Wednesday, September 14, 2016

ਯਾਦਗਾਰੀ ਰਿਹਾ ਕਲਮ ਕਾਫ਼ਿਲਾ ਦਾ ਰੰਗਾਰੰਗ ਪ੍ਰੋਗਰਾਮ

ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਕੀਤਾ ਗੋਲਡਨ ਜੁਬਲੀ ਸਮਾਗਮ 
ਲੁਧਿਆਣਾ: 13 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਪੱਥਰਾਂ ਵਿੱਚ ਦਿਲ ਨਹੀਂ ਹੁੰਦੇ ਪਰ ਲੱਭਣ ਵਾਲੇ ਪੱਥਰਾਂ ਵਿੱਚੋਂ ਵੀ ਬਹੁਤ ਕੁਝ ਅਜਿਹਾ ਲੱਭ ਲੈਂਦੇ ਹਨ ਜਿਸ ਨਾਲ ਬੇਜਾਨ ਪੱਥਰ ਵੀ ਪੂਜਾ ਘਰ ਵਿੱਚ ਪਹੁੰਚ ਜਾਂਦਾ ਹੈ। ਉਸ ਕੋਲ ਬੈਠਣ ਤੇ ਦਿਲ ਕਰਦਾ ਹੈ। ਉਹ ਰੱਬ ਲੱਗਣ ਲੱਗਦਾ ਹੈ। ਉਸ ਵਿੱਚੋਂ ਕੋਈ ਚੇਹਰਾ ਵੀ ਨਜ਼ਰ ਆਉਣ ਲਗਦਾ ਹੈ ਅਤੇ ਦਿਲ ਦੀ ਧੜਕਣ ਵੀ ਸੁਣਾਈ ਦੇਣ ਲੱਗਦੀ ਹੈ। ਇਹ ਗੱਲ ਵੱਖਰੀ ਹੈ ਕਿ ਇਹ ਧੜਕਣ ਸਾਰਿਆਂ ਨੂੰ ਸੁਣਾਈ ਨਹੀਂ ਦੇਂਦੀ। ਉਸ ਵਿੱਚ ਲੁਕਿਆ ਰੱਬ ਸਭਨਾਂ ਨੂੰ ਦਿਖਾਈ ਭਾਵੇਂ ਦੇਵੇ ਪਰ ਮਹਿਸੂਸ ਨਹੀਂ ਹੁੰਦਾ।  ਜਿਹਨਾਂ ਨੂੰ ਅਜਿਹਾ ਕ੍ਰਿਸ਼ਮਾ ਕਰ ਸਕਣ ਵਾਲੀ ਅੱਖ ਅਤੇ ਭਾਵਨਾ ਕਿਸੇ ਬਖਸ਼ਿਸ਼ ਵਾਂਗ ਮਿਲੀ ਹੁੰਦੀ ਹੈ ਉਹਨਾਂ ਲੋਕਾਂ ਦਾ ਇੱਕ ਸਮਾਗਮ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿੱਚ ਸੀ। 
ਸਵਾਰਥੀ ਹੋ ਚੁੱਕੇ ਸਮਾਜ ਵਿੱਚ ਸੰਵੇਦਨਾ ਦਾ ਸੰਚਾਰ ਕਰਨ ਵਾਲਿਆਂ ਦਾ ਸਮਾਗਮ। ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਗੋਲਡਨ ਜੁਬਲੀ ਪ੍ਰੋਗਰਾਮ ਵਿੱਚ ਪਹੁੰਚ ਕੇ ਕੁਝ ਅਜਿਹਾ ਹੀ ਮਹਿਸੂਸ ਹੋਇਆ।  ਪਦਮ ਸ਼੍ਰੀ ਡਾਕਟਰ ਸੁਰਜੇਤ ਪਾਤਰ,  ਪ੍ਰਸਿੱਧ ਲੇਖਕ ਡਾਕਟਰ ਗੁਰਭਜਨ ਗਿੱਲ, ਬੜੀ ਹੀ ਸਾਦਗੀ ਨਾਲ ਦਿਲ ਦਿਮਾਗ ਦੀਆਂ ਡੂੰਘੀਆਂ ਗੱਲਾਂ ਕਰਨ ਵਾਲੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ, ਸਾਹਿਤ-ਪੱਤਰਕਾਰਿਤਾ ਅਤੇ ਸਟੇਜ ਦਰਮਿਆਨ ਇੱਕ ਪੁਲ ਵਾਂਗ ਵਿਚਰ ਕੇ ਬਹੁਤ ਸਾਰੀਆਂ ਲਿਖਤਾਂ ਲਿਖਣ ਵਾਲੇ ਡਾਕਟਰ ਨਿਰਮਲ ਜੌੜਾ,  ਪੀਏਯੂ ਦੇ ਸੰਚਾਰ ਕੇਂਦਰ ਦੀ ਐਡੀਸ਼ਨਲ ਡਾਇਰੈਕਟਰ ਮੈਡਮ ਜਗਦੀਸ਼ ਕੌਰ,  ਪ੍ਰਗਤੀਸ਼ੀਲ ਲਹਿਰ ਨਾਲ ਜੁੜੀ ਲੇਖਿਕਾ ਡਾਕਟਰ ਗੁਰਚਰਨ ਕੌਰ ਕੋਚਰ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਦੀ ਮੌਜੂਦਾ ਪ੍ਰਧਾਨ ਡਾਲਟਰ ਦੇਵਿੰਦਰ ਕੋਚਰ ਦਿਲਰੂਪ ਵਰਗੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਕਵਿਤਾ ਦੇ ਨਾਲ ਨਾਲ ਕਾਵਿ ਸੰਵੇਦਨਾ ਦੀ ਕੈਮਿਸਟਰੀ, ਜ਼ਿੰਦਗੀ ਚੋਂ ਮਿਲਦੇ ਜ਼ਹਿਰ ਨੂੰ ਅੰਮ੍ਰਿਤ ਬਣਾ ਕੇ ਵਾਪਿਸ ਮੋੜਨ ਦੀ ਕਲਾ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। 
ਡਾਕਟਰ ਸੁਰਜੀਤ ਪਾਤਰ ਹੁਰਾਂ ਨੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਤੋਂ ਲੈ ਕੇ ਹੁਣ ਤੱਕ ਦੇ ਮੌਜੂਦਾ ਦੌਰ ਦੀਆਂ ਕਈ ਗੱਲਾਂ ਯਾਦ ਕਰਾਈਆਂ। ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਨੇ ਮੰਚ ਤੋਂ ਬਹੁਤ ਸਾਰੀਆਂ ਗੱਲਾਂ ਯਾਦ ਕਰਾਈਆਂ। ਡਾਕਟਰ ਐਸ ਐਨ ਸੇਵਕ ਹੁਰਾਂ ਦੀ ਦੇਣ ਬਾਰੇ ਵੀ ਕਈ ਵਾਰ ਚਰਚਾ ਹੋਈ। ਉਹ 1990 ਤੋਂ 1996 ਤੱਕ ਇਸ ਸੰਗਠਨ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਹੇ। 
ਡਾਕਟਰ ਪਾਤਰ ਨੇ ਦੱਸਿਆ ਕਿ ਅਸਲ ਵਿੱਚ ਕਵਿਤਾ ਆਪਣੇ ਹਾਲ ਦਾ ਬਿਆਨ ਹੀ ਹੁੰਦਾ ਹੈ ਜਿਵੈਂ ਸ਼ਿਵ ਕੁਮਾਰ ਨੇ ਆਖਿਆ ਸੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ,
ਸਦਾ ਨਦੀਓਂ ਵਿਛੜੇ ਨੀਰਾਂ ਦਾ !
ਉਹਨਾਂ ਇਸੇ ਸੰਦਰਭ ਵਿੱਚ ਆਪਣੇ ਇੱਕ ਬਹੁਤ ਹੀ ਹਰਮਨ ਪਿਆਰੇ ਸ਼ੇਅਰ ਦਾ ਵੀ ਜ਼ਿਕਰ ਕੀਤਾ:
ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ,
ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ !
ਉਹਨਾਂ ਕਿਹਾ ਕਿ ਕਵਿਤਾ ਉਸ ਸਰਕਸ ਵਿੱਚ ਕਲਾਬਾਜ਼ਾਂ ਹੇਠਾਂ ਲੱਗੇ ਉਸ ਜਾਲ ਵਾਂਗ ਹੁੰਦੀ ਹੈ ਜਿਹੜਾ ਉਹਨਾਂ ਨੂੰ ਡਿੱਗਣ 'ਤੇ ਵੀ ਸੱਟ ਨਹੀਂ ਲੱਗਣ ਦੇਂਦਾ। ਕਵਿਤਾ ਜ਼ਿੰਦਗੀ ਦੀ ਅਸਲ ਸਰਕਸ ਵਿਛਕ ਵੀ ਸਾਨੂੰ ਸਹਾਰਾ ਦੇਂਦੀ ਹੈ।  ਜਦੋਂ ਹਰ ਪਾਸੇ ਹਨੇਰਾ ਹੋਵੇ ਜਾਂ ਕਿਤੇ ਬੰਦਾ ਡਿੱਗ ਪਵੇ ਤਾਂ ਕੋਈ ਕਾਵਿ ਸਤਰ ਸਾਨੂੰ ਹੋਂਸਲਾ ਦੇ ਕੇ ਬਚਾ ਲੈਂਦੀ ਹੈ। ਉਹਨਾਂ ਪ੍ਰੋਫੈਸਰ ਮੋਹਨ ਸਿੰਘ ਨਾਲ ਆਪਣੀਆਂ ਬਹੁਤ ਸਾਰੀਆਂ ਦਿਲਚਸਪ ਯਾਦਾਂ ਵੀ ਸਾਂਝੀਆਂ ਕੀਤੀਆਂ। 
ਵਿਦਿਆਰਥੀਆਂ ਨੇ ਭੰਗੜੇ ਸਮੇਤ ਬਹੁਤ ਸਾਰੀਆਂ ਸੱਭਿਆਚਾਰਕ ਆਈਟਮਾਂ ਵੀ ਤਿਆਰ ਕੀਤੀਆਂ ਸਨ ਜਿਹਨਾਂ ਨੇ ਸਾਰੇ ਮਾਹੌਲ ਨੂੰ ਸੰਗੀਤਕ ਬਣਾਈ ਰੱਖਿਆ। ਇਸਦੇ ਨਾਲ ਹੀ ਇਹਨਾਂ ਆਈਟਮਾਂ ਨੇ ਚੇਤਨਾ ਵੀ ਜਗਾਈ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। 

No comments: