Tuesday, August 02, 2016

E-Rickshaw; ਬੇਲਨ ਬ੍ਰਿਗੇਡ ਅਤੇ ਕੁਝ ਹੋਰਨਾਂ ਦਾ ਸੁਪਨਾ ਸਾਕਾਰ

ਔਰਤਾਂ ਲਈ 'ਈ-ਰਿਕਸ਼ਾ' ਸ਼ੁਰੂ ਕਰਨ ਵਾਲਾ ਲੁਧਿਆਣਾ ਸੂਬੇ ਦਾ ਪਹਿਲਾ ਸ਼ਹਿਰ
11 'ਈ-ਰਿਕਸ਼ਾ' ਵਾਹਨਾਂ ਨੂੰ ਸਿੰਚਾਈ ਮੰਤਰੀ ਨੇ ਦਿਖਾਈ ਹਰੀ ਝੰਡੀ 
ਔਰਤਾਂ/ਲੜਕੀਆਂ ਹੀ ਚਲਾਉਣਗੀਆਂ ਤੇ ਸਫ਼ਰ ਕਰਨਗੀਆਂ 
ਨਾਰੀ ਸਸ਼ਕਤੀਕਰਨ ਅਤੇ ਸੁਰੱਖਿਆ ਸੰਬੰਧੀ ਜ਼ਿਲਾ ਪ੍ਰਸਾਸ਼ਨ ਦੀ ਪਹਿਲਕਦਮੀ ਸ਼ਲਾਘਾਯੋਗ-ਸ਼ਰਨਜੀਤ ਸਿੰਘ ਢਿੱਲੋਂ
ਲੁਧਿਆਣਾ: 2 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਜਦੋਂ ਅਖਬਾਰਾਂ ਵਿੱਚ ਰਾਹ ਜਾਂਦੀਆਂ ਔਰਤਾਂ ਅਤੇ ਕੁੜੀਆਂ ਨਾਲ ਛੇੜਛਾੜ ਅਤੇ ਹੋਰ ਭਿਆਨਕ ਜੁਰਮ ਵਾਪਰਦੇ ਤਾਂ ਉਹਨਾਂ ਕਾਰਿਆਂ ਦੀ ਨਿੰਦਾ ਦਾ ਇੱਕ ਹੜ੍ਹ ਆ ਜਾਂਦਾ। ਇੱਕ ਅੱਧ ਦਿਨ ਬਾਅਦ ਹੀ ਲੋਕਾਂ ਨੂੰ ਪਹਿਲੀ ਵਾਰਦਾਤ ਭੁੱਲ ਜਾਂਦੀ ਪਰ ਇਸਦੇ ਨਾਲ ਹੀ ਕੋਈ ਹੋਰ ਅਜਿਹੀ ਵਾਰਦਾਤ ਅਖਬਾਰਾਂ ਦੀ ਸੁਰਖੀ ਬਣ ਜਾਂਦੀ। ਉਸ ਵੇਲੇ ਬੇਲਨ ਬ੍ਰਿਗੇਡ ਪ੍ਰਮੁੱਖ ਅਨੀਤਾ ਸ਼ਰਮਾ, ਦਾਦਾ ਮੋਟਰਜ਼ ਅਤੇ ਕੁਝ ਹੋਰਨਾਂ ਅਦਾਰਿਆਂ, ਸੰਸਥਾਵਾਂ ਅਤੇ ਸ਼ਖਸੀਅਤਾਂ ਨੇ ਇਸ ਬਾਰੇ ਗੰਭੀਰਤਾ ਨਾਲ ਸੋਚਦਿਆਂ ਕੋਈ ਠੋਸ ਕਦਮ ਪੁੱਟਣ ਦਾ ਫੈਸਲਾ ਕੀਤਾ। ਕੁਝ ਮਹੀਨੇ ਪਹਿਲਾਂ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਬੁਲਾ ਕੇ ਇਹ ਯੋਜਨਾ ਸਮਾਜ ਅਤੇ ਸਰਕਾਰ ਸਾਹਮਣੇ ਰੱਖੀ ਗਈ। ਚੰਗੇ ਇਰਾਦੇ ਅਤੇ ਸਮੇਂ ਦੀ ਗੱਲ ਕਿ ਇਸ ਕਾਫ਼ਿਲੇ ਵਿੱਚ ਹੀਰੋ ਸਾਈਕਲਜ਼, ਏਵਨ ਸਾਈਕਲਜ਼ ਅਤੇ ਫਿੱਕੀ ਵੀ ਆ ਰਲੇ। ਏਡੀਸੀ (ਵਿਕਾਸ) ਮਿਸ ਅਪਨੀਤ ਰਿਆਤ ਨੇ ਅਖਬਾਰੀ ਪ੍ਰਚਾਰ ਤੋਂ ਦੂਰ ਰਹਿੰਦੀਆਂ ਇਸ ਸਾਰੇ ਮਿਸ਼ਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਅਤੇ ਇਸ ਸੁਪਨੇ ਨੂੰ ਸਾਕਾਰ ਕਰ ਦਿਖਾਇਆ। ਬਹੁਤ ਸਾਰੀਆਂ ਔਰਤਾਂ ਨੂੰ ਝਿਜਕ ਸੀ ਕਿ ਕੀ ਅਸੀਂ ਆਟੋ ਡਰਾਈਵਰ ਬਣੀਏ? ਲੋਕ ਕੀ ਕਹਿਣਗੇ-ਇਹ ਖਿਆਲ-ਇਹਨਾਂ ਦੇ ਰਸਤੇ ਵਿੱਚ ਦੀਵਾਰ ਬਣ ਗਿਆ ਸੀ। ਇਹਨਾਂ ਦੀ ਝਿਜਕ ਤੋੜਨ ਲਈ ਬੇਲਨ ਬ੍ਰਿਗੇਡ ਪ੍ਰਮੁੱਖ ਅਨੀਤਾ ਸ਼ਰਮਾ ਖੁਦ ਸਾਹਮਣੇ ਆਈ ਤੇ ਕਿਹਾ ਲਓ ਮੈਂ ਬਣਾਂਗੀ ਤੁਹਾਡੇ ਲਈ ਮਿਸਾਲ। ਜਦੋਂ ਇਹ ਮਹਿਲਾ ਲੀਡਰ ਸਰਕਟ ਹਾਊਸ ਤੋਂ ਆਟੋ ਰਿਕਸ਼ਾ ਲੈ ਕੇ ਬਾਹਰ ਨਿਕਲੀ ਤਾਂ ਰਸਤੇ ਵਿੱਚ ਲੋਕ ਖੜੋ ਖੜੋ ਕੇ ਦੇਖਦੇ ਰਹੇ। ਨੇੜੇ ਆ ਕੇ ਸੈਲਫੀ ਲਈ ਰਿਕੁਐਸਟ ਕਰਦੇ ਰਹੇ। ਅਨੀਤਾ ਸ਼ਰਮਾ ਨੇ ਹੀ ਇੱਕ ਹੋਰ ਇੰਡਸਟਰੀਲਿਸਟ ਗੁਰਵੰਤ ਸਿੰਘ ਦੀ ਪਤਨੀ ਮੀਨਾ ਨੂੰ ਵੀ ਨਾਲ ਜੋੜਿਆ ਤਾਂ ਕਿ ਆਮ ਔਰਤਾਂ ਦੀ ਝਿਜਕ ਦੂਰ ਹੋ ਸਕੇ। ਛੇਤੀ ਹੀ ਕੁਝ ਹੋਰਨਾਂ ਪ੍ਰਸਿੱਧ ਔਰਤਾਂ ਅਤੇ ਲੜਕੀਆਂ ਨੂੰ ਵੀ ਸਾਹਮਣੇ ਲਿਆਂਦਾ ਜਾਵੇਗਾ। ਜਦੋਂ ਇਸ ਟਰੇਨਿੰਗ ਦੀ ਰਸਮੀ ਸ਼ੁਰੂਆਤ ਗੁਰੂਨਾਨਕ ਭਵਨ ਵਿੱਚ ਸ਼ੁਰੂ ਹੋਈ ਤਾਂ ਲੱਗਦਾ ਨਹੀਂ ਸੀ ਕਿ ਦਿਨਾਂ ਵਿੱਚ ਹੀ ਇਹ ਸਾਰੀਆਂ ਏਨੀ ਛੇਤੀ ਤੇਰੰਡ ਹੋ ਜਾਣਗੀਆਂ ਪਾਰ ਕ੍ਰਿਸ਼ਮਾ ਸੀ ਜਿਹੜਾ ਸਭ ਦੇਖ ਰਹੇ ਹਨ। ਜਨੂੰਨ ਦਾ ਜਾਦੂ ਸਰ ਚੜ੍ਹ ਕੇ ਬੋਲਿਆ। 
ਇਹਨਾਂ ਦੀ ਰਸਮੀ ਸ਼ੁਰੂਆਤ ਜ਼ਿਲਾ ਲੁਧਿਆਣਾ ਦੀਆਂ ਔਰਤਾਂ/ਲੜਕੀਆਂ ਦੇ ਸਸ਼ਕਤੀਕਰਨ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲਾ ਪ੍ਰਸਾਸ਼ਨ ਨੇ ਇੱਕ ਅਨੋਖੀ ਪਹਿਲਕਦਮੀ ਕੀਤੀ ਹੈ, ਜਿਸ ਤਹਿਤ ਪ੍ਰਸਿੱਧ ਵਪਾਰਕ ਅਦਾਰੇ 'ਹੀਰੋ ਇਲੈਕਟ੍ਰੀਕਲ', 'ਏਵਨ ਸਾਈਕਲਜ਼', 'ਫਿੱਕੀ', ਗੈਰ ਸਰਕਾਰੀ ਸੰਸਥਾ 'ਸਾਹਸ' ਅਤੇ ਹੋਰਾਂ ਨਾਲ ਮਿਲ ਕੇ ਸ਼ਹਿਰ ਵਿੱਚ 'ਈ-ਰਿਕਸ਼ਾ' ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਈਕੋ ਰਿਕਸ਼ਿਆਂ ਨੂੰ ਸਿਰਫ਼ ਔਰਤ/ਲੜਕੀ ਚਾਲਕ ਹੀ ਚਲਾਉਣਗੀਆਂ ਅਤੇ ਇਨ੍ਹਾਂ ਵਿੱਚ ਸਫ਼ਰ ਵੀ ਔਰਤਾਂ/ਲੜਕੀਆਂ ਹੀ ਕਰਿਆ ਕਰਨਗੀਆਂ। ਪਹਿਲੇ ਗੇੜ ਤਹਿਤ 11 'ਈ-ਰਿਕਸ਼ਾ' ਵਾਹਨ ਚਾਲੂ ਕੀਤੇ ਗਏ ਹਨ, ਜੋ ਕਿ ਗੁਲਾਬੀ ਰੰਗ ਵਿੱਚ ਸ਼ਹਿਰ ਲੁਧਿਆਣਾ ਦੀਆਂ ਸੜਕਾਂ 'ਤੇ ਦੌੜਦੇ ਦਿਖਾਈ ਦੇਣਗੇ। ਇਸ ਤਰਾਂ ਲੁਧਿਆਣਾ ਇਹ 'ਈ-ਰਿਕਸ਼ਾ' ਸ਼ੁਰੂ ਕਰਨ ਵਾਲਾ ਸੂਬੇ ਦਾ ਪਹਿਲਾ ਸ਼ਹਿਰ ਬਣ ਗਿਆ ਹੈ।

ਇਹਨਾਂ ਰਿਕਸ਼ਿਆਂ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ 'ਈ-ਰਿਕਸ਼ਾ' ਵਾਹਨਾਂ ਨੂੰ ਸ਼ੁਰੂ ਕਰਨ ਦਾ ਇੱਕ ਮਕਸਦ ਔਰਤਾਂ/ਲੜਕੀਆਂ ਦਾ ਸਸ਼ਕਤੀਕਰਨ ਕਰਨਾ ਵੀ ਹੈ, ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਅਤੇ ਹੋਰਨਾਂ ਔਰਤਾਂ ਲਈ ਪ੍ਰੇਰਨਾ ਬਣ ਸਕਣ। ਰਿਕਸ਼ਾ ਚਾਲਕ ਔਰਤਾਂ/ਲੜਕੀਆਂ ਨੂੰ ਮਾਰੂਤੀ ਸਜ਼ੂਕੀ, ਹੀਰੋ ਅਤੇ ਹੋਰ ਕੰਪਨੀਆਂ ਨੇ ਸਿਖ਼ਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਔਰਤਾਂ ਨੂੰ ਸੁਰੱਖਿਆ ਦਾ ਮਾਹੌਲ ਮਿਲੇਗਾ, ਉਥੇ ਸ਼ਹਿਰ ਦੇ ਪ੍ਰਦੂਸ਼ਣ ਵਿੱਚ ਵੀ ਭਾਰੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਲੁਧਿਆਣਾ ਵਿੱਚ ਇਹ ਤਜਰਬਾ ਸਫ਼ਲ ਹੋ ਗਿਆ ਤਾਂ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਇਸ ਯੋਜਨਾ ਨੂੰ ਲਾਗੂ ਕਰੇਗੀ। ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ਲੁਧਿਆਣਾ ਵਿੱਚੋਂ ਪ੍ਰਦੂਸ਼ਣ ਘੱਟ ਕਰਨ ਲਈ ਕੋਸ਼ਿਸ਼ ਕੀਤੀ ਜਾਵੇਗੀ ਕਿ ਧੁਆਂ ਛੱਡਦੇ ਪੁਰਾਣੇ ਥ੍ਰੀ ਵੀਲਰ ਚਲਾਉਣ ਵਾਲਿਆਂ ਚਾਲਕਾਂ ਨੂੰ ਵੀ ਸਸਤੀਆਂ ਦਰਾਂ 'ਤੇ ਇਹ 'ਈ-ਰਿਕਸ਼ਾ' ਮੁਹੱਈਆ ਕਰਵਾਏ ਜਾਣ। ਉਨ੍ਹਾਂ ਇਸ ਪਹਿਲਕਦਮੀ ਲਈ ਜ਼ਿਲਾ ਪ੍ਰਸਾਸ਼ਨ ਦੀ ਬਹੁਤ ਸ਼ਲਾਘਾ ਕੀਤੀ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਨਵੀਂ ਪਹਿਲ ਦਾ ਹਿੱਸਾ ਬਣਨ ਲਈ ਕਈ ਲੜਕੀਆਂ/ਔਰਤਾਂ ਨੇ ਹਿੰਮਤ ਦਿਖਾਈ ਹੈ। ਇਹ ਚਾਲਕ ਔਰਤਾਂ/ਲੜਕੀਆਂ 18 ਸਾਲ ਤੋਂ ਉੱਪਰ ਉਮਰ ਦੀਆਂ ਹਨ ਅਤੇ ਇਨ੍ਹਾਂ ਨੂੰ ਸਿਖ਼ਲਾਈ ਦਿਵਾ ਕੇ ਬਕਾਇਦਾ ਡਰਾਈਵਿੰਗ ਲਾਇਸੰਸ ਮੁਹੱਈਆ ਕਰਵਾਏ ਗਏ ਹਨ। ਸ਼ੁਰੂਆਤ ਵਿੱਚ ਇਹ ਰਿਕਸ਼ਾ ਵਾਹਨ ਕੁਝ ਚੋਣਵੇਂ ਰੂਟਾਂ 'ਤੇ ਹੀ ਚਲਾਏ ਜਾਣਗੇ, ਜਿੱਥੇ ਕਿ ਔਰਤਾਂ/ਲੜਕੀਆਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨਿੱਤ ਦਿਨ ਹਜ਼ਾਰਾਂ ਔਰਤਾਂ/ਲੜਕੀਆਂ ਸਕੂਲਾਂ, ਕਾਲਜਾਂ ਜਾਂ ਹੋਰ ਅਦਾਰਿਆਂ ਵਿੱਚ ਕੰਮ ਕਰਨ ਲਈ ਜਨਤਕ ਟਰਾਂਸਪੋਰਟ ਸਾਧਨਾਂ ਰਾਹੀਂ ਜਾਂਦੀਆਂ ਹਨ। ਜ਼ਿਲਾ ਪ੍ਰਸਾਸ਼ਨ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਇਨ੍ਹਾਂ ਰਿਕਸ਼ਿਆਂ ਨੂੰ ਚਲਾਉਣ ਲਈ ਔਰਤ ਚਾਲਕਾਂ ਨੂੰ ਹੀ ਭਰਤੀ ਕੀਤਾ ਜਾਵੇ ਤਾਂ ਜੋ ਸਫ਼ਰ ਕਰਨ ਵਾਲੀਆਂ ਔਰਤਾਂ ਦੇ ਮਨ ਵਿੱਚ ਸਫ਼ਰ ਦੌਰਾਨ ਸੁਰੱਖਿਆ ਸੰਬੰਧੀ ਕਿਸੇ ਵੀ ਤਰਾਂ ਦਾ ਡਰ ਜਾਂ ਭੈਅ ਨਾ ਹੋਵੇ। ਵੈਸੇ ਵੀ ਇਹ ਰਿਕਸ਼ਾ ਜ਼ਿਲਾ ਟਰਾਂਸਪੋਰਟ ਦਫ਼ਤਰ ਕੋਲ ਰਜਿਸਟਰਡ ਹਨ। 
ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਉਤਸ਼ਾਹਿਤ ਹੋਣ ਵਾਲੀਆਂ ਹੋਰ ਔਰਤਾਂ/ਲੜਕੀਆਂ ਨੂੰ ਵੀ ਜ਼ਿਲਾ ਪ੍ਰਸਾਸ਼ਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਟਰੇਡਰਜ਼ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਮਦਨ ਲਾਲ ਬੱਗਾ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਸ੍ਰ. ਪਰਮਜੀਤ ਸਿੰਘ, ਏਵਨ ਸਾਈਕਲਜ਼ ਤੋਂ ਸ੍ਰ. ਬੀ. ਐੱਸ. ਧੀਮਾਨ, ਹੀਰੋ ਇਲੈਕਟ੍ਰੀਕਲ ਤੋਂ ਸ੍ਰੀ ਸੁਨੀਲ ਸ਼ਰਮਾ ਅਤੇ ਫਿੱਕੀ ਤੋਂ ਸ਼੍ਰੀਮਤੀ ਸੰਗੀਤਾ ਭੰਡਾਰੀ ਅਤੇ ਹੋਰ ਹਾਜ਼ਰ ਸਨ।

No comments: