Saturday, August 20, 2016

PAU ਵਿਖੇ ਵਿਸ਼ਵ ਸ਼ਹਿਦ ਦਿਵਸ ਮਨਾਇਆ ਗਿਆ

PAU ਦੇ ਕੋਰਸਾਂ ਨੇ ਸ਼ੁਰੂ ਕੀਤੀ ਸ਼ਹਿਦ ਦੇ ਨਾਲ ਨਾਲ ਆਰਥਿਕ ਕ੍ਰਾਂਤੀ 
ਲੁਧਿਆਣਾ: 20 ਅਗਸਤ 2016: (ਪੰਜਾਬ ਸਕਰੀਨ ਟੀਮ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵਿਸ਼ਵ ਸ਼ਹਿਦ ਦਿਵਸ ਮਨਾਇਆ ਗਿਆ ਜਿਸ ਵਿੱਚ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਜਥੇਦਾਰ ਤੋਤਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਇਸ ਮੌਕੇ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਡਾ: ਗੁਰਕੰਵਲ ਸਿੰਘ ਅਤੇ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਕੁਲਵੰਤ ਸਿੰਘ ਆਹਲੂਵਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। 
ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਾਨੂੰ ਸਹਾਇਕ ਕਿੱਤਿਆਂ ਵੱਲ ਤੁਰਨਾ ਪਵੇਗਾ, ਇਸ ਲਈ ਮਧੂ ਮੱਖੀ ਪਾਲਨ ਇੱਕ ਚੰਗਾ ਬਦਲ ਹੈ। ਉਹਨਾਂ ਕਿਹਾ ਕਿ ਅਸੀਂ ਇਸ ਨਾਲ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਾਂ ਅਤੇ ਖੇਤੀ ਪੈਦਾਵਾਰ ਵੀ ਵਧਾ ਸਕਦੇ ਹਾਂ। ਇਸ ਕਿੱਤੇ ਨੂੰ ਸੂਬੇ ਵਿੱਚ ਹੋਰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ। ਉਹਨਾਂ ਅਗਾਂਹਵਧੂ ਮੱਖੀ ਪਾਲਕਾਂ ਦੀ ਜਥੇਬੰਦੀ ਦੀ ਭਰਪੂਰ ਸ਼ਲਾਘਾ ਕੀਤੀ ਜਿਹਨਾਂ ਇਸ ਸਮਾਗਮ ਨੂੰ ਆਯੋਜਿਤ ਕਰਨ ਵਿੱਚ ਪਹਿਲਕਦਮੀ ਕੀਤੀ।
  ਡਾ: ਢਿੱਲੋਂ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਇਸ ਖੇਤਰ ਵਿੱਚ ਅਨੇਕਾਂ ਸੰਭਾਵਨਾਵਾਂ ਹਨ ਅਤੇ ਪੰਜਾਬ ਦੇ ਮਧੂ ਮੱਖੀ ਪਾਲਕਾਂ ਨੂੰ ਵੱਡੀ ਪੱਧਰ ਤੇ ਸਿਖਲਾਈਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸੂਬਾ ਸ਼ਹਿਦ ਉਤਪਾਦਨ ਵਿੱਚ ਮੋਢੀ ਸੂਬਾ ਬਣ ਚੁੱਕਿਆ ਹੈ ਅਤੇ ਕਿਹਾ ਕਿ ਕੁਦਰਤੀ ਵਰਤਾਰੇ ਪਰ ਪਰਾਗਣ ਵਿੱਚ ਵੀ ਮਧੂ ਮੱਖੀਆਂ ਚੰਗਾ ਯੋਗਦਾਨ ਪਾਉਂਦੀਆਂ ਹਨ। ਇਸ ਤੋਂ ਪਹਿਲਾਂ ਡਾ: ਗੁਰਕੰਵਲ ਨੇ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਅੰਤ ਵਿੱਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਆਰ ਕੇ ਗੁੰਬਰ ਨੇ ਕਹੇ। ਇਸ ਸਮਾਗਮ ਦੌਰਾਨ ਤਕਨੀਕੀ ਸੈਸ਼ਨਾਂ ਦਾ ਆਯੋਜਨ ਵੀ ਕੀਤਾ ਗਿਆ ਅਤੇ ਵੱਖ-ਵੱਖ ਮਧੂ ਮੱਖੀ ਪਾਲਕਾਂ ਨੰੂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਮਧੂ ਮੱਖੀ ਪਾਲਕਾਂ ਵੱਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ।
  ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਬੋਲਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਾਜਿੰਦਰ ਸਿੰਘ ਸਿੱਧੂ ਨੇ  ਕਿਹਾ ਕਿ ਇਸ ਬਾਬਤ ਪੀਏਯੂ ਦੇ ਮਾਹਰ ਕਾਫੀ ਮੇਹਨਤ ਕਰ ਰਹੇ ਹਨ।
ਇਸ ਮੌਕੇ ਤੇ ਉਹਨਾਂ ਔਰਤਾਂ ਨੇ ਵੀ ਸਰਗਰਮ ਸ਼ਮੂਲੀਅਤ ਜਿਹਨਾਂ ਨੇ ਮਧੂ ਮੱਖੀ ਪਾਲਣ ਅਤੇ ਸ਼ਹਿਦ ਫਾਰਮਿੰਗ ਵਿੱਚ ਚੰਗਾ ਨਾਮਣਾ ਖੱਟਿਆ ਹੈ। ਦਿਲਚਸਪ ਗੱਲ ਹੈ ਕਿ ਮਾਰਕੀਟ ਵਿੱਚ ਮਿਲਦੇ ਸ਼ਹਿਦ ਨਾਲੋਂ ਪੀ ਏ ਯੂ ਦੇ ਟਰੇਂਡ ਕੀਤੇ ਗਏ ਸ਼ਹਿਦ ਫਾਰਮਰਾਂ ਵੀਵੱਲੋਂ ਤਿਆਰ ਸ਼ਹਿਦ ਜ਼ਿਆਦਾ ਸਸਤਾ, ਜ਼ਿਆਦਾ ਸ਼ੁੱਧ ਅਤੇ ਜ਼ਿਆਦਾ ਸੁਆਦੀ ਵੀ ਹੈ। 

No comments: