Wednesday, September 21, 2016

ਐਂਕਰ ਤੋਂ ਪੰਜਾਬ ਆਰਟਸ ਕੌਂਸਲ ਦੀ ਚੇਅਰਮੈਨੀ ਤੱਕ ਸਤਿੰਦਰ ਸੱਤੀ

ਕਈ ਨਾਮੀ ਵਿਦਵਾਨਾਂ ਨੂੰ ਅੱਖੋਂ ਪਰੋਖੇ ਕਰਕੇ ਹੋਈ ਨਿਯੁਕਤੀ 
ਚੰਡੀਗੜ੍ਹ: 20 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਵਿਵਾਦਾਂ ਦੇ ਬਾਵਜੂਦ ਸਤਿੰਦਰ ਸੱਤੀ ਦੇ ਨਾਮ ਦਾ ਰਸਮੀ ਐਲਾਨ ਹੋ ਗਿਆ ਹੈ। ਇਸ ਮਕਸਦ ਲਈ ਚੰਡੀਗੜ੍ਹ ਵਿੱਚ ਤਕਰੀਬਨ ਸਾਰੀਆਂ ਸਬੰਧਿਤ ਧਿਰਾਂ ਮੌਜੂਦ ਸਨ। ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੀ ਮਿਆਦ ਜੋ ਇਸ ਸਾਲ 29 ਜੁਲਾਈ ਨੂੰ ਖ਼ਤਮ ਹੋ ਗਈ ਸੀ ਅੱਜ ਉਸ ਦਾ ਪੁਨਰਗਠਨ ਕਰਦੇ ਹੋਏ ਉੱਘੀ ਮੰਚ ਸੰਚਾਲਕ, ਅਦਾਕਾਰਾ ਤੇ ਗਾਇਕਾ ਸਤਿੰਦਰ ਸੱਤੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ 3 ਸਾਲਾਂ ਲਈ ਚੇਅਰਪਰਸਨ ਲਗਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਇਸ ਪ੍ਰੀਸ਼ਦ 'ਚ ਉੱਘੇ ਉਦਯੋਗਪਤੀ ਇੰਜ: ਸੁਰਿੰਦਰ ਸਿੰਘ ਵਿਰਦੀ ਨੂੰ ਉਪ ਚੇਅਰਮੈਨ ਬਣਾਇਆ ਗਿਆ ਹੈ, ਜਦੋਂਕਿ ਕਲਾ ਖੇਤਰ ਨਾਲ ਲੰਬੇ ਸਮੇਂ ਤੋਂ ਜੁੜੇ ਆ ਰਹੇ ਸ. ਲਖਵਿੰਦਰ ਸਿੰਘ ਜੌਹਲ ਨੂੰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦਾ ਸਕੱਤਰ ਜਨਰਲ ਲਗਾਇਆ ਗਿਆ ਹੈ। 
ਚੇਤੇ ਰਹੇ ਕਿ ਸੱਤੀ ਦੇ ਨਾਮ ਨੂੰ ਲੈ ਕੇ ਕਾਫੀ ਵਾਵੇਲਾ ਹੋਇਆ ਸੀ। ਉੱਘੀ ਲੇਖਿਕਾ ਮਨਜੀਤ ਇੰਦਰਾ ਨੇ ਇਸ ਨਾਮ 'ਤੇ ਖੁਲ੍ਹਾ ਇਤਰਾਜ਼ ਉਠਾਇਆ ਸੀ। ਉਸਨੇ ਸਾਫ ਕਿਹਾ ਸੀ ਕਿ ਸੱਤੀ ਸਾਹਿਤ ਅਤੇ ਕਲਾ ਦਾ ਕੁਝ ਨਹੀਂ ਸੰਵਾਰ ਸਕਦੀ। ਕਾਬਿਲੇ ਜ਼ਿਕਰ ਹੈ ਕਿ ਸਤਿੰਦਰ ਸੱਤੀ ਨੇ ਕੁੱਝ ਸਮਾਂ ਪਹਿਲਾਂ ਹੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਸੀ ਅਤੇ ਸਿਆਸਤ ਦੀ ਪਹਿਲੀ ਪੌੜੀ ਚੜ੍ਹਦਿਆਂ ਹੀ ਉਸ ਨੇ ਇਹ ਵਕਾਰੀ ਅਹੁਦਾ ਹਾਸਲ ਕਰ ਲਿਆ ਹੈ। ਸਾਹਿਤਕਾਰਾਂ ਨੇ ਕਲਾ ਪ੍ਰੀਸ਼ਦ ਦੇ ਵਕਾਰੀ ਅਹੁਦੇ ਜਿਸ 'ਤੇ ਐਮ.ਐਸ. ਰੰਧਾਵਾ, ਕੁਲਵੰਤ ਸਿੰਘ ਵਿਰਕ, ਸਰਦਾਰ ਅੰਜੁਮ, ਕਰਤਾਰ ਸਿੰਘ ਦੁੱਗਲ ਵਰਗੀਆਂ ਸ਼ਖ਼ਸੀਅਤਾਂ ਬਿਰਾਜਮਾਨ ਰਹੀਆਂ ਹਨ, ਲਈ ਸਤਿੰਦਰ ਸੱਤੀ ਨੂੰ ਅਯੋਗ ਦਸਿਆ ਹੈ। ਉਧਰ, ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਸੋਹਣ ਸਿੰਘ ਠੰਡਲ ਦਾ ਕਹਿਣਾ ਹੈ ਕਿ ਸਤਿੰਦਰ ਸੱਤੀ 'ਚ ਐਂਕਰਿੰਗ ਤੋਂ ਇਲਾਵਾ ਹੋਰ ਵੀ ਪ੍ਰਤਿਭਾ ਹੈ। 
ਸਤਿੰਦਰ ਸੱਤੀ ਦਾ ਜਨਮ ਬਟਾਲਾ ਵਿਖੇ ਹੋਇਆ। ਸੱਤੀ ਨੇ ਐਲ.ਐਲ.ਐਮ (ਵਕਾਲਤ ਦੀ ਉੱਚ ਡਿਗਰੀ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਹਾਸਲ ਕੀਤੀ। ਉਸ ਸਮੇਂ ਸੱਤੀ ਨੂੰ ਵੀ ਨਹੀਂ ਸੀ ਪਤਾ ਸੀ ਕਿ ਉਹ ਇਸ ਵੱਕਾਰੀ ਅਹੁਦੇ ਦੀ ਚੇਅਰਮੈਨੀ ਤੱਕ ਜਾ ਪੁੱਜੇਗੀ। ਸੱਤੀ ਨੂੰ ਜਲੰਧਰ ਦੂਰਦਰਸ਼ਨ ਦੇ ‘ਲਿਸ਼ਕਾਰਾ’ ਪ੍ਰੋਗਰਾਮ ਵਿੱਚ ਪਹਿਲਾ ਮੌਕਾ ਐਂਕਰ ਵਜੋਂ ਮਿਲਿਆ ਜੋ ਸੱਤੀ ਦੇ ਕਰੀਅਰ ਲਈ ਮੀਲ ਪੱਥਰ ਸਾਬਤ ਹੋਇਆ। 
ਉਨ੍ਹਾਂ ਕਿਹਾ ਕਿ ਕਾਰਜਕਾਰਣੀ ਦੀ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਹੈ ਤੇ ਹੁਣ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ।  ਇਸ ਮੌਕੇ 'ਤੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਸੋਹਣ ਸਿੰਘ ਠੰਡਲ, ਡਾਇਰੈਕਟਰ ਸੱਭਿਆਚਾਰਕ ਮਾਮਲਿਆਂ ਪੰਜਾਬ ਨਵਜੋਤਪਾਲ ਸਿੰਘ ਰੰਧਾਵਾ, ਡਾ. ਸਰਬਜੀਤ ਕੌਰ ਸੋਹਲ, ਨਿਰਮਲ ਜੌੜਾ, ਡਾ. ਸਤੀਸ਼ ਵਰਮਾ, ਗੁਰਮੀਤ ਜੌੜਾ ਆਦਿ ਨੇ ਵੀ ਸ਼ਿਰਕਤ ਕੀਤੀ।  ਪੰਜਾਬ ਕਲਾ ਪ੍ਰੀਸ਼ਦ ਦੇ ਗਠਨ ਨਾਲ ਹੀ ਪ੍ਰੀਸ਼ਦ ਤਹਿਤ ਕੰਮ ਕਰ ਰਹੀਆਂ 3 ਅਕਾਦਮੀਆਂ ਦਾ ਵੀ ਗਠਨ ਕੀਤਾ ਗਿਆ ਹੈ। ਇਸ 'ਚ ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਉੱਘੇ ਰੰਗਕਰਮੀ ਕੇਵਲ ਧਾਲੀਵਾਲ ਨੂੰ ਪ੍ਰਧਾਨ, ਨਿਰਮਲ ਜੋੜਾ ਨੂੰ ਮੀਤ ਪ੍ਰਧਾਨ ਤੇ ਪ੍ਰੀਤਮ ਰੁਪਾਲ ਨੂੰ ਇਸ ਅਕਾਦਮੀ ਦਾ ਸਕੱਤਰ ਬਣਾਇਆ ਗਿਆ ਹੈ। ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਨੂੰ ਸੌਾਪੀ ਗਈ ਹੈ, ਜਦਕਿ ਸਮਾਜ ਸੇਵੀ ਗੁਰਮੀਤ ਜੌੜਾ ਨੂੰ ਮੀਤ ਪ੍ਰਧਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜ਼ਰੀਏ ਚੰਗਾ ਨਾਮਣਾ ਖੱਟਣ ਵਾਲੀ ਸ਼ਖ਼ਸੀਅਤ ਡਾ. ਸਤੀਸ਼ ਵਰਮਾ ਨੂੰ ਇਸ ਅਕਾਦਮੀ ਦਾ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਕਲਾ ਪ੍ਰੀਸ਼ਦ ਤਹਿਤ ਕੰਮ ਕਰਨ ਵਾਲੀ ਲਲਿਤ ਕਲਾ ਅਕਾਦਮੀ 'ਚ ਦੀਵਾਨ ਮੰਨਾ ਨੂੰ ਪ੍ਰਧਾਨ, ਪ੍ਰਮੁੱਖ ਚਿੱਤਰਕਾਰ ਮਲਕੀਅਤ ਸਿੰਘ ਨੂੰ ਉਪ ਪ੍ਰਧਾਨ ਤੇ ਸ੍ਰੀਮਤੀ ਸਾਧਨਾ ਸੰਗਰ ਨੂੰ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਪੰਜਾਬ ਕਲਾ ਪ੍ਰੀਸ਼ਦ ਦੀ ਸਟੇਟ ਬਾਡੀ ਦੀ ਕਾਰਜਕਾਰਨੀ ਵੀ ਬਣਾਈ ਗਈ। ਜਿਸ 'ਚ ਪੰਜਾਬ ਕਲਾ ਪ੍ਰੀਸ਼ਦ ਦੇ ਤਿੰਨੋ ਅਹੁਦੇਦਾਰ (ਸਤਿੰਦਰ ਸੱਤੀ, ਇੰਜ: ਐਸ.ਐਸ.ਵਿਰਦੀ ਤੇ ਲਖਵਿੰਦਰ ਜੌਹਲ) ਤੋਂ ਇਲਾਵਾ ਤਿੰਨੋ ਅਕਾਦਮੀਆਂ ਦੇ ਪ੍ਰਧਾਨ, ਸਕੱਤਰ ਕਲਚਰਲ ਤੇ ਸਕੱਤਰ ਵਿੱਤ ਪੰਜਾਬ ਸਰਕਾਰ, ਦੇ ਨਾਲ-ਨਾਲ ਵੱਖੋ-ਵੱਖ ਖੇਤਰਾਂ 'ਚ ਨਾਮੀਂ ਸ਼ਖ਼ਸੀਅਤਾਂ ਵਿਚ ਸਟੇਟ ਐਵਾਰਡੀ ਡਾ. ਦਵਿੰਦਰ ਸਿੰਘ ਛੀਨਾ, ਡਾ. ਸਤੀਸ਼ ਵਰਮਾ ਤੇ ਕਿਰਨਜੀਤ ਕੌਰ ਧਾਮੀ (ਹੁਸ਼ਿਆਰਪੁਰ) ਨੂੰ ਇਸ ਸਟੇਟ ਬਾਡੀ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ 'ਤੇ ਸਤਿੰਦਰ ਸੱਤੀ ਨੂੰ ਚੇਅਰਪਰਸਨ ਦੀ ਕੁਰਸੀ 'ਤੇ ਬਿਠਾਉਂਦੇ ਹੋਏ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਕਿਹਾ ਕਿ ਸਾਡੇ ਸੱਭਿਆਚਾਰ ਤੇ ਕਲਾ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਠੋਸ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਸਤਿੰਦਰ ਸੱਤੀ ਨੇ ਆਪਣਾ ਅਹੁਦਾ ਸੰਭਾਲਦੇ ਹੋਏ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸੱਭਿਆਚਾਰਕ ਖੇਤਰ 'ਚ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਪੰਜਾਬ ਦੀ ਸੱਭਿਆਚਾਰ ਨੀਤੀ ਬਣਾਉਣ ਲਈ ਪਹਿਲ ਦੇ ਆਧਾਰ 'ਤੇ ਤਵੱਜੋਂ ਦੇਵੇਗੀ। ਇਸੇ ਦੌਰਾਨ ਕੌਂਸਲ ਦੇ ਉਪ ਚੇਅਰਮੈਨ ਇੰਜ: ਐਸ.ਐਸ. ਵਿਰਦੀ ਨੇ ਕਿਹਾ ਪੰਜਾਬ ਦੇ ਸੱਭਿਆਚਾਰ ਨੂੰ ਪਿੰਡ-ਪਿੰਡ ਤੱਕ ਲਿਜਾਉਣ ਦੇ ਯਤਨ ਕੀਤੇ ਜਾਣਗੇ। ਅੱਜ ਦੀ ਇਸ ਵਿਸ਼ੇਸ਼ ਇਕੱਤਰਤਾ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀਆਂ ਵੱਲੋਂ ਆਪਣੇ ਨੁਮਾਂਇੰਦੇ ਭੇਜੇ ਗਏ ਉੱਥੇ ਖੇਤਰੀ ਡਾਇਰੈਕਟਰ ਆਈ.ਸੀ.ਸੀ.ਆਰ ਸ੍ਰੀਮਤੀ ਨਲਿਨੀ ਸਿੰਘਲ ਆਦਿ ਵੀ ਹਾਜ਼ਰ ਸਨ।  

No comments: