Saturday, August 20, 2016

ਲਿਵਰ ਨੂੰ ਸ਼ਰਾਬ ਜਿੰਨਾ ਹੀ ਨੁਕਸਾਨ ਪਹੁੰਚਦਾ ਹੈ ਮੋਟਾਪੇ ਅਤੇ ਸ਼ੂਗਰ ਨਾਲ

ਡਾਕਟਰ ਮਲ੍ਹੀ ਅਤੇ ਉਹਨਾਂ ਦੇ ਸਾਥੀਆਂ ਨੇ ਕੀਤੇ ਸਨਸਨੀਖੇਜ਼ ਖੁਲਾਸੇ 
ਲੁਧਿਆਣਾ: 20 ਅਗਸਤ 2016: (ਪੰਜਾਬ ਸਕਰੀਨ ਟੀਮ):
ਐਸਪੀਐਸ ਹਸਪਤਾਲ ਦੀ ਟੀਮ ਨੇ ਲਿਵਰ ਟਰਾਂਸਪਲਾਂਟ ਦੀ ਪਹਿਲੀ ਸਫਲ ਸਰਜਰੀ ਕਰਕੇ ਇਤਿਹਾਸ ਰਚਿਆ ਹੈ। ਵਿਸ਼ਵ ਪੱਧਰ ਦੇ ਲਿਵਰ ਟਰਾਂਸਪਲਾਂਟ ਮਾਹਿਰ, ਡਾ.ਬੀਸੀ ਰਾਏ ਅਵਾਰਡ ਨਾਲ ਸਨਮਾਨਿਤ ਅਤੇ ਦਿੱਲੀ ਦੇ ਸੀਐਲਬੀਐਸ ਹਸਪਤਾਲ ਦੇ ਲਿਵਰ ਟਰਾਂਸਪਲਾਂਟ ਵਿਭਾਗ ਦੇ ਮੁਖੀ ਡਾ. ਸੁਭਾਸ਼ ਗੁਪਤਾ ਦੇ ਸਹਿਯੋਗ ਨਾਲ ਸਰਜਰੀ ਕਰਨ ਵਾਲੀ ਟੀਮ ਦੀ ਅਗਵਾਈ ਲਿਵਰ ਟਰਾਂਸਪਲਾਂਟ ਅਤੇ ਜੀਆਈ ਸਰਜਰੀ ਵਿਭਾਗ ਦੇ ਮੁਖੀ ਡਾ. ਅਰਿੰਦਮ ਘੋਸ਼ ਅਤੇ ਗੈਸਟ੍ਰੋਇੰਟਰੋਲੋਜੀ ਵਿਭਾਗ ਦੇ ਮੁਖੀ ਡਾ. ਨਿਰਮਲਜੀਤ ਸਿੰਘ ਮੱਲ੍ਹੀ ਨੇ ਕੀਤੀ। ਇਸ ਸਰਜਰੀ ਦੇ ਸਫਲ ਹੁੰਦੇ ਹੀ ਅੰਤਿਮ ਸਟੇਜ ਤੇ ਮੌਤ ਨਾਲ ਲੜ ਰਹੀ ਹੈਪਾਟਾਇਟਸ ਸੀ ਦੀ ਮਰੀਜ ਨੂੰ ਨਵੀਂ ਜਿੰਦਗੀ ਮਿਲ ਗਈ ਹੈ।
ਇਸ ਸੰਬੰਧ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਡਾ. ਸੁਭਾਸ਼ ਗੁਪਤਾ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਲਿਵਰ ਦਾ ਬੀਮਾਰਿਆਂ ਤੋਂ ਖਿਆਲ ਰੱਖਿਆ ਜਾਵੇ। ਅਸੀਂ ਲੁਧਿਆਣਾ ਵਿੱਚ ਵਧੀਆ ਕੁਆਲਟੀ ਦਾ ਲਿਵਰ ਟਰਾਂਸਪਲਾਂਟ ਪ੍ਰੋਗਰਾਮ ਸਥਾਪਿਤ ਕਰ ਰਹੇ ਹਾਂ, ਤਾਂ ਜੋ ਇਸ ਇਲਾਕੇ ਤੇ ਆਸਪਾਸ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਡਾ. ਅਰਿੰਦਮ ਘੋਸ਼ ਨੇ ਕਿਹਾ ਕਿ ਲਿਵਰ ਟਰਾਂਸਪਲਾਂਟ ਸਰਜਰੀ ਦੀ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਕੋਲ ਹੈਲਥਕੇਅਰ ਦੀ ਕੁਅਲਿਟੀ, ਸੇਫਟੀ ਤੇ ਵਿਸ਼ਵਨੀਅਤਾ ਹੈ ਅਤੇ ਮਰੀਜ ਆਪਣੇ ਬਜਟ ਵਿੱਚ ਹੀ ਇਹ ਸੁਵਿਧਾਵਾਂ ਹਾਸਿਲ ਕਰ ਸਕਦਾ ਹੈ। ਲੁਧਿਆਣਾ ਵਿੱਚ ਸ਼ੁਰੂੁ ਹੋਈ ਇਸ ਵਿਸ਼ਵ ਪੱਧਰੀ ਸੁਵਿਧਾ ਦਾ ਲਾਭ ਕੇਵਲ ਪੰਜਾਬ ਦੇ ਲੋਕਾਂ ਨੂੰ ਹੀ ਨਹੀਂ ਮਿਲੇਗਾ, ਬਲਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਰਾਜਸਥਾਨ ਵਰਗੇ ਗੁਆਂਡੀ ਰਾਜਾਂ ਦੇ ਲੋਕ ਵੀ ਇਸ ਸੁਵਿਧਾ ਦਾ ਲਾਭ ਲੈ ਸਕਣਗੇ। ਲਗਾਤਾਰ ਵਧ ਰਹੀ ਲਿਵਰ ਡੈਮੇਜ ਦੀ ਬੀਮਾਰੀ ਤੇ ਚਿੰਤਾ ਜਤਾਉਦੇ ਹੋਏ ਡਾ. ਨਿਰਮਲਜੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਹੈਪਾਟਾਇਟਸ ਸੀ, ਸ਼ਰਾਬ ਤੇ ਮੋਟਾਪਾ ਇਸਦਾ ਮੁੱਖ ਕਾਰਣ ਹੈ। ਉਹਨਾਂ ਕਿਹਾ ਕਿ ਬੀਮਾਰੀ ਦੀ ਜਲਦੀ ਪਹਿਚਾਣ ਤੇ ਸਮੇਂ ਸਿਰ ਇਲਾਜ ਲਈ ਜਾਗਰੂਕਤਾ ਹੋਣੀ ਬਹੁਤ ਜਰੂਰੀ ਹੈ। ਕਿਉਕਿ ਦੇਰ ਹੋਣ ਨਾਲ ਬੀਮਾਰੀ ਹੋਰ ਵੱਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਵੀ ਲਿਵਰ ਟਰਾਂਸਪਲਾਂਟ ਸਰਜਰੀ ਇਕ ਉਮੀਦ ਦੀ ਕਿਰਣ ਦੇ ਤੌਰ ਤੇ ਨਜਰ ਆਉਦੀ ਹੈ। 
ਡਾ. ਘੋਸ਼ ਦੇ ਮੁਤਾਬਿਕ ਇਸ ਬੀਮਾਰੀ ਦੀ ਅੰਤਿਮ ਸਟੇਜ ਤੇ ਕਾਫੀ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਹੋਣ ਤੇ ਲਿਵਰ ਦੀ ਕੰਮ ਕਰਨ ਦੀ ਕੈਪੇਸਟੀ ਦਿਨ ਪ੍ਰਤਿਦਿਨ ਘਟਦੀ ਜਾਂਦੀ ਹੈ। ਡਾ. ਘੋਸ਼ ਨੇ ਦੱਸਿਆ ਕਿ ਸਰਜਰੀ ਦੀਆਂ ਨਵੀਂਆਂ ਤਕਨੀਕਾਂ ਦੇ ਕਾਰਣ ਮਰੀਜ ਅਤੇ ਲਿਵਰ ਦਾਨ ਕਰਨ ਵਾਲੇ ਦੀ ਸੁਰੱਖਿਆ ਯਕੀਨੀ ਬਣ ਗਈ ਹੈ। ਇਸਦੇ ਰਿਜਲਟ ਹਮੇਸ਼ਾ ਪਾਜੀਟਿਵ ਰਹੇ ਹਨ। ਉਹਨਾਂ ਕਿਹਾ ਕਿ ਲਿਵਰ ਦਾਨ ਕਰਨਾ ਪੂਰੀ ਤਰਾਂ ਸੁਰੱਖਿਅਤ ਹੈ। ਦਾਨ ਕੀਤਾ ਗਿਆ ਲਿਵਰ ਕੁਝ ਹਫਤਿਆਂ ਵਿੱਚ ਫਿਰ ਤੋਂ ਪੂਰਾ ਹੋ ਜਾਂਦਾ ਹੈ। ਇਸ ਤਰਾਂ ਦਾਨ ਦੇਣ ਵਾਲਾ ਤੇ ਮਰੀਜ ਦੋਵੇਂ ਨਾਰਮਲ ਲਾਈਫ ਜੀ ਸਕਦੇ ਹਨ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਉਬੇਦ ਹਾਮਿਦ ਨੇ ਕਿਹਾ ਕਿ ਅਸੀਂ ਮਰੀਜ ਦੀ ਉੱਚ ਸੁਰੱਖਿਆ ਤੇ ਵਿਸ਼ਵ ਪੱਧਰੀ ਇਫਰਾਸਟ੍ਰਕਚਰ ਦੇ ਨਾਲ ਲਿਵਰ ਟਰਾਂਸਪਲਾਂਟ ਦੀ ਸਫਲ ਸਰਜਰੀ ਕਰਕੇ ਰਾਜ ਵਿੱਚ ਇਤਿਹਾਸ ਰਚਿਆ ਹੈ। ਜਿਸ ਮਹਿਲਾ ਮਰੀਜ ਦਾ ਇਹ ਲਿਵਰ ਟਰਾਂਸਪਲਾਂਟ ਕੀਤਾ ਗਿਆ ਹੈ, ਉਹ ਹੈਪਾਟਾਇਟਸ ਸੀ ਵਾਇਰਸ ਨਾਲ ਪੀੜਿਤ ਸੀ। ਉਸਨੂੰ ਕਈ ਇੰਫੈਕਸ਼ਨਾਂ ਨਾਲ ਕਈ ਬਾਰ ਦਾਖਿਲ ਹੋਣਾ ਪਿਆ ਸੀ। ਲਿਵਰ ਵਿੱਚ ਵਧੀ ਇੰਫੈਕਸ਼ਨ ਤੇ ਦੂਜੀਆਂ ਕੰਪਲੀਕੇਸ਼ਨਾਂ ਕਰਕੇ ਉਸਦੀ ਜਿੰਦਗੀ 3 ਮਹੀਨੇ ਦੀ ਹੀ ਦੱਸੀ ਜਾ ਰਹੀ ਸੀ। ਕਾਉਸਲਿੰਗ ਤੋਂ ਬਾਦ ਉਸਦੀ ਬੇਟੀ ਆਪਣਾ ਅੱਧਾ ਲਿਵਰ ਦਾਨ ਕਰਨ ਲਈ ਤਿਆਰ ਹੋ ਗਈ ਤੇ ਉਸਨੇ ਆਪਣੀ ਮਾਂ ਦੀ ਜਾਨ ਬਚਾ ਲਈ। ਸਰਜਰੀ ਤੋਂ ਬਾਦ ਮਾਂ ਤੇ ਬੇਟੀ ਦੋਵੇਂ ਸੁਰੱਖਿਅਤ ਹਨ। ਐਸਪੀਐਸ ਹਸਪਤਾਲ ਨੇ ਆਪਣਾ ਲਿਵਰ ਕਲੀਨਿਕ ਵੀ ਸ਼ੁਰੂ ਕਰ ਲਿਆ ਹੈ। ਜਿੱਥੇ ਗੈਸਟ੍ਰੋਇੰਟਰੋਲੋਜਿਸਟ ਅਤੇ ਲਿਵਰ ਟਰਾਂਸਪਲਾਂਟ ਦੀਆਂ ਟੀਮਾਂ ਮਰੀਜਾਂ ਦਾ ਚੈਕਅਪ ਕਰਦੀਆਂ ਹਨ।  

No comments: