਏ ਅਤੇ ਰੈਲੀ ਕੀਤੀ, ਜਿਸਦੀ ਪਰਧਾਨਗੀ ਕਾ ਉਮ ਪਰਕਾਸ਼ ਮਹਿਤਾ - ਏਟਕ, ਕਾ ਜਗਦੀਸ਼ ਚੰਦ-ਸੀਟੂ, ਸ: ਗੁਰਜੀਤ ਸਿੰਘ ਜਗਪਾਲ - ਇੰਟਕ, ਕਾ: ਪਰਮਜੀਤ ਸਿੰਘ - ਸੀ ਟੀ ਯੂ ਨੇ ਕੀਤੀ।
ਔਰਤਾਂ ਨੇ ਇਸ ਮੌਕੇ ਬਹੁਤ ਗਿਣਤੀ ਵਿੱਚ ਸ਼ਿਰਕਤ ਕੀਤੀ। ਤਪਦੀ ਧੁੱਪ ਦੇ ਬਾਵਜੂਦ ਉਹਨਾਂ ਆਪਣਾ ਅਨੁਸ਼ਾਸਿਤ ਰੋਹ ਮੋਦੀ ਸਰਕਾਰ ਦੇ ਖਿਲਾਫ ਪ੍ਰਗਟ ਕੀਤਾ। 
ਇਸ ਮੌਕੇ ਤੇ ਬੋਲਦਿਆਂ ਕਾ: ਨਿਰਮਲ ਸਿੰਘ ਧਾਲੀਵਾਲ -ਜਨਰਲ ਸਕੱਤਰ  ਏਟਕ ਪੰਜਾਬ,  ਕਾ: ਵਿਜੈ ਮਿਸ਼ਰਾ ਪ੍ਰਧਾਨ ਸੀਟੂ ਪੰਜਾਬ,  ਕਾ ਇੰਦਰਜੀਤ ਸਿੰਘ ਗਰੇਵਾਲ- ਪਰਧਾਨ ਸੀ ਟੀ ਯੂ ਪੰਜਾਬ, ਸ਼੍ਰੀ ਸਰਬਜੀਤ ਸਿੰਘ ਸਰਹਾਲੀ ਉਪ ਪ੍ਰਧਾਨ ਇੰਟਕ ਪੰਜਾਬ ਨੇ ਸਰਕਾਰ ਦੇ ਭੁਲੇਖਾ ਪਾਊ ਬਿਆਨ ਕਿ ਘੱਟੋਘੱਟ ਉਜਰਤ 350 ਰੁਪਏ ਕਰ ਦਿੱਤੀ ਗਈ ਹੈ ਦਾ ਪਰਦਾਫ਼ਾਸ਼ ਕਰਦਿਆਂ ਕਿਹਾ ਕਿ ਇਹ ਤਾਂ ਕੇਵਲ ਕੇਂਦਰ ਨਾਲ ਜੁੜੇ ਚੰਦ ਅਦਾਰਿਆਂ ਵਿੱਚ ਲੱਗੇ ਠੇਕੇ ਦੇ ਮੁਲਾਜ਼ਿਮਾਂ ਲਈ ਹੋਏਗਾ ਨਾਂ ਕਿ ਸਾਰੇ 47 ਕਰੋੜ ਮਜ਼ਦੂਰਾਂ ਦੇ ਲਈ। ਉਹਨਾਂ ਨੇ ਅੱਗੇ ਪਰਦਾਫ਼ਾਸ਼ ਕਰਦਿਆਂ ਕਿਹਾ ਕਿ ਅਸਲ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਸਲਾਹਕਾਰ ਬੋਰਡ ਦੀ 29 ਅਗਸਤ ਦੀ ਮੀਟਿੰਗ ਨੂੰ ਵਿੱਚ ਵਿਚਾਲੇ ਛੱਡ ਕੇ ਚਲੇ ਗਏ ਅਤੇ ਬਾਹਰ ਜਾ ਕੇ ਬਾਅਦ ਵਿੱਚ 350 ਰੁਪਏ ਦਾ ਭੁਲੇਖਾ ਪਾਊ ਬਿਆਨ ਜਾਰੀ ਕਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਭਾਰਤੀ ਮਜ਼ਦੂਰ ਸੰਘ (ਬੀ ਐਮ ਐਸ) ਨੇ ਆਰ ਐਸ ਐਸਦੇ ਦਬਾਅ ਹੇਠ ਹੜਤਾਲ ਵਿੱਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਕਰਕੇ ਮਜ਼ਦੂਰ ਜਮਾਤ ਨਾਲ ਗੱਦਾਰੀ ਕੀਤੀ ਹੈ। ਸਰਕਾਰ ਵਲੋਂ ਲਗਾਤਾਰ ਲਏ ਜਾ ਰਹੇ ਫ਼ੈਸਲੇ ਸਰਕਾਰ ਦੀਆਂ ਆਰਥਿਕ ਨੀਤੀਆਂ ਵਿੱਚ ਸੱਜੇਪੱਖੀ ਬਦਲਾਅ ਨੂੰ ਸਾਫ਼ ਦਰਸਾਂਦੇ ਹਨ। ਸਰਕਾਰ ਕੋਮਾਂਤ੍ਰੀ ਵਿੱਤੀ ਸੰਸਥਾਵਾਂ ਦੀਆਂ ਹਿਦਾਇਤਾਂ ਅਨੁਸਾਰ ਫ਼ੈਸਲੇ ਲੈ ਰਹੀ ਹੈ। ਵੱਧ ਰਹੀਆਂ ਕੀਮਤਾਂ ਆਮ ਆਦਮੀ ਦੀ ਜ਼ਿੰਦਗੀ ਨੂੰ ਦੂਭਰ ਬਣਾ ਰਹੀਆਂ ਹਨ ਅਤੇ ਖੇਤੀ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਜਂੋ ਕਿ ਕਿਸਾਨਾਂ ਵਲੋਂ ਵੱਡੀ ਗਿਣਤੀ ਵਿੱਚ ਕਰਜ਼ਈ ਹੋ ਕੇ ਆਤਮ ਹੱਤਿਆਵਾਂ ਕਰਨ ਤੋਂ ਸਾਫ਼ ਨਜ਼ਰ ਆਉਂਦਾ ਹੈ। ਇੱਕ ਰਿਪੋਰਟ ਮੁਤਾਬਕ 100 ਪਰਿਵਾਰਾਂ ਦੇ ਕੋਲ 22 ਲੱਖ ਕਰੋੜ ਤੋਂ ਵੱਧ ਹੈ ਧਨ ਹੈ ਜਦੋਂ ਕਿ 75ਪ੍ਰਤੀਸ਼ਤ ਅਬਾਦੀ ਹਰ ਰੋਜ਼ 16 ਰੁਪਏ 60 ਪੈਸੇ ਤੇ ਗੁਜ਼ਾਰਾ ਕਰਦੀ ਹੈ। ਨੌਕਰੀਆਂ ਵਿੱਚ ਕਮੀ ਆਣ ਦੇ ਕਾਰਨ ਬੇਰੁਜ਼ਗਾਰੀ 10 ਕਰੋੜ ਦਾ ਆਂਕੜਾ ਪਾਰ ਕਰ ਗਈ ਹੈ। ਜਦੋਂ ਇੱਕ ਪਾਸੇ ਅਮੀਰਾਂ ਦੇ ਕੋਲ ਧੰਨ ਲਗਾਤਾਰ ਵੱਧ ਰਿਹਾ ਹੈ ਪਰ ਦੂਜੇ ਪਾਸੇ 30 ਪ੍ਰਤੀਸ਼ਤ ਅਬਾਦੀ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਤੇ ਦੇਸ਼ ਦੀ 85 ਪ੍ਰਤੀਸ਼ਤ ਅਬਾਦੀ ਸਿਹਤ ਸੇਵਾਵਾਂ, ਪੀਣ ਨੂੰ ਸਾਫ਼ ਪਾਣੀ, ਚੰਗੀ ਸਿੱਖਿਆ ਅਤੇ ਕਈ ਹੋਰ ਜ਼ਰੂਰੀ ਲੋੜਾਂ ਤੋਂ ਵਾਂਝੀ ਹੈ। ਪਰੰਤੂ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਖੁੱਲੇ੍ਹ ਆਮ ਕਾਰਪੋਰੇਟ ਜਗਤ ਦੀ ਹਿਮਾਇਤ ਕਰ ਰਿਹਾ ਹੈ ਜਿਸ ਕਰਕੇ ਅੰਬਾਨੀ ਅਦਾਨੀ ਦੀ ਸੰਪਤੀ ਵਿੱਚ ਅਥਾਹ ਵਾਧਾ ਹੋਇਆ ਹੈ। ਮਿਹਨਤਕਸ਼ਾਂ ਵਿੱਚ ਅਸੁੱਰਖਿਆ ਵੱਧ ਰਹੀ ਹੈ। ਦੂਜੇ ਪਾਸੇ ਸਰਕਾਰ ਸਾਰੇ ਕਿਤਿੱਆਂ ਨੂੰ ਠੇਕੇਦਾਰਾਂ ਨੂੰ ਸੌਪ ਰਹੀ ਹੈ; ਲੇਬਰ  ਵੀ ਠੇਕੇਦਾਰਾਂ ਦੇ ਰਹਿਮੋਕਰਮ ਤੇ ਛੱਡ ਦਿੱਤੀ ਗਈ ਹੈ। ਯੂਨੀਅਨ ਬਨਾਉਣ ਦੇ ਅਧਿਕਾਰ ਤੇ ਸੱਟ ਮਾਰੀ ਜਾ ਰਹੀ ਹੈ ਅਤੇ ਕਾਨੂੰਨ ਵਿੱਚ ਪਰੀਵਰਤਨ ਕਰਕੇ ਯੂਨੀਅਨ ਬਨਾਉਣ ਤੋਂਂ ਰੋਕਣ ਦੇ ਲਈ ਮਜ਼ਦੂਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਜਿੱਥੇ ਕਿਤੇ ਮਜ਼ਦੂਰ ਜੱਥੇਬੰਦ ਹੁੰਦੇ ਹਨ ਉੱਥੇ ਉਹਨਾਂ ਦੀ ਯੂਨੀਅਨ ਨੂੰ ਤੋੜਨ ਦੇ ਲਈ ਪ੍ਰਸ਼ਾਸਨ ਦੇ ਨਾਲ ਮਿਲ ਕੇ ਜੋਰ ਜਬਰ ਦਾ ਸਹਾਰਾ ਲਿਆ ਜਾਂਦਾ ਹੈ। ਇਸਨੂੰ ਰੋਕਣ ਦੇ ਲਈ ਟ੍ਰੇਡ ਯੂਨੀਅਨਾਂ ਵਲੋਂ ਰਣਨੀਤੀ ਤੈਅ ਕੀਤੀ ਜਾਏਗੀ।  ਇਸ ਮੌਕੇ ਬੋਲਦਿਆਂ , ਕਾ ਜਤਿੰਦਰ ਪਾਲ ਸਿੰਘ - ਸੀਟੂ, ਕਾ: ਤਰਸੇਮ ਜੋਧਾਂ - ਸਾਬਕਾ ਵਿਧਾਇਕ, ਸੁਰੇਸ਼ ਸੂਦ- ਇੰਟਕ, ਕਾ: ਦਲਜੀਤ ਸਿੰਘ ਰੇਲਵੇ, ਕਾ: ਕਰਤਾਰ ਸਿੰਘ ਬੁਆਣੀ, ਕਾ: ਸੁਖਵਿੰਦਰ ਸੇਖੋਂ, ਕਾ: ਅਮਰਜੀਤ ਮੱਟੂ,  ਡਾ: ਅਰੁਣ ਮਿੱਤਰਾ,  ਕਾ:  ਰਮੇਸ਼ ਰਤਨ, ਕਾ: ਡੀ ਪੀ ਮੌੜ-ਏਟਕ, ਕਾ: ਨਰੇਸ਼ ਗੌੜ ਅਤੇ ਕਾ: ਸੁਭਾਸ਼ ਰਾਨੀ ਆਂਗਨਵਾੜੀ,  ਨੇ ਕਿਹਾ ਕਿ ਦੇਸ਼ ਦੇ ਕੌਮੀ ਸੋਮੇ ਕੋਮਾਂਤ੍ਰੀ ਅਤੇ ਕੌਮੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਦਿੱਤੇ ਜਾ ਰਹੇ ਹਨ। ਖੁਦਰਾ ਵਪਾਰ ਵਿੱਚ ਵਿਦੇਸ਼ੀ ਪੂੰਜੀ ਨੂੰ ਖੱਲ ਦੇਣ ਦੇ ਨਾਲ  ਛੋਟੇ ਵਪਾਰੀ, ਦੁਕਾਨਦਾਰ, ਛੋਟੇ ਉਦੱਮੀ, ਛੋਟੇ ਤੇ ਮੱਧਮ ਕਿਸਾਨ ਰੁਲ ਜਾਣਗੇ। ਸਿਰਫ਼ ਦੋ ਸਾਲ ਦੇ ਰਾਜ ਭਾਗ ਦੇ ਅੰਦਰ ਹੀ ਸਰਕਾਰ ਦੇ ਵੱਡੇ ਮੰਤਰੀ  ਭਿ੍ਰਸ਼ਟਾਚਾਰ ਵਿੱਚ ਲਿਪਤ ਪਾਏ ਗਏ ਹਨ। ਇਸ ਕਾਰਨ ਸਰਕਾਰੀ ਖਜਾਨੇ ਤੇ ਦੇਸ਼ ਦੀ ਸੰਪਤੀ ਨੂੰ ਅਥਾਹ ਨੁਕਸਾਨ ਹੋ ਰਿਹਾ ਹੈ। ਇਸ ਹੜਤਾਲ ਰਾਹੀਂ ਦੇਸ਼ ਭਰ ਦੇ ਕਾਮੇ ਮੰਗ ਕਰਦੇ ਹਨ  ਕਿ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਬੰਦ ਕੀਤੀ ਜਾਵੇ, ਸਾਰੇ ਕਾਮਿਆਂ ਦੇ ਲਈ ਡਾਕਟਰੀ ਇਲਾਜ, ਪੈਨਸ਼ਨ, ਗਰੈਚੁਟੀ, ਪ੍ਰਾਵੀਡੈੰਟ ਫ਼ੰਡ ਅਤੇ ਬੋਨਸ ਯਕੀਨੀ ਬਣਾਇਆ ਜਾਵੇ। ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਐਨ ਆਰ ਐਚ ਐਮ ਕਾਮਿਆਂ ਨੂੰ ਵੀ ਪੱਕਾ ਕੀਤਾ ਜਾਵੇ, 1.1.2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇੇ ਪੁਰਾਣੀ ਹੀ ਲਾਗੂ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਏ। ਇਸ ਮੌਕੇ ਬੋਲਦਿਆਂ   ਚਰਨ ਸਰਾਭਾ ਐਸ ਕੇ ਤਿਵਾੜੀ ਗੁਰਨਾਮ ਸਿੱਧੂ, ਨੇ ਅੱਗੇ ਮੰਗ ਕੀਤੀ ਕਿ ਗੈਰ ਹੁਨਰਮੰਦ ਕਾਮਿਆਂ ਲਈ ਘੱਟੋ ਘੱਟ ਉਜਰਤ 18000 ਰੁਪਏ, ਅਰਧ ਹੁਨਰਮੰਦ ਲਈ 23000 ਰੁਪਏ ਅਤੇ ਹੁਨਰਮੰਦ ਕਾਮਿਆਂ ਦੇ ਲਈ 26000 ਰੁਪਏ ਤੈਅ ਕੀਤੀ ਜਾਏ। ਇਹ ਮੰਗ ਭਾਰਤੀ ਲੇਬਰ ਕਾਨਫ਼੍ਰੰਸ ਦੇ ਅਨੁਸਾਰ ਹੈ ਜਿਸ ਵਿੱਚ  ਸੁਪਰੀਮ ਕੋਰਟ ਨੇ 25 ਪ੍ਰਤੀਸ਼ਤ ਦਾ ਵਾਧਾ ਕਰਨ ਬਾਰੇ ਕਿਹਾ ਸੀ। ਪਰ ਅਸੀ ਤਾਂ ਕੇਵਲ 18000 ਰੁਪਏ ਹੀ ਮੰਗ ਰਹੇ ਹਾਂ।  ਸਰਕਾਰ ਲੇਬਰ ਕਾਨਫ਼੍ਰੰਸ ਦੀਆਂ ਇਹਨਾਂ ਮੰਨੀਆਂ ਗੱਲਾਂ ਤੋਂ ਭੱਜ ਰਹੀ ਹੈ। ਇਸਤੋਂ ਇਲਾਵਾ ਸਿਹਤ ਖੋਜ ਸੰਸਥਾ ਇੰਡੀਅਨ ਕੌਂਸਲ ਫ਼ਾਰ ਮੈਡੀਕਲ ਰਿਸਰਚ ਦੇ ਮੁਤਾਬਿਕ ਹਰ ਰੋਜ਼ ਇੱਕ ਬੰਦੇ ਨੂੰ ਜੀਣ ਦੇ ਲਈ 2100 ਕੈਲੋਰੀਆਂ ਦੀ ਲੋੜ ਹੈ ਜਿਹੜੀਆਂ ਕਿ ਅੱਜ ਦੀ ਮਹਿੰਗਾਈ ਵਿੱਚ ਇੰਨੀਆਂ ਥੋੜੀਆਂ ਤਨਖ਼ਾਹਾਂ ਦੇ ਨਾਲ ਪੂਰੀ ਨਹੀਂ ਹੁੰਦੀ। ਬੁਲਾਰਿਆਂ ਨੇ ਮੰਗ ਕੀਤੀ ਕਿ ਕਿਰਤ ਕਾਨੂੰਨ ਪੂਰੀ ਤਰਾਂ ਲਾਗੂ ਕੀਤੇ ਜਾਣ। ਉਹਨਾਂ ਅੱਗੇ ਮੰਗ ਕੀਤੀ ਕਿ ਆਸ਼ਾ, ਆਂਗਨਵਾੜੀ ਅਤੇ ਮਿੱਡ ਡੇ ਮੀਲ ਵਿੱਚ ਕੰਮ ਕਰ ਰਹੀਆਂ ਇਸਤਰੀ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇ। 
ਅੱਜ ਦੀ ਹੜਤਾਲ ਵਿੱਚ ਹੋਰਾਂ ਤੋਂ ਇਲਾਵਾ ਸਨਅੱਤੀ ਮਜ਼ਦੂਰ, ਉਸਾਰੀ ਮਜ਼ਦੂਰ, ਹੌਜ਼ਰੀ ਮਜ਼ਦੂਰ, ਰੋਡਵੇਜ਼ ਕਾਮੇ, ਬੈਂਕ, ਬਿਜਲੀ, ਆਸ਼ਾ ਵਰਕਰ, ਨਗਰ ਨਿਗਮ ਦੇ ਮਲਾਜ਼ਮ, ਬੀ ਐਸ ਐਨ ਐਲ ਕਾਮੇ, ਪੀ ਐਸ ਐਸ ਐਫ਼, ਦਰਜਾ ਚਾਰ, ਪਬਲਿਕ ਹੈਲਥ ਕਾਮੇ ਅਤੇ ਕਈ ਹੋਰ ਗੈਰ ਜੱਥੇਬੰਦ ਖੇਤਰਾਂ ਦੇ ਨੁਮਾਇੰਦੇ ਅਤੇ ਆਗੂ ਸ਼ਾਮਿਲ ਹੋਏ। ਉਪਰੋਕਤ ਤੋਂ ਇਲਾਵਾ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਕਾਮਰੇਡ  ਬਲਰਾਮ ਸਿੰਘ, ਦਲਜੀਤ ਸਿੰਘ ਸਾਹੀ, ਐਮ ਐਸ ਭਾਟੀਆ, ਰਾਜੇਸ਼ ਵਰਮਾ, ਦੇਵ ਰਾਜ, ਸਮਰ ਬਹਾਦੁਰ, ਮਨਜੀਤ ਸਿੰਘ ਰੋਡਵੇਜ਼, ਗੁਰਨਾਮ ਗਿੱਲ, ਵਿਜੈ ਕੁਮਾਰ, ਫ਼ਿਰੋਜ਼ ਮਾਸਟਰ, ਲੱਡੂ ਸ਼ਾਹ, ਕਾਮੇਸ਼ਵਰ ਯਾਦਵ, ਰਾਜਾ ਰਾਮ, ਤਸੀਲਦਾਰ ਸਿੰਘ, ਘਨਸ਼ਾਮ ਸਿੰਘ, ਐਸ ਕੇ ਤਿਵਾੜੀ, ਤਿਲਕ ਰਾਜ ਡੋਗਰਾ, ਮਨਜੀਤ ਕੌਰ, ਚਿਤਰੰਜਨ ਕੁਮਾਰ, ਸੁਦੇਸ਼ਵਰ ਤਿਵਾੜੀ, ਅਜੀਤ ਕੁਮਾਰ, ਪਵਨ ਕੁਮਾਰ, ਲਾਲ ਚੰਦ, ਪਰਮਜੀਤ ਸਿੰਘ।

No comments: