Friday, September 30, 2016

ਕਿਸਾਨਾਂ ਵਿੱਚ ਅਜੇ ਵੀ ਕਰਜ਼ਿਆਂ ਲਈ ਭਾਰੀ ਖਿੱਚ ?

ਕਿਸਾਨ ਮੇਲਾ ਬਠਿੰਡਾ ਵਿੱਚ ਲੱਗੀ ਰਹੀ ਬੈਂਕ ਸਟਾਲ ਅੱਗੇ ਭਾਰੀ ਭੀੜ 
ਬਠਿੰਡਾ: 29 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਹਾੜੀ ਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਬਠਿੰਡਾ ਦਾ ਕਿਸਾਨ ਮੇਲਾ ਆਖ਼ਿਰੀ ਕਿਸਾਨ ਮੇਲਾ ਸੀ। ਸਭ ਤੋਂ ਵੱਡਾ ਅਤੇ ਬੇਹੱਦ ਪ੍ਰਭਾਵਸ਼ਾਲੀ।  ਇਹ ਲਾਲ ਵੱਖਰੀ ਹੈ ਕਿ ਇਸ ਵਿਸ਼ਾਲਤਾ ਦੇ ਬਾਵਜੂਦ ਬੱਲੋਵਾਲ ਸੌਂਖੜੀ ਵਿਖੇ ਲੱਗੇ ਪਹਿਲੇ ਕਿਸਾਨ ਮੇਲੇ ਵਰਗਾ ਮਜ਼ਾ ਇਸ ਵਿੱਚ ਨਹੀਂ ਆਇਆ। ਸ਼ਾਇਦ ਆਲੇ ਦੁਆਲੇ ਦੀ ਖੂਬਸੂਰਤੀ ਅਤੇ ਵਾਤਾਵਰਣ ਵਿਚਲੀ ਤਾਜ਼ਗੀ ਦੀ ਬਠਿੰਡਾ ਵਿੱਚ ਕਮੀ ਮਹਿਸੂਸ ਹੋ ਰਹੀ ਸੀ।
ਇਸ ਮੇਲੇ ਵਿੱਚ ਵੀ ਹੋਰਨਾਂ ਸਾਰੇ ਸਬੰਧਤ ਵਰਗਾਂ ਵਾਂਗ ਬੈਕਿੰਗ ਖੇਤਰ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰ ਰਿਹਾ ਸੀ। ਖੁਦਕੁਸ਼ੀਆਂ ਦੀਆ ਲਗਾਤਾਰ ਆਈਆਂ ਖਬਰਾਂ ਦੇ ਬਾਵਜੂਦ ਕਿਸਾਨਾਂ ਅਤੇ ਹੋਰ ਸਬੰਧਤ ਲੋਕਾਂ ਦਰਮਿਆਨ ਕਰਜ਼ਿਆਂ ਪ੍ਰਤੀ ਰੂਚੀ ਵਿੱਚ ਕੋਈ ਕਮੀ ਆਈ ਮਹਿਸੂਸ ਨਹੀਂ ਹੋਈ। ਸ਼ਾਇਦ ਇਹੀ ਹੁੰਦਾ ਹੈ ਪੂੰਜੀਵਾਦ ਦੀ ਮਾਇਆ ਦਾ ਮਾਇਆ ਜਾਲ ਜਿਸ ਵਿੱਚੋਂ ਇਨਸਾਨ ਚਾਹ ਕੇ ਵੀ ਨਿਕਲ ਨਹੀਂ ਸਕਦਾ। ਜਿਸਨੇ ਇਸ ਮਾਇਆ ਜਾਲ ਦੀਆਂ ਚਾਲਾਂ ਨੂੰ ਸਮਝ ਕੇ ਇਸ ਨਾਲ ਸਫਲਤਾ ਵਾਲਾ ਖੇਡ ਖੇਡ ਲਿਆ ਉਸ ਦੀ ਬੱਲੇ ਬੱਲੇ ਵਰਨਾ ਥੱਲੇ ਥੱਲੇ। ਬਹੁਤ ਸਾਰੇ ਕਰੋੜਪਤੀਆਂ ਅਤੇ ਅਰਬਪਤੀਆਂ ਦੀਆਂ ਕਹਾਣੀਆਂ ਸੁਣੀਆਂ ਹਨ ਜਿਹਨਾਂ ਕਰਜ਼ੇ ਦੇ ਪੈਸੇ ਨਾਲ ਅੱਗੇ ਤੋਂ ਅੱਗੇ ਕਈ ਕਾਰੋਬਾਰ ਤੋਰ ਲਏ ਪਰ ਕਰਜ਼ਾ ਨਹੀਂ ਮੋੜਿਆ।  ਜਿਹੜੇ ਪੈਸੇ ਦੇ ਜਾਦੂ ਨੂੰ ਨਹੀਂ ਸਿੱਖ ਸਕੇ ਉਹ ਵਿਚਾਰੇ ਕੁਝ ਹਜ਼ਾਰ ਜਾਂ ਕੁਝ ਲੱਖ ਰੁਪਏ ਦੇ ਕਰਜ਼ੇ ਦੀ ਮਾਰ ਕਾਰਨ ਹੀ ਖ਼ੁਦਕੁਸ਼ੀ ਕਰ ਗਏ। ਇਹ ਇੱਕ ਵੱਖਰਾ ਅਰਥ ਸ਼ਾਸਤਰ ਹੈ ਜਿਸ ਵਿੱਚ ਇੱਕ ਤੇ ਇੱਕ ਦੋ ਨਹੀਂ ਬਲਕਿ ਗਿਆਰਾਂ ਹੋ ਜਾਂਦੇ ਹਨ ਪਾਰ ਜੇਜਾਰਾ ਜਿਹਾ ਟਪਲਾ ਲੱਗ ਗਿਆ ਤਾਂ ਇੱਕ ਤੇ ਇੱਕ ਦੋ ਤਾਂ ਕਿ ਅੱਧਾ ਵੀ ਪੱਲੇ ਨਹੀਂ ਬਚਦਾ। ਜਦੋਂ ਬੈਂਕ ਅਤੇ ਉਸਦਾ ਕਰਜ਼ਦਾਰ ਗਿਆਰਾਂ ਵਾਲੀ ਜੋਡੀ ਵਾਂਗ ਆਪੋ ਵਿੱਚ ਘਿਓ ਖਿੱਚੜੀ ਹੁੰਦੇ ਹਨ ਤਾਂ ਮਾਲਿਆ ਰਗੇ ਕੁਝ ਮਾਮਲਿਆਂ ਨੂੰ ਛੱਡ ਕੇ ਸ਼ਾਇਦ ਦੋਵੈਂ ਹੀ ਫਾਇਦੇ ਵਿੱਚ ਰਹਿੰਦੇ ਹਨ।  ਬੈਂਕ ਛੇਤੀ ਕਿਤੇ ਆਪਣੇ ਕਰਜ਼ਦਾਰ ਨੂੰ ਗੁੰਮਰਾਹ ਨਹੀਂ ਕਰਦਾ ਉਸਨੂੰ ਡੁੱਬਣ ਵੀ ਨਹੀਂ ਦੇਂਦਾ ਪਰ ਕੁਝ ਚਲਾਕ ਲੋਕਾਂ ਵੱਲੋਂ ਕਈ ਵਾਰ ਦਿਖਾਈਆਂ ਜਾ ਚੁੱਕੀਆਂ ਚਲਾਕੀਆਂ ਤੋਂ ਬਾਅਦ ਬੈਂਕਾਂ ਦੀ ਸਖਤੀ ਦਾ ਨਿਸ਼ਾਨਾ ਉਹ ਲੋਕ ਵੀ ਬਣੇ ਜਿਹਨਾਂ ਦੇ ਮਨਾਂ ਵਿੱਚ ਕੋਈ ਚਲਾਕੀ ਨਹੀਂ ਹੁੰਦੀ।ਸਾਡੀ ਟੀਮ ਨੇ ਬੈਂਕ ਕਰਜ਼ਿਆਂ ਅਤੇ ਖੁਦਕੁਸ਼ੀਆਂ ਬਾਰੇ ਇਸ ਸਟਾਲ ਤੇ ਮੌਜੂਦ ਬੈਂਕ ਅਧਿਕਾਰੀਆਂ ਨਾਲ ਵੀ ਗੱਲ ਕੀਤੀ। ਉਹਨਾਂ ਨਿਸ ਗੱਲ ਤੇ ਜ਼ੋਰ ਦਿੱਤਾ ਕਿ ਜੇ ਸਿਰਫ ਲੋੜ ਮੁਤਾਬਿਕ ਕਰਜ਼ਾ ਲਿਆ ਜਾਵੇ ਅਤੇ ਵੇਲੇ ਸਰ ਵਾਪਿਸ ਦੇ ਦਿੱਤਾ ਜਾਵੇ ਤਾਂ ਬੈਂਕ ਵਰਗਾ ਕੋਈ ਹੋਰ ਦੋਸਤ ਵੀ ਨਹੀਂ ਹੁੰਦਾ।  

No comments: